ਅੱਯੂਬ 23:1-17

  • ਅੱਯੂਬ ਦਾ ਜਵਾਬ (1-17)

    • ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਨਾ ਚਾਹਿਆ (1-7)

    • ਕਿਹਾ ਕਿ ਉਹ ਪਰਮੇਸ਼ੁਰ ਨੂੰ ਨਹੀਂ ਲੱਭ ਸਕਦਾ (8, 9)

    • “ਮੈਂ ਬਿਨਾਂ ਭਟਕੇ ਉਸ ਦੇ ਰਾਹ ’ਤੇ ਚੱਲਦਾ ਰਿਹਾ” (11)

23  ਅੱਯੂਬ ਨੇ ਜਵਾਬ ਦਿੱਤਾ:   “ਮੈਂ ਅੱਜ ਵੀ ਅੜੀਆਂ ਕਰ-ਕਰ ਕੇ ਗਿਲਾ ਕਰਾਂਗਾ;*+ਹਉਕੇ ਭਰ-ਭਰ ਕੇ ਮੈਂ ਥੱਕ ਗਿਆ ਹਾਂ।   ਕਾਸ਼ ਮੈਂ ਜਾਣਦਾ ਕਿ ਪਰਮੇਸ਼ੁਰ ਕਿੱਥੇ ਮਿਲ ਸਕਦਾ ਹੈ!+ ਫਿਰ ਮੈਂ ਉਸ ਦੇ ਨਿਵਾਸ-ਸਥਾਨ ਵਿਚ ਜਾਂਦਾ।+   ਮੈਂ ਉਸ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾਅਤੇ ਦਲੀਲਾਂ ਨਾਲ ਆਪਣਾ ਮੂੰਹ ਭਰਦਾ;   ਮੈਂ ਜਾਣ ਲੈਂਦਾ ਕਿ ਉਹ ਮੈਨੂੰ ਕੀ ਜਵਾਬ ਦਿੰਦਾ,ਜੋ ਉਹ ਕਹਿੰਦਾ, ਉਸ ਵੱਲ ਮੈਂ ਧਿਆਨ ਦਿੰਦਾ।   ਕੀ ਪਰਮੇਸ਼ੁਰ ਆਪਣੀ ਡਾਢੀ ਤਾਕਤ ਵਰਤ ਕੇ ਮੇਰੇ ਨਾਲ ਲੜਦਾ? ਨਹੀਂ, ਉਹ ਜ਼ਰੂਰ ਮੇਰੀ ਗੱਲ ਸੁਣਦਾ।+   ਉੱਥੇ ਨੇਕ ਇਨਸਾਨ ਉਸ ਨਾਲ ਆਪਣਾ ਮਾਮਲਾ ਸੁਲਝਾ ਸਕਦਾ,ਮੇਰਾ ਨਿਆਂਕਾਰ ਮੈਨੂੰ ਹਮੇਸ਼ਾ ਲਈ ਬਰੀ ਕਰ ਦਿੰਦਾ।   ਪਰ ਜੇ ਮੈਂ ਪੂਰਬ ਵੱਲ ਜਾਂਦਾ ਹਾਂ, ਤਾਂ ਉੱਥੇ ਉਹ ਹੁੰਦਾ ਨਹੀਂ;ਮੈਂ ਵਾਪਸ ਆ ਜਾਂਦਾ ਹਾਂ ਤੇ ਉਹ ਮੈਨੂੰ ਲੱਭਦਾ ਨਹੀਂ।   ਜਦ ਉਹ ਖੱਬੇ ਪਾਸੇ ਕੰਮ ਕਰ ਰਿਹਾ ਹੁੰਦਾ ਹੈ, ਤਾਂ ਉਹ ਮੈਨੂੰ ਦਿਖਾਈ ਨਹੀਂ ਦਿੰਦਾ;ਫਿਰ ਉਹ ਸੱਜੇ ਪਾਸੇ ਨੂੰ ਮੁੜ ਜਾਂਦਾ ਹੈ, ਪਰ ਫਿਰ ਵੀ ਉਹ ਮੈਨੂੰ ਨਜ਼ਰ ਨਹੀਂ ਆਉਂਦਾ। 10  ਉਹ ਜਾਣਦਾ ਹੈ ਕਿ ਮੈਂ ਕਿਸ ਰਾਹ ’ਤੇ ਜਾਂਦਾ ਹਾਂ।+ ਜਦੋਂ ਉਹ ਮੈਨੂੰ ਤਾਅ ਲਵੇਗਾ, ਤਾਂ ਮੈਂ ਖਾਲਸ ਸੋਨਾ ਬਣ ਜਾਵਾਂਗਾ।+ 11  ਮੇਰੇ ਕਦਮ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੇ ਹਨ;ਮੈਂ ਬਿਨਾਂ ਭਟਕੇ ਉਸ ਦੇ ਰਾਹ ’ਤੇ ਚੱਲਦਾ ਰਿਹਾ ਹਾਂ।+ 12  ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮ ਨੂੰ ਮੰਨਣੋਂ ਨਹੀਂ ਹਟਿਆ। ਜਿੰਨੀ ਮੈਥੋਂ ਮੰਗ ਕੀਤੀ ਗਈ ਸੀ,* ਉਸ ਤੋਂ ਕਿਤੇ ਜ਼ਿਆਦਾ ਮੈਂ ਉਸ ਦੀਆਂ ਗੱਲਾਂ ਸਾਂਭ ਕੇ ਰੱਖੀਆਂ।+ 13  ਜਦ ਉਹ ਠਾਣ ਲੈਂਦਾ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?+ ਜਦ ਉਹ ਕੁਝ ਕਰਨਾ ਚਾਹੁੰਦਾ ਹੈ, ਤਾਂ ਉਹ ਕਰ ਕੇ ਹੀ ਹਟਦਾ ਹੈ।+ 14  ਮੇਰੇ ਲਈ ਜੋ ਠਾਣਿਆ* ਗਿਆ ਹੈ, ਉਸ ਨੂੰ ਉਹ ਪੂਰਾ ਕਰ ਕੇ ਹਟੇਗਾ,ਉਸ ਨੇ ਅਜਿਹੀਆਂ ਕਈ ਗੱਲਾਂ ਸੋਚ ਰੱਖੀਆਂ ਹਨ। 15  ਇਹੀ ਵਜ੍ਹਾ ਹੈ ਕਿ ਮੈਂ ਪਰਮੇਸ਼ੁਰ ਕਾਰਨ ਚਿੰਤਾ ਵਿਚ ਹਾਂ;ਉਸ ਬਾਰੇ ਸੋਚ ਕੇ ਮੈਂ ਹੋਰ ਵੀ ਡਰ ਜਾਂਦਾ ਹਾਂ। 16  ਪਰਮੇਸ਼ੁਰ ਨੇ ਮੈਨੂੰ ਕਮਜ਼ੋਰ ਦਿਲ ਵਾਲਾ ਬਣਾ ਦਿੱਤਾ ਹੈ,ਸਰਬਸ਼ਕਤੀਮਾਨ ਨੇ ਮੈਨੂੰ ਡਰਾ ਦਿੱਤਾ ਹੈ। 17  ਪਰ ਮੈਂ ਹਾਲੇ ਵੀ ਹਨੇਰੇ ਦੇ ਕਾਰਨ ਖ਼ਾਮੋਸ਼ ਨਹੀਂ ਹੋਇਆਂ,ਨਾ ਹੀ ਉਸ ਘੁੱਪ ਹਨੇਰੇ ਦੇ ਕਾਰਨ ਚੁੱਪ ਹੋਇਆਂ ਜਿਸ ਨੇ ਮੇਰੇ ਚਿਹਰੇ ਨੂੰ ਢਕ ਲਿਆ ਹੈ।

ਫੁਟਨੋਟ

ਜਾਂ, “ਮੇਰਾ ਗਿਲਾ ਬਗਾਵਤ ਭਰਿਆ ਹੈ।”
ਜਾਂ, “ਜਿੰਨਾ ਮੈਨੂੰ ਕਿਹਾ ਗਿਆ ਸੀ।”
ਜਾਂ, “ਕਿਹਾ।”