ਉਤਪਤ 1:1-31
1 ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼* ਅਤੇ ਧਰਤੀ ਨੂੰ ਬਣਾਇਆ।+
2 ਧਰਤੀ ਵੀਰਾਨ ਸੀ ਅਤੇ ਇਸ ’ਤੇ ਕੁਝ ਵੀ ਨਹੀਂ ਸੀ। ਡੂੰਘੇ ਪਾਣੀਆਂ+ ਉੱਤੇ ਹਨੇਰਾ ਛਾਇਆ ਹੋਇਆ ਸੀ। ਅਤੇ ਇਨ੍ਹਾਂ ਪਾਣੀਆਂ ਉੱਤੇ+ ਪਰਮੇਸ਼ੁਰ ਦੀ ਸ਼ਕਤੀ+ ਕੰਮ ਕਰ ਰਹੀ ਸੀ।
3 ਪਰਮੇਸ਼ੁਰ ਨੇ ਕਿਹਾ: “ਚਾਨਣ ਹੋ ਜਾਵੇ।” ਫਿਰ ਚਾਨਣ ਹੋ ਗਿਆ।+
4 ਫਿਰ ਪਰਮੇਸ਼ੁਰ ਨੇ ਦੇਖਿਆ ਕਿ ਚਾਨਣ ਵਧੀਆ ਸੀ ਅਤੇ ਪਰਮੇਸ਼ੁਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰਨਾ ਸ਼ੁਰੂ ਕੀਤਾ।
5 ਪਰਮੇਸ਼ੁਰ ਨੇ ਚਾਨਣ ਨੂੰ ਦਿਨ ਕਿਹਾ ਅਤੇ ਹਨੇਰੇ ਨੂੰ ਰਾਤ।+ ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਪਹਿਲਾ ਦਿਨ ਸੀ।
6 ਫਿਰ ਪਰਮੇਸ਼ੁਰ ਨੇ ਕਿਹਾ: “ਪਾਣੀ ਦੋ ਹਿੱਸਿਆਂ ਵਿਚ ਵੰਡੇ ਜਾਣ+ ਅਤੇ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ*+ ਹੋਵੇ।”
7 ਫਿਰ ਪਰਮੇਸ਼ੁਰ ਨੇ ਹੇਠਲੇ ਪਾਣੀਆਂ ਨੂੰ ਉੱਪਰਲੇ ਪਾਣੀਆਂ ਤੋਂ ਅਲੱਗ ਕਰਨ ਲਈ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ ਬਣਾਈ।+ ਅਤੇ ਇਸੇ ਤਰ੍ਹਾਂ ਹੋ ਗਿਆ।
8 ਪਰਮੇਸ਼ੁਰ ਨੇ ਖਾਲੀ ਥਾਂ ਨੂੰ ਆਕਾਸ਼ ਕਿਹਾ। ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਦੂਜਾ ਦਿਨ ਸੀ।
9 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਹੇਠਲੇ ਪਾਣੀ ਇਕ ਜਗ੍ਹਾ ਇਕੱਠੇ ਹੋ ਜਾਣ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ।”+ ਅਤੇ ਇਸੇ ਤਰ੍ਹਾਂ ਹੋ ਗਿਆ।
10 ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ+ ਅਤੇ ਇਕੱਠੇ ਹੋਏ ਪਾਣੀਆਂ ਨੂੰ ਸਮੁੰਦਰ+ ਕਿਹਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।+
11 ਫਿਰ ਪਰਮੇਸ਼ੁਰ ਨੇ ਕਿਹਾ: “ਧਰਤੀ ਉੱਤੇ ਘਾਹ, ਪੇੜ-ਪੌਦੇ ਅਤੇ ਫਲਦਾਰ ਦਰਖ਼ਤ ਆਪੋ-ਆਪਣੀ ਕਿਸਮ ਦੇ ਅਨੁਸਾਰ ਉੱਗਣ। ਪੇੜ-ਪੌਦੇ ਬੀ ਪੈਦਾ ਕਰਨ ਅਤੇ ਫਲਦਾਰ ਦਰਖ਼ਤਾਂ ਨੂੰ ਬੀ ਵਾਲੇ ਫਲ ਲੱਗਣ।”
12 ਧਰਤੀ ਉੱਤੇ ਘਾਹ, ਪੇੜ-ਪੌਦੇ+ ਅਤੇ ਫਲਦਾਰ ਦਰਖ਼ਤ ਆਪੋ-ਆਪਣੀ ਕਿਸਮ ਦੇ ਅਨੁਸਾਰ ਉੱਗਣੇ ਸ਼ੁਰੂ ਹੋ ਗਏ। ਪੇੜ-ਪੌਦੇ ਬੀ ਪੈਦਾ ਕਰਨ ਲੱਗੇ ਅਤੇ ਫਲਦਾਰ ਦਰਖ਼ਤਾਂ ਨੂੰ ਬੀ ਵਾਲੇ ਫਲ ਲੱਗਣ ਲੱਗ ਪਏ। ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।
13 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਤੀਜਾ ਦਿਨ ਸੀ।
14 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਵਿਚ ਜੋਤਾਂ+ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ+ ਅਤੇ ਉਹ ਰੁੱਤਾਂ, ਦਿਨਾਂ ਅਤੇ ਸਾਲਾਂ ਦੇ ਬਦਲਣ ਦੀਆਂ ਨਿਸ਼ਾਨੀਆਂ ਹੋਣਗੀਆਂ।+
15 ਉਹ ਆਕਾਸ਼ ਵਿਚ ਚਮਕਣਗੀਆਂ ਤਾਂ ਜੋ ਧਰਤੀ ਉੱਤੇ ਚਾਨਣ ਹੋਵੇ।” ਅਤੇ ਇਸੇ ਤਰ੍ਹਾਂ ਹੋ ਗਿਆ।
16 ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਠਹਿਰਾਈਆਂ,* ਦਿਨ ਵੇਲੇ ਰੌਸ਼ਨੀ ਲਈ ਵੱਡੀ ਜੋਤ*+ ਅਤੇ ਰਾਤ ਵੇਲੇ ਰੌਸ਼ਨੀ ਲਈ ਛੋਟੀ ਜੋਤ* ਅਤੇ ਤਾਰੇ ਵੀ ਠਹਿਰਾਏ।*+
17 ਇਸ ਤਰ੍ਹਾਂ ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਦੇਣ ਲਈ ਇਨ੍ਹਾਂ ਨੂੰ ਆਕਾਸ਼ ਵਿਚ ਠਹਿਰਾਇਆ
18 ਅਤੇ ਇਨ੍ਹਾਂ ਨੂੰ ਦਿਨ ਅਤੇ ਰਾਤ ਉੱਤੇ ਅਧਿਕਾਰ ਦਿੱਤਾ ਅਤੇ ਇਨ੍ਹਾਂ ਰਾਹੀਂ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ।+ ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।
19 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਚੌਥਾ ਦਿਨ ਸੀ।
20 ਫਿਰ ਪਰਮੇਸ਼ੁਰ ਨੇ ਕਿਹਾ: “ਪਾਣੀ ਜੀਉਂਦੇ ਜੀਵ-ਜੰਤੂਆਂ ਨਾਲ ਭਰ ਜਾਣ ਅਤੇ ਉੱਡਣ ਵਾਲੇ ਜੀਵ ਆਕਾਸ਼ ਵਿਚ ਉੱਡਣ।”+
21 ਅਤੇ ਪਰਮੇਸ਼ੁਰ ਨੇ ਵੱਡੇ ਸਮੁੰਦਰੀ ਜੀਵ-ਜੰਤੂ ਅਤੇ ਪਾਣੀ ਵਿਚ ਰਹਿਣ ਵਾਲੇ ਸਾਰੇ ਜੀਵ-ਜੰਤੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਖੰਭਾਂ ਵਾਲੇ ਜੀਵ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਏ। ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।
22 ਫਿਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ: “ਵਧੋ-ਫੁੱਲੋ ਅਤੇ ਸਮੁੰਦਰ ਦੇ ਪਾਣੀਆਂ ਨੂੰ ਭਰ ਦਿਓ+ ਅਤੇ ਉੱਡਣ ਵਾਲੇ ਜੀਵ ਧਰਤੀ ਉੱਤੇ ਬਹੁਤ ਗਿਣਤੀ ਵਿਚ ਹੋ ਜਾਣ।”
23 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਪੰਜਵਾਂ ਦਿਨ ਸੀ।
24 ਫਿਰ ਪਰਮੇਸ਼ੁਰ ਨੇ ਕਿਹਾ: “ਧਰਤੀ ਉੱਤੇ ਪਾਲਤੂ ਪਸ਼ੂ, ਘਿਸਰਨ ਵਾਲੇ ਜਾਨਵਰ, ਜੰਗਲੀ ਜਾਨਵਰ ਅਤੇ ਹੋਰ ਜੀਵ-ਜੰਤੂ ਆਪੋ-ਆਪਣੀਆਂ ਕਿਸਮਾਂ ਅਨੁਸਾਰ ਪੈਦਾ ਹੋਣ।”+ ਅਤੇ ਇਸੇ ਤਰ੍ਹਾਂ ਹੋ ਗਿਆ।
25 ਪਰਮੇਸ਼ੁਰ ਨੇ ਜੰਗਲੀ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਏ। ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।
26 ਫਿਰ ਪਰਮੇਸ਼ੁਰ ਨੇ ਕਿਹਾ: “ਆਓ ਆਪਾਂ+ ਇਨਸਾਨ ਨੂੰ ਆਪਣੇ ਸਰੂਪ ਉੱਤੇ+ ਅਤੇ ਆਪਣੇ ਵਰਗਾ+ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ, ਪਾਲਤੂ ਪਸ਼ੂਆਂ, ਪੂਰੀ ਧਰਤੀ ਅਤੇ ਜ਼ਮੀਨ ’ਤੇ ਘਿਸਰਨ ਵਾਲੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖੇ।”+
27 ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ। ਹਾਂ, ਉਸ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ। ਉਸ ਨੇ ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ।+
28 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ+ ਅਤੇ ਇਸ ’ਤੇ ਅਧਿਕਾਰ ਰੱਖੋ+ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।”+
29 ਫਿਰ ਪਰਮੇਸ਼ੁਰ ਨੇ ਕਿਹਾ: “ਮੈਂ ਤੁਹਾਨੂੰ ਪੂਰੀ ਧਰਤੀ ਉੱਤੇ ਹਰ ਬੀ ਵਾਲਾ ਪੌਦਾ ਅਤੇ ਬੀ ਵਾਲਾ ਫਲਦਾਰ ਦਰਖ਼ਤ ਦਿੱਤਾ ਹੈ। ਇਹ ਸਾਰਾ ਕੁਝ ਤੁਹਾਡੇ ਭੋਜਨ ਲਈ ਹੈ।+
30 ਅਤੇ ਮੈਂ ਧਰਤੀ ਦੇ ਹਰ ਜੰਗਲੀ ਜਾਨਵਰ, ਆਕਾਸ਼ ਵਿਚ ਉੱਡਣ ਵਾਲੇ ਹਰ ਜੀਵ ਅਤੇ ਧਰਤੀ ਉੱਤੇ ਜੀਉਂਦੇ ਹਰ ਜੀਵ-ਜੰਤੂ ਨੂੰ ਹਰੇ ਪੇੜ-ਪੌਦੇ ਖਾਣ ਲਈ ਦਿੱਤੇ ਹਨ।”+ ਅਤੇ ਇਸੇ ਤਰ੍ਹਾਂ ਹੋ ਗਿਆ।
31 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਹ ਸਭ ਕੁਝ ਦੇਖਿਆ ਜੋ ਉਸ ਨੇ ਬਣਾਇਆ ਸੀ ਅਤੇ ਦੇਖੋ! ਉਹ ਬਹੁਤ ਹੀ ਵਧੀਆ ਸੀ।+ ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਛੇਵਾਂ ਦਿਨ ਸੀ।