ਅਜ਼ਰਾ 9:1-15
9 ਜਿਉਂ ਹੀ ਇਹ ਸਭ ਕੁਝ ਹੋ ਚੁੱਕਾ, ਤਾਂ ਹਾਕਮਾਂ ਨੇ ਮੇਰੇ ਕੋਲ ਆ ਕੇ ਕਿਹਾ: “ਇਜ਼ਰਾਈਲ ਦੇ ਲੋਕਾਂ, ਪੁਜਾਰੀਆਂ ਅਤੇ ਲੇਵੀਆਂ ਨੇ ਦੇਸ਼ਾਂ ਦੀਆਂ ਕੌਮਾਂ, ਹਾਂ, ਕਨਾਨੀਆਂ, ਹਿੱਤੀਆਂ, ਪਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ+ ਅਤੇ ਅਮੋਰੀਆਂ+ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਰੱਖਿਆ ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਤੋਂ ਦੂਰ ਨਹੀਂ ਰਹੇ।+
2 ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਝ ਧੀਆਂ ਵਿਆਹ ਲਈਆਂ ਹਨ।+ ਹੁਣ ਉਹ, ਹਾਂ, ਉਹ ਪਵਿੱਤਰ ਸੰਤਾਨ*+ ਦੇਸ਼ਾਂ ਦੀਆਂ ਕੌਮਾਂ ਨਾਲ ਰਲ਼-ਮਿਲ ਗਈ ਹੈ।+ ਇਹ ਬੇਵਫ਼ਾਈ ਕਰਨ ਵਿਚ ਹਾਕਮ ਅਤੇ ਅਧਿਕਾਰੀ ਸਭ ਤੋਂ ਅੱਗੇ ਰਹੇ।”
3 ਇਹ ਸੁਣਦੇ ਸਾਰ ਮੈਂ ਆਪਣੇ ਕੱਪੜੇ ਅਤੇ ਆਪਣਾ ਬਿਨਾਂ ਬਾਹਾਂ ਵਾਲਾ ਚੋਗਾ ਪਾੜਿਆ ਤੇ ਆਪਣੇ ਸਿਰ ਅਤੇ ਆਪਣੀ ਦਾੜ੍ਹੀ ਦੇ ਵਾਲ਼ ਪੁੱਟੇ ਅਤੇ ਸਦਮੇ ਦਾ ਮਾਰਿਆ ਮੈਂ ਥੱਲੇ ਹੀ ਬੈਠ ਗਿਆ।
4 ਫਿਰ ਉਹ ਸਾਰੇ ਲੋਕ ਜੋ ਇਜ਼ਰਾਈਲ ਦੇ ਪਰਮੇਸ਼ੁਰ ਦੀਆਂ ਗੱਲਾਂ ਦਾ ਆਦਰ ਕਰਦੇ ਸਨ,* ਗ਼ੁਲਾਮੀ ਵਿੱਚੋਂ ਆਏ ਲੋਕਾਂ ਦੀ ਬੇਵਫ਼ਾਈ ਕਰਕੇ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦਾ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦੇ ਸਮੇਂ ਤਕ+ ਸਦਮੇ ਵਿਚ ਬੈਠਾ ਰਿਹਾ।
5 ਜਦੋਂ ਸ਼ਾਮ ਦਾ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਆਇਆ,+ ਤਾਂ ਮੈਂ ਸੋਗ ਕਰ ਕੇ ਉੱਠਿਆ। ਅਤੇ ਮੇਰੇ ਕੱਪੜੇ ਤੇ ਮੇਰਾ ਬਿਨਾਂ ਬਾਹਾਂ ਵਾਲਾ ਚੋਗਾ ਫਟਿਆ ਹੋਇਆ ਸੀ। ਮੈਂ ਗੋਡਿਆਂ ਭਾਰ ਬੈਠ ਕੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਆਪਣੇ ਹੱਥ ਫੈਲਾਏ।
6 ਅਤੇ ਮੈਂ ਕਿਹਾ: “ਹੇ ਮੇਰੇ ਪਰਮੇਸ਼ੁਰ, ਮੈਂ ਇੰਨਾ ਸ਼ਰਮਿੰਦਾ ਅਤੇ ਲੱਜਿਆਵਾਨ ਹਾਂ ਕਿ ਮੈਂ ਆਪਣਾ ਮੂੰਹ ਵੀ ਤੇਰੇ ਵੱਲ ਨਹੀਂ ਚੁੱਕ ਸਕਦਾ ਕਿਉਂਕਿ ਹੇ ਮੇਰੇ ਪਰਮੇਸ਼ੁਰ, ਸਾਡੀਆਂ ਗ਼ਲਤੀਆਂ ਦਾ ਢੇਰ ਸਾਡੇ ਸਿਰਾਂ ਤੋਂ ਵੀ ਉੱਚਾ ਹੋ ਗਿਆ ਹੈ ਅਤੇ ਸਾਡਾ ਅਪਰਾਧ ਆਕਾਸ਼ਾਂ ਤਕ ਪਹੁੰਚ ਗਿਆ ਹੈ।+
7 ਸਾਡੇ ਪਿਉ-ਦਾਦਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਤਕ ਸਾਡਾ ਅਪਰਾਧ ਬਹੁਤ ਵੱਡਾ ਹੈ;+ ਅਤੇ ਸਾਡੀਆਂ ਗ਼ਲਤੀਆਂ ਕਰਕੇ ਸਾਨੂੰ, ਸਾਡੇ ਰਾਜਿਆਂ ਨੂੰ ਅਤੇ ਸਾਡੇ ਪੁਜਾਰੀਆਂ ਨੂੰ ਦੇਸ਼ਾਂ ਦੇ ਰਾਜਿਆਂ ਦੇ ਹੱਥ ਵਿਚ ਦਿੱਤਾ ਗਿਆ, ਤਲਵਾਰ ਨਾਲ ਮਾਰਿਆ ਗਿਆ,+ ਗ਼ੁਲਾਮੀ ਵਿਚ ਲਿਜਾਇਆ ਗਿਆ,+ ਲੁੱਟਿਆ ਗਿਆ+ ਅਤੇ ਸ਼ਰਮਸਾਰ ਕੀਤਾ ਗਿਆ, ਜਿਵੇਂ ਅੱਜ ਦੇ ਦਿਨ ਹੈ।+
8 ਪਰ ਹੁਣ ਕੁਝ ਚਿਰ ਤੋਂ ਸਾਡੇ ਪਰਮੇਸ਼ੁਰ ਯਹੋਵਾਹ ਦੀ ਦਇਆ ਸਾਡੇ ’ਤੇ ਹੋਈ ਹੈ ਜਿਸ ਨੇ ਕੁਝ ਜਣਿਆਂ ਨੂੰ ਬਚਾਇਆ ਹੈ ਅਤੇ ਆਪਣੇ ਪਵਿੱਤਰ ਸਥਾਨ ਵਿਚ ਸਾਨੂੰ ਇਕ ਸੁਰੱਖਿਅਤ ਜਗ੍ਹਾ* ਦਿੱਤੀ+ ਤਾਂਕਿ ਹੇ ਸਾਡੇ ਪਰਮੇਸ਼ੁਰ, ਤੂੰ ਸਾਡੀਆਂ ਅੱਖਾਂ ਵਿਚ ਚਮਕ ਲੈ ਆਵੇਂ ਤੇ ਸਾਡੀ ਗ਼ੁਲਾਮੀ ਵਿਚ ਸਾਨੂੰ ਕੁਝ ਰਾਹਤ ਬਖ਼ਸ਼ੇਂ।
9 ਭਾਵੇਂ ਅਸੀਂ ਗ਼ੁਲਾਮ ਹਾਂ,+ ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗ਼ੁਲਾਮੀ ਵਿਚ ਤਿਆਗਿਆ ਨਹੀਂ; ਸਗੋਂ ਉਸ ਨੇ ਫਾਰਸ ਦੇ ਰਾਜਿਆਂ ਸਾਮ੍ਹਣੇ ਸਾਡੇ ਲਈ ਅਟੱਲ ਪਿਆਰ ਦਿਖਾਇਆ+ ਅਤੇ ਸਾਡੇ ਵਿਚ ਫਿਰ ਤੋਂ ਜਾਨ ਫੂਕ ਦਿੱਤੀ ਤਾਂਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਖੜ੍ਹਾ ਕਰ ਸਕੀਏ+ ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰ ਸਕੀਏ ਅਤੇ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿਚ ਪੱਥਰਾਂ ਦੀ ਇਕ ਕੰਧ* ਮਿਲੇ।
10 “ਹੁਣ ਇਹ ਸਭ ਹੋਣ ਤੋਂ ਬਾਅਦ, ਹੇ ਸਾਡੇ ਪਰਮੇਸ਼ੁਰ, ਅਸੀਂ ਕੀ ਕਹਿ ਸਕਦੇ ਹਾਂ? ਕਿਉਂਕਿ ਅਸੀਂ ਤੇਰੇ ਹੁਕਮ ਮੰਨਣੇ ਛੱਡ ਦਿੱਤੇ ਹਨ
11 ਜਿਹੜੇ ਤੂੰ ਆਪਣੇ ਸੇਵਕ ਨਬੀਆਂ ਰਾਹੀਂ ਸਾਨੂੰ ਦਿੱਤੇ ਸਨ ਅਤੇ ਇਹ ਕਿਹਾ ਸੀ: ‘ਉਹ ਦੇਸ਼ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ, ਇਕ ਅਸ਼ੁੱਧ ਦੇਸ਼ ਹੈ ਕਿਉਂਕਿ ਉੱਥੋਂ ਦੀਆਂ ਕੌਮਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਅਸ਼ੁੱਧ ਹਨ ਅਤੇ ਉਨ੍ਹਾਂ ਨੇ ਇਸ ਨੂੰ ਇਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤਕ ਆਪਣੀ ਅਸ਼ੁੱਧਤਾ ਨਾਲ ਭਰ ਦਿੱਤਾ ਹੈ।+
12 ਇਸ ਲਈ, ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਾ ਦਿਓ ਤੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਓ;+ ਅਤੇ ਤੁਸੀਂ ਉਨ੍ਹਾਂ ਦੀ ਸ਼ਾਂਤੀ ਤੇ ਉਨ੍ਹਾਂ ਦੀ ਖ਼ੁਸ਼ਹਾਲੀ ਲਈ ਕਦੇ ਕੁਝ ਨਾ ਕਰਿਓ+ ਤਾਂਕਿ ਤੁਸੀਂ ਤਕੜੇ ਹੋਵੋ ਅਤੇ ਦੇਸ਼ ਦੀਆਂ ਵਧੀਆ ਚੀਜ਼ਾਂ ਖਾਓ ਅਤੇ ਆਪਣੇ ਪੁੱਤਰਾਂ ਲਈ ਇਸ ਉੱਤੇ ਹਮੇਸ਼ਾ ਵਾਸਤੇ ਕਬਜ਼ਾ ਕਰੋ।’
13 ਹੇ ਸਾਡੇ ਪਰਮੇਸ਼ੁਰ, ਤੂੰ ਸਾਡੀਆਂ ਗ਼ਲਤੀਆਂ ਅਨੁਸਾਰ ਸਾਡੇ ਨਾਲ ਪੇਸ਼ ਨਹੀਂ ਆਇਆ+ ਅਤੇ ਤੂੰ ਸਾਨੂੰ, ਜੋ ਇੱਥੇ ਮੌਜੂਦ ਹਾਂ, ਬਚਾਇਆ ਹੈ।+ ਸਾਡੇ ਬੁਰੇ ਕੰਮਾਂ ਕਰਕੇ ਤੇ ਸਾਡੇ ਵੱਡੇ ਅਪਰਾਧ ਕਰਕੇ ਸਾਡੇ ਨਾਲ ਜੋ ਵੀ ਬੀਤਿਆ, ਉਸ ਤੋਂ ਬਾਅਦ
14 ਕੀ ਅਸੀਂ ਦੁਬਾਰਾ ਤੇਰੇ ਹੁਕਮਾਂ ਨੂੰ ਤੋੜ ਦੇਈਏ ਅਤੇ ਉਨ੍ਹਾਂ ਕੌਮਾਂ ਨਾਲ ਵਿਆਹ ਕਰੀਏ ਜੋ ਘਿਣਾਉਣੇ ਕੰਮ ਕਰਦੀਆਂ ਹਨ?+ ਕੀ ਤੇਰਾ ਗੁੱਸਾ ਸਾਡੇ ਉੱਤੇ ਇੰਨਾ ਜ਼ਿਆਦਾ ਭੜਕ ਨਹੀਂ ਉੱਠੇਗਾ ਕਿ ਤੂੰ ਸਾਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਵੇਂ ਤੇ ਕੋਈ ਵੀ ਜੀਉਂਦਾ ਨਾ ਬਚੇ?
15 ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੂੰ ਉਹੀ ਕਰਦਾ ਹੈਂ ਜੋ ਸਹੀ ਹੈ।+ ਇਸੇ ਕਰਕੇ ਅਸੀਂ ਥੋੜ੍ਹੇ ਜਿਹੇ ਲੋਕ ਅੱਜ ਤਕ ਬਚੇ ਹੋਏ ਹਾਂ। ਦੇਖ, ਅਸੀਂ ਅਪਰਾਧੀ ਤੇਰੇ ਅੱਗੇ ਖੜ੍ਹੇ ਹਾਂ ਜਦ ਕਿ ਇਸ ਅਪਰਾਧ ਕਰਕੇ ਤੇਰੇ ਅੱਗੇ ਖੜ੍ਹਨਾ ਨਾਮੁਮਕਿਨ ਹੈ।”+