ਅਸਤਰ 4:1-17
4 ਜਦੋਂ ਮਾਰਦਕਈ+ ਨੂੰ ਸਾਰੀ ਗੱਲ ਪਤਾ ਲੱਗੀ,+ ਤਾਂ ਉਸ ਨੇ ਆਪਣੇ ਕੱਪੜੇ ਪਾੜੇ, ਤੱਪੜ ਪਾਇਆ ਅਤੇ ਆਪਣੇ ਉੱਪਰ ਸੁਆਹ ਪਾਈ। ਫਿਰ ਉਹ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਂਦਾ ਹੋਇਆ ਸ਼ਹਿਰ ਦੇ ਵਿਚਕਾਰ ਚਲਾ ਗਿਆ।
2 ਉਹ ਰਾਜੇ ਦੇ ਮਹਿਲ ਦੇ ਦਰਵਾਜ਼ੇ ਤਕ ਹੀ ਗਿਆ ਕਿਉਂਕਿ ਕੋਈ ਵੀ ਤੱਪੜ ਪਾ ਕੇ ਰਾਜੇ ਦੇ ਮਹਿਲ ਦੇ ਦਰਵਾਜ਼ੇ ਦੇ ਅੰਦਰ ਦਾਖ਼ਲ ਨਹੀਂ ਹੋ ਸਕਦਾ ਸੀ।
3 ਜਿਸ ਵੀ ਜ਼ਿਲ੍ਹੇ+ ਵਿਚ ਰਾਜੇ ਦਾ ਫ਼ਰਮਾਨ ਸੁਣਾਇਆ ਗਿਆ, ਉੱਥੇ ਯਹੂਦੀ ਸੋਗ ਕਰਨ ਲੱਗੇ। ਉਨ੍ਹਾਂ ਨੇ ਵਰਤ ਰੱਖੇ+ ਅਤੇ ਉਹ ਰੋਣ-ਪਿੱਟਣ ਲੱਗੇ। ਬਹੁਤ ਸਾਰੇ ਲੋਕ ਤੱਪੜ ਵਿਛਾ ਕੇ ਸੁਆਹ ਵਿਚ ਬੈਠ ਗਏ।+
4 ਜਦੋਂ ਅਸਤਰ ਦੀਆਂ ਨੌਕਰਾਣੀਆਂ ਅਤੇ ਗ਼ੁਲਾਮਾਂ ਨੇ ਉਸ ਨੂੰ ਸਭ ਕੁਝ ਦੱਸਿਆ, ਤਾਂ ਉਹ ਬਹੁਤ ਦੁਖੀ ਹੋਈ। ਫਿਰ ਉਸ ਨੇ ਮਾਰਦਕਈ ਲਈ ਕੱਪੜੇ ਭੇਜੇ ਤਾਂਕਿ ਉਹ ਤੱਪੜ ਲਾਹ ਕੇ ਕੱਪੜੇ ਪਾਵੇ, ਪਰ ਉਸ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ।
5 ਫਿਰ ਅਸਤਰ ਨੇ ਰਾਜੇ ਦੇ ਇਕ ਅਧਿਕਾਰੀ* ਹਥਾਕ ਨੂੰ ਬੁਲਾਇਆ ਜਿਸ ਨੂੰ ਰਾਜੇ ਨੇ ਉਸ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਸੀ। ਅਸਤਰ ਨੇ ਉਸ ਨੂੰ ਮਾਰਦਕਈ ਤੋਂ ਪਤਾ ਕਰਨ ਦਾ ਹੁਕਮ ਦਿੱਤਾ ਕਿ ਇਹ ਸਭ ਕੀ ਹੋ ਰਿਹਾ ਸੀ।
6 ਇਸ ਲਈ ਹਥਾਕ ਰਾਜੇ ਦੇ ਮਹਿਲ ਦੇ ਦਰਵਾਜ਼ੇ ਦੇ ਸਾਮ੍ਹਣੇ ਸ਼ਹਿਰ ਦੇ ਚੌਂਕ ਵਿਚ ਮਾਰਦਕਈ ਕੋਲ ਗਿਆ।
7 ਮਾਰਦਕਈ ਨੇ ਉਸ ਨੂੰ ਸਭ ਕੁਝ ਦੱਸਿਆ ਅਤੇ ਇਹ ਵੀ ਦੱਸਿਆ ਕਿ ਹਾਮਾਨ ਨੇ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਸ਼ਾਹੀ ਖ਼ਜ਼ਾਨੇ ਵਿਚ ਕਿੰਨੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ।+
8 ਉਸ ਨੇ ਹਥਾਕ ਨੂੰ ਸ਼ੂਸ਼ਨ* ਵਿਚ ਐਲਾਨ ਕੀਤੇ ਉਸ ਫ਼ਰਮਾਨ ਦੀ ਇਕ ਲਿਖਤ ਵੀ ਦਿੱਤੀ+ ਜਿਸ ਵਿਚ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਹੁਕਮ ਦਿੱਤਾ ਗਿਆ ਸੀ। ਮਾਰਦਕਈ ਨੇ ਹਥਾਕ ਨੂੰ ਕਿਹਾ ਕਿ ਉਹ ਅਸਤਰ ਨੂੰ ਇਹ ਲਿਖਤ ਦਿਖਾ ਕੇ ਸਾਰੀ ਗੱਲ ਸਮਝਾਵੇ ਅਤੇ ਉਸ ਨੂੰ ਹਿਦਾਇਤ ਦੇਵੇ+ ਕਿ ਉਹ ਰਾਜੇ ਕੋਲ ਜਾ ਕੇ ਆਪਣੇ ਲੋਕਾਂ ਦੀ ਖ਼ਾਤਰ ਰਹਿਮ ਦੀ ਫ਼ਰਿਆਦ ਕਰੇ।
9 ਹਥਾਕ ਨੇ ਵਾਪਸ ਆ ਕੇ ਅਸਤਰ ਨੂੰ ਉਹ ਸਭ ਕੁਝ ਦੱਸਿਆ ਜੋ ਮਾਰਦਕਈ ਨੇ ਕਿਹਾ ਸੀ।
10 ਅਸਤਰ ਨੇ ਹਥਾਕ ਨੂੰ ਹਿਦਾਇਤ ਦਿੱਤੀ ਕਿ ਉਹ ਜਾ ਕੇ ਮਾਰਦਕਈ+ ਨੂੰ ਕਹੇ:
11 “ਰਾਜੇ ਦੇ ਸਾਰੇ ਅਧਿਕਾਰੀ ਅਤੇ ਰਾਜ ਦੇ ਜ਼ਿਲ੍ਹਿਆਂ ਦੇ ਲੋਕ ਜਾਣਦੇ ਹਨ ਕਿ ਜੇ ਕੋਈ ਆਦਮੀ ਜਾਂ ਔਰਤ ਰਾਜੇ ਦੇ ਮਹਿਲ ਦੇ ਅੰਦਰਲੇ ਵਿਹੜੇ ਵਿਚ ਬਿਨ-ਬੁਲਾਏ ਜਾਂਦਾ ਹੈ,+ ਤਾਂ ਉਸ ਲਈ ਇਕ ਹੀ ਕਾਨੂੰਨ ਹੈ: ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਉਸ ਦੀ ਜਾਨ ਤਾਂ ਹੀ ਬਖ਼ਸ਼ੀ ਜਾਂਦੀ ਹੈ ਜੇ ਰਾਜਾ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਵਧਾਉਂਦਾ ਹੈ।+ ਪਰ ਰਾਜੇ ਨੇ 30 ਦਿਨਾਂ ਤੋਂ ਮੈਨੂੰ ਆਪਣੇ ਕੋਲ ਨਹੀਂ ਬੁਲਾਇਆ ਹੈ।”
12 ਜਦ ਮਾਰਦਕਈ ਨੂੰ ਉਹ ਸਭ ਦੱਸਿਆ ਗਿਆ ਜੋ ਅਸਤਰ ਨੇ ਕਿਹਾ ਸੀ,
13 ਤਾਂ ਉਸ ਨੇ ਅਸਤਰ ਨੂੰ ਜਵਾਬ ਦਿੱਤਾ: “ਇਹ ਨਾ ਸੋਚ ਕਿ ਸ਼ਾਹੀ ਘਰਾਣੇ ਵਿਚ ਹੋਣ ਕਰਕੇ ਤੂੰ ਯਹੂਦੀਆਂ ਦੇ ਨਾਸ਼ ਵੇਲੇ ਬਚ ਜਾਵੇਂਗੀ।
14 ਜੇ ਤੂੰ ਇਸ ਸਮੇਂ ਚੁੱਪ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਦੇ ਜ਼ਰੀਏ ਮਦਦ ਅਤੇ ਛੁਟਕਾਰਾ ਮਿਲ ਜਾਵੇਗਾ,+ ਪਰ ਤੂੰ ਅਤੇ ਤੇਰੇ ਪਿਤਾ ਦੇ ਰਿਸ਼ਤੇਦਾਰ ਨਾਸ਼ ਹੋ ਜਾਣਗੇ। ਨਾਲੇ ਕੀ ਪਤਾ ਕਿ ਤੈਨੂੰ ਇਹ ਸ਼ਾਹੀ ਰੁਤਬਾ ਅਜਿਹੇ ਮੁਸ਼ਕਲ ਸਮੇਂ ਲਈ ਹੀ ਮਿਲਿਆ ਹੈ?”+
15 ਅਸਤਰ ਨੇ ਮਾਰਦਕਈ ਨੂੰ ਜਵਾਬ ਦਿੱਤਾ:
16 “ਜਾਹ ਅਤੇ ਸ਼ੂਸ਼ਨ* ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਸਾਰੇ ਮੇਰੇ ਲਈ ਵਰਤ ਰੱਖਣ।+ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ+ ਨਾ ਕੁਝ ਖਾਣ ਅਤੇ ਨਾ ਹੀ ਕੁਝ ਪੀਣ। ਮੈਂ ਵੀ ਆਪਣੀਆਂ ਨੌਕਰਾਣੀਆਂ ਦੇ ਨਾਲ ਵਰਤ ਰੱਖਾਂਗੀ। ਫਿਰ ਮੈਂ ਰਾਜੇ ਕੋਲ ਜਾਵਾਂਗੀ, ਭਾਵੇਂ ਇੱਦਾਂ ਕਰਨਾ ਕਾਨੂੰਨ ਦੇ ਖ਼ਿਲਾਫ਼ ਹੈ। ਜੇ ਮੈਨੂੰ ਆਪਣੀ ਜਾਨ ਵੀ ਦੇਣੀ ਪਈ, ਤਾਂ ਮੈਂ ਪਿੱਛੇ ਨਹੀਂ ਹਟਾਂਗੀ।”
17 ਫਿਰ ਮਾਰਦਕਈ ਚਲਾ ਗਿਆ ਅਤੇ ਉਸ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਅਸਤਰ ਨੇ ਉਸ ਨੂੰ ਕਰਨ ਲਈ ਕਿਹਾ ਸੀ।