1 ਪਤਰਸ 1:1-25

1  ਮੈਂ ਪਤਰਸ, ਯਿਸੂ ਮਸੀਹ ਦਾ ਰਸੂਲ, ਪੁੰਤੁਸ, ਗਲਾਤੀਆ, ਕੱਪਦੋਕੀਆ, ਏਸ਼ੀਆ* ਅਤੇ ਬਿਥੁਨੀਆ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਚੁਣੇ ਹੋਇਆਂ ਨੂੰ ਚਿੱਠੀ ਲਿਖ ਰਿਹਾ ਹਾਂ  ਜਿਨ੍ਹਾਂ ਨੂੰ ਪਿਤਾ ਪਰਮੇਸ਼ੁਰ ਨੇ ਆਪਣੀ ਇੱਛਾ ਮੁਤਾਬਕ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ, ਤਾਂਕਿ ਉਹ ਆਗਿਆਕਾਰ ਬਣਨ ਅਤੇ ਉਨ੍ਹਾਂ ਉੱਤੇ ਯਿਸੂ ਮਸੀਹ ਦਾ ਲਹੂ ਛਿੜਕਿਆ ਜਾਵੇ: ਰੱਬ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਦਾ ਰਹੇ।  ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ, ਜਿਸ ਨੇ ਆਪਣੀ ਬੇਅੰਤ ਦਇਆ ਸਦਕਾ ਸਾਨੂੰ ਨਵੇਂ ਸਿਰਿਓਂ ਜਨਮ ਦਿੱਤਾ ਅਤੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਨੂੰ ਪੱਕੀ ਉਮੀਦ ਦਿੱਤੀ ਹੈ,  ਤਾਂਕਿ ਅਸੀਂ ਇਸ ਨਵੇਂ ਜਨਮ ਕਰਕੇ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ* ਪਾਈਏ। ਇਹ ਜੀਵਨ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖਿਆ ਹੋਇਆ ਹੈ।  ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ।  ਇਨ੍ਹਾਂ ਸਾਰੀਆਂ ਗੱਲਾਂ ਕਰਕੇ ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ, ਭਾਵੇਂ ਕਿ ਤੁਹਾਨੂੰ ਹੁਣ ਥੋੜ੍ਹੇ ਸਮੇਂ ਲਈ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ ਪੈ ਰਿਹਾ ਹੈ,  ਇਨ੍ਹਾਂ ਅਜ਼ਮਾਇਸ਼ਾਂ ਰਾਹੀਂ ਤੁਹਾਡੀ ਨਿਹਚਾ ਪਰਖੀ ਜਾਂਦੀ ਹੈ ਅਤੇ ਇਸ ਵਿਚ ਨਿਖਾਰ ਆਉਂਦਾ ਹੈ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਕਿਉਂਕਿ ਸੋਨਾ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਸਤਿਕਾਰ ਮਿਲੇ।  ਭਾਵੇਂ ਤੁਸੀਂ ਮਸੀਹ ਨੂੰ ਕਦੇ ਦੇਖਿਆ ਨਹੀਂ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ’ਤੇ ਨਿਹਚਾ ਰੱਖਦੇ ਹੋ ਅਤੇ ਤੁਹਾਨੂੰ ਇੰਨੀ ਜ਼ਿਆਦਾ ਖ਼ੁਸ਼ੀ ਹੈ ਕਿ ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ  ਕਿਉਂਕਿ ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ। 10  ਇਸੇ ਮੁਕਤੀ ਬਾਰੇ ਨਬੀਆਂ ਨੇ, ਜਿਨ੍ਹਾਂ ਨੇ ਤੁਹਾਡੇ ਉੱਤੇ ਹੋਣ ਵਾਲੀ ਅਪਾਰ ਕਿਰਪਾ ਦੀ ਭਵਿੱਖਬਾਣੀ ਕੀਤੀ ਸੀ, ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ ਕੀਤੀ ਸੀ। 11  ਜਦ ਪਰਮੇਸ਼ੁਰ ਦੀ ਸ਼ਕਤੀ ਮਸੀਹ ਦੇ ਦੁੱਖਾਂ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਿਲਣ ਵਾਲੀ ਮਹਿਮਾ ਬਾਰੇ ਪਹਿਲਾਂ ਤੋਂ ਹੀ ਦੱਸ ਰਹੀ ਸੀ, ਤਾਂ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਇਹ ਸ਼ਕਤੀ ਮਸੀਹ ਸੰਬੰਧੀ ਕਿਹੜੇ ਅਤੇ ਕਿਹੋ ਜਿਹੇ ਸਮੇਂ ਵੱਲ ਇਸ਼ਾਰਾ ਕਰ ਰਹੀ ਸੀ। 12  ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੀ ਸੇਵਾ ਕਰਦੇ ਹੋਏ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ। ਸਵਰਗੀ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ। 13  ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ, ਪੂਰੇ ਹੋਸ਼ ਵਿਚ ਰਹੋ; ਇਹ ਉਮੀਦ ਰੱਖੋ ਕਿ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ’ਤੇ ਅਪਾਰ ਕਿਰਪਾ ਕੀਤੀ ਜਾਵੇਗੀ। 14  ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਪਹਿਲਾਂ ਤੁਹਾਡੇ ਵਿਚ ਸਨ, 15  ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ 16  ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।” 17  ਇਸ ਤੋਂ ਇਲਾਵਾ, ਜੇ ਤੁਸੀਂ ਪਿਤਾ ਅੱਗੇ ਪ੍ਰਾਰਥਨਾ ਕਰਦੇ ਹੋ ਜੋ ਬਿਨਾਂ ਕਿਸੇ ਪੱਖਪਾਤ ਤੋਂ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕਰਦਾ ਹੈ, ਤਾਂ ਧਰਤੀ ਉੱਤੇ ਪਰਦੇਸੀਆਂ ਵਾਂਗ ਰਹਿੰਦੇ ਹੋਏ ਪਰਮੇਸ਼ੁਰ ਦਾ ਡਰ ਰੱਖ ਕੇ ਜ਼ਿੰਦਗੀ ਬਤੀਤ ਕਰੋ। 18  ਕਿਉਂਕਿ ਤੁਸੀਂ ਜਾਣਦੇ ਹੋ ਕਿ ਆਪਣੇ ਪਿਉ-ਦਾਦਿਆਂ ਵਾਂਗ* ਤੁਸੀਂ ਜੋ ਵਿਅਰਥ ਜੀਵਨ ਜੀਉਂਦੇ ਸੀ, ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ। 19  ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ ਯਾਨੀ ਮਸੀਹ ਦੇ ਅਨਮੋਲ ਲਹੂ ਦੁਆਰਾ ਛੁਡਾ­ਇਆ ਗਿਆ ਸੀ। 20  ਇਹ ਸੱਚ ਹੈ ਕਿ ਪਰਮੇਸ਼ੁਰ ਨੇ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਉਸ ਨੂੰ ਚੁਣਿਆ ਸੀ, ਪਰ ਤੁਹਾਡੀ ਖ਼ਾਤਰ ਉਸ ਨੂੰ ਇਸ ਸਮੇਂ ਦੇ ਅੰਤ ਵਿਚ ਪ੍ਰਗਟ ਕੀਤਾ। 21  ਉਸ ਰਾਹੀਂ ਤੁਸੀਂ ਪਰਮੇਸ਼ੁਰ ਨੂੰ ਮੰਨਦੇ ਹੋ, ਜਿਸ ਨੇ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਮਹਿਮਾ ਬਖ਼ਸ਼ੀ; ਤਾਂਕਿ ਤੁਸੀਂ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਮੀਦ ਰੱਖ ਸਕੋ। 22  ਹੁਣ ਤੁਸੀਂ ਸੱਚਾਈ ਉੱਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਅਤੇ ਇਸ ਨਾਲ ਤੁਹਾਡੇ ਅੰਦਰ ਭਰਾਵਾਂ ਲਈ ਸੱਚਾ ਪਿਆਰ ਪੈਦਾ ਹੋਇਆ ਹੈ, ਇਸ ਲਈ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ। 23  ਕਿਉਂਕਿ ਤੁਹਾਨੂੰ ਨਵੇਂ ਸਿਰਿਓਂ ਜਨਮ ਦਿੱਤਾ ਗਿਆ ਹੈ, ਨਾਸ਼ਵਾਨ ਬੀ ਦੁਆਰਾ ਨਹੀਂ, ਸਗੋਂ ਅਵਿਨਾਸ਼ੀ ਤੇ ਫਲਦਾਇਕ ਬੀ* ਰਾਹੀਂ ਅਤੇ ਜੀਉਂਦੇ ਤੇ ਅਮਰ ਪਰਮੇਸ਼ੁਰ ਦੇ ਬਚਨ ਰਾਹੀਂ। 24  ਕਿਉਂਕਿ ਲਿਖਿਆ ਹੈ, “ਸਾਰੇ ਇਨਸਾਨ ਘਾਹ ਵਰਗੇ ਹਨ ਅਤੇ ਉਨ੍ਹਾਂ ਦੀ ਸ਼ਾਨ ਘਾਹ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, 25  ਪਰ ਯਹੋਵਾਹ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।” ਹਾਂ, ਇਹ “ਬਚਨ” ਖ਼ੁਸ਼ ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ ਹੈ।

ਫੁਟਨੋਟ

ਰਸੂ 2:9, ਫੁਟਨੋਟ ਦੇਖੋ।
ਯੂਨਾਨੀ ਵਿਚ, “ਵਿਰਾਸਤ।”
ਜਾਂ, “ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ਮੁਤਾਬਕ।”
ਮੱਤੀ 13:35, ਫੁਟਨੋਟ ਦੇਖੋ।
ਯਾਨੀ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ।