ਇਬਰਾਨੀਆਂ ਨੂੰ ਚਿੱਠੀ 13:1-25
13 ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।+
2 ਪਰਾਹੁਣਚਾਰੀ ਕਰਨੀ* ਨਾ ਭੁੱਲੋ+ ਕਿਉਂਕਿ ਕਈਆਂ ਨੇ ਪਰਾਹੁਣਚਾਰੀ ਕਰ ਕੇ ਅਣਜਾਣੇ ਵਿਚ ਦੂਤਾਂ ਦੀ ਸੇਵਾ ਕੀਤੀ ਸੀ।+
3 ਜਿਹੜੇ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੂੰ ਯਾਦ ਰੱਖੋ+ ਅਤੇ ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ।+ ਉਨ੍ਹਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡਾ ਵੀ ਹੱਡ-ਮਾਸ ਦਾ ਸਰੀਰ ਹੈ।*
4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+
5 ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ+ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।+ ਪਰਮੇਸ਼ੁਰ ਨੇ ਕਿਹਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”+
6 ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: “ਯਹੋਵਾਹ* ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?”+
7 ਤੁਸੀਂ ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ+ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਦੇ ਚਾਲ-ਚਲਣ ਦੇ ਚੰਗੇ ਨਤੀਜਿਆਂ ਉੱਤੇ ਗੌਰ ਕਰ ਕੇ ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।+
8 ਯਿਸੂ ਮਸੀਹ ਨਾ ਬੀਤੇ ਸਮੇਂ ਵਿਚ ਬਦਲਿਆ, ਨਾ ਅੱਜ ਬਦਲਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਬਦਲੇਗਾ।
9 ਵੱਖੋ-ਵੱਖਰੀਆਂ ਅਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ ਕਿਉਂਕਿ ਚੰਗਾ ਇਹੀ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਦੀ ਪਾਲਣਾ ਕਰ ਕੇ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।+
10 ਸਾਡੇ ਕੋਲ ਇਕ ਵੇਦੀ ਹੈ ਅਤੇ ਉਸ ਤੋਂ ਤੰਬੂ ਵਿਚ ਪਵਿੱਤਰ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਅਧਿਕਾਰ ਨਹੀਂ ਹੈ+
11 ਕਿਉਂਕਿ ਮਹਾਂ ਪੁਜਾਰੀ ਜਿਨ੍ਹਾਂ ਜਾਨਵਰਾਂ ਦਾ ਖ਼ੂਨ ਪਾਪ-ਬਲ਼ੀ ਦੇ ਤੌਰ ਤੇ ਅੱਤ ਪਵਿੱਤਰ ਕਮਰੇ ਵਿਚ ਲੈ ਕੇ ਜਾਂਦਾ ਹੈ, ਉਨ੍ਹਾਂ ਜਾਨਵਰਾਂ ਦੀਆਂ ਲਾਸ਼ਾਂ ਛਾਉਣੀ ਤੋਂ ਬਾਹਰ ਸਾੜੀਆਂ ਜਾਂਦੀਆਂ ਹਨ।+
12 ਇਸ ਲਈ ਯਿਸੂ ਨੇ ਵੀ ਸ਼ਹਿਰੋਂ* ਬਾਹਰ ਦੁੱਖ ਝੱਲਿਆ+ ਤਾਂਕਿ ਉਹ ਲੋਕਾਂ ਨੂੰ ਆਪਣੇ ਖ਼ੂਨ ਨਾਲ ਪਵਿੱਤਰ ਕਰ ਸਕੇ।+
13 ਇਸ ਲਈ ਆਓ ਆਪਾਂ ਵੀ ਛਾਉਣੀ ਤੋਂ ਬਾਹਰ ਉਸ ਕੋਲ ਚੱਲੀਏ ਅਤੇ ਉਸ ਵਾਂਗ ਬੇਇੱਜ਼ਤੀ ਸਹੀਏ+
14 ਕਿਉਂਕਿ ਇੱਥੇ ਸਾਡੇ ਕੋਲ ਅਜਿਹਾ ਸ਼ਹਿਰ ਨਹੀਂ ਹੈ ਜੋ ਹਮੇਸ਼ਾ ਰਹੇਗਾ, ਪਰ ਅਸੀਂ ਉਸ ਸ਼ਹਿਰ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।+
15 ਆਓ ਆਪਾਂ ਯਿਸੂ ਰਾਹੀਂ ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਈਏ+ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ+ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਈਏ।+
16 ਨਾਲੇ ਦੂਸਰਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ+ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।+
17 ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ+ ਅਤੇ ਉਨ੍ਹਾਂ ਦੇ ਅਧੀਨ ਰਹੋ+ ਕਿਉਂਕਿ ਉਹ ਤੁਹਾਡਾ ਧਿਆਨ ਰੱਖਦੇ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ।+ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਉਹ ਆਪਣਾ ਕੰਮ ਖ਼ੁਸ਼ੀ-ਖ਼ੁਸ਼ੀ ਕਰਨਗੇ, ਨਾ ਕਿ ਹਉਕੇ ਭਰ-ਭਰ ਕੇ ਕਿਉਂਕਿ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।
18 ਸਾਡੇ ਵਾਸਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ ਅਤੇ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।+
19 ਪਰ ਮੈਂ ਤੁਹਾਨੂੰ ਖ਼ਾਸ ਤੌਰ ਤੇ ਬੇਨਤੀ ਕਰਦਾ ਹਾਂ ਕਿ ਤੁਸੀਂ ਪ੍ਰਾਰਥਨਾ ਕਰੋ ਕਿ ਮੈਂ ਤੁਹਾਡੇ ਕੋਲ ਜਲਦੀ ਤੋਂ ਜਲਦੀ ਆ ਸਕਾਂ।
20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ
21 ਤੁਹਾਨੂੰ ਹਰ ਚੰਗੀ ਚੀਜ਼ ਦੇਵੇ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ। ਯਿਸੂ ਮਸੀਹ ਰਾਹੀਂ ਉਹ ਸਾਨੂੰ ਅਜਿਹੇ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਪਰਮੇਸ਼ੁਰ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।
22 ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਇਹ ਹੌਸਲਾ ਦੇਣ ਵਾਲੀਆਂ ਗੱਲਾਂ ਧੀਰਜ ਨਾਲ ਸੁਣੋ ਕਿਉਂਕਿ ਮੈਂ ਤੁਹਾਨੂੰ ਥੋੜ੍ਹੇ ਸ਼ਬਦਾਂ ਵਿਚ ਇਹ ਚਿੱਠੀ ਲਿਖੀ ਹੈ।
23 ਨਾਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਭਰਾ ਤਿਮੋਥਿਉਸ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ। ਜੇ ਉਹ ਜਲਦੀ ਆਇਆ, ਤਾਂ ਅਸੀਂ ਦੋਵੇਂ ਤੁਹਾਨੂੰ ਮਿਲਣ ਆਵਾਂਗੇ।
24 ਤੁਹਾਡੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਅਤੇ ਬਾਕੀ ਸਾਰੇ ਪਵਿੱਤਰ ਸੇਵਕਾਂ ਨੂੰ ਮੇਰੇ ਵੱਲੋਂ ਨਮਸਕਾਰ। ਇਟਲੀ+ ਦੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ।
25 ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।
ਫੁਟਨੋਟ
^ ਜਾਂ, “ਅਜਨਬੀਆਂ ’ਤੇ ਦਇਆ ਕਰਨੀ; ਨਾਲ ਪਿਆਰ ਕਰਨਾ।”
^ ਜਾਂ ਸੰਭਵ ਹੈ, “ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਦੁੱਖ ਸਹਿ ਰਹੇ ਹੋ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਯੂਨਾ, “ਸ਼ਹਿਰ ਦੇ ਦਰਵਾਜ਼ੇ ਤੋਂ।”