ਇਬਰਾਨੀਆਂ ਨੂੰ ਚਿੱਠੀ 4:1-16

  • ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਨਾ ਹੋਣਾ ਇਕ ਖ਼ਤਰਾ (1-10)

  • ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਣ ਦੀ ਪ੍ਰੇਰਣਾ (11-13)

    • ਪਰਮੇਸ਼ੁਰ ਦਾ ਬਚਨ ਜੀਉਂਦਾ ਹੈ (12)

  • ਯਿਸੂ ਉੱਤਮ ਮਹਾਂ ਪੁਜਾਰੀ (14-16)

4  ਉਸ ਦੇ ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ, ਇਸ ਲਈ ਆਓ ਆਪਾਂ ਖ਼ਬਰਦਾਰ ਰਹੀਏ* ਕਿ ਸਾਡੇ ਵਿੱਚੋਂ ਕੋਈ ਵੀ ਇਸ ਆਰਾਮ ਵਿਚ ਸ਼ਾਮਲ ਹੋਣ ਦੇ ਅਯੋਗ ਨਾ ਠਹਿਰਾਇਆ ਜਾਵੇ।+  ਸਾਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ,+ ਠੀਕ ਜਿਵੇਂ ਸਾਡੇ ਪਿਉ-ਦਾਦਿਆਂ ਨੂੰ ਸੁਣਾਈ ਗਈ ਸੀ; ਪਰ ਉਨ੍ਹਾਂ ਨੂੰ ਬਚਨ ਤੋਂ ਕੋਈ ਫ਼ਾਇਦਾ ਨਹੀਂ ਹੋਇਆ ਜੋ ਉਨ੍ਹਾਂ ਨੇ ਸੁਣਿਆਂ ਸੀ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਂਗ ਨਿਹਚਾ ਨਹੀਂ ਕੀਤੀ ਜਿਨ੍ਹਾਂ ਨੇ ਬਚਨ ਸੁਣ ਕੇ ਆਗਿਆਕਾਰੀ ਕੀਤੀ ਸੀ।  ਅਸੀਂ ਨਿਹਚਾ ਕੀਤੀ ਹੈ ਅਤੇ ਇਸ ਆਰਾਮ ਵਿਚ ਸ਼ਾਮਲ ਹੁੰਦੇ ਹਾਂ, ਪਰ ਅਣਆਗਿਆਕਾਰ ਲੋਕਾਂ ਬਾਰੇ ਉਸ ਨੇ ਕਿਹਾ ਸੀ: “ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ, ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ,’”+ ਭਾਵੇਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਉਸ ਦੇ ਕੰਮ ਪੂਰੇ ਹੋ ਗਏ ਸਨ।+  ਧਰਮ-ਗ੍ਰੰਥ ਵਿਚ ਇਕ ਜਗ੍ਹਾ ਉਸ ਨੇ ਸੱਤਵੇਂ ਦਿਨ ਬਾਰੇ ਇਸ ਤਰ੍ਹਾਂ ਕਿਹਾ ਹੈ: “ਅਤੇ ਪਰਮੇਸ਼ੁਰ ਨੇ ਆਪਣੇ ਸਾਰੇ ਕੰਮ ਖ਼ਤਮ ਕਰ ਕੇ ਸੱਤਵੇਂ ਦਿਨ ਆਰਾਮ ਕੀਤਾ”+  ਅਤੇ ਉਹ ਇੱਥੇ ਵੀ ਦੁਬਾਰਾ ਕਹਿੰਦਾ ਹੈ: “ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”+  ਜਿਨ੍ਹਾਂ ਨੂੰ ਪਹਿਲਾਂ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਉਹ ਆਪਣੀ ਅਣਆਗਿਆਕਾਰੀ ਕਰਕੇ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ। ਪਰ ਕੁਝ ਲੋਕਾਂ ਲਈ ਉਸ ਦੇ ਆਰਾਮ ਵਿਚ ਸ਼ਾਮਲ ਹੋਣਾ ਅਜੇ ਵੀ ਮੁਮਕਿਨ ਹੈ।+  ਇਸ ਲਈ ਉਸ ਨੇ ਲੰਬੇ ਸਮੇਂ ਬਾਅਦ ਦਾਊਦ ਦੇ ਜ਼ਬੂਰ ਵਿਚ “ਅੱਜ” ਕਹਿ ਕੇ ਦਿਖਾਇਆ ਕਿ ਉਸ ਨੇ ਦੁਬਾਰਾ ਇਕ ਖ਼ਾਸ ਦਿਨ ਠਹਿਰਾਇਆ ਹੈ; ਠੀਕ ਜਿਵੇਂ ਪਹਿਲਾਂ ਕਿਹਾ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ।”+  ਜੇ ਯਹੋਸ਼ੁਆ+ ਉਨ੍ਹਾਂ ਨੂੰ ਆਰਾਮ ਵਾਲੀ ਜਗ੍ਹਾ ਲੈ ਕੇ ਗਿਆ ਹੁੰਦਾ, ਤਾਂ ਪਰਮੇਸ਼ੁਰ ਨੇ ਬਾਅਦ ਵਿਚ ਇਕ ਹੋਰ ਦਿਨ ਬਾਰੇ ਗੱਲ ਨਹੀਂ ਕਰਨੀ ਸੀ।  ਇਸ ਲਈ ਪਰਮੇਸ਼ੁਰ ਦੇ ਲੋਕਾਂ ਲਈ ਸਬਤ ਦੇ ਦਿਨ ਵਾਂਗ ਆਰਾਮ ਦਾ ਦਿਨ ਅਜੇ ਵੀ ਹੈ।+ 10  ਜਿਹੜਾ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਇਆ ਹੈ, ਉਸ ਨੇ ਵੀ ਆਪਣੇ ਕੰਮਾਂ ਤੋਂ ਆਰਾਮ ਕੀਤਾ ਹੈ, ਜਿਵੇਂ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ।+ 11  ਇਸ ਲਈ ਆਓ ਆਪਾਂ ਇਸ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੀਏ ਤਾਂਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਵਾਂਗ ਅਣਆਗਿਆਕਾਰੀ ਦੇ ਰਾਹ ਉੱਤੇ ਨਾ ਚੱਲੇ।+ 12  ਕਿਉਂਕਿ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ+ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ+ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ। ਜਿਵੇਂ ਤਿੱਖੀ ਤਲਵਾਰ ਹੱਡੀਆਂ* ਨੂੰ ਗੁੱਦੇ ਤਕ ਆਰ-ਪਾਰ ਵੱਢਦੀ ਹੈ, ਉਸੇ ਤਰ੍ਹਾਂ ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ। 13  ਨਾਲੇ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਸ ਦੀਆਂ ਨਜ਼ਰਾਂ ਤੋਂ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ,+ ਸਗੋਂ ਹਰ ਚੀਜ਼ ਉਸ ਦੇ ਸਾਮ੍ਹਣੇ ਬੇਪਰਦਾ ਹੈ ਅਤੇ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ।+ 14  ਪਰਮੇਸ਼ੁਰ ਦਾ ਪੁੱਤਰ+ ਯਿਸੂ ਸਾਡਾ ਉੱਤਮ ਮਹਾਂ ਪੁਜਾਰੀ ਹੈ ਜਿਹੜਾ ਸਵਰਗ ਨੂੰ ਗਿਆ, ਇਸ ਲਈ ਆਓ ਆਪਾਂ ਉਸ ਉੱਤੇ ਆਪਣੀ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਦੇ ਰਹੀਏ।+ 15  ਸਾਡਾ ਮਹਾਂ ਪੁਜਾਰੀ ਇਹੋ ਜਿਹਾ ਨਹੀਂ ਹੈ ਕਿ ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝ ਨਾ ਸਕੇ,*+ ਸਗੋਂ ਉਸ ਨੂੰ ਸਾਡੇ ਵਾਂਗ ਹਰ ਤਰ੍ਹਾਂ ਪਰਖਿਆ ਗਿਆ ਹੈ, ਪਰ ਉਹ ਪਾਪ ਤੋਂ ਰਹਿਤ ਹੈ।+ 16  ਇਸ ਲਈ ਆਓ ਆਪਾਂ ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਆਈਏ ਅਤੇ ਉਸ ਨੂੰ ਬੇਝਿਜਕ ਪ੍ਰਾਰਥਨਾ ਕਰੀਏ+ ਕਿ ਉਹ ਲੋੜ ਵੇਲੇ ਸਾਡੀ ਮਦਦ ਕਰ ਕੇ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।

ਫੁਟਨੋਟ

ਯੂਨਾ, “ਡਰ ਰੱਖੀਏ।”
ਮੱਤੀ 13:​35, ਫੁਟਨੋਟ ਦੇਖੋ।
ਯੂਨਾ, “ਜੋੜਾਂ।”
ਜਾਂ, “ਕਰਕੇ ਸਾਡੇ ਨਾਲ ਹਮਦਰਦੀ ਨਾ ਰੱਖ ਸਕੇ।”