ਅਸਤਰ 6:1-14
-
ਰਾਜੇ ਨੇ ਮਾਰਦਕਈ ਨੂੰ ਇੱਜ਼ਤ ਬਖ਼ਸ਼ੀ (1-14)
6 ਉਸ ਰਾਤ ਰਾਜੇ ਨੂੰ ਨੀਂਦ ਨਹੀਂ ਆਈ।* ਇਸ ਲਈ ਉਸ ਨੇ ਇਤਿਹਾਸ ਦੀ ਕਿਤਾਬ+ ਲਿਆਉਣ ਲਈ ਕਿਹਾ ਅਤੇ ਉਹ ਰਾਜੇ ਨੂੰ ਪੜ੍ਹ ਕੇ ਸੁਣਾਈ ਗਈ।
2 ਉਸ ਵਿਚ ਲਿਖਿਆ ਗਿਆ ਸੀ ਕਿ ਮਾਰਦਕਈ ਨੇ ਖ਼ਬਰ ਦਿੱਤੀ ਸੀ ਕਿ ਰਾਜੇ ਦੇ ਦੋ ਦਰਬਾਰੀਆਂ, ਬਿਗਥਾਨਾ ਅਤੇ ਤਰਸ਼ ਨੇ ਰਾਜੇ ਨੂੰ ਜਾਨੋਂ ਮਾਰਨ* ਦੀ ਸਾਜ਼ਸ਼ ਘੜੀ ਸੀ।+ ਉਹ ਦੋਵੇਂ ਰਾਜ-ਮਹਿਲ ਦੇ ਦਰਬਾਨ ਸਨ।
3 ਰਾਜੇ ਨੇ ਪੁੱਛਿਆ: “ਕੀ ਇਸ ਦੇ ਬਦਲੇ ਵਿਚ ਮਾਰਦਕਈ ਨੂੰ ਕੋਈ ਇਨਾਮ ਦਿੱਤਾ ਗਿਆ ਅਤੇ ਕੀ ਉਸ ਨੂੰ ਇੱਜ਼ਤ ਬਖ਼ਸ਼ੀ ਗਈ ਸੀ?” ਰਾਜੇ ਦੇ ਸੇਵਾਦਾਰਾਂ ਨੇ ਦੱਸਿਆ: “ਨਹੀਂ ਹਜ਼ੂਰ, ਉਸ ਲਈ ਕੁਝ ਵੀ ਨਹੀਂ ਕੀਤਾ ਗਿਆ।”
4 ਫਿਰ ਰਾਜੇ ਨੇ ਕਿਹਾ: “ਵਿਹੜੇ ਵਿਚ ਕੌਣ ਹੈ?” ਹਾਮਾਨ ਰਾਜੇ ਦੇ ਮਹਿਲ ਦੇ ਬਾਹਰਲੇ ਵਿਹੜੇ+ ਵਿਚ ਆਇਆ ਹੋਇਆ ਸੀ ਤਾਂਕਿ ਉਹ ਮਾਰਦਕਈ ਨੂੰ ਸੂਲ਼ੀ ’ਤੇ ਟੰਗਣ ਬਾਰੇ ਰਾਜੇ ਨਾਲ ਗੱਲ ਕਰ ਸਕੇ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ।+
5 ਰਾਜੇ ਦੇ ਸੇਵਾਦਾਰਾਂ ਨੇ ਉਸ ਨੂੰ ਦੱਸਿਆ: “ਵਿਹੜੇ ਵਿਚ ਹਾਮਾਨ+ ਖੜ੍ਹਾ ਹੈ।” ਰਾਜੇ ਨੇ ਕਿਹਾ: “ਉਸ ਨੂੰ ਅੰਦਰ ਬੁਲਾਓ।”
6 ਜਦ ਹਾਮਾਨ ਅੰਦਰ ਆਇਆ, ਤਾਂ ਰਾਜੇ ਨੇ ਉਸ ਨੂੰ ਪੁੱਛਿਆ: “ਉਸ ਆਦਮੀ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ?” ਹਾਮਾਨ ਨੇ ਦਿਲ ਵਿਚ ਸੋਚਿਆ: “ਮੇਰੇ ਤੋਂ ਇਲਾਵਾ ਰਾਜਾ ਹੋਰ ਕਿਸ ਨੂੰ ਇੱਜ਼ਤ ਬਖ਼ਸ਼ੇਗਾ?”+
7 ਇਸ ਲਈ ਹਾਮਾਨ ਨੇ ਰਾਜੇ ਨੂੰ ਕਿਹਾ: “ਜਿਸ ਆਦਮੀ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ,
8 ਉਸ ਲਈ ਰਾਜੇ ਦਾ ਸ਼ਾਹੀ ਲਿਬਾਸ+ ਅਤੇ ਉਹ ਘੋੜਾ ਲਿਆਂਦਾ ਜਾਵੇ ਜਿਸ ’ਤੇ ਰਾਜਾ ਸਵਾਰੀ ਕਰਦਾ ਹੈ ਅਤੇ ਜਿਸ ਦੇ ਸਿਰ ’ਤੇ ਸ਼ਾਹੀ ਕਲਗੀ ਹੈ।
9 ਇਹ ਲਿਬਾਸ ਅਤੇ ਘੋੜਾ ਰਾਜੇ ਦੇ ਸਭ ਤੋਂ ਇੱਜ਼ਤਦਾਰ ਮੰਤਰੀ ਨੂੰ ਸੌਂਪਿਆ ਜਾਵੇ। ਫਿਰ ਰਾਜੇ ਦੇ ਸੇਵਕ ਉਸ ਆਦਮੀ ਨੂੰ ਸ਼ਾਹੀ ਲਿਬਾਸ ਪਹਿਨਾਉਣ ਅਤੇ ਘੋੜੇ ’ਤੇ ਬਿਠਾ ਕੇ ਸ਼ਹਿਰ ਦੇ ਚੌਂਕ ਵਿਚ ਘੁਮਾਉਣ ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ। ਉਹ ਉਸ ਅੱਗੇ ਐਲਾਨ ਕਰਨ: ‘ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, ਉਸ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ!’+
10 ਰਾਜੇ ਨੇ ਇਕਦਮ ਹਾਮਾਨ ਨੂੰ ਕਿਹਾ: “ਜਲਦੀ ਕਰ! ਲਿਬਾਸ ਅਤੇ ਘੋੜਾ ਲੈ ਅਤੇ ਜੋ ਕੁਝ ਤੂੰ ਹੁਣੇ ਕਿਹਾ ਹੈ, ਉਸ ਯਹੂਦੀ ਮਾਰਦਕਈ ਲਈ ਇਸੇ ਤਰ੍ਹਾਂ ਕਰ ਜੋ ਮਹਿਲ ਦੇ ਦਰਵਾਜ਼ੇ ’ਤੇ ਬੈਠਦਾ ਹੈ। ਤੂੰ ਜੋ ਵੀ ਕਿਹਾ ਹੈ, ਉਸ ਵਿੱਚੋਂ ਇਕ ਗੱਲ ਵੀ ਨਾ ਛੱਡੀਂ।”
11 ਹਾਮਾਨ ਨੇ ਸ਼ਾਹੀ ਲਿਬਾਸ ਅਤੇ ਘੋੜਾ ਲਿਆ ਅਤੇ ਉਸ ਨੇ ਮਾਰਦਕਈ+ ਨੂੰ ਉਹ ਲਿਬਾਸ ਪਹਿਨਾ ਕੇ ਸ਼ਹਿਰ ਦੇ ਚੌਂਕ ਵਿਚ ਘੁਮਾਇਆ ਅਤੇ ਉਸ ਅੱਗੇ ਐਲਾਨ ਕੀਤਾ: “ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, ਉਸ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ!”
12 ਇਸ ਤੋਂ ਬਾਅਦ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ’ਤੇ ਵਾਪਸ ਚਲਾ ਗਿਆ, ਪਰ ਹਾਮਾਨ ਸ਼ਰਮ ਦੇ ਮਾਰੇ ਆਪਣਾ ਮੂੰਹ ਢਕ ਕੇ ਫਟਾਫਟ ਆਪਣੇ ਘਰ ਚਲਾ ਗਿਆ।
13 ਜਦ ਹਾਮਾਨ ਨੇ ਆਪਣੀ ਪਤਨੀ ਜ਼ਰਸ਼+ ਅਤੇ ਆਪਣੇ ਸਾਰੇ ਦੋਸਤਾਂ ਨੂੰ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ, ਤਾਂ ਉਸ ਦੇ ਸਲਾਹਕਾਰਾਂ ਅਤੇ ਪਤਨੀ ਜ਼ਰਸ਼ ਨੇ ਉਸ ਨੂੰ ਕਿਹਾ: “ਜੇ ਮਾਰਦਕਈ ਇਕ ਯਹੂਦੀ ਹੈ* ਜਿਸ ਦੇ ਸਾਮ੍ਹਣੇ ਤੂੰ ਇਕ ਵਾਰੀ ਹਾਰ ਚੁੱਕਾ ਹੈਂ, ਤਾਂ ਤੂੰ ਉਸ ਉੱਤੇ ਜਿੱਤ ਹਾਸਲ ਨਹੀਂ ਕਰ ਪਾਏਂਗਾ। ਤੇਰੀ ਹਾਰ ਪੱਕੀ ਹੈ।”
14 ਜਦ ਉਹ ਉਸ ਨਾਲ ਗੱਲ ਕਰ ਹੀ ਰਹੇ ਸਨ, ਤਾਂ ਰਾਜੇ ਦੇ ਦਰਬਾਰੀ ਆ ਗਏ ਅਤੇ ਉਹ ਫਟਾਫਟ ਹਾਮਾਨ ਨੂੰ ਅਸਤਰ ਦੀ ਦਾਅਵਤ ਵਿਚ ਲੈ ਗਏ।+