1 ਪਤਰਸ 5:1-14

5  ਇਸ ਲਈ ਮੈਂ, ਜੋ ਮਸੀਹ ਦੇ ਦੁੱਖਾਂ ਦਾ ਗਵਾਹ ਅਤੇ ਪ੍ਰਗਟ ਕੀਤੀ ਜਾਣ ਵਾਲੀ ਮਹਿਮਾ ਦਾ ਭਾਗੀਦਾਰ ਹਾਂ, ਬਜ਼ੁਰਗ ਹੋਣ ਦੇ ਨਾਤੇ ਤੁਹਾਡੇ ਬਜ਼ੁਰਗਾਂ ਨੂੰ ਬੇਨਤੀ ਕਰਦਾ ਹਾਂ:  ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰੋ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰੋ;  ਨਾ ਹੀ ਉਨ੍ਹਾਂ ਉੱਤੇ ਹੁਕਮ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ ਹਨ, ਸਗੋਂ ਭੇਡਾਂ ਲਈ ਮਿਸਾਲ ਬਣੋ।  ਅਤੇ ਜਦੋਂ ਮੁੱਖ ਚਰਵਾਹਾ ਪ੍ਰਗਟ ਹੋਵੇਗਾ, ਤਾਂ ਤੁਹਾਨੂੰ ਮਹਿਮਾ ਦਾ ਮੁਕਟ ਮਿਲੇਗਾ ਜਿਹੜਾ ਕਦੀ ਨਹੀਂ ਕੁਮਲਾਵੇਗਾ।  ਇਸੇ ਤਰ੍ਹਾਂ ਨੌਜਵਾਨ ਭਰਾਵੋ, ਆਪਣੇ ਤੋਂ ਵੱਡੀ ਉਮਰ ਦੇ ਭਰਾਵਾਂ ਦੇ ਅਧੀਨ ਰਹੋ। ਪਰ ਤੁਸੀਂ ਸਾਰੇ ਨਿਮਰ ਰਹਿ ਕੇ ਇਕ-ਦੂਸਰੇ ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।  ਇਸ ਲਈ ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ* ਦੇ ਅਧੀਨ ਕਰੋ, ਤਾਂਕਿ ਉਹ ਤੁਹਾਨੂੰ ਸਮਾਂ ਆਉਣ ’ਤੇ ਉੱਚਾ ਕਰੇ;  ਅਤੇ ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।  ਹੋਸ਼ ਵਿਚ ਰਹੋ, ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।  ਪਰ ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਉਸ ਦਾ ਮੁਕਾਬਲਾ ਕਰੋ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ। 10  ਫਿਰ ਜਦੋਂ ਤੁਸੀਂ ਥੋੜ੍ਹੇ ਚਿਰ ਲਈ ਦੁੱਖ ਝੱਲ ਲਵੋਗੇ, ਤਾਂ ਸਾਰੀ ਅਪਾਰ ਕਿਰਪਾ ਦਾ ਪਰਮੇਸ਼ੁਰ, ਜਿਸ ਨੇ ਤੁਹਾਨੂੰ ਮਸੀਹ ਦੇ ਰਾਹੀਂ ਆਪਣੀ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਲਈ ਸੱਦਿਆ ਹੈ, ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ, ਉਹੀ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਉਹੀ ਤੁਹਾਨੂੰ ਤਕੜਾ ਕਰੇਗਾ। 11  ਯੁਗੋ-ਯੁਗ ਤਾਕਤ ਉਸੇ ਦੀ ਹੋਵੇ। ਆਮੀਨ। 12  ਸਿਲਵਾਨੁਸ* ਦੇ ਹੱਥੀਂ, ਜਿਸ ਨੂੰ ਮੈਂ ਵਫ਼ਾਦਾਰ ਭਰਾ ਮੰਨਦਾ ਹਾਂ, ਮੈਂ ਇਹ ਥੋੜ੍ਹੇ ਸ਼ਬਦ ਲਿਖ ਕੇ ਤੁਹਾਨੂੰ ਹੱਲਾਸ਼ੇਰੀ ਅਤੇ ਪੱਕੀ ਗਵਾਹੀ ਦੇ ਰਿਹਾ ਹਾਂ ਕਿ ਤੁਹਾਡੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸੱਚੀ ਹੈ। ਤੁਸੀਂ ਇਸ ਅਪਾਰ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖੋ। 13  ਬਾਬਲ ਵਿਚ ਤੁਹਾਡੇ ਵਾਂਗ ਚੁਣੀ ਹੋਈ ਬੀਬੀ* ਨੇ ਅਤੇ ਮੇਰੇ ਪੁੱਤਰ ਮਰਕੁਸ ਨੇ ਤੁਹਾਨੂੰ ਨਮਸਕਾਰ ਕਿਹਾ ਹੈ। 14  ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। ਰੱਬ ਤੁਹਾਨੂੰ ਮਸੀਹ ਦੇ ਸਾਰੇ ਚੇਲਿਆਂ ਨੂੰ ਸ਼ਾਂਤੀ ਬਖ਼ਸ਼ੇ।

ਫੁਟਨੋਟ

ਯੂਨਾਨੀ ਵਿਚ, “ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ।”
ਜਾਂ, “ਸੀਲਾਸ।”
ਇੱਥੇ ਸ਼ਾਇਦ “ਬੀਬੀ” ਮੰਡਲੀ ਨੂੰ ਦਰਸਾਉਂਦੀ ਹੈ।