ਆਮੋਸ 2:1-16

  • ਵਾਰ-ਵਾਰ ਬਗਾਵਤ ਕਰਨ ’ਤੇ ਸਜ਼ਾ (1-16)

    • ਮੋਆਬ (1-3), ਯਹੂਦਾਹ (4, 5), ਇਜ਼ਰਾਈਲ (6-16)

2  “ਯਹੋਵਾਹ ਇਹ ਕਹਿੰਦਾ ਹੈ,‘“ਮੋਆਬ ਨੇ ਵਾਰ-ਵਾਰ* ਬਗਾਵਤ ਕੀਤੀ,*+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਸ ਨੇ ਚੂਨਾ ਬਣਾਉਣ ਲਈ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜਿਆ।   ਇਸ ਲਈ ਮੈਂ ਮੋਆਬ ’ਤੇ ਅੱਗ ਘੱਲਾਂਗਾਅਤੇ ਇਹ ਕਰੀਯੋਥ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ;+ਜਦੋਂ ਯੁੱਧ ਦਾ ਹੋਕਾ ਦਿੱਤਾ ਜਾਵੇਗਾ ਅਤੇ ਨਰਸਿੰਗਾ ਵਜਾਇਆ ਜਾਵੇਗਾ,ਉਦੋਂ ਮੋਆਬ ਗੜਬੜੀ ਦੌਰਾਨ ਮਰ ਜਾਵੇਗਾ।+   ਮੈਂ ਉਸ ਵਿਚ ਰਾਜ ਕਰਨ ਵਾਲੇ* ਨੂੰ ਹਟਾ ਦਿਆਂਗਾਅਤੇ ਉਸ ਨੂੰ ਸਾਰੇ ਅਧਿਕਾਰੀਆਂ* ਸਮੇਤ ਮਾਰ ਦਿਆਂਗਾ,”+ ਯਹੋਵਾਹ ਕਹਿੰਦਾ ਹੈ।’   ਯਹੋਵਾਹ ਇਹ ਕਹਿੰਦਾ ਹੈ,‘ਯਹੂਦਾਹ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਕਾਨੂੰਨ* ਠੁਕਰਾ ਦਿੱਤਾਅਤੇ ਉਹ ਉਸ ਦੇ ਨਿਯਮਾਂ ਮੁਤਾਬਕ ਨਹੀਂ ਚੱਲੇ;+ਪਰ ਉਹ ਉਨ੍ਹਾਂ ਝੂਠੀਆਂ ਗੱਲਾਂ ਪਿੱਛੇ ਲੱਗ ਕੇ ਕੁਰਾਹੇ ਪੈ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦੇ ਮੰਨਦੇ ਸਨ।+   ਇਸ ਲਈ ਮੈਂ ਯਹੂਦਾਹ ’ਤੇ ਅੱਗ ਘੱਲਾਂਗਾ,ਇਹ ਯਰੂਸ਼ਲਮ ਦੇ ਮਜ਼ਬੂਤ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+   ਯਹੋਵਾਹ ਇਹ ਕਹਿੰਦਾ ਹੈ,‘ਇਜ਼ਰਾਈਲ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾਕਿਉਂਕਿ ਉਹ ਧਰਮੀ ਨੂੰ ਚਾਂਦੀ ਲਈਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।+   ਉਹ ਗ਼ਰੀਬਾਂ ਦੇ ਸਿਰ ਮਿੱਟੀ ਵਿਚ ਮਧੋਲਦੇ ਹਨ+ਅਤੇ ਹਲੀਮ* ਲੋਕਾਂ ਦਾ ਰਾਹ ਰੋਕਦੇ ਹਨ।+ ਪਿਉ-ਪੁੱਤ ਇੱਕੋ ਹੀ ਕੁੜੀ ਨਾਲ ਸੰਬੰਧ ਬਣਾਉਂਦੇ ਹਨਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕਰਦੇ ਹਨ।   ਉਹ ਗਿਰਵੀ* ਰਖਵਾਏ ਕੱਪੜਿਆਂ ’ਤੇ ਕਬਜ਼ਾ ਕਰਦੇ ਹਨ+ ਅਤੇ ਉਨ੍ਹਾਂ ਨੂੰ ਹਰ ਵੇਦੀ+ ਸਾਮ੍ਹਣੇ ਵਿਛਾ ਕੇ ਬੈਠਦੇ ਹਨ;ਉਹ ਜੁਰਮਾਨੇ ਦੇ ਪੈਸਿਆਂ ਨਾਲ ਖ਼ਰੀਦਿਆ ਦਾਖਰਸ ਆਪਣੇ ਦੇਵਤਿਆਂ ਦੇ ਮੰਦਰ ਵਿਚ ਪੀਂਦੇ ਹਨ।’   ‘ਜਦ ਕਿ ਮੈਂ ਹੀ ਉਨ੍ਹਾਂ ਦੀ ਖ਼ਾਤਰ ਅਮੋਰੀਆਂ ਨੂੰ ਮਿਟਾਇਆ ਸੀ,+ਜੋ ਦਿਆਰ ਦੇ ਰੁੱਖਾਂ ਵਾਂਗ ਲੰਬੇ ਅਤੇ ਬਲੂਤ ਦੇ ਰੁੱਖਾਂ ਵਾਂਗ ਮਜ਼ਬੂਤ ਸਨ;ਮੈਂ ਉਸ ਦੇ ਫਲਾਂ ਅਤੇ ਜੜ੍ਹਾਂ ਨੂੰ ਨਾਸ਼ ਕਰ ਦਿੱਤਾ।+ 10  ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢਿਆ,+ਤੁਹਾਨੂੰ 40 ਸਾਲਾਂ ਤਕ ਉਜਾੜ ਵਿਚ ਰਾਹ ਦਿਖਾਇਆ+ਤਾਂਕਿ ਤੁਸੀਂ ਅਮੋਰੀਆਂ ਦੇ ਦੇਸ਼ ’ਤੇ ਕਬਜ਼ਾ ਕਰ ਸਕੋ। 11  ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀਅਤੇ ਕੁਝ ਜਵਾਨਾਂ ਨੂੰ ਨਜ਼ੀਰ ਠਹਿਰਾਇਆ।+ ਹੇ ਇਜ਼ਰਾਈਲੀਓ, ਕੀ ਮੈਂ ਇਸ ਤਰ੍ਹਾਂ ਨਹੀਂ ਕੀਤਾ?’ ਯਹੋਵਾਹ ਕਹਿੰਦਾ ਹੈ। 12  ‘ਪਰ ਤੁਸੀਂ ਨਜ਼ੀਰਾਂ ਨੂੰ ਪੀਣ ਲਈ ਦਾਖਰਸ ਦਿੰਦੇ ਰਹੇ+ਅਤੇ ਨਬੀਆਂ ਨੂੰ ਹੁਕਮ ਦਿੱਤਾ: “ਭਵਿੱਖਬਾਣੀਆਂ ਨਾ ਕਰੋ।”+ 13  ਇਸ ਲਈ ਮੈਂ ਤੁਹਾਨੂੰ ਤੁਹਾਡੀਆਂ ਥਾਵਾਂ ’ਤੇ ਕੁਚਲ ਦਿਆਂਗਾ,ਜਿਵੇਂ ਅਨਾਜ ਦੀਆਂ ਭਰੀਆਂ ਨਾਲ ਲੱਦਿਆ ਗੱਡਾ ਆਪਣੇ ਥੱਲੇ ਹਰ ਚੀਜ਼ ਕੁਚਲ ਦਿੰਦਾ ਹੈ। 14  ਤੇਜ਼ ਦੌੜਨ ਵਾਲਾ ਕਿਤੇ ਵੀ ਦੌੜ ਨਹੀਂ ਸਕੇਗਾ,+ਤਾਕਤਵਰ ਦੀ ਤਾਕਤ ਕਿਸੇ ਕੰਮ ਨਹੀਂ ਆਵੇਗੀ,ਕੋਈ ਵੀ ਯੋਧਾ ਆਪਣੀ ਜਾਨ ਨਹੀਂ ਬਚਾ ਸਕੇਗਾ। 15  ਤੀਰਅੰਦਾਜ਼ ਆਪਣੀ ਥਾਂ ’ਤੇ ਨਹੀਂ ਟਿਕ ਸਕੇਗਾ,ਤੇਜ਼ ਦੌੜਨ ਵਾਲਾ ਬਚ ਨਹੀਂ ਸਕੇਗਾ,ਘੋੜਸਵਾਰ ਆਪਣੀ ਜਾਨ ਬਚਾ ਨਾ ਸਕੇਗਾ। 16  ਇੱਥੋਂ ਤਕ ਕਿ ਸਭ ਤੋਂ ਬਹਾਦਰ* ਯੋਧਾਉਸ ਦਿਨ ਨੰਗਾ ਹੀ ਭੱਜੇਗਾ,’+ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਜੁਰਮ ਕੀਤੇ।”
ਇਬ, “ਨਿਆਂਕਾਰ।”
ਜਾਂ ਸੰਭਵ ਹੈ, “ਰਾਜਕੁਮਾਰਾਂ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਦੀ ਸਿੱਖਿਆ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਜ਼ਮਾਨਤ ਦੇ ਤੌਰ ਤੇ।”
ਜਾਂ, “ਤਕੜੇ ਦਿਲ ਵਾਲਾ।”