ਅਫ਼ਸੀਆਂ ਨੂੰ ਚਿੱਠੀ 5:1-33
5 ਇਸ ਲਈ ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ+
2 ਅਤੇ ਪਿਆਰ ਦੇ ਰਾਹ ’ਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+
3 ਤੁਹਾਡੇ ਵਿਚ ਹਰਾਮਕਾਰੀ* ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲਾਲਚ ਦਾ ਜ਼ਿਕਰ ਤਕ ਨਾ ਕੀਤਾ ਜਾਵੇ+ ਕਿਉਂਕਿ ਪਵਿੱਤਰ ਸੇਵਕਾਂ+ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ।
4 ਨਾਲੇ ਤੁਸੀਂ ਬੇਸ਼ਰਮੀ ਭਰੇ ਕੰਮ ਨਾ ਕਰੋ ਅਤੇ ਨਾ ਬੇਹੂਦਾ ਗੱਲਾਂ ਤੇ ਨਾ ਹੀ ਗੰਦੇ ਮਜ਼ਾਕ ਕਰੋ+ ਕਿਉਂਕਿ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ, ਇਸ ਦੀ ਬਜਾਇ ਪਰਮੇਸ਼ੁਰ ਦਾ ਧੰਨਵਾਦ ਕਰੋ।+
5 ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਹਰਾਮਕਾਰ*+ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲਾਲਚ ਕਰਨ ਵਾਲਾ,+ ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।+
6 ਤੁਸੀਂ ਕਿਸੇ ਵੀ ਇਨਸਾਨ ਦੀਆਂ ਖੋਖਲੀਆਂ ਗੱਲਾਂ ਦੇ ਧੋਖੇ ਵਿਚ ਨਾ ਆਓ ਕਿਉਂਕਿ ਅਜਿਹੇ ਕੰਮਾਂ ਕਰਕੇ ਅਣਆਗਿਆਕਾਰ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ।
7 ਇਸ ਲਈ ਉਨ੍ਹਾਂ ਦੇ ਕੰਮਾਂ ਵਿਚ ਹਿੱਸੇਦਾਰ ਨਾ ਬਣੋ*
8 ਕਿਉਂਕਿ ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ+ ਚਾਨਣ ਵਿਚ ਹੋ।+ ਇਸ ਕਰਕੇ ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ
9 ਕਿਉਂਕਿ ਚਾਨਣ ਵਿਚ ਚੱਲ ਕੇ ਅਸੀਂ ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਦੇ ਹਾਂ, ਧਰਮੀ ਅਸੂਲਾਂ ਅਤੇ ਸੱਚਾਈ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ।+
10 ਤੁਸੀਂ ਹਮੇਸ਼ਾ ਇਹ ਪੱਕਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ+
11 ਅਤੇ ਹਨੇਰੇ ਦੇ ਵਿਅਰਥ ਕੰਮ ਕਰਨੇ ਛੱਡ ਦਿਓ,+ ਸਗੋਂ ਇਨ੍ਹਾਂ ਕੰਮਾਂ ਦਾ ਪਰਦਾਫ਼ਾਸ਼ ਕਰੋ।
12 ਉਹ ਲੋਕ ਚੋਰੀ-ਛਿਪੇ ਜਿਹੜੇ ਕੰਮ ਕਰਦੇ ਹਨ, ਉਨ੍ਹਾਂ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ।
13 ਚਾਨਣ ਸਾਰੇ ਕੰਮਾਂ ਦਾ ਪਰਦਾਫ਼ਾਸ਼ ਕਰਦਾ ਹੈ ਕਿਉਂਕਿ ਜਿਨ੍ਹਾਂ ਕੰਮਾਂ ਦੀ ਅਸਲੀਅਤ ਸਾਮ੍ਹਣੇ ਆਉਂਦੀ ਹੈ, ਉਹ ਚਾਨਣ ਹੈ।
14 ਇਸ ਲਈ ਕਿਹਾ ਗਿਆ ਹੈ: “ਹੇ ਸੌਣ ਵਾਲਿਆ, ਜਾਗ ਅਤੇ ਮਰੇ ਹੋਇਆਂ ਵਿੱਚੋਂ ਉੱਠ ਖੜ੍ਹ+ ਅਤੇ ਮਸੀਹ ਤੇਰੇ ਉੱਤੇ ਚਾਨਣ ਪਾਵੇਗਾ।”+
15 ਇਸ ਲਈ ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ।
16 ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ*+ ਕਿਉਂਕਿ ਜ਼ਮਾਨਾ ਖ਼ਰਾਬ ਹੈ।
17 ਇਸ ਲਈ ਹੁਣ ਮੂਰਖ ਨਾ ਬਣੋ, ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ* ਦੀ ਕੀ ਇੱਛਾ ਹੈ।+
18 ਨਾਲੇ ਸ਼ਰਾਬੀ ਨਾ ਹੋਵੋ+ ਕਿਉਂਕਿ ਸ਼ਰਾਬੀ ਇਨਸਾਨ ਅਯਾਸ਼ੀ ਕਰਨ ਲੱਗ ਪੈਂਦਾ ਹੈ,* ਸਗੋਂ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦੇ ਜਾਓ।
19 ਇਕ-ਦੂਜੇ ਨਾਲ ਮਿਲ ਕੇ ਜ਼ਬੂਰ ਅਤੇ ਭਜਨ ਗਾਓ, ਪਰਮੇਸ਼ੁਰ ਦਾ ਗੁਣਗਾਨ ਕਰੋ ਅਤੇ ਆਪਣੇ ਦਿਲਾਂ ਵਿਚ ਸੰਗੀਤ+ ਨਾਲ ਯਹੋਵਾਹ* ਲਈ ਗੀਤ ਗਾਓ+
20 ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਸਾਰੀਆਂ ਚੀਜ਼ਾਂ ਲਈ ਸਾਡੇ ਪਿਤਾ ਪਰਮੇਸ਼ੁਰ ਦਾ ਹਮੇਸ਼ਾ ਧੰਨਵਾਦ ਕਰਦੇ ਰਹੋ।+
21 ਮਸੀਹ ਦਾ ਡਰ ਰੱਖਦੇ ਹੋਏ ਇਕ-ਦੂਜੇ ਦੇ ਅਧੀਨ ਹੋਵੋ।+
22 ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ,+ ਜਿਵੇਂ ਤੁਸੀਂ ਪ੍ਰਭੂ ਦੇ ਅਧੀਨ ਹੋ
23 ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ* ਹੈ,+ ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ ਸਿਰ+ ਅਤੇ ਮੁਕਤੀਦਾਤਾ ਹੈ।
24 ਅਸਲ ਵਿਚ ਜਿਵੇਂ ਮੰਡਲੀ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀਆਂ ਨੂੰ ਹਰ ਗੱਲ ਵਿਚ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ।
25 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ,+ ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ+
26 ਤਾਂਕਿ ਉਹ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਸ਼ੁੱਧ ਅਤੇ ਪਵਿੱਤਰ ਕਰੇ।+
27 ਉਹ ਚਾਹੁੰਦਾ ਹੈ ਕਿ ਮੰਡਲੀ ਉਸ ਦੀਆਂ ਨਜ਼ਰਾਂ ਵਿਚ ਸ਼ਾਨਦਾਰ ਬਣ ਜਾਵੇ ਅਤੇ ਉਸ ’ਤੇ ਕੋਈ ਦਾਗ਼ ਨਾ ਹੋਵੇ ਜਾਂ ਉਸ ਵਿਚ ਕੋਈ ਨੁਕਸ ਜਾਂ ਹੋਰ ਕੋਈ ਇਹੋ ਜਿਹੀ ਗੱਲ ਨਾ ਹੋਵੇ।+ ਹਾਂ, ਉਹ ਚਾਹੁੰਦਾ ਹੈ ਕਿ ਮੰਡਲੀ ਪਵਿੱਤਰ ਅਤੇ ਬੇਦਾਗ਼ ਹੋਵੇ।+
28 ਇਸੇ ਤਰ੍ਹਾਂ ਪਤੀ ਆਪਣੀ ਪਤਨੀ ਨਾਲ ਆਪਣੇ ਸਰੀਰ ਵਾਂਗ ਪਿਆਰ ਕਰੇ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ
29 ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਉਹ ਇਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਇਸ ਦੀ ਦੇਖ-ਭਾਲ ਕਰਦਾ ਹੈ, ਠੀਕ ਜਿਵੇਂ ਮਸੀਹ ਮੰਡਲੀ ਦੀ ਦੇਖ-ਭਾਲ ਕਰਦਾ ਹੈ
30 ਕਿਉਂਕਿ ਅਸੀਂ ਸਾਰੇ ਉਸ ਦੇ ਸਰੀਰ ਦੇ ਅੰਗ ਹਾਂ।+
31 “ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।”+
32 ਇਹ ਪਵਿੱਤਰ ਭੇਤ+ ਮਹਾਨ ਹੈ। ਇੱਥੇ ਤਾਂ ਮੈਂ ਮਸੀਹ ਅਤੇ ਮੰਡਲੀ ਬਾਰੇ ਗੱਲ ਕਰ ਰਿਹਾ ਹਾਂ।+
33 ਪਰ ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ+ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।+
ਫੁਟਨੋਟ
^ ਜਾਂ ਸੰਭਵ ਹੈ, “ਤੁਹਾਡੇ।”
^ ਜਾਂ ਸੰਭਵ ਹੈ, “ਤੁਹਾਡੀ।”
^ ਜਾਂ, “ਉਨ੍ਹਾਂ ਨਾਲ ਕੋਈ ਵਾਸਤਾ ਨਾ ਰੱਖੋ।”
^ ਯੂਨਾ, “ਢੁਕਵੇਂ ਸਮੇਂ ਨੂੰ ਖ਼ਰੀਦੋ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਜਾਂ, “ਬੇਕਾਬੂ ਹੋ ਜਾਂਦਾ ਹੈ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਯਾਨੀ, ਮੁਖੀ।