ਉਤਪਤ 15:1-21
15 ਇਸ ਤੋਂ ਬਾਅਦ ਅਬਰਾਮ ਨੂੰ ਇਕ ਦਰਸ਼ਣ ਵਿਚ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: “ਅਬਰਾਮ, ਤੂੰ ਡਰ ਨਾ।+ ਮੈਂ ਤੇਰੀ ਢਾਲ ਹਾਂ।+ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ।”+
2 ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਤਾਂ ਬੇਔਲਾਦ ਹਾਂ ਅਤੇ ਦਮਿਸਕ ਦਾ ਆਦਮੀ ਅਲੀਅਜ਼ਰ ਮੇਰੀ ਜਾਇਦਾਦ ਦਾ ਵਾਰਸ ਬਣੇਗਾ। ਤਾਂ ਫਿਰ, ਮੈਨੂੰ ਉਸ ਇਨਾਮ ਦਾ ਕੀ ਫ਼ਾਇਦਾ ਹੋਵੇਗਾ?”+
3 ਅਬਰਾਮ ਨੇ ਅੱਗੇ ਕਿਹਾ: “ਤੂੰ ਮੈਨੂੰ ਕੋਈ ਸੰਤਾਨ* ਨਹੀਂ ਦਿੱਤੀ+ ਅਤੇ ਮੇਰਾ ਇਹ ਨੌਕਰ ਮੇਰਾ ਵਾਰਸ ਬਣੇਗਾ।”
4 ਪਰ ਦੇਖੋ! ਯਹੋਵਾਹ ਨੇ ਉਸ ਨੂੰ ਕਿਹਾ: “ਨਹੀਂ, ਇਹ ਆਦਮੀ ਤੇਰਾ ਵਾਰਸ ਨਹੀਂ ਬਣੇਗਾ, ਪਰ ਤੇਰਾ ਆਪਣਾ ਪੁੱਤਰ ਤੇਰਾ ਵਾਰਸ ਬਣੇਗਾ।”+
5 ਫਿਰ ਪਰਮੇਸ਼ੁਰ ਨੇ ਉਸ ਨੂੰ ਬਾਹਰ ਲਿਆ ਕੇ ਕਿਹਾ: “ਕਿਰਪਾ ਕਰ ਕੇ ਆਕਾਸ਼ ਵਿਚ ਤਾਰਿਆਂ ਨੂੰ ਦੇਖ ਅਤੇ ਜੇ ਤੂੰ ਉਨ੍ਹਾਂ ਨੂੰ ਗਿਣ ਸਕਦਾ ਹੈਂ, ਤਾਂ ਗਿਣ।” ਫਿਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰੀ ਸੰਤਾਨ* ਅਣਗਿਣਤ ਹੋਵੇਗੀ।”+
6 ਉਸ ਨੇ ਯਹੋਵਾਹ ’ਤੇ ਨਿਹਚਾ ਕੀਤੀ+ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਧਰਮੀ ਗਿਣਿਆ।+
7 ਫਿਰ ਉਸ ਨੇ ਕਿਹਾ: “ਮੈਂ ਯਹੋਵਾਹ ਹਾਂ। ਮੈਂ ਤੈਨੂੰ ਕਸਦੀਆਂ ਦੇ ਸ਼ਹਿਰ ਊਰ ਤੋਂ ਲੈ ਕੇ ਆਇਆ ਹਾਂ ਤਾਂਕਿ ਤੈਨੂੰ ਇਸ ਦੇਸ਼ ਦਾ ਮਾਲਕ ਬਣਾਵਾਂ।”+
8 ਇਹ ਸੁਣ ਕੇ ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਇਸ ਦੇਸ਼ ਦਾ ਮਾਲਕ ਬਣਾਂਗਾ?”
9 ਉਸ ਨੇ ਅਬਰਾਮ ਨੂੰ ਜਵਾਬ ਦਿੱਤਾ: “ਇਕ ਤਿੰਨ ਸਾਲ ਦੀ ਗਾਂ, ਇਕ ਤਿੰਨ ਸਾਲ ਦੀ ਬੱਕਰੀ, ਇਕ ਤਿੰਨ ਸਾਲ ਦਾ ਭੇਡੂ, ਇਕ ਘੁੱਗੀ ਅਤੇ ਕਬੂਤਰ ਦਾ ਇਕ ਬੱਚਾ ਲੈ।”
10 ਇਸ ਲਈ ਉਸ ਨੇ ਇਹ ਸਾਰੇ ਲੈ ਕੇ ਉਨ੍ਹਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਸਾਰੇ ਟੁਕੜਿਆਂ ਨੂੰ ਆਮ੍ਹੋ-ਸਾਮ੍ਹਣੇ ਰੱਖ ਦਿੱਤਾ, ਪਰ ਉਸ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ।
11 ਫਿਰ ਸ਼ਿਕਾਰੀ ਪੰਛੀ ਉਨ੍ਹਾਂ ਟੁਕੜਿਆਂ ਉੱਤੇ ਉਤਰਨੇ ਸ਼ੁਰੂ ਹੋ ਗਏ, ਪਰ ਅਬਰਾਮ ਉਨ੍ਹਾਂ ਨੂੰ ਉਡਾਉਂਦਾ ਰਿਹਾ।
12 ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਅਬਰਾਮ ਗੂੜ੍ਹੀ ਨੀਂਦ ਸੌਂ ਗਿਆ ਅਤੇ ਉਸ ਉੱਪਰ ਘੁੱਪ ਹਨੇਰਾ ਛਾ ਗਿਆ ਜੋ ਬਹੁਤ ਡਰਾਉਣਾ ਸੀ।
13 ਫਿਰ ਪਰਮੇਸ਼ੁਰ ਨੇ ਅਬਰਾਮ ਨੂੰ ਕਿਹਾ: “ਤੂੰ ਇਹ ਗੱਲ ਪੱਕੇ ਤੌਰ ਤੇ ਜਾਣ ਲੈ ਕਿ ਤੇਰੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਉੱਥੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ’ਤੇ 400 ਸਾਲ ਅਤਿਆਚਾਰ ਕਰਨਗੇ।+
14 ਪਰ ਮੈਂ ਉਸ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਉਸ ਨੂੰ ਗ਼ੁਲਾਮ ਬਣਾਵੇਗੀ+ ਅਤੇ ਬਾਅਦ ਵਿਚ ਤੇਰੀ ਸੰਤਾਨ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਵੇਗੀ।+
15 ਪਰ ਜਿੱਥੋਂ ਤਕ ਤੇਰੀ ਗੱਲ ਹੈ, ਤੂੰ ਲੰਬੀ ਉਮਰ ਭੋਗ ਕੇ ਸ਼ਾਂਤੀ ਨਾਲ ਮਰੇਂਗਾ ਅਤੇ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਦਫ਼ਨਾਇਆ ਜਾਵੇਗਾ।+
16 ਪਰ ਤੇਰੀ ਸੰਤਾਨ ਦੀ ਚੌਥੀ ਪੀੜ੍ਹੀ ਇੱਥੇ ਵਾਪਸ ਆਵੇਗੀ+ ਕਿਉਂਕਿ ਉਦੋਂ ਤਕ ਅਮੋਰੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਹੋਵੇਗਾ।”+
17 ਜਦੋਂ ਸੂਰਜ ਡੁੱਬ ਗਿਆ ਅਤੇ ਘੁੱਪ ਹਨੇਰਾ ਹੋ ਗਿਆ, ਤਾਂ ਇਕ ਭੱਠੀ ਪ੍ਰਗਟ ਹੋਈ ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਕ ਬਲ਼ਦੀ ਹੋਈ ਮਸ਼ਾਲ ਜਾਨਵਰਾਂ ਦੇ ਟੁਕੜਿਆਂ ਵਿੱਚੋਂ ਦੀ ਲੰਘੀ।
18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+
19 ਜਿੱਥੇ ਕੇਨੀ,+ ਕਨਿੱਜ਼ੀ, ਕਦਮੋਨੀ,
20 ਹਿੱਤੀ,+ ਪਰਿੱਜੀ,+ ਰਫ਼ਾਈਮੀ,+
21 ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਲੋਕ ਰਹਿੰਦੇ ਹਨ।”+