ਅਜ਼ਰਾ 4:1-24
4 ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਦੁਸ਼ਮਣਾਂ+ ਨੇ ਸੁਣਿਆ ਕਿ ਗ਼ੁਲਾਮੀ ਵਿੱਚੋਂ ਵਾਪਸ ਆਏ ਲੋਕ+ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਮੰਦਰ ਬਣਾ ਰਹੇ ਹਨ,
2 ਤਾਂ ਉਨ੍ਹਾਂ ਨੇ ਤੁਰੰਤ ਜ਼ਰੁਬਾਬਲ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਕੋਲ ਜਾ ਕੇ ਕਿਹਾ: “ਸਾਨੂੰ ਵੀ ਆਪਣੇ ਨਾਲ ਉਸਾਰੀ ਦਾ ਕੰਮ ਕਰਨ ਦਿਓ; ਕਿਉਂਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ*+ ਅਤੇ ਸਾਨੂੰ ਇੱਥੇ ਲਿਆਉਣ ਵਾਲੇ+ ਅੱਸ਼ੂਰ ਦੇ ਰਾਜੇ ਏਸਰ-ਹੱਦੋਨ+ ਦੇ ਦਿਨਾਂ ਤੋਂ ਅਸੀਂ ਉਸ ਅੱਗੇ ਬਲ਼ੀਆਂ ਚੜ੍ਹਾ ਰਹੇ ਹਾਂ।”
3 ਪਰ ਜ਼ਰੁਬਾਬਲ, ਯੇਸ਼ੂਆ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਡੇ ਨਾਲ ਸਾਡੇ ਪਰਮੇਸ਼ੁਰ ਦਾ ਭਵਨ ਨਹੀਂ ਬਣਾ ਸਕਦੇ।+ ਅਸੀਂ ਇਕੱਲੇ ਹੀ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਇਸ ਨੂੰ ਬਣਾਵਾਂਗੇ ਜਿਵੇਂ ਫਾਰਸ ਦੇ ਰਾਜੇ ਖੋਰਸ ਨੇ ਸਾਨੂੰ ਹੁਕਮ ਦਿੱਤਾ ਹੈ।”+
4 ਫਿਰ ਦੇਸ਼ ਦੇ ਲੋਕ ਲਗਾਤਾਰ ਯਹੂਦਾਹ ਦੇ ਲੋਕਾਂ ਦਾ ਹੌਸਲਾ ਢਾਹੁੰਦੇ ਰਹੇ* ਤੇ ਉਨ੍ਹਾਂ ਨੂੰ ਡਰਾਉਂਦੇ ਰਹੇ ਤਾਂਕਿ ਉਹ ਉਸਾਰੀ ਦਾ ਕੰਮ ਕਰਨਾ ਬੰਦ ਕਰ ਦੇਣ।+
5 ਫਾਰਸ ਦੇ ਰਾਜੇ ਖੋਰਸ ਦੇ ਸਾਰੇ ਦਿਨਾਂ ਤੋਂ ਲੈ ਕੇ ਫਾਰਸ ਦੇ ਰਾਜੇ ਦਾਰਾ ਦੇ ਰਾਜ ਤਕ+ ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨ ਲਈ ਸਲਾਹਕਾਰਾਂ ਨੂੰ ਪੈਸੇ ਦਿੰਦੇ ਰਹੇ।+
6 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸ਼ੁਰੂ ਵਿਚ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ’ਤੇ ਇਲਜ਼ਾਮ ਲਾ ਕੇ ਚਿੱਠੀ ਭੇਜੀ।
7 ਅਤੇ ਫਾਰਸ ਦੇ ਰਾਜੇ ਅਰਤਹਸ਼ਸਤਾ ਦੇ ਦਿਨਾਂ ਵਿਚ ਬਿਸ਼ਲਾਮ, ਮਿਥਰਦਾਥ, ਟਾਬੇਲ ਅਤੇ ਉਸ ਦੇ ਬਾਕੀ ਸਾਥੀਆਂ ਨੇ ਰਾਜਾ ਅਰਤਹਸ਼ਸਤਾ ਨੂੰ ਚਿੱਠੀ ਲਿਖੀ; ਉਨ੍ਹਾਂ ਨੇ ਚਿੱਠੀ ਨੂੰ ਅਰਾਮੀ ਭਾਸ਼ਾ ਵਿਚ ਅਨੁਵਾਦ ਕੀਤਾ+ ਅਤੇ ਅਰਾਮੀ ਅੱਖਰਾਂ ਵਿਚ ਲਿਖਿਆ।*
8 * ਮੁੱਖ ਸਰਕਾਰੀ ਅਧਿਕਾਰੀ ਰਹੂਮ ਅਤੇ ਗ੍ਰੰਥੀ ਸ਼ਿਮਸ਼ਈ ਨੇ ਯਰੂਸ਼ਲਮ ਖ਼ਿਲਾਫ਼ ਰਾਜਾ ਅਰਤਹਸ਼ਸਤਾ ਨੂੰ ਇਹ ਚਿੱਠੀ ਲਿਖੀ:
9 (ਮੁੱਖ ਸਰਕਾਰੀ ਅਧਿਕਾਰੀ ਰਹੂਮ ਅਤੇ ਗ੍ਰੰਥੀ ਸ਼ਿਮਸ਼ਈ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਯਾਨੀ ਨਿਆਂਕਾਰਾਂ ਅਤੇ ਉਪ-ਰਾਜਪਾਲਾਂ, ਸਕੱਤਰਾਂ, ਅਰਕਵਾਈਆਂ,+ ਬਾਬਲੀਆਂ, ਸ਼ੁਸ਼ਨਕਾਈਆਂ+ ਯਾਨੀ ਏਲਾਮੀਆਂ+ ਨੇ ਇਹ ਚਿੱਠੀ ਲਿਖੀ ਸੀ,
10 ਨਾਲੇ ਬਾਕੀ ਕੌਮਾਂ ਨੇ ਜਿਨ੍ਹਾਂ ਨੂੰ ਮਹਾਨ ਤੇ ਸਤਿਕਾਰਯੋਗ ਆਸਨੱਪਰ ਗ਼ੁਲਾਮ ਬਣਾ ਕੇ ਲੈ ਗਿਆ ਸੀ ਅਤੇ ਸਾਮਰਿਯਾ ਦੇ ਸ਼ਹਿਰਾਂ ਵਿਚ ਵਸਾ ਦਿੱਤਾ ਸੀ+ ਤੇ ਦਰਿਆ ਪਾਰ* ਦੇ ਬਾਕੀ ਲੋਕਾਂ ਨੇ ਲਿਖੀ ਸੀ। ਅਤੇ ਹੁਣ
11 ਇਹ ਉਸ ਚਿੱਠੀ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਘੱਲੀ ਸੀ।)
“ਤੇਰੇ ਸੇਵਕਾਂ, ਹਾਂ, ਦਰਿਆ ਪਾਰ ਦੇ ਇਲਾਕੇ ਦੇ ਆਦਮੀਆਂ ਵੱਲੋਂ ਰਾਜਾ ਅਰਤਹਸ਼ਸਤਾ ਨੂੰ: ਅਤੇ ਹੁਣ
12 ਰਾਜਾ ਇਹ ਜਾਣ ਲਵੇ ਕਿ ਉਹ ਯਹੂਦੀ ਜੋ ਤੇਰੇ ਕੋਲੋਂ ਇੱਥੇ ਸਾਡੇ ਕੋਲ ਆਏ ਹਨ, ਉਹ ਯਰੂਸ਼ਲਮ ਪਹੁੰਚ ਗਏ ਹਨ। ਉਹ ਉਸ ਬਾਗ਼ੀ ਅਤੇ ਭੈੜੇ ਸ਼ਹਿਰ ਨੂੰ ਦੁਬਾਰਾ ਉਸਾਰ ਰਹੇ ਹਨ ਅਤੇ ਕੰਧਾਂ ਖੜ੍ਹੀਆਂ ਕਰ ਰਹੇ ਹਨ+ ਅਤੇ ਨੀਂਹਾਂ ਦੀ ਮੁਰੰਮਤ ਕਰ ਰਹੇ ਹਨ।
13 ਹੁਣ ਰਾਜਾ ਇਹ ਜਾਣ ਲਵੇ ਕਿ ਜੇ ਇਹ ਸ਼ਹਿਰ ਦੁਬਾਰਾ ਉਸਾਰ ਦਿੱਤਾ ਗਿਆ ਅਤੇ ਇਸ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ, ਤਾਂ ਉਹ ਟੈਕਸ, ਨਜ਼ਰਾਨਾ+ ਜਾਂ ਚੁੰਗੀ ਨਹੀਂ ਦੇਣਗੇ ਅਤੇ ਇਸ ਨਾਲ ਰਾਜਿਆਂ ਦੇ ਖ਼ਜ਼ਾਨਿਆਂ ਨੂੰ ਘਾਟਾ ਪਵੇਗਾ।
14 ਕਿਉਂਕਿ ਅਸੀਂ ਮਹਿਲ ਦਾ ਲੂਣ ਖਾਂਦੇ ਹਾਂ* ਅਤੇ ਸਾਡੇ ਲਈ ਇਹ ਚੰਗੀ ਗੱਲ ਨਹੀਂ ਕਿ ਅਸੀਂ ਰਾਜੇ ਦਾ ਨੁਕਸਾਨ ਹੁੰਦਾ ਦੇਖੀਏ, ਇਸ ਲਈ ਅਸੀਂ ਇਹ ਖ਼ਬਰ ਰਾਜੇ ਤਕ ਪਹੁੰਚਾਈ ਹੈ
15 ਤਾਂਕਿ ਤੇਰੇ ਪੂਰਵਜਾਂ ਦੇ ਦਸਤਾਵੇਜ਼ਾਂ ਦੀ ਕਿਤਾਬ ਦੀ ਜਾਂਚ-ਪੜਤਾਲ ਕੀਤੀ ਜਾਵੇ।+ ਦਸਤਾਵੇਜ਼ਾਂ ਦੀ ਕਿਤਾਬ ਵਿੱਚੋਂ ਤੈਨੂੰ ਪਤਾ ਲੱਗੇਗਾ ਕਿ ਇਹ ਸ਼ਹਿਰ ਇਕ ਬਾਗ਼ੀ ਸ਼ਹਿਰ ਹੈ ਜੋ ਰਾਜਿਆਂ ਅਤੇ ਜ਼ਿਲ੍ਹਿਆਂ ਲਈ ਨੁਕਸਾਨਦੇਹ ਹੈ ਅਤੇ ਇਸ ਦੇ ਲੋਕ ਪੁਰਾਣੇ ਸਮਿਆਂ ਤੋਂ ਬਗਾਵਤ ਦੀ ਅੱਗ ਭੜਕਾਉਂਦੇ ਆਏ ਹਨ। ਇਸੇ ਲਈ ਇਸ ਸ਼ਹਿਰ ਨੂੰ ਤਬਾਹ ਕੀਤਾ ਗਿਆ ਸੀ।+
16 ਅਸੀਂ ਰਾਜੇ ਨੂੰ ਇਹ ਇਸ ਲਈ ਦੱਸ ਰਹੇ ਹਾਂ ਕਿ ਜੇ ਇਹ ਸ਼ਹਿਰ ਦੁਬਾਰਾ ਉਸਾਰਿਆ ਗਿਆ ਅਤੇ ਇਸ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ, ਤਾਂ ਦਰਿਆ ਪਾਰ ਦੇ ਇਲਾਕੇ ’ਤੇ ਤੇਰਾ ਕੋਈ ਵੱਸ* ਨਹੀਂ ਚੱਲੇਗਾ।”+
17 ਰਾਜੇ ਨੇ ਮੁੱਖ ਸਰਕਾਰੀ ਅਧਿਕਾਰੀ ਰਹੂਮ, ਗ੍ਰੰਥੀ ਸ਼ਿਮਸ਼ਈ, ਸਾਮਰਿਯਾ ਵਿਚ ਰਹਿੰਦੇ ਉਨ੍ਹਾਂ ਦੇ ਬਾਕੀ ਸਾਥੀਆਂ ਅਤੇ ਦਰਿਆ ਪਾਰ ਦੇ ਇਲਾਕੇ ਦੇ ਬਾਕੀ ਲੋਕਾਂ ਨੂੰ ਇਹ ਸੰਦੇਸ਼ ਭੇਜਿਆ:
“ਸਲਾਮ!
18 ਜੋ ਸਰਕਾਰੀ ਦਸਤਾਵੇਜ਼ ਤੁਸੀਂ ਸਾਨੂੰ ਭੇਜਿਆ ਸੀ, ਉਹ ਮੇਰੇ ਅੱਗੇ ਸਾਫ਼-ਸਾਫ਼ ਪੜ੍ਹਿਆ ਗਿਆ ਹੈ।*
19 ਮੇਰੇ ਹੁਕਮ ਅਨੁਸਾਰ ਜਾਂਚ-ਪੜਤਾਲ ਕੀਤੀ ਗਈ ਅਤੇ ਇਹ ਪਤਾ ਲੱਗਾ ਕਿ ਪੁਰਾਣੇ ਸਮਿਆਂ ਤੋਂ ਇਸ ਸ਼ਹਿਰ ਨੇ ਰਾਜਿਆਂ ਖ਼ਿਲਾਫ਼ ਸਿਰ ਚੁੱਕਿਆ ਹੈ ਅਤੇ ਇੱਥੇ ਬਗਾਵਤਾਂ ਅਤੇ ਦੰਗੇ-ਫ਼ਸਾਦ ਹੁੰਦੇ ਆਏ ਹਨ।+
20 ਯਰੂਸ਼ਲਮ ਵਿਚ ਤਾਕਤਵਰ ਰਾਜੇ ਹੋਏ ਸਨ ਜੋ ਦਰਿਆ ਪਾਰ ਦੇ ਸਾਰੇ ਇਲਾਕੇ ਉੱਤੇ ਰਾਜ ਕਰਦੇ ਸਨ ਅਤੇ ਉਨ੍ਹਾਂ ਨੂੰ ਟੈਕਸ, ਨਜ਼ਰਾਨਾ ਅਤੇ ਚੁੰਗੀ ਦਿੱਤੀ ਜਾਂਦੀ ਸੀ।
21 ਹੁਣ ਇਕ ਫ਼ਰਮਾਨ ਜਾਰੀ ਕਰੋ ਕਿ ਇਹ ਆਦਮੀ ਕੰਮ ਬੰਦ ਕਰ ਦੇਣ ਤਾਂਕਿ ਜਦ ਤਕ ਮੈਂ ਹੁਕਮ ਨਾ ਦੇਵਾਂ, ਤਦ ਤਕ ਸ਼ਹਿਰ ਦੁਬਾਰਾ ਨਾ ਉਸਾਰਿਆ ਜਾਵੇ।
22 ਧਿਆਨ ਰੱਖਿਓ ਕਿ ਇਸ ਮਾਮਲੇ ਵਿਚ ਕੋਈ ਅਣਗਹਿਲੀ ਨਾ ਹੋਵੇ ਤਾਂਕਿ ਰਾਜੇ ਨੂੰ ਹੋਰ ਨੁਕਸਾਨ ਨਾ ਸਹਿਣਾ ਪਵੇ।”+
23 ਜਦੋਂ ਰਾਜਾ ਅਰਤਹਸ਼ਸਤਾ ਦੇ ਸਰਕਾਰੀ ਦਸਤਾਵੇਜ਼ ਦੀ ਨਕਲ ਰਹੂਮ, ਗ੍ਰੰਥੀ ਸ਼ਿਮਸ਼ਈ ਅਤੇ ਉਨ੍ਹਾਂ ਦੇ ਸਾਥੀਆਂ ਅੱਗੇ ਪੜ੍ਹੀ ਗਈ, ਤਾਂ ਉਹ ਤੁਰੰਤ ਯਰੂਸ਼ਲਮ ਵਿਚ ਯਹੂਦੀਆਂ ਕੋਲ ਗਏ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ।
24 ਉਸ ਵੇਲੇ ਪਰਮੇਸ਼ੁਰ ਦੇ ਭਵਨ ਦਾ ਕੰਮ ਜੋ ਯਰੂਸ਼ਲਮ ਵਿਚ ਸੀ, ਰੁਕ ਗਿਆ; ਅਤੇ ਇਹ ਫਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਤਕ ਬੰਦ ਪਿਆ ਰਿਹਾ।+
ਫੁਟਨੋਟ
^ ਇਬ, “ਦੀ ਭਾਲ ਕਰਦੇ ਹਾਂ।”
^ ਇਬ, “ਦੇ ਹੱਥ ਢਿੱਲੇ ਕਰਦੇ ਰਹੇ।”
^ ਜਾਂ ਸੰਭਵ ਹੈ, “ਇਹ ਅਰਾਮੀ ਵਿਚ ਲਿਖੀ ਗਈ ਅਤੇ ਫਿਰ ਇਸ ਦਾ ਤਰਜਮਾ ਕੀਤਾ ਗਿਆ।”
^ ਅਜ਼ 4:8 ਤੋਂ ਲੈ ਕੇ 6:18 ਤਕ ਦਾ ਹਿੱਸਾ ਪਹਿਲਾਂ ਅਰਾਮੀ ਵਿਚ ਲਿਖਿਆ ਗਿਆ ਸੀ।
^ ਦਰਿਆ ਪਾਰ ਦਾ ਇਲਾਕਾ ਫ਼ਰਾਤ ਦਰਿਆ ਦੇ ਪੱਛਮੀ ਇਲਾਕਿਆਂ ਨੂੰ ਦਰਸਾਉਂਦਾ ਹੈ।
^ ਜਾਂ, “ਸਾਨੂੰ ਮਹਿਲ ਤੋਂ ਤਨਖ਼ਾਹ ਮਿਲਦੀ ਹੈ।”
^ ਇਬ, “ਹਿੱਸਾ।”
^ ਜਾਂ ਸੰਭਵ ਹੈ, “ਅਨੁਵਾਦ ਕੀਤਾ ਗਿਆ ਅਤੇ ਪੜ੍ਹਿਆ ਗਿਆ ਹੈ।”