ਲੂਕਾ 9:1-62

9  ਫਿਰ ਯਿਸੂ ਨੇ ਬਾਰਾਂ ਰਸੂਲਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਸਭ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ ਅਤੇ ਬੀਮਾਰੀਆਂ ਠੀਕ ਕਰਨ ਦੀ ਸ਼ਕਤੀ ਦਿੱਤੀ।  ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਠੀਕ ਕਰਨ ਲਈ ਭੇਜਿਆ,  ਅਤੇ ਉਨ੍ਹਾਂ ਨੂੰ ਕਿਹਾ: “ਸਫ਼ਰ ਵਾਸਤੇ ਆਪਣੇ ਨਾਲ ਕੁਝ ਵੀ ਲੈ ਕੇ ਨਾ ਜਾਓ, ਨਾ ਡੰਡਾ, ਨਾ ਝੋਲ਼ਾ, ਨਾ ਰੋਟੀ, ਨਾ ਚਾਂਦੀ ਦੇ ਸਿੱਕੇ ਅਤੇ ਨਾ ਹੀ ਵਾਧੂ ਕੁੜਤਾ ਲੈ ਕੇ ਜਾਓ।  ਜਿਸ ਘਰ ਵਿਚ ਤੁਸੀਂ ਜਾਓ, ਤਾਂ ਉੱਥੇ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।  ਜਿਸ ਸ਼ਹਿਰ ਵਿਚ ਤੁਹਾਡਾ ਸੁਆਗਤ ਨਹੀਂ ਕੀਤਾ ਜਾਂਦਾ, ਉੱਥੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”*  ਫਿਰ ਚੇਲੇ ਤੁਰ ਪਏ ਅਤੇ ਪਿੰਡੋ-ਪਿੰਡ ਹੁੰਦੇ ਹੋਏ ਸਾਰੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਅਤੇ ਹਰ ਜਗ੍ਹਾ ਰੋਗੀਆਂ ਨੂੰ ਠੀਕ ਕਰਦੇ ਗਏ।  ਜਦੋਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ* ਨੇ ਸੁਣਿਆ ਕਿ ਕੀ ਕੁਝ ਹੋ ਰਿਹਾ ਸੀ, ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਕਈ ਲੋਕ ਕਹਿੰਦੇ ਸਨ ਕਿ ਯੂਹੰਨਾ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਸੀ,  ਅਤੇ ਕਈ ਕਹਿੰਦੇ ਸਨ ਕਿ ਏਲੀਯਾਹ ਨਬੀ ਪ੍ਰਗਟ ਹੋਇਆ ਸੀ ਅਤੇ ਕਈ ਹੋਰ ਕਹਿੰਦੇ ਸਨ ਕਿ ਪੁਰਾਣੇ ਜ਼ਮਾਨੇ ਦੇ ਨਬੀਆਂ ਵਿੱਚੋਂ ਕੋਈ ਨਬੀ ਦੁਬਾਰਾ ਜੀਉਂਦਾ ਹੋਇਆ ਸੀ।  ਹੇਰੋਦੇਸ ਨੇ ਕਿਹਾ: “ਮੈਂ ਆਪ ਯੂਹੰਨਾ ਦਾ ਸਿਰ ਵਢਵਾਇਆ ਸੀ, ਤਾਂ ਫਿਰ ਇਹ ਕੌਣ ਹੈ ਜਿਸ ਬਾਰੇ ਮੈਂ ਇਹ ਗੱਲਾਂ ਸੁਣ ਰਿਹਾ ਹਾਂ?” ਉਹ ਯਿਸੂ ਨੂੰ ਮਿਲਣਾ ਚਾਹੁੰਦਾ ਸੀ। 10  ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਨ੍ਹਾਂ ਸਾਰੇ ਕੰਮਾਂ ਬਾਰੇ ਦੱਸਿਆ ਜੋ ਉਨ੍ਹਾਂ ਨੇ ਕੀਤੇ ਸਨ। ਫਿਰ ਉਹ ਉਨ੍ਹਾਂ ਨੂੰ ਬੈਤਸੈਦਾ ਸ਼ਹਿਰ ਵਿਚ ਕਿਸੇ ਜਗ੍ਹਾ ਲੈ ਗਿਆ ਤਾਂਕਿ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਾ ਹੋਵੇ। 11  ਪਰ ਲੋਕਾਂ ਨੂੰ ਪਤਾ ਲੱਗ ਗਿਆ ਅਤੇ ਉਹ ਉਸ ਦੇ ਮਗਰ-ਮਗਰ ਆ ਗਏ। ਉਸ ਨੇ ਲੋਕਾਂ ਦਾ ਪਿਆਰ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ਅਤੇ ਬੀਮਾਰਾਂ ਨੂੰ ਠੀਕ ਕੀਤਾ। 12  ਫਿਰ ਜਦ ਦਿਨ ਢਲ਼ਣ ਲੱਗਾ, ਤਾਂ ਉਸ ਦੇ ਬਾਰਾਂ ਰਸੂਲਾਂ ਨੇ ਆ ਕੇ ਉਸ ਨੂੰ ਕਿਹਾ: “ਲੋਕਾਂ ਨੂੰ ਘੱਲ ਦੇ ਤਾਂਕਿ ਉਹ ਜਾ ਕੇ ਆਲੇ-ਦੁਆਲੇ ਦੇ ਪਿੰਡਾਂ ਵਿਚ ਆਪਣੇ ਰਹਿਣ ਅਤੇ ਖਾਣ ਦਾ ਇੰਤਜ਼ਾਮ ਕਰ ਸਕਣ ਕਿਉਂਕਿ ਆਪਾਂ ਇੱਥੇ ਉਜਾੜ ਥਾਂ ਵਿਚ ਬੈਠੇ ਹਾਂ।” 13  ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” ਉਨ੍ਹਾਂ ਨੇ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ, ਜਾਂ ਫਿਰ ਸਾਨੂੰ ਜਾ ਕੇ ਇਨ੍ਹਾਂ ਸਭ ਲੋਕਾਂ ਲਈ ਖਾਣਾ ਖ਼ਰੀਦਣਾ ਪਵੇਗਾ।” 14  ਉੱਥੇ ਤਕਰੀਬਨ 5,000 ਆਦਮੀ ਸਨ। ਪਰ ਉਸ ਨੇ ਚੇਲਿਆਂ ਨੂੰ ਕਿਹਾ: “ਲੋਕਾਂ ਨੂੰ ਪੰਜਾਹ-ਪੰਜਾਹ ਦੀਆਂ ਟੋਲੀਆਂ ਬਣਾ ਕੇ ਬਿਠਾਓ।” 15  ਅਤੇ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਸਾਰਿਆਂ ਨੂੰ ਬਿਠਾ ਦਿੱਤਾ। 16  ਫਿਰ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ, ਅਤੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂਕਿ ਉਹ ਲੋਕਾਂ ਨੂੰ ਵੰਡਣ। 17  ਸਾਰਿਆਂ ਨੇ ਰੱਜ ਕੇ ਖਾਧਾ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਬਾਰਾਂ ਟੋਕਰੀਆਂ ਭਰ ਗਈਆਂ। 18  ਇਕ ਦਿਨ ਜਦ ਉਹ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ, ਤਾਂ ਚੇਲੇ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?” 19  ਉਨ੍ਹਾਂ ਨੇ ਕਿਹਾ: “ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ, ਕੁਝ ਕਹਿੰਦੇ ਹਨ ਏਲੀਯਾਹ ਨਬੀ, ਤੇ ਕਈ ਕਹਿੰਦੇ ਹਨ ਪੁਰਾਣੇ ਜ਼ਮਾਨੇ ਦੇ ਨਬੀਆਂ ਵਿੱਚੋਂ ਕੋਈ ਨਬੀ ਜੀਉਂਦਾ ਹੋਇਆ ਹੈ।” 20  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਦਾ ਭੇਜਿਆ ਹੋਇਆ ਮਸੀਹ।” 21  ਫਿਰ ਉਸ ਨੇ ਚੇਲਿਆਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ, 22  ਅਤੇ ਕਿਹਾ: “ਮਨੁੱਖ ਦੇ ਪੁੱਤਰ ਨੂੰ ਬਹੁਤ ਅਤਿਆਚਾਰ ਸਹਿਣੇ ਪੈਣਗੇ ਤੇ ਬਜ਼ੁਰਗ, ਮੁੱਖ ਪੁਜਾਰੀ ਅਤੇ ਗ੍ਰੰਥੀ ਉਸ ਨੂੰ ਕਬੂਲ ਨਹੀਂ ਕਰਨਗੇ ਅਤੇ ਲੋਕ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਉਸ ਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।” 23  ਫਿਰ ਉਸ ਨੇ ਸਾਰਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਹਰ ਰੋਜ਼ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ। 24  ਕਿਉਂਕਿ ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ। 25  ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣਾ ਹੀ ਨੁਕਸਾਨ ਕਰ ਬੈਠੇ ਜਾਂ ਆਪਣੀ ਜਾਨ ਗੁਆ ਬੈਠੇ? 26  ਜਿਹੜਾ ਇਨਸਾਨ ਮੇਰਾ ਚੇਲਾ ਹੋਣ ਅਤੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ, ਤਾਂ ਮਨੁੱਖ ਦਾ ਪੁੱਤਰ ਵੀ ਉਸ ਨੂੰ ਆਪਣਾ ਚੇਲਾ ਮੰਨਣ ਵਿਚ ਸ਼ਰਮਿੰਦਗੀ ਮਹਿਸੂਸ ਕਰੇਗਾ ਜਦੋਂ ਉਹ ਆਪਣੀ, ਆਪਣੇ ਪਿਤਾ ਦੀ ਅਤੇ ਪਵਿੱਤਰ ਦੂਤਾਂ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ। 27  ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਇੱਥੇ ਖੜ੍ਹੇ ਕੁਝ ਲੋਕ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਿਆਂ ਨਾ ਦੇਖ ਲੈਣ।” 28  ਫਿਰ ਇਸ ਗੱਲ ਤੋਂ ਅੱਠਾਂ ਕੁ ਦਿਨਾਂ ਬਾਅਦ ਯਿਸੂ ਪਹਾੜ ’ਤੇ ਪ੍ਰਾਰਥਨਾ ਕਰਨ ਗਿਆ ਤੇ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਆਪਣੇ ਨਾਲ ਲੈ ਗਿਆ। 29  ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੇ ਕੱਪੜੇ ਇੰਨੇ ਚਿੱਟੇ ਹੋ ਗਏ ਕਿ ਇਹ ਚਮਕਣ ਲੱਗ ਪਏ। 30  ਅਤੇ ਦੇਖੋ! ਦੋ ਆਦਮੀ ਉਸ ਨਾਲ ਗੱਲਾਂ ਕਰ ਰਹੇ ਸਨ ਅਤੇ ਇਹ ਆਦਮੀ ਮੂਸਾ ਤੇ ਏਲੀਯਾਹ ਨਬੀ ਸਨ। 31  ਇਹ ਦੋਵੇਂ ਮਹਿਮਾ ਵਿਚ ਪ੍ਰਗਟ ਹੋਏ ਅਤੇ ਯਿਸੂ ਨਾਲ ਦੁਨੀਆਂ ਵਿੱਚੋਂ ਉਸ ਦੀ ਵਿਦਾਇਗੀ ਬਾਰੇ ਗੱਲਾਂ ਕਰਨ ਲੱਗੇ ਜੋ ਯਰੂਸ਼ਲਮ ਵਿੱਚੋਂ ਹੋਣੀ ਤੈਅ ਸੀ। 32  ਪਤਰਸ, ਯੂਹੰਨਾ ਅਤੇ ਯਾਕੂਬ ਡੂੰਘੀ ਨੀਂਦ ਸੁੱਤੇ ਪਏ ਸਨ, ਪਰ ਜਦ ਉਹ ਪੂਰੀ ਤਰ੍ਹਾਂ ਜਾਗ ਪਏ, ਤਾਂ ਉਨ੍ਹਾਂ ਨੇ ਯਿਸੂ ਨੂੰ ਆਪਣੀ ਮਹਿਮਾ ਵਿਚ ਦੇਖਿਆ ਅਤੇ ਉਸ ਨਾਲ ਦੋ ਆਦਮੀ ਖੜ੍ਹੇ ਸਨ। 33  ਜਦ ਉਹ ਦੋਵੇਂ ਯਿਸੂ ਨੂੰ ਛੱਡ ਕੇ ਜਾਣ ਲੱਗੇ, ਤਾਂ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਨਬੀ ਲਈ।” ਪਰ ਪਤਰਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਹਿ ਰਿਹਾ ਸੀ। 34  ਪਰ ਜਦ ਉਹ ਇਹ ਗੱਲਾਂ ਕਹਿ ਰਿਹਾ ਸੀ, ਤਾਂ ਉੱਥੇ ਬੱਦਲ ਛਾ ਗਿਆ ਜਿਸ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਉਹ ਬਹੁਤ ਡਰ ਗਏ। 35  ਫਿਰ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਚੁਣਿਆ ਹੈ। ਇਸ ਦੀ ਗੱਲ ਸੁਣੋ।” 36  ਜਿਉਂ ਹੀ ਇਹ ਆਵਾਜ਼ ਸੁਣਾਈ ਦਿੱਤੀ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉੱਥੇ ਇਕੱਲਾ ਹੀ ਸੀ। ਅਤੇ ਉਨ੍ਹਾਂ ਨੇ ਜੋ ਦੇਖਿਆ ਸੀ ਉਸ ਬਾਰੇ ਕੁਝ ਸਮੇਂ ਲਈ ਕਿਸੇ ਨੂੰ ਕੁਝ ਨਾ ਦੱਸਿਆ, ਸਗੋਂ ਉਹ ਚੁੱਪ ਰਹੇ। 37  ਅਗਲੇ ਦਿਨ, ਜਦ ਉਹ ਪਹਾੜੋਂ ਥੱਲੇ ਆਏ, ਤਾਂ ਭੀੜ ਉਸ ਕੋਲ ਆਈ। 38  ਅਤੇ, ਦੇਖੋ! ਭੀੜ ਵਿੱਚੋਂ ਇਕ ਆਦਮੀ ਉੱਚੀ ਆਵਾਜ਼ ਵਿਚ ਬੋਲਿਆ: “ਗੁਰੂ ਜੀ, ਮੈਂ ਤੇਰੀ ਮਿੰਨਤ ਕਰਦਾ ਹਾਂ ਕਿ ਆ ਕੇ ਮੇਰੇ ਪੁੱਤ ਨੂੰ ਦੇਖ ਕਿਉਂਕਿ ਇਹ ਮੇਰਾ ਇੱਕੋ-ਇਕ ਮੁੰਡਾ ਹੈ, 39  ਅਤੇ ਦੇਖ! ਜਦੋਂ ਦੁਸ਼ਟ ਦੂਤ ਮੁੰਡੇ ’ਤੇ ਆ ਪੈਂਦਾ ਹੈ, ਤਾਂ ਮੁੰਡਾ ਅਚਾਨਕ ਚੀਕਾਂ ਮਾਰਨ ਲੱਗ ਪੈਂਦਾ ਹੈ ਅਤੇ ਦੁਸ਼ਟ ਦੂਤ ਇਸ ਨੂੰ ਥੱਲੇ ਸੁੱਟ ਕੇ ਮਰੋੜਦਾ-ਮਰਾੜਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ। ਦੁਸ਼ਟ ਦੂਤ ਮੁੰਡੇ ਨੂੰ ਸੱਟ-ਚੋਟ ਲਾਉਂਦਾ ਹੈ ਅਤੇ ਬੜੀ ਮੁਸ਼ਕਲ ਨਾਲ ਮੁੰਡੇ ਦਾ ਪਿੱਛਾ ਛੱਡਦਾ ਹੈ। 40  ਮੈਂ ਤੇਰੇ ਚੇਲਿਆਂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਵਿੱਚੋਂ ਦੁਸ਼ਟ ਦੂਤ ਕੱਢ ਦੇਣ, ਪਰ ਉਹ ਕੱਢ ਨਾ ਸਕੇ।” 41  ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ, ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਕਿ ਤੁਸੀਂ ਨਿਹਚਾ ਕਰ ਸਕੋ ਅਤੇ ਮੈਂ ਤੁਹਾਡਾ ਇਹ ਰਵੱਈਆ ਕਿੰਨਾ ਚਿਰ ਸਹਿੰਦਾ ਰਹਾਂ? ਮੁੰਡੇ ਨੂੰ ਮੇਰੇ ਕੋਲ ਲੈ ਕੇ ਆਓ।” 42  ਪਰ ਜਦ ਮੁੰਡਾ ਉਸ ਵੱਲ ਆ ਰਿਹਾ ਸੀ, ਤਾਂ ਦੁਸ਼ਟ ਦੂਤ ਨੇ ਮੁੰਡੇ ਨੂੰ ਪਟਕਾ ਕੇ ਜ਼ਮੀਨ ਉੱਤੇ ਮਾਰਿਆ ਅਤੇ ਉਸ ਨੂੰ ਮਰੋੜਿਆ-ਮਰਾੜਿਆ। ਪਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕ ਕੇ ਮੁੰਡੇ ਵਿੱਚੋਂ ਕੱਢ ਦਿੱਤਾ ਅਤੇ ਮੁੰਡਾ ਠੀਕ ਹੋ ਗਿਆ। ਅਤੇ ਯਿਸੂ ਨੇ ਮੁੰਡੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। 43  ਸਭ ਲੋਕ ਪਰਮੇਸ਼ੁਰ ਦੀ ਮਹਾਂਸ਼ਕਤੀ ਦੇਖ ਕੇ ਹੱਕੇ-ਬੱਕੇ ਰਹਿ ਗਏ। ਹੁਣ ਜਦ ਸਭ ਲੋਕ ਉਸ ਦੇ ਸਾਰੇ ਕੰਮਾਂ ਉੱਤੇ ਹੈਰਾਨੀ ਪ੍ਰਗਟ ਕਰ ਰਹੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 44  “ਮੇਰੀ ਇਹ ਗੱਲ ਧਿਆਨ ਨਾਲ ਸੁਣ ਕੇ ਯਾਦ ਰੱਖੋ: ਮਨੁੱਖ ਦੇ ਪੁੱਤਰ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਣਾ ਪੱਕਾ ਹੈ।” 45  ਪਰ ਚੇਲੇ ਉਸ ਦੀ ਇਹ ਗੱਲ ਨਹੀਂ ਸਮਝੇ। ਅਸਲ ਵਿਚ ਉਨ੍ਹਾਂ ਤੋਂ ਇਸ ਗੱਲ ਦਾ ਮਤਲਬ ਲੁਕਿਆ ਰਿਹਾ ਅਤੇ ਉਹ ਉਸ ਨੂੰ ਇਸ ਬਾਰੇ ਪੁੱਛਣ ਤੋਂ ਡਰਦੇ ਸਨ। 46  ਫਿਰ ਉਸ ਦੇ ਚੇਲੇ ਆਪਸ ਵਿਚ ਇਸ ਗੱਲ ’ਤੇ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। 47  ਯਿਸੂ ਜਾਣ ਗਿਆ ਕਿ ਉਹ ਆਪਣੇ ਮਨਾਂ ਵਿਚ ਕੀ ਸੋਚ ਰਹੇ ਸਨ। ਇਸ ਲਈ ਉਸ ਨੇ ਇਕ ਬੱਚੇ ਨੂੰ ਆਪਣੇ ਨਾਲ ਖੜ੍ਹਾ ਕਰ ਕੇ 48  ਚੇਲਿਆਂ ਨੂੰ ਕਿਹਾ: “ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ। ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।” 49  ਫਿਰ ਯੂਹੰਨਾ ਨੇ ਉਸ ਨੂੰ ਕਿਹਾ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਸਾਡੇ ਨਾਲ ਤੇਰੇ ਪਿੱਛੇ-ਪਿੱਛੇ ਨਹੀਂ ਆਉਂਦਾ।” 50  ਪਰ ਯਿਸੂ ਨੇ ਉਸ ਨੂੰ ਕਿਹਾ: “ਤੁਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਹੜਾ ਤੁਹਾਡੇ ਖ਼ਿਲਾਫ਼ ਨਹੀਂ ਉਹ ਤੁਹਾਡੇ ਵੱਲ ਹੈ।” 51  ਹੁਣ ਯਿਸੂ ਦੇ ਸਵਰਗ ਜਾਣ ਦਾ ਦਿਨ ਨੇੜੇ ਆ ਰਿਹਾ ਸੀ, ਇਸ ਲਈ ਉਸ ਨੇ ਯਰੂਸ਼ਲਮ ਨੂੰ ਜਾਣ ਦੀ ਠਾਣ ਲਈ ਸੀ। 52  ਉਸ ਨੇ ਆਪਣੇ ਚੇਲਿਆਂ ਨੂੰ ਆਪਣੇ ਅੱਗੇ-ਅੱਗੇ ਘੱਲ ਦਿੱਤਾ। ਉਹ ਤੁਰ ਪਏ ਅਤੇ ਸਾਮਰੀਆਂ ਦੇ ਇਕ ਪਿੰਡ ਵਿਚ ਪਹੁੰਚੇ ਤਾਂਕਿ ਉਹ ਉੱਥੇ ਉਸ ਲਈ ਸਭ ਕੁਝ ਤਿਆਰ ਕਰਨ, 53  ਪਰ ਪਿੰਡ ਦੇ ਲੋਕਾਂ ਨੇ ਉਸ ਦਾ ਸੁਆਗਤ ਨਾ ਕੀਤਾ ਕਿਉਂਕਿ ਉਸ ਨੇ ਯਰੂਸ਼ਲਮ ਨੂੰ ਜਾਣ ਦਾ ਮਨ ਬਣਾਇਆ ਹੋਇਆ ਸੀ। 54  ਇਹ ਦੇਖ ਕੇ ਯਾਕੂਬ ਅਤੇ ਯੂਹੰਨਾ ਨੇ ਪੁੱਛਿਆ: “ਪ੍ਰਭੂ, ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਹੁਕਮ ਕਰੀਏ ਕਿ ਸਵਰਗੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਭਸਮ ਕਰ ਦੇਵੇ?” 55  ਪਰ ਯਿਸੂ ਮੁੜਿਆ ਅਤੇ ਉਨ੍ਹਾਂ ਦੋਵਾਂ ਨੂੰ ਝਿੜਕਿਆ। 56  ਫਿਰ ਉਹ ਅਤੇ ਉਸ ਦੇ ਚੇਲੇ ਕਿਸੇ ਹੋਰ ਪਿੰਡ ਨੂੰ ਚਲੇ ਗਏ। 57  ਹੁਣ ਜਦ ਉਹ ਰਾਹ ਵਿਚ ਜਾ ਰਹੇ ਸਨ, ਤਾਂ ਕਿਸੇ ਨੇ ਉਸ ਨੂੰ ਕਿਹਾ: “ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੇ ਪਿੱਛੇ-ਪਿੱਛੇ* ਆਵਾਂਗਾ।” 58  ਅਤੇ ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।” 59  ਫਿਰ ਉਸ ਨੇ ਕਿਸੇ ਹੋਰ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਉਸ ਆਦਮੀ ਨੇ ਉਸ ਨੂੰ ਕਿਹਾ: “ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।” 60  ਯਿਸੂ ਨੇ ਉਸ ਨੂੰ ਕਿਹਾ: “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ, ਪਰ ਤੂੰ ਜਾ ਕੇ ਸਾਰੇ ਪਾਸੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ।” 61  ਇਕ ਹੋਰ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ, ਪਰ ਮੈਨੂੰ ਇਜਾਜ਼ਤ ਦੇ ਕਿ ਮੈਂ ਪਹਿਲਾਂ ਆਪਣੇ ਘਰਦਿਆਂ ਨੂੰ ਜਾ ਕੇ ਆਖ਼ਰੀ ਵਾਰ ਮਿਲ ਆਵਾਂ।” 62  ਯਿਸੂ ਨੇ ਉਸ ਆਦਮੀ ਨੂੰ ਕਿਹਾ: “ਜਿਹੜਾ ਵੀ ਆਦਮੀ ਹਲ਼ ’ਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਦੇਖਦਾ ਹੈ, ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।”

ਫੁਟਨੋਟ

ਮੱਤੀ 10:14, ਫੁਟਨੋਟ ਦੇਖੋ।
ਲੂਕਾ 3:1 , ਫੁਟਨੋਟ ਦੇਖੋ।
ਮੱਤੀ 4:20, ਫੁਟਨੋਟ ਦੇਖੋ।