ਅਫ਼ਸੀਆਂ ਨੂੰ ਚਿੱਠੀ 3:1-21
3 ਇਸੇ ਕਰਕੇ ਮੈਂ ਪੌਲੁਸ, ਯਿਸੂ ਮਸੀਹ ਦੀ ਖ਼ਾਤਰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਯਾਨੀ ਤੁਹਾਡੇ ਭਲੇ ਲਈ ਕੈਦੀ ਹਾਂ+ . . .*
2 ਤੁਸੀਂ ਜ਼ਰੂਰ ਸੁਣਿਆ ਹੋਣਾ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਫ਼ਾਇਦਾ ਲੈਣ ਵਿਚ ਤੁਹਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ+
3 ਕਿਉਂਕਿ ਮੈਨੂੰ ਪਵਿੱਤਰ ਭੇਤ ਦੀ ਸਮਝ ਦਿੱਤੀ ਗਈ ਹੈ, ਜਿਵੇਂ ਮੈਂ ਪਹਿਲਾਂ ਤੁਹਾਨੂੰ ਥੋੜ੍ਹੇ ਸ਼ਬਦਾਂ ਵਿਚ ਲਿਖਿਆ ਸੀ।
4 ਇਸ ਲਈ ਇਹ ਚਿੱਠੀ ਪੜ੍ਹ ਕੇ ਤੁਸੀਂ ਦੇਖ ਸਕੋਗੇ ਕਿ ਮਸੀਹ ਬਾਰੇ ਪਵਿੱਤਰ ਭੇਤ+ ਦੀ ਮੈਨੂੰ ਕਿੰਨੀ ਸਮਝ ਹੈ।
5 ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਨੂੰ ਇਸ ਭੇਤ ਦੀ ਸਮਝ ਨਹੀਂ ਦਿੱਤੀ ਗਈ ਸੀ, ਜਿਵੇਂ ਹੁਣ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਨੂੰ ਦਿੱਤੀ ਗਈ ਹੈ।+
6 ਭੇਤ ਇਹ ਹੈ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਮਸੀਹ ਯਿਸੂ ਨਾਲ ਏਕਤਾ ਵਿਚ ਬੱਝ ਕੇ ਅਤੇ ਖ਼ੁਸ਼ ਖ਼ਬਰੀ ਸੁਣ ਕੇ ਸਾਂਝੇ ਵਾਰਸ, ਇੱਕੋ ਸਰੀਰ ਦੇ ਅੰਗ+ ਅਤੇ ਸਾਡੇ ਨਾਲ ਪਰਮੇਸ਼ੁਰ ਦੇ ਵਾਅਦੇ ਦੇ ਹਿੱਸੇਦਾਰ ਬਣਨ।
7 ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਇਸ ਪਵਿੱਤਰ ਭੇਤ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਰਿਹਾ ਹਾਂ।* ਉਸ ਨੇ ਮੈਨੂੰ ਅਪਾਰ ਕਿਰਪਾ ਦੀ ਦਾਤ ਆਪਣੀ ਤਾਕਤ ਦੇ ਸਬੂਤ ਵਜੋਂ ਦਿੱਤੀ ਸੀ।+
8 ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ,+ ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ+ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ
9 ਅਤੇ ਲੋਕਾਂ ਨੂੰ ਇਹ ਦੱਸਾਂ ਕਿ ਇਸ ਭੇਤ ਦੀਆਂ ਗੱਲਾਂ ਕਿਵੇਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ+ ਜਿਸ ਭੇਤ ਨੂੰ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲੇ ਪਰਮੇਸ਼ੁਰ ਨੇ ਸਦੀਆਂ ਤੋਂ ਗੁਪਤ ਰੱਖਿਆ ਸੀ।
10 ਇਹ ਇਸ ਲਈ ਕੀਤਾ ਗਿਆ ਤਾਂਕਿ ਮੰਡਲੀ ਰਾਹੀਂ+ ਹੁਣ ਸਵਰਗ ਵਿਚਲੀਆਂ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਪਰਮੇਸ਼ੁਰ ਦੀ ਬੁੱਧ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਪਤਾ ਲੱਗੇ,+
11 ਇਹ ਸਦੀਆਂ ਤੋਂ ਚੱਲਦੇ ਆ ਰਹੇ ਉਸ ਦੇ ਮਕਸਦ ਮੁਤਾਬਕ ਹੈ ਜੋ ਉਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿਚ ਤੈਅ ਕੀਤਾ ਸੀ।+
12 ਮਸੀਹ ਰਾਹੀਂ ਅਸੀਂ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਾਂ ਅਤੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਭਰੋਸੇ ਨਾਲ ਪਰਮੇਸ਼ੁਰ ਦੇ ਹਜ਼ੂਰ ਆ ਸਕਦੇ ਹਾਂ।+
13 ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ ਜੋ ਦੁੱਖ ਝੱਲ ਰਿਹਾ ਹਾਂ, ਉਨ੍ਹਾਂ ਕਰਕੇ ਤੁਸੀਂ ਹਿੰਮਤ ਨਾ ਹਾਰੋ ਕਿਉਂਕਿ ਮੇਰੇ ਦੁੱਖਾਂ ਕਾਰਨ ਤੁਹਾਡੀ ਵਡਿਆਈ ਹੋਵੇਗੀ।+
14 ਇਸ ਲਈ ਮੈਂ ਉਸ ਪਿਤਾ ਅੱਗੇ ਗੋਡੇ ਟੇਕਦਾ ਹਾਂ
15 ਜਿਸ ਦੁਆਰਾ ਸਵਰਗ ਵਿਚ ਅਤੇ ਧਰਤੀ ਉੱਤੇ ਹਰ ਪਰਿਵਾਰ ਹੋਂਦ ਵਿਚ ਆਇਆ ਹੈ।
16 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਮਹਿਮਾ ਨਾਲ ਭਰਪੂਰ ਹੈ, ਆਪਣੀ ਪਵਿੱਤਰ ਸ਼ਕਤੀ* ਦੀ ਤਾਕਤ ਨਾਲ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ+
17 ਅਤੇ ਤੁਹਾਡੀ ਨਿਹਚਾ ਕਰਕੇ ਤੁਹਾਡੇ ਦਿਲਾਂ ਵਿਚ ਮਸੀਹ ਅਤੇ ਪਿਆਰ ਵੱਸੇ।+ ਜਿਸ ਤਰ੍ਹਾਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਦਰਖ਼ਤ ਮਜ਼ਬੂਤ ਖੜ੍ਹਾ ਰਹਿੰਦਾ ਹੈ,+ ਉਸੇ ਤਰ੍ਹਾਂ ਤੁਸੀਂ ਨਿਹਚਾ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ+
18 ਤਾਂਕਿ ਸਾਰੇ ਪਵਿੱਤਰ ਸੇਵਕਾਂ ਦੇ ਨਾਲ ਤੁਸੀਂ ਵੀ ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ ਸਕੋ
19 ਅਤੇ ਮਸੀਹ ਦੇ ਪਿਆਰ+ ਨੂੰ ਜਾਣ ਸਕੋ ਜੋ ਗਿਆਨ ਤੋਂ ਕਿਤੇ ਉੱਤਮ ਹੈ ਤਾਂਕਿ ਤੁਸੀਂ ਪਰਮੇਸ਼ੁਰ ਦੇ ਗੁਣਾਂ ਨਾਲ ਭਰਪੂਰ ਹੋ ਜਾਓ।
20 ਪਰਮੇਸ਼ੁਰ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ+ ਤੇ ਉਹ ਇਸੇ ਸ਼ਕਤੀ ਨੂੰ ਵਰਤ ਕੇ ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।+
21 ਮੰਡਲੀ ਅਤੇ ਮਸੀਹ ਯਿਸੂ ਦੁਆਰਾ ਪਰਮੇਸ਼ੁਰ ਦੀ ਮਹਿਮਾ ਪੀੜ੍ਹੀਓ-ਪੀੜ੍ਹੀ ਹਮੇਸ਼ਾ ਹੁੰਦੀ ਰਹੇ। ਆਮੀਨ।
ਫੁਟਨੋਟ
^ ਯੂਨਾ, “ਭੇਤ ਦਾ ਸੇਵਕ ਬਣਿਆ ਹਾਂ।”