2 ਤਿਮੋਥਿਉਸ 1:1-18
1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਅਨੁਸਾਰ ਯਿਸੂ ਮਸੀਹ ਦਾ ਰਸੂਲ ਹਾਂ ਤਾਂਕਿ ਯਿਸੂ ਮਸੀਹ ਰਾਹੀਂ ਮਿਲਣ ਵਾਲੀ ਜ਼ਿੰਦਗੀ ਦੇ ਵਾਅਦੇ ਦਾ ਐਲਾਨ ਕਰਾਂ;
2 ਅਤੇ ਮੈਂ ਆਪਣੇ ਪਿਆਰੇ ਬੇਟੇ ਤਿਮੋਥਿਉਸ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ।
3 ਮੈਂ ਪਰਮੇਸ਼ੁਰ ਦਾ, ਜਿਸ ਦੀ ਭਗਤੀ ਮੈਂ ਆਪਣੇ ਪਿਉ-ਦਾਦਿਆਂ ਵਾਂਗ ਅਤੇ ਸਾਫ਼ ਜ਼ਮੀਰ ਨਾਲ ਕਰਦਾ ਹਾਂ, ਸ਼ੁਕਰਗੁਜ਼ਾਰ ਹਾਂ ਕਿ ਮੈਂ ਦਿਨ-ਰਾਤ ਫ਼ਰਿਆਦਾਂ ਕਰਦੇ ਹੋਏ ਕਦੀ ਵੀ ਤੇਰਾ ਜ਼ਿਕਰ ਕਰਨੋਂ ਨਹੀਂ ਭੁੱਲਦਾ।
4 ਮੈਂ ਤੇਰੇ ਹੰਝੂਆਂ ਨੂੰ ਯਾਦ ਕਰ-ਕਰ ਕੇ ਤੈਨੂੰ ਦੇਖਣ ਲਈ ਤਰਸ ਰਿਹਾ ਹਾਂ, ਤਾਂਕਿ ਤੈਨੂੰ ਮਿਲ ਕੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਵੇ।
5 ਮੈਂ ਤੇਰੀ ਨਿਹਚਾ ਨੂੰ ਯਾਦ ਕਰਦਾ ਹਾਂ ਜਿਸ ਵਿਚ ਕੋਈ ਕਪਟ ਨਹੀਂ ਹੈ। ਮੈਂ ਇਹ ਨਿਹਚਾ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।
6 ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਪੂਰੇ ਜੋਸ਼ ਨਾਲ ਇਸਤੇਮਾਲ ਕਰਦਾ ਰਹਿ* ਜੋ ਤੈਨੂੰ ਉਦੋਂ ਮਿਲੀ ਸੀ ਜਦੋਂ ਮੈਂ ਤੇਰੇ ਉੱਤੇ ਆਪਣੇ ਹੱਥ ਰੱਖੇ ਸਨ।
7 ਕਿਉਂਕਿ ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ, ਸਗੋਂ ਸਾਡੇ ਅੰਦਰ ਤਾਕਤ, ਪਿਆਰ ਤੇ ਸਮਝ ਪੈਦਾ ਕਰਦੀ ਹੈ।
8 ਇਸ ਲਈ, ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰੀਂ ਤੇ ਨਾ ਹੀ ਮੇਰੇ ਕਰਕੇ ਸ਼ਰਮਿੰਦਗੀ ਮਹਿਸੂਸ ਕਰੀਂ ਕਿ ਮੈਂ ਪ੍ਰਭੂ ਦੀ ਖ਼ਾਤਰ ਕੈਦ ਵਿਚ ਹਾਂ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਝੱਲਣ ਲਈ ਤਿਆਰ ਰਹਿ।
9 ਉਸ ਨੇ ਸਾਨੂੰ ਬਚਾ ਕੇ ਆਪਣੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਹੈ। ਇਹ ਸੱਦਾ ਸਾਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਸ ਦੀ ਇੱਛਾ ਅਤੇ ਅਪਾਰ ਕਿਰਪਾ ਕਰਕੇ ਮਿਲਿਆ ਹੈ। ਉਸ ਨੇ ਯਿਸੂ ਮਸੀਹ ਰਾਹੀਂ ਸਾਡੇ ਉੱਤੇ ਬਹੁਤ ਸਮਾਂ ਪਹਿਲਾਂ ਅਪਾਰ ਕਿਰਪਾ ਕੀਤੀ ਸੀ,
10 ਪਰ ਹੁਣ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਪ੍ਰਗਟ ਹੋਣ ਨਾਲ ਇਹ ਗੱਲ ਸਾਫ਼ ਜ਼ਾਹਰ ਹੋ ਗਈ ਹੈ ਕਿ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਗਈ ਹੈ। ਉਸ ਨੇ ਮੌਤ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਖ਼ੁਸ਼ ਖ਼ਬਰੀ ਰਾਹੀਂ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਅਵਿਨਾਸ਼ੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ।
11 ਇਸੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਮੈਨੂੰ ਪ੍ਰਚਾਰਕ, ਰਸੂਲ ਤੇ ਸਿੱਖਿਅਕ ਬਣਾਇਆ ਗਿਆ ਹੈ।
12 ਮੈਂ ਇਸੇ ਕਰਕੇ ਦੁੱਖ ਝੱਲ ਰਿਹਾ ਹਾਂ, ਪਰ ਮੈਂ ਸ਼ਰਮਿੰਦਾ ਨਹੀਂ ਹਾਂ। ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਮੈਨੂੰ ਉਸ ਉੱਤੇ ਭਰੋਸਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜੋ ਅਮਾਨਤ ਮੈਂ ਉਸ ਨੂੰ ਸੌਂਪੀ ਹੈ, ਉਹ ਨਿਆਂ ਦੇ ਦਿਨ ਤਕ ਉਸ ਅਮਾਨਤ ਦੀ ਰਾਖੀ ਕਰਨ ਦੇ ਕਾਬਲ ਹੈ।
13 ਮੇਰੇ ਤੋਂ ਸੁਣੀਆਂ ਸਹੀ ਸਿੱਖਿਆਵਾਂ ਦੇ ਨਮੂਨੇ* ਉੱਤੇ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਦਾ ਚੇਲਾ ਹੋਣ ਕਰਕੇ ਤੇਰੇ ਵਿਚ ਹੈ।
14 ਸਾਡੇ ਵਿਚ ਵੱਸ ਰਹੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਬਹੁਮੁੱਲੀ ਅਮਾਨਤ ਦੀ ਰਾਖੀ ਕਰ।
15 ਤੂੰ ਇਹ ਜਾਣਦਾ ਹੈਂ ਕਿ ਏਸ਼ੀਆ* ਜ਼ਿਲ੍ਹੇ ਵਿਚ ਸਾਰੇ ਆਦਮੀ ਮੇਰਾ ਸਾਥ ਛੱਡ ਗਏ ਹਨ। ਫੁਗਿਲੁਸ ਤੇ ਹਰਮੁਗਨੇਸ ਉਨ੍ਹਾਂ ਆਦਮੀਆਂ ਵਿੱਚੋਂ ਹਨ।
16 ਪਰਮੇਸ਼ੁਰ ਦੀ ਦਇਆ ਉਨੇਸਿਫੁਰੁਸ ਦੇ ਪਰਿਵਾਰ ਉੱਤੇ ਹੁੰਦੀ ਰਹੇ ਕਿਉਂਕਿ ਉਹ ਅਕਸਰ ਮੈਨੂੰ ਹੌਸਲਾ ਦਿੰਦਾ ਰਿਹਾ ਅਤੇ ਉਸ ਨੇ ਇਸ ਗੱਲੋਂ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਕਿ ਮੈਂ ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਇਆ ਹਾਂ।
17 ਇਸ ਦੀ ਬਜਾਇ, ਜਦੋਂ ਉਹ ਰੋਮ ਵਿਚ ਸੀ, ਤਾਂ ਉਹ ਮੈਨੂੰ ਉਦੋਂ ਤਕ ਲੱਭਦਾ ਰਿਹਾ ਜਦ ਤਕ ਉਸ ਨੇ ਮੈਨੂੰ ਲੱਭ ਨਾ ਲਿਆ।
18 ਯਹੋਵਾਹ ਪਰਮੇਸ਼ੁਰ ਨਿਆਂ ਦੇ ਦਿਨ ਉਸ ਉੱਤੇ ਦਇਆ ਕਰੇ। ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਫ਼ਸੁਸ ਵਿਚ ਉਸ ਨੇ ਮੇਰੀ ਕਿੰਨੀ ਸੇਵਾ ਕੀਤੀ ਸੀ।