1 ਕੁਰਿੰਥੀਆਂ 11:1-34
11 ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਮਸੀਹ ਦੀ ਰੀਸ ਕਰਦਾ ਹਾਂ।
2 ਮੈਂ ਇਸ ਗੱਲੋਂ ਤੁਹਾਡੀ ਤਾਰੀਫ਼ ਕਰਦਾ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਵਿਚ ਮੈਨੂੰ ਚੇਤੇ ਰੱਖਦੇ ਹੋ ਅਤੇ ਉਨ੍ਹਾਂ ਗੱਲਾਂ ’ਤੇ ਪੂਰੀ ਤਰ੍ਹਾਂ ਚੱਲਦੇ ਹੋ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਸਨ।
3 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ* ਮਸੀਹ ਹੈ; ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ; ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।
4 ਜਿਹੜਾ ਵੀ ਆਦਮੀ ਆਪਣਾ ਸਿਰ ਢਕ ਕੇ ਪ੍ਰਾਰਥਨਾ ਜਾਂ ਭਵਿੱਖਬਾਣੀ* ਕਰਦਾ ਹੈ, ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦਾ ਹੈ;
5 ਪਰ ਜਿਹੜੀ ਵੀ ਤੀਵੀਂ ਨੰਗੇ ਸਿਰ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦੀ ਹੈ, ਕਿਉਂਕਿ ਉਹ ਉਸ ਤੀਵੀਂ ਵਰਗੀ ਹੈ ਜਿਸ ਦਾ ਸਿਰ ਮੁੰਨਿਆ ਗਿਆ ਹੋਵੇ।*
6 ਜੇ ਤੀਵੀਂ ਆਪਣਾ ਸਿਰ ਨਹੀਂ ਢਕਦੀ ਹੈ, ਤਾਂ ਉਹ ਆਪਣੇ ਵਾਲ਼ ਕਟਵਾ ਲਵੇ; ਪਰ ਜੇ ਵਾਲ਼ ਕਟਵਾਉਣੇ ਜਾਂ ਸਿਰ ਮੁੰਨਾਉਣਾ ਉਸ ਲਈ ਸ਼ਰਮ ਦੀ ਗੱਲ ਹੈ, ਤਾਂ ਉਹ ਆਪਣਾ ਸਿਰ ਢਕੇ।
7 ਆਦਮੀ ਨੂੰ ਆਪਣਾ ਸਿਰ ਨਹੀਂ ਢਕਣਾ ਚਾਹੀਦਾ ਕਿਉਂਕਿ ਉਹ ਪਰਮੇਸ਼ੁਰ ਦਾ ਰੂਪ ਅਤੇ ਉਸ ਦੀ ਸ਼ਾਨ ਹੈ; ਪਰ ਤੀਵੀਂ, ਆਦਮੀ ਦੀ ਸ਼ਾਨ ਹੈ।
8 ਪਰਮੇਸ਼ੁਰ ਨੇ ਆਦਮੀ ਨੂੰ ਤੀਵੀਂ ਦੇ ਸਰੀਰ ਤੋਂ ਨਹੀਂ ਬਣਾਇਆ ਸੀ, ਸਗੋਂ ਤੀਵੀਂ ਨੂੰ ਆਦਮੀ ਦੇ ਸਰੀਰ ਤੋਂ ਬਣਾਇਆ ਸੀ;
9 ਨਾਲੇ ਆਦਮੀ ਨੂੰ ਤੀਵੀਂ ਦੀ ਖ਼ਾਤਰ ਨਹੀਂ ਬਣਾਇਆ ਗਿਆ ਸੀ, ਸਗੋਂ ਤੀਵੀਂ ਨੂੰ ਆਦਮੀ ਦੀ ਖ਼ਾਤਰ ਬਣਾਇਆ ਗਿਆ ਸੀ।
10 ਇਸ ਕਰਕੇ ਅਤੇ ਦੂਤਾਂ ਕਰਕੇ ਤੀਵੀਂ ਨੂੰ ਇਹ ਦਿਖਾਉਣ ਲਈ ਆਪਣਾ ਸਿਰ ਢਕਣਾ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਹੈ।
11 ਇਸ ਤੋਂ ਇਲਾਵਾ, ਪ੍ਰਭੂ ਦੀ ਮੰਡਲੀ ਵਿਚ ਨਾ ਆਦਮੀ ਤੀਵੀਂ ਤੋਂ ਬਿਨਾਂ ਹੈ ਤੇ ਨਾ ਹੀ ਤੀਵੀਂ ਆਦਮੀ ਤੋਂ ਬਿਨਾਂ ਹੈ।
12 ਕਿਉਂਕਿ ਜਿਵੇਂ ਤੀਵੀਂ ਨੂੰ ਆਦਮੀ ਦੇ ਸਰੀਰ ਤੋਂ ਬਣਾਇਆ ਗਿਆ ਸੀ, ਉਸੇ ਤਰ੍ਹਾਂ ਆਦਮੀ ਤੀਵੀਂ ਤੋਂ ਜਨਮ ਲੈਂਦਾ ਹੈ, ਪਰ ਸਾਰੀਆਂ ਚੀਜ਼ਾਂ ਪਰਮੇਸ਼ੁਰ ਨੇ ਬਣਾਈਆਂ ਹਨ।
13 ਤੁਸੀਂ ਆਪ ਫ਼ੈਸਲਾ ਕਰੋ: ਕੀ ਤੀਵੀਂ ਲਈ ਨੰਗੇ ਸਿਰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਠੀਕ ਹੈ?
14 ਕੀ ਤੁਸੀਂ ਇਹ ਨਹੀਂ ਸਿੱਖਿਆ ਕਿ ਕੁਦਰਤੀ ਤੌਰ ਤੇ ਆਦਮੀ ਲਈ ਲੰਬੇ ਵਾਲ਼ ਰੱਖਣੇ ਸ਼ਰਮ ਦੀ ਗੱਲ ਸਮਝੀ ਜਾਂਦੀ ਹੈ;
15 ਅਤੇ ਤੀਵੀਂ ਦੇ ਲੰਬੇ ਵਾਲ਼ ਉਸ ਦੀ ਸ਼ਾਨ ਹੁੰਦੇ ਹਨ? ਹਾਂ, ਇਹ ਉਸ ਦੀ ਸ਼ਾਨ ਹੁੰਦੇ ਹਨ ਕਿਉਂਕਿ ਉਸ ਨੂੰ ਵਾਲ਼ ਸਿਰ ਢਕਣ ਲਈ ਹੀ ਦਿੱਤੇ ਗਏ ਹਨ।
16 ਪਰ ਜੇ ਕੋਈ ਇਨਸਾਨ ਇਸ ਦੀ ਬਜਾਇ ਕਿਸੇ ਹੋਰ ਰਿਵਾਜ ਉੱਤੇ ਚੱਲਣ ਦਾ ਝਗੜਾ ਕਰਦਾ ਹੈ, ਤਾਂ ਉਹ ਜਾਣ ਲਵੇ ਕਿ ਨਾ ਸਾਡੇ ਵਿਚ ਅਤੇ ਨਾ ਹੀ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਕੋਈ ਹੋਰ ਰਿਵਾਜ ਹੈ।
17 ਪਰ ਇਹ ਹਿਦਾਇਤਾਂ ਦਿੰਦੇ ਹੋਏ ਮੈਂ ਤੁਹਾਡੀ ਕੋਈ ਤਾਰੀਫ਼ ਨਹੀਂ ਕਰਦਾ ਕਿਉਂਕਿ ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਤੁਹਾਡਾ ਫ਼ਾਇਦਾ ਨਹੀਂ, ਸਗੋਂ ਨੁਕਸਾਨ ਹੀ ਹੁੰਦਾ ਹੈ।
18 ਸਭ ਤੋਂ ਪਹਿਲਾਂ ਤਾਂ ਮੈਨੂੰ ਖ਼ਬਰ ਮਿਲੀ ਹੈ ਕਿ ਤੁਸੀਂ ਜਦੋਂ ਮੰਡਲੀ ਵਿਚ ਇਕੱਠੇ ਹੁੰਦੇ ਹੋ, ਤਾਂ ਤੁਹਾਡੇ ਵਿਚ ਫੁੱਟ ਪਈ ਹੁੰਦੀ ਹੈ; ਅਤੇ ਕੁਝ ਹੱਦ ਤਕ ਮੈਂ ਇਸ ਗੱਲ ’ਤੇ ਯਕੀਨ ਵੀ ਕਰਦਾ ਹਾਂ।
19 ਬਿਨਾਂ ਸ਼ੱਕ ਤੁਹਾਡੇ ਵਿਚ ਧੜੇਬਾਜ਼ੀਆਂ ਹੋਣੀਆਂ ਹੀ ਹਨ, ਤਾਂਕਿ ਜਿਨ੍ਹਾਂ ਇਨਸਾਨਾਂ ਤੋਂ ਪਰਮੇਸ਼ੁਰ ਖ਼ੁਸ਼ ਹੈ, ਉਹ ਤੁਹਾਡੇ ਵਿਚ ਵੱਖਰੇ ਨਜ਼ਰ ਆਉਣ।
20 ਇਸ ਲਈ, ਜਦੋਂ ਤੁਸੀਂ ਇਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਤੁਸੀਂ ਪ੍ਰਭੂ ਦਾ ਭੋਜਨ ਖਾਣ ਲਈ ਸਹੀ ਹਾਲਤ ਵਿਚ ਨਹੀਂ ਹੁੰਦੇ।
21 ਕਿਉਂਕਿ ਜਦੋਂ ਇਹ ਭੋਜਨ ਖਾਣ ਦਾ ਸਮਾਂ ਆਉਂਦਾ ਹੈ, ਤਾਂ ਸਾਰੇ ਆਪੋ ਆਪਣਾ ਸ਼ਾਮ ਦਾ ਭੋਜਨ ਪਹਿਲਾਂ ਹੀ ਖਾ ਲੈਂਦੇ ਹਨ, ਇਸ ਕਰਕੇ ਕੋਈ ਜ਼ਿਆਦਾ ਪੀ ਕੇ ਸ਼ਰਾਬੀ ਹੋਇਆ ਹੁੰਦਾ ਹੈ, ਪਰ ਕੋਈ ਹੋਰ ਭੁੱਖਾ ਹੀ ਰਹਿ ਜਾਂਦਾ ਹੈ।
22 ਕੀ ਤੁਸੀਂ ਆਪਣੇ ਘਰ ਖਾ-ਪੀ ਨਹੀਂ ਸਕਦੇ? ਜਾਂ ਕੀ ਤੁਸੀਂ ਪਰਮੇਸ਼ੁਰ ਦੀ ਮੰਡਲੀ ਨੂੰ ਤੁੱਛ ਸਮਝਦੇ ਹੋ ਅਤੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ, ਉਨ੍ਹਾਂ ਨੂੰ ਬੇਇੱਜ਼ਤ ਕਰਦੇ ਹੋ? ਹੁਣ ਮੈਂ ਤੁਹਾਨੂੰ ਕੀ ਕਹਾਂ? ਕੀ ਮੈਂ ਤੁਹਾਡੀ ਤਾਰੀਫ਼ ਕਰਾਂ? ਇਸ ਗੱਲ ਵਿਚ ਮੈਂ ਤੁਹਾਡੀ ਤਾਰੀਫ਼ ਨਹੀਂ ਕਰਦਾ।
23 ਪ੍ਰਭੂ ਨੇ ਜੋ ਕੁਝ ਮੈਨੂੰ ਦੱਸਿਆ ਹੈ, ਮੈਂ ਉਹੀ ਕੁਝ ਤੁਹਾਨੂੰ ਸਿਖਾਇਆ ਹੈ ਕਿ ਜਿਸ ਰਾਤ ਪ੍ਰਭੂ ਯਿਸੂ ਨੂੰ ਧੋਖੇ ਨਾਲ ਫੜਵਾਇਆ ਜਾਣਾ ਸੀ, ਉਸ ਰਾਤ ਉਸ ਨੇ ਰੋਟੀ ਲਈ
24 ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”
25 ਅਤੇ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਦਾਖਰਸ ਦਾ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ। ਜਦੋਂ ਵੀ ਤੁਸੀਂ ਇਹ ਦਾਖਰਸ ਪੀਓ, ਤਾਂ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”
26 ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਹ ਦਾਖਰਸ ਪੀਂਦੇ ਹੋ, ਤੁਸੀਂ ਪ੍ਰਭੂ ਦੇ ਆਉਣ ਤਕ ਉਸ ਦੀ ਮੌਤ ਦਾ ਐਲਾਨ ਕਰਦੇ ਹੋ।
27 ਇਸ ਕਰਕੇ ਜਿਹੜਾ ਇਨਸਾਨ ਯੋਗ ਨਾ ਹੁੰਦੇ ਹੋਏ ਵੀ ਪ੍ਰਭੂ ਦੀ ਇਹ ਰੋਟੀ ਖਾਂਦਾ ਹੈ ਜਾਂ ਦਾਖਰਸ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖ਼ਿਲਾਫ਼ ਪਾਪ ਕਰਦਾ ਹੈ।
28 ਹਰ ਇਨਸਾਨ ਪਹਿਲਾਂ ਆਪਣੇ ਆਪ ਨੂੰ ਪਰਖੇ ਕਿ ਉਹ ਯੋਗ ਹੈ, ਫਿਰ ਹੀ ਉਹ ਇਹ ਰੋਟੀ ਖਾਵੇ ਅਤੇ ਦਾਖਰਸ ਪੀਵੇ।
29 ਜਿਹੜਾ ਇਨਸਾਨ ਇਹ ਰੋਟੀ ਖਾਂਦਾ ਹੈ ਅਤੇ ਦਾਖਰਸ ਪੀਂਦਾ ਹੈ, ਪਰ ਇਹ ਨਹੀਂ ਸਮਝਦਾ ਕਿ ਇਹ ਪ੍ਰਭੂ ਦੇ ਸਰੀਰ ਨੂੰ ਦਰਸਾਉਂਦੀ ਹੈ, ਤਾਂ ਉਸ ਨੂੰ ਸਜ਼ਾ ਮਿਲੇਗੀ।
30 ਇਸੇ ਕਰਕੇ ਤੁਹਾਡੇ ਵਿਚ ਜ਼ਿਆਦਾ ਜਣੇ ਕਮਜ਼ੋਰ ਅਤੇ ਬੀਮਾਰ ਹਨ ਅਤੇ ਕਈ ਤਾਂ ਮਰੇ ਹੋਏ ਹਨ।*
31 ਪਰ ਜੇ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਕਿਹੋ ਜਿਹੇ ਹਾਂ, ਤਾਂ ਸਾਨੂੰ ਸਜ਼ਾ ਨਹੀਂ ਮਿਲੇਗੀ।
32 ਪਰ ਜਦੋਂ ਅਸੀਂ ਨਹੀਂ ਸਮਝਦੇ, ਤਾਂ ਸਾਨੂੰ ਸਜ਼ਾ ਮਿਲਦੀ ਹੈ ਤੇ ਯਹੋਵਾਹ ਸਾਨੂੰ ਅਨੁਸ਼ਾਸਨ ਦਿੰਦਾ ਹੈ ਤਾਂਕਿ ਦੁਨੀਆਂ ਦੇ ਨਾਲ ਸਾਨੂੰ ਵੀ ਸਜ਼ਾ ਨਾ ਮਿਲੇ।
33 ਇਸ ਕਰਕੇ ਮੇਰੇ ਭਰਾਵੋ, ਜਦੋਂ ਤੁਸੀਂ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਲਈ ਇਕੱਠੇ ਹੁੰਦੇ ਹੋ, ਤਾਂ ਇਕ-ਦੂਜੇ ਦੀ ਉਡੀਕ ਕਰੋ।
34 ਜੇ ਕੋਈ ਭੁੱਖਾ ਹੈ, ਤਾਂ ਉਹ ਆਪਣੇ ਘਰ ਰੋਟੀ ਖਾਵੇ ਤਾਂਕਿ ਤੁਸੀਂ ਸਜ਼ਾ ਲਈ ਇਕੱਠੇ ਨਾ ਹੋਵੇ। ਪਰ ਬਾਕੀ ਰਹਿੰਦੇ ਮਸਲਿਆਂ ਨੂੰ ਮੈਂ ਉੱਥੇ ਆ ਕੇ ਹੱਲ ਕਰਾਂਗਾ।
ਫੁਟਨੋਟ
^ ਯਾਨੀ, ਮੁਖੀ।
^ ਭਵਿੱਖਬਾਣੀ ਕਰਨ ਦਾ ਮਤਲਬ ਹੈ ਭਵਿੱਖ ਬਾਰੇ ਦੱਸਣਾ, ਪਰਮੇਸ਼ੁਰ ਦਾ ਸੰਦੇਸ਼ ਸੁਣਾਉਣਾ ਜਾਂ ਪਰਮੇਸ਼ੁਰ ਦੀ ਇੱਛਾ ਬਾਰੇ ਦੱਸਣਾ।
^ ਯਾਨੀ, ਬਦਚਲਣੀ ਦੀ ਸਜ਼ਾ।
^ ਇੱਥੇ ਉਨ੍ਹਾਂ ਮਸੀਹੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ ਜਾਂ ਫਿਰ ਬਿਲਕੁਲ ਖ਼ਤਮ ਹੋ ਗਿਆ ਹੈ।