ਅੱਯੂਬ 41:1-34
-
ਪਰਮੇਸ਼ੁਰ ਨੇ ਸ਼ਾਨਦਾਰ ਲਿਵਯਾਥਾਨ ਬਾਰੇ ਦੱਸਿਆ (1-34)
41 “ਕੀ ਤੂੰ ਕੁੰਡੀ ਨਾਲ ਲਿਵਯਾਥਾਨ*+ ਨੂੰ ਫੜ ਸਕਦਾ ਹੈਂਜਾਂ ਰੱਸੀ ਨਾਲ ਉਸ ਦੀ ਜੀਭ ਨੂੰ ਕੱਸ ਸਕਦਾ ਹੈਂ?
2 ਕੀ ਤੂੰ ਉਸ ਦੀਆਂ ਨਾਸਾਂ ਵਿਚ ਰੱਸਾ* ਪਾ ਸਕਦਾ ਹੈਂਜਾਂ ਉਸ ਦੇ ਜਬਾੜ੍ਹਿਆਂ ਨੂੰ ਕੁੰਡੀ* ਨਾਲ ਵਿੰਨ੍ਹ ਸਕਦਾ ਹੈਂ?
3 ਕੀ ਉਹ ਤੇਰੀਆਂ ਮਿੰਨਤਾਂ ਕਰੇਗਾਜਾਂ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ?
4 ਕੀ ਉਹ ਤੇਰੇ ਨਾਲ ਇਕਰਾਰ ਕਰੇਗਾਤਾਂਕਿ ਤੂੰ ਉਸ ਨੂੰ ਉਮਰ ਭਰ ਲਈ ਆਪਣਾ ਗ਼ੁਲਾਮ ਬਣਾਵੇਂ?
5 ਕੀ ਤੂੰ ਉਸ ਨਾਲ ਇਵੇਂ ਖੇਡੇਂਗਾ ਜਿਵੇਂ ਕਿਸੇ ਪੰਛੀ ਨਾਲ ਖੇਡੀਦਾ ਹੈ?
ਕੀ ਤੂੰ ਆਪਣੀਆਂ ਬੱਚੀਆਂ ਲਈ ਉਸ ਨੂੰ ਸੰਗਲੀ ਨਾਲ ਬੰਨ੍ਹੇਂਗਾ?
6 ਕੀ ਸੌਦਾਗਰ ਉਸ ਦਾ ਸੌਦਾ ਕਰਨਗੇ?
ਕੀ ਉਹ ਵਪਾਰੀਆਂ ਵਿਚ ਉਸ ਦੀਆਂ ਵੰਡੀਆਂ ਪਾਉਣਗੇ?
7 ਕੀ ਤੂੰ ਭਾਲਿਆਂ ਦੀ ਬੁਛਾੜ ਕਰ ਕੇ ਉਸ ਦੀ ਖੱਲ ਨੂੰਜਾਂ ਮੱਛੀਆਂ ਮਾਰਨ ਵਾਲੇ ਨੇਜ਼ਿਆਂ ਨਾਲ ਉਸ ਦੇ ਸਿਰ ਨੂੰ ਛਲਣੀ ਕਰ ਸਕਦਾ ਹੈਂ?+
8 ਜ਼ਰਾ ਉਸ ਉੱਤੇ ਆਪਣਾ ਹੱਥ ਤਾਂ ਰੱਖ;ਉਸ ਨਾਲ ਹੋਈ ਲੜਾਈ ਨੂੰ ਤੂੰ ਯਾਦ ਰੱਖੇਂਗਾ ਤੇ ਦੁਬਾਰਾ ਇਵੇਂ ਕਰਨ ਦੀ ਜੁਰਅਤ ਨਹੀਂ ਕਰੇਂਗਾ!
9 ਉਸ ਨੂੰ ਵੱਸ ਵਿਚ ਕਰਨ ਦੀ ਉਮੀਦ ਰੱਖਣੀ ਬੇਕਾਰ ਹੈ।
ਉਸ ਨੂੰ ਦੇਖਦੇ ਹੀ ਤੇਰੇ ਪਸੀਨੇ ਛੁੱਟ ਜਾਣਗੇ।*
10 ਕੋਈ ਵੀ ਉਸ ਨੂੰ ਛੇੜਨ ਦੀ ਹਿੰਮਤ ਨਹੀਂ ਕਰਦਾ।
ਤਾਂ ਫਿਰ, ਕੌਣ ਹੈ ਜੋ ਮੇਰੇ ਅੱਗੇ ਟਿਕ ਸਕੇ?+
11 ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਹੈ ਜੋ ਮੈਂ ਉਸ ਨੂੰ ਵਾਪਸ ਮੋੜਾਂ?+
ਆਕਾਸ਼ ਹੇਠਲੀ ਹਰ ਚੀਜ਼ ਮੇਰੀ ਹੈ।+
12 ਮੈਂ ਉਸ ਦੇ ਅੰਗਾਂ,ਉਸ ਦੀ ਤਾਕਤ ਅਤੇ ਵਧੀਆ ਤਰੀਕੇ ਨਾਲ ਤਰਾਸ਼ੇ ਉਸ ਦੇ ਸਰੀਰ ਬਾਰੇ ਦੱਸਣੋਂ ਨਹੀਂ ਹਟਾਂਗਾ।
13 ਕੌਣ ਹੈ ਜਿਸ ਨੇ ਉਸ ਦੀ ਖੱਲ ਉਤਾਰੀ ਹੈ?
ਕੌਣ ਉਸ ਦੇ ਖੁੱਲ੍ਹੇ ਜਬਾੜ੍ਹਿਆਂ ਵਿਚ ਵੜੇਗਾ?
14 ਕੌਣ ਉਸ ਨੂੰ ਆਪਣੇ ਮੂੰਹ* ਦੇ ਬੂਹੇ ਖੋਲ੍ਹਣ ਲਈ ਮਜਬੂਰ ਕਰ ਸਕਦਾ ਹੈ?
ਉਸ ਦੇ ਦੰਦ ਭਿਆਨਕ ਹਨ।
15 ਉਸ ਦੀ ਪਿੱਠ ਉੱਤੇ ਛਿਲਕਿਆਂ ਦੀਆਂ ਕਤਾਰਾਂ*ਇਕ-ਦੂਜੇ ਨਾਲ ਕੱਸ ਕੇ ਜੁੜੀਆਂ ਹੋਈਆਂ ਹਨ।
16 ਉਹ ਇਕ-ਦੂਜੀ ਨਾਲ ਇੰਨੀਆਂ ਘੁੱਟ ਕੇ ਜੁੜੀਆਂ ਹਨਕਿ ਉਨ੍ਹਾਂ ਵਿਚ ਹਵਾ ਤਕ ਨਹੀਂ ਜਾ ਸਕਦੀ।
17 ਉਹ ਇਕ-ਦੂਜੀ ਨਾਲ ਚਿੰਬੜੀਆਂ ਹੋਈਆਂ ਹਨ;ਉਹ ਆਪਸ ਵਿਚ ਚਿਪਕੀਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ।
18 ਉਸ ਦੇ ਫੁੰਕਾਰੇ ਨਾਲ ਰੌਸ਼ਨੀ ਚਮਕਦੀ ਹੈਅਤੇ ਉਸ ਦੀਆਂ ਅੱਖਾਂ ਸਵੇਰ ਦੀਆਂ ਕਿਰਨਾਂ ਵਰਗੀਆਂ ਹਨ।
19 ਉਸ ਦੇ ਮੂੰਹੋਂ ਬਿਜਲੀ ਲਿਸ਼ਕਦੀ ਹੈ;ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।
20 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਦਾ ਹੈਜਿਵੇਂ ਸਰਵਾੜਾਂ ਨਾਲ ਬਲ਼ ਰਹੀ ਭੱਠੀ ਹੋਵੇ।
21 ਉਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈਅਤੇ ਉਸ ਦੇ ਮੂੰਹੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ।
22 ਉਸ ਦੀ ਗਰਦਨ ਵਿਚ ਵੱਡਾ ਬਲ ਹੈਅਤੇ ਡਰ ਉਸ ਦੇ ਅੱਗਿਓਂ ਨੱਠ ਜਾਂਦਾ ਹੈ।
23 ਉਸ ਦੀ ਚਮੜੀ* ਦੀਆਂ ਪਰਤਾਂ ਇਕ-ਦੂਜੀ ਨਾਲ ਘੁੱਟ ਕੇ ਜੁੜੀਆਂ ਹੋਈਆਂ ਹਨ;ਇਹ ਸਖ਼ਤ ਹਨ ਜਿਨ੍ਹਾਂ ਨੂੰ ਮਾਨੋ ਉਸ ਉੱਤੇ ਢਾਲ਼ਿਆ ਗਿਆ ਹੋਵੇ ਤੇ ਇਹ ਹਿਲ ਨਹੀਂ ਸਕਦੀਆਂ।
24 ਉਸ ਦਾ ਦਿਲ ਪੱਥਰ ਵਾਂਗ ਸਖ਼ਤ ਹੈ,ਹਾਂ, ਚੱਕੀ ਦੇ ਹੇਠਲੇ ਪੁੜ ਜਿੰਨਾ ਸਖ਼ਤ।
25 ਜਦ ਉਹ ਉੱਠਦਾ ਹੈ, ਤਾਂ ਵੱਡੇ-ਵੱਡੇ ਵੀ ਡਰ ਜਾਂਦੇ ਹਨ;ਜਦ ਉਹ ਤੇਜ਼ੀ ਨਾਲ ਇੱਧਰ-ਉੱਧਰ ਮੁੜਦਾ ਹੈ, ਤਾਂ ਉਹ ਸੁੱਧ-ਬੁੱਧ ਖੋਹ ਬੈਠਦੇ ਹਨ।
26 ਉਸ ਤਕ ਪਹੁੰਚਣ ਵਾਲੀ ਤਲਵਾਰ ਉਸ ਦਾ ਕੁਝ ਨਹੀਂ ਵਿਗਾੜ ਸਕਦੀ;ਨਾ ਕੋਈ ਬਰਛਾ, ਨਾ ਬਰਛੀ ਤੇ ਨਾ ਹੀ ਤੀਰ।+
27 ਉਹ ਲੋਹੇ ਨੂੰ ਤੂੜੀ ਸਮਝਦਾ ਹੈਅਤੇ ਤਾਂਬੇ ਨੂੰ ਗਲ਼ੀ ਹੋਈ ਲੱਕੜ।
28 ਤੀਰ ਉਸ ਨੂੰ ਭਜਾ ਨਹੀਂ ਸਕਦਾ;ਗੋਪੀਏ ਦੇ ਪੱਥਰ ਉਸ ਅੱਗੇ ਘਾਹ-ਫੂਸ ਬਣ ਜਾਂਦੇ ਹਨ।
29 ਉਹ ਡਾਂਗ ਨੂੰ ਪਰਾਲੀ ਸਮਝਦਾ ਹੈਅਤੇ ਨੇਜ਼ੇ ਦੀ ਸਾਂ-ਸਾਂ ’ਤੇ ਹੱਸਦਾ ਹੈ।
30 ਉਸ ਦਾ ਹੇਠਲਾ ਹਿੱਸਾ ਤੇਜ਼ ਠੀਕਰੀਆਂ ਵਰਗਾ ਹੈ;ਚਿੱਕੜ ਉੱਤੇ ਉਹ ਅਜਿਹੇ ਨਿਸ਼ਾਨ ਛੱਡਦਾ ਜਾਂਦਾ ਹੈ ਮਾਨੋ ਫਲ੍ਹਾ* ਚਲਾਇਆ ਗਿਆ ਹੋਵੇ।+
31 ਉਹ ਡੂੰਘਾਈ ਨੂੰ ਇਵੇਂ ਬਣਾ ਦਿੰਦਾ ਹੈ ਜਿਵੇਂ ਦੇਗ ਉਬਲ ਰਹੀ ਹੋਵੇ;ਉਹ ਸਮੁੰਦਰ ਵਿਚ ਹਲਚਲ ਮਚਾ ਦਿੰਦਾ ਹੈ ਜਿਵੇਂ ਪਤੀਲੇ ਵਿਚ ਖ਼ੁਸ਼ਬੂਦਾਰ ਤੇਲ ਉਬਲ ਰਿਹਾ ਹੋਵੇ।
32 ਉਹ ਆਪਣੇ ਪਿੱਛੇ ਚਮਕੀਲੀ ਲਕੀਰ ਛੱਡਦਾ ਜਾਂਦਾ ਹੈ।
ਦੇਖਣ ਨੂੰ ਇਵੇਂ ਲੱਗਦਾ ਹੈ ਜਿਵੇਂ ਡੂੰਘਾਈ ਉੱਤੇ ਧੌਲੇ ਆਏ ਹੋਣ।
33 ਧਰਤੀ ਉੱਤੇ ਉਸ ਵਰਗਾ ਹੋਰ ਕੋਈ ਨਹੀਂ,ਉਸ ਨੂੰ ਇਵੇਂ ਬਣਾਇਆ ਗਿਆ ਹੈ ਕਿ ਉਹ ਕਿਸੇ ਤੋਂ ਨਹੀਂ ਡਰਦਾ।
34 ਜੋ ਕੋਈ ਵੀ ਘਮੰਡੀ ਹੈ, ਉਸ ਨੂੰ ਉਹ ਘੂਰਦਾ ਹੈ।
ਉਹ ਸਾਰੇ ਵੱਡੇ-ਵੱਡੇ ਜੰਗਲੀ ਜਾਨਵਰਾਂ ਦਾ ਰਾਜਾ ਹੈ।”
ਫੁਟਨੋਟ
^ ਸ਼ਾਇਦ ਮਗਰਮੱਛ।
^ ਇਬ, “ਸਰਵਾੜ।”
^ ਇਬ, “ਕੰਡੇ।”
^ ਜਾਂ, “ਤੂੰ ਥੱਲੇ ਡਿਗ ਪਵੇਂਗਾ।”
^ ਇਬ, “ਚਿਹਰਾ।”
^ ਜਾਂ ਸੰਭਵ ਹੈ, “ਉਸ ਦਾ ਘਮੰਡ ਉਸ ਦੇ ਛਿਲਕਿਆਂ ਦੀਆਂ ਕਤਾਰਾਂ ਹਨ।”
^ ਇਬ, “ਮਾਸ।”
^ ਗਾਹੁਣ ਵਾਲਾ ਫੱਟਾ।