1 ਕੁਰਿੰਥੀਆਂ 5:1-13
5 ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ* ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ ਕਿ ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ।
2 ਅਤੇ ਕੀ ਤੁਹਾਨੂੰ ਇਸ ਗੱਲ ’ਤੇ ਘਮੰਡ ਹੈ? ਤੁਹਾਨੂੰ ਤਾਂ ਇਸ ਗੱਲ ’ਤੇ ਸ਼ਰਮ ਆਉਣੀ ਚਾਹੀਦੀ ਹੈ ਅਤੇ ਅਫ਼ਸੋਸ ਹੋਣਾ ਚਾਹੀਦਾ ਹੈ। ਤੁਹਾਨੂੰ ਅਜਿਹੇ ਕੰਮ ਕਰਨ ਵਾਲੇ ਆਦਮੀ ਨੂੰ ਆਪਣੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
3 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੈਂ ਤੁਹਾਡੇ ਬਾਰੇ ਸੋਚ ਰਿਹਾ ਹਾਂ ਅਤੇ ਜਿਸ ਆਦਮੀ ਨੇ ਇਹ ਕੰਮ ਕੀਤਾ ਹੈ, ਮੈਂ ਆਪਣੇ ਵੱਲੋਂ ਤਾਂ ਉਸ ਦਾ ਨਿਆਂ ਕਰ ਦਿੱਤਾ ਹੈ, ਜਿਵੇਂ ਕਿ ਮੈਂ ਤੁਹਾਡੇ ਨਾਲ ਹੋਵਾਂ।
4 ਇਸ ਲਈ ਜਦੋਂ ਤੁਸੀਂ ਇਕੱਠੇ ਹੋਵੋ, ਤਾਂ ਮੇਰਾ ਮਨ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਤੁਹਾਡੇ ਨਾਲ ਹੋਵੇਗੀ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਦੇ ਨਾਂ ’ਤੇ
5 ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ* ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਵਿਚ ਮੰਡਲੀ ਦਾ ਸਹੀ ਰਵੱਈਆ ਬਣਿਆ ਰਹੇ।
6 ਤੁਹਾਡਾ ਇਸ ਗੱਲ ’ਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?
7 ਖਮੀਰ ਵਾਲੀ ਪੁਰਾਣੀ ਤੌਣ ਨੂੰ ਸੁੱਟ ਦਿਓ ਤਾਂਕਿ ਤੁਸੀਂ ਨਵੀਂ ਤੌਣ ਬਣ ਸਕੋ ਕਿਉਂਕਿ ਤੁਹਾਡੇ ਵਿਚ ਖਮੀਰ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸਲ ਵਿਚ, ਪਸਾਹ ਦੇ ਲੇਲੇ ਯਿਸੂ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ।
8 ਇਸ ਲਈ ਤੁਸੀਂ ਇਹ ਤਿਉਹਾਰ ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਓ।
9 ਮੈਂ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਤੁਸੀਂ ਹਰਾਮਕਾਰਾਂ ਨਾਲ ਸੰਗਤ ਕਰਨੀ ਛੱਡ ਦਿਓ।
10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ ਦੇ ਹਰਾਮਕਾਰਾਂ ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ।
11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ ਜਾਂ ਸ਼ਰਾਬੀ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ, ਤਾਂ ਤੁਸੀਂ ਉਸ ਨਾਲ ਸੰਗਤ ਕਰਨੀ ਛੱਡ ਦਿਓ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।
12 ਮੈਨੂੰ ਕੀ ਲੋੜ ਹੈ ਬਾਹਰਲਿਆਂ ਦਾ ਨਿਆਂ ਕਰਨ ਦੀ? ਕੀ ਤੁਹਾਨੂੰ ਮੰਡਲੀ ਦੇ ਲੋਕਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ
13 ਜਦ ਕਿ ਪਰਮੇਸ਼ੁਰ ਬਾਹਰਲਿਆਂ ਦਾ ਨਿਆਂ ਕਰਦਾ ਹੈ? ਧਰਮ-ਗ੍ਰੰਥ ਵਿਚ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”