ਉਤਪਤ 22:1-24
22 ਇਸ ਤੋਂ ਬਾਅਦ ਸੱਚੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਖਿਆ।+ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਅਬਰਾਹਾਮ!” ਉਸ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਹਾਜ਼ਰ ਹਾਂ!”
2 ਫਿਰ ਪਰਮੇਸ਼ੁਰ ਨੇ ਕਿਹਾ: “ਕਿਰਪਾ ਕਰ ਕੇ ਤੂੰ ਆਪਣੇ ਇਕਲੌਤੇ ਪੁੱਤਰ ਇਸਹਾਕ+ ਨੂੰ ਜਿਸ ਨਾਲ ਤੂੰ ਬਹੁਤ ਪਿਆਰ ਕਰਦਾ ਹੈਂ,+ ਲੈ ਕੇ ਮੋਰੀਆਹ+ ਦੇ ਇਲਾਕੇ ਵਿਚ ਜਾਹ। ਉੱਥੇ ਮੈਂ ਤੈਨੂੰ ਇਕ ਪਹਾੜ ਦਿਖਾਵਾਂਗਾ। ਉਸ ਪਹਾੜ ਉੱਤੇ ਤੂੰ ਆਪਣੇ ਪੁੱਤਰ ਨੂੰ ਹੋਮ-ਬਲ਼ੀ ਦੇ ਤੌਰ ਤੇ ਚੜ੍ਹਾ ਦੇਈਂ।”
3 ਇਸ ਲਈ ਅਬਰਾਹਾਮ ਸਵੇਰੇ ਜਲਦੀ ਉੱਠਿਆ ਅਤੇ ਆਪਣੇ ਗਧੇ ’ਤੇ ਕਾਠੀ ਪਾਈ ਅਤੇ ਆਪਣੇ ਦੋ ਨੌਕਰਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ। ਉਸ ਨੇ ਹੋਮ-ਬਲ਼ੀ ਵਾਸਤੇ ਲੱਕੜਾਂ ਚੀਰੀਆਂ ਅਤੇ ਫਿਰ ਉਸ ਜਗ੍ਹਾ ਨੂੰ ਤੁਰ ਪਿਆ ਜੋ ਸੱਚੇ ਪਰਮੇਸ਼ੁਰ ਨੇ ਦੱਸੀ ਸੀ।
4 ਤੀਸਰੇ ਦਿਨ ਅਬਰਾਹਾਮ ਨੇ ਨਜ਼ਰਾਂ ਚੁੱਕ ਕੇ ਦੂਰੋਂ ਉਹ ਜਗ੍ਹਾ ਦੇਖੀ।
5 ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ: “ਤੁਸੀਂ ਇੱਥੇ ਗਧੇ ਕੋਲ ਰੁਕੋ, ਪਰ ਮੈਂ ਤੇ ਮੇਰਾ ਪੁੱਤਰ ਪਹਾੜ ਉੱਤੇ ਭਗਤੀ ਕਰਨ ਜਾ ਰਹੇ ਹਾਂ ਤੇ ਫਿਰ ਤੁਹਾਡੇ ਕੋਲ ਮੁੜ ਆਵਾਂਗੇ।”
6 ਇਸ ਲਈ ਅਬਰਾਹਾਮ ਨੇ ਹੋਮ-ਬਲ਼ੀ ਵਾਸਤੇ ਲਿਆਂਦੀਆਂ ਲੱਕੜਾਂ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ। ਉਸ ਨੇ ਆਪਣੇ ਹੱਥਾਂ ਵਿਚ ਅੱਗ ਅਤੇ ਚਾਕੂ ਲਿਆ ਅਤੇ ਉਹ ਦੋਵੇਂ ਇਕੱਠੇ ਤੁਰ ਪਏ।
7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ: “ਪਿਤਾ ਜੀ!” ਉਸ ਨੇ ਜਵਾਬ ਦਿੱਤਾ: “ਹਾਂ ਬੇਟਾ!” ਫਿਰ ਮੁੰਡੇ ਨੇ ਪੁੱਛਿਆ: “ਆਪਣੇ ਕੋਲ ਅੱਗ ਤੇ ਲੱਕੜਾਂ ਤਾਂ ਹਨ, ਪਰ ਹੋਮ-ਬਲ਼ੀ ਚੜ੍ਹਾਉਣ ਲਈ ਭੇਡ ਕਿੱਥੇ ਹੈ?”
8 ਅਬਰਾਹਾਮ ਨੇ ਕਿਹਾ: “ਬੇਟਾ, ਪਰਮੇਸ਼ੁਰ ਆਪੇ ਸਾਨੂੰ ਹੋਮ-ਬਲ਼ੀ ਵਾਸਤੇ ਭੇਡ+ ਦੇਵੇਗਾ।” ਤੇ ਉਹ ਦੋਵੇਂ ਇਕੱਠੇ ਤੁਰਦੇ ਗਏ।
9 ਅਖ਼ੀਰ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਾਣ ਲਈ ਕਿਹਾ ਸੀ। ਉੱਥੇ ਅਬਰਾਹਾਮ ਨੇ ਇਕ ਵੇਦੀ ਬਣਾ ਕੇ ਉਸ ਉੱਤੇ ਲੱਕੜਾਂ ਚਿਣ ਦਿੱਤੀਆਂ। ਉਸ ਨੇ ਆਪਣੇ ਪੁੱਤਰ ਇਸਹਾਕ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਲੱਕੜਾਂ ਉੱਤੇ ਲੰਮਾ ਪਾ ਦਿੱਤਾ।+
10 ਫਿਰ ਅਬਰਾਹਾਮ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਆਪਣੇ ਹੱਥ ਵਿਚ ਚਾਕੂ ਲਿਆ।+
11 ਪਰ ਸਵਰਗੋਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਅਬਰਾਹਾਮ, ਅਬਰਾਹਾਮ!” ਉਸ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਹਾਜ਼ਰ ਹਾਂ।”
12 ਫਿਰ ਦੂਤ ਨੇ ਕਿਹਾ: “ਮੁੰਡੇ ਨੂੰ ਨਾ ਮਾਰੀਂ ਤੇ ਉਸ ਨੂੰ ਕੁਝ ਨਾ ਕਰੀਂ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂਕਿ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਵੀ ਮੇਰੇ ਲਈ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ।”+
13 ਫਿਰ ਅਬਰਾਹਾਮ ਨੇ ਦੇਖਿਆ ਕਿ ਕੁਝ ਫ਼ਾਸਲੇ ’ਤੇ ਇਕ ਭੇਡੂ ਸੀ ਜਿਸ ਦੇ ਸਿੰਗ ਝਾੜੀਆਂ ਵਿਚ ਫਸੇ ਹੋਏ ਸਨ। ਇਸ ਲਈ ਅਬਰਾਹਾਮ ਨੇ ਜਾ ਕੇ ਭੇਡੂ ਨੂੰ ਫੜਿਆ ਅਤੇ ਆਪਣੇ ਪੁੱਤਰ ਦੀ ਜਗ੍ਹਾ ਉਸ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ।
14 ਅਬਰਾਹਾਮ ਨੇ ਉਸ ਜਗ੍ਹਾ ਦਾ ਨਾਂ ਯਹੋਵਾਹ-ਯਿਰਹ* ਰੱਖਿਆ। ਇਸੇ ਕਰਕੇ ਅੱਜ ਤਕ ਕਿਹਾ ਜਾਂਦਾ ਹੈ: “ਯਹੋਵਾਹ ਦੇ ਪਹਾੜ ’ਤੇ ਇੰਤਜ਼ਾਮ ਕੀਤਾ ਜਾਵੇਗਾ।”+
15 ਯਹੋਵਾਹ ਦੇ ਦੂਤ ਨੇ ਸਵਰਗੋਂ ਅਬਰਾਹਾਮ ਨਾਲ ਦੂਸਰੀ ਵਾਰ ਗੱਲ ਕੀਤੀ।
16 ਉਸ ਨੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਤੂੰ ਆਪਣੇ ਇਕਲੌਤੇ ਪੁੱਤਰ ਨੂੰ ਮੇਰੇ ਲਈ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ,+ ਇਸ ਲਈ ਤੇਰੇ ਇਸ ਕੰਮ ਕਰਕੇ ਮੈਂ ਆਪਣੀ ਸਹੁੰ ਖਾ ਕੇ ਕਹਿੰਦਾ ਹਾਂ+
17 ਕਿ ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਜ਼ਰੂਰ ਵਧਾਵਾਂਗਾ+ ਅਤੇ ਤੇਰੀ ਸੰਤਾਨ* ਦੁਸ਼ਮਣਾਂ ਦੇ ਸ਼ਹਿਰ* ’ਤੇ ਕਬਜ਼ਾ ਕਰੇਗੀ।+
18 ਤੇਰੀ ਸੰਤਾਨ*+ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ* ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ।’”+
19 ਇਸ ਤੋਂ ਬਾਅਦ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚਲਾ ਗਿਆ ਅਤੇ ਉਹ ਇਕੱਠੇ ਬਏਰ-ਸ਼ਬਾ+ ਮੁੜ ਗਏ। ਅਬਰਾਹਾਮ ਬਏਰ-ਸ਼ਬਾ ਵਿਚ ਰਿਹਾ।
20 ਬਾਅਦ ਵਿਚ ਅਬਰਾਹਾਮ ਨੂੰ ਇਹ ਖ਼ਬਰ ਮਿਲੀ: “ਤੇਰੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਨੇ ਪੁੱਤਰਾਂ ਨੂੰ ਜਨਮ ਦਿੱਤਾ ਹੈ:+
21 ਜੇਠਾ ਊਸ, ਫਿਰ ਉਸ ਦਾ ਭਰਾ ਬੂਜ਼, ਕਮੂਏਲ (ਅਰਾਮ ਦਾ ਪਿਤਾ),
22 ਕਸਦ, ਹਜ਼ੋ, ਪਿਲਦਾਸ, ਯਿਦਲਾਫ ਅਤੇ ਬਥੂਏਲ।”+
23 ਬਥੂਏਲ ਰਿਬਕਾਹ+ ਦਾ ਪਿਤਾ ਹੈ। ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਨੇ ਇਨ੍ਹਾਂ ਅੱਠ ਮੁੰਡਿਆਂ ਨੂੰ ਜਨਮ ਦਿੱਤਾ।
24 ਨਾਹੋਰ ਦੀ ਰਖੇਲ ਰੂਮਾਹ ਦੇ ਇਹ ਮੁੰਡੇ ਪੈਦਾ ਹੋਏ: ਤੀਬਾਹ, ਗਹਮ, ਤਹਸ਼ ਅਤੇ ਮਾਕਾਹ।
ਫੁਟਨੋਟ
^ ਮਤਲਬ “ਯਹੋਵਾਹ ਦੇਵੇਗਾ; ਯਹੋਵਾਹ ਇੰਤਜ਼ਾਮ ਕਰੇਗਾ।”
^ ਇਬ, “ਦਰਵਾਜ਼ੇ।”
^ ਇਬ, “ਬੀ।”
^ ਇਬ, “ਬੀ।”
^ ਇਬ, “ਬੀ।”