ਉਤਪਤ 39:1-23
39 ਇਸਮਾਏਲੀ+ ਯੂਸੁਫ਼ ਨੂੰ ਮਿਸਰ ਲੈ ਗਏ+ ਅਤੇ ਉੱਥੇ ਪੋਟੀਫਰ ਨਾਂ ਦੇ ਮਿਸਰੀ+ ਆਦਮੀ ਨੇ ਉਨ੍ਹਾਂ ਤੋਂ ਉਸ ਨੂੰ ਖ਼ਰੀਦ ਲਿਆ। ਪੋਟੀਫਰ ਫ਼ਿਰਊਨ ਦੇ ਦਰਬਾਰ ਵਿਚ ਇਕ ਮੰਤਰੀ ਸੀ ਅਤੇ ਉਸ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।
2 ਯਹੋਵਾਹ ਯੂਸੁਫ਼ ਦੇ ਨਾਲ ਸੀ।+ ਇਸ ਕਰਕੇ ਉਹ ਹਰ ਕੰਮ ਵਿਚ ਕਾਮਯਾਬ ਹੋਇਆ ਅਤੇ ਉਸ ਨੂੰ ਆਪਣੇ ਮਿਸਰੀ ਮਾਲਕ ਦੇ ਘਰ ਦਾ ਮੁਖਤਿਆਰ ਬਣਾਇਆ ਗਿਆ।
3 ਉਸ ਦੇ ਮਾਲਕ ਨੇ ਦੇਖਿਆ ਕਿ ਯਹੋਵਾਹ ਉਸ ਦੇ ਨਾਲ ਸੀ ਅਤੇ ਯਹੋਵਾਹ ਉਸ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ਦਾ ਸੀ।
4 ਯੂਸੁਫ਼ ਉੱਤੇ ਉਸ ਦੇ ਮਾਲਕ ਪੋਟੀਫਰ ਦੀ ਮਿਹਰ ਸੀ ਅਤੇ ਉਹ ਉਸ ਦਾ ਖ਼ਾਸ ਨੌਕਰ ਬਣ ਗਿਆ। ਉਸ ਨੇ ਯੂਸੁਫ਼ ਨੂੰ ਆਪਣੇ ਘਰ ਦਾ ਪ੍ਰਬੰਧਕ ਬਣਾ ਦਿੱਤਾ ਅਤੇ ਆਪਣਾ ਸਭ ਕੁਝ ਉਸ ਨੂੰ ਸੌਂਪ ਦਿੱਤਾ।
5 ਜਦੋਂ ਤੋਂ ਯੂਸੁਫ਼ ਨੂੰ ਘਰ ਦਾ ਅਤੇ ਹੋਰ ਸਭ ਕਾਸੇ ਦਾ ਪ੍ਰਬੰਧਕ ਬਣਾਇਆ ਗਿਆ, ਉਦੋਂ ਤੋਂ ਯਹੋਵਾਹ ਯੂਸੁਫ਼ ਕਰਕੇ ਉਸ ਮਿਸਰੀ ਦੇ ਘਰ ਉੱਤੇ ਬਰਕਤਾਂ ਪਾਉਂਦਾ ਰਿਹਾ। ਉਸ ਮਿਸਰੀ ਕੋਲ ਆਪਣੇ ਘਰ ਵਿਚ ਅਤੇ ਬਾਹਰ ਜੋ ਕੁਝ ਵੀ ਸੀ, ਉਸ ਸਾਰੇ ਉੱਤੇ ਯਹੋਵਾਹ ਨੇ ਬਰਕਤ ਪਾਈ।+
6 ਅਖ਼ੀਰ ਪੋਟੀਫਰ ਨੇ ਸਾਰਾ ਕੁਝ ਯੂਸੁਫ਼ ਦੇ ਹਵਾਲੇ ਕਰ ਦਿੱਤਾ ਜਿਸ ਕਰਕੇ ਹੁਣ ਉਸ ਨੂੰ ਆਪਣੀ ਰੋਟੀ ਤੋਂ ਸਿਵਾਇ ਹੋਰ ਕਿਸੇ ਚੀਜ਼ ਦੀ ਚਿੰਤਾ ਨਹੀਂ ਸੀ। ਨਾਲੇ, ਯੂਸੁਫ਼ ਸੋਹਣਾ-ਸੁਨੱਖਾ ਅਤੇ ਤਕੜਾ ਨੌਜਵਾਨ ਸੀ।
7 ਕੁਝ ਸਮੇਂ ਬਾਅਦ ਯੂਸੁਫ਼ ਦੇ ਮਾਲਕ ਦੀ ਪਤਨੀ ਉਸ ਨੂੰ ਗੰਦੀ ਨਜ਼ਰ ਨਾਲ ਦੇਖਣ ਲੱਗ ਪਈ। ਉਸ ਨੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ।”
8 ਪਰ ਉਸ ਨੇ ਆਪਣੇ ਮਾਲਕ ਦੀ ਪਤਨੀ ਨੂੰ ਇਨਕਾਰ ਕਰਦਿਆਂ ਕਿਹਾ: “ਮੇਰੇ ਮਾਲਕ ਨੇ ਇਸ ਘਰ ਵਿਚ ਸਾਰਾ ਕੁਝ ਮੇਰੇ ਹਵਾਲੇ ਕੀਤਾ ਹੋਇਆ ਹੈ ਅਤੇ ਮੇਰੇ ਇੱਥੇ ਹੋਣ ਕਰਕੇ ਉਸ ਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ।
9 ਇਸ ਘਰ ਵਿਚ ਮੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ ਅਤੇ ਉਸ ਨੇ ਤੇਰੇ ਤੋਂ ਸਿਵਾਇ ਹਰ ਚੀਜ਼ ਉੱਤੇ ਮੈਨੂੰ ਅਧਿਕਾਰ ਦਿੱਤਾ ਹੈ ਕਿਉਂਕਿ ਤੂੰ ਉਸ ਦੀ ਪਤਨੀ ਹੈਂ। ਇਸ ਲਈ ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?”+
10 ਫਿਰ ਵੀ ਉਹ ਰੋਜ਼ ਯੂਸੁਫ਼ ਦੇ ਪਿੱਛੇ ਪਈ ਰਹੀ, ਪਰ ਉਹ ਕਦੀ ਵੀ ਉਸ ਨਾਲ ਹਮਬਿਸਤਰ ਹੋਣ ਜਾਂ ਉਸ ਨਾਲ ਇਕੱਲੇ ਸਮਾਂ ਬਿਤਾਉਣ ਲਈ ਰਾਜ਼ੀ ਨਾ ਹੋਇਆ।
11 ਇਕ ਦਿਨ ਜਦੋਂ ਉਹ ਘਰ ਵਿਚ ਆਪਣਾ ਕੰਮ ਕਰਨ ਗਿਆ, ਤਾਂ ਉੱਥੇ ਕੋਈ ਵੀ ਨੌਕਰ ਨਹੀਂ ਸੀ।
12 ਉਸ ਨੇ ਯੂਸੁਫ਼ ਨੂੰ ਉਸ ਦੇ ਕੱਪੜੇ ਤੋਂ ਫੜ ਲਿਆ ਅਤੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ!” ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿਚ ਛੱਡ ਕੇ ਬਾਹਰ ਭੱਜ ਗਿਆ।
13 ਜਿਉਂ ਹੀ ਉਸ ਨੇ ਦੇਖਿਆ ਕਿ ਯੂਸੁਫ਼ ਆਪਣਾ ਕੱਪੜਾ ਉਸ ਦੇ ਹੱਥ ਵਿਚ ਛੱਡ ਕੇ ਬਾਹਰ ਭੱਜ ਗਿਆ ਸੀ,
14 ਉਸ ਨੇ ਰੌਲ਼ਾ ਪਾ ਕੇ ਆਪਣੇ ਘਰ ਦੇ ਸਾਰੇ ਆਦਮੀ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਕਿਹਾ: “ਦੇਖੋ! ਉਸ ਇਬਰਾਨੀ ਆਦਮੀ ਨੇ ਕੀ ਕੀਤਾ ਜਿਸ ਨੂੰ ਮੇਰਾ ਪਤੀ ਲੈ ਕੇ ਆਇਆ ਸੀ। ਉਸ ਨੇ ਸਾਡਾ ਮਜ਼ਾਕ ਬਣਾਇਆ ਹੈ। ਉਸ ਨੇ ਅੰਦਰ ਆ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉੱਚੀ-ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।
15 ਜਦੋਂ ਉਸ ਨੇ ਮੈਨੂੰ ਰੌਲ਼ਾ ਪਾਉਂਦਿਆਂ ਤੇ ਚੀਕਾਂ ਮਾਰਦਿਆਂ ਸੁਣਿਆ, ਤਾਂ ਉਹ ਮੇਰੇ ਕੋਲ ਆਪਣਾ ਕੱਪੜਾ ਛੱਡ ਕੇ ਬਾਹਰ ਭੱਜ ਗਿਆ।”
16 ਇਸ ਤੋਂ ਬਾਅਦ ਜਦ ਤਕ ਯੂਸੁਫ਼ ਦਾ ਮਾਲਕ ਘਰ ਨਹੀਂ ਆ ਗਿਆ, ਉਸ ਨੇ ਉਹ ਕੱਪੜਾ ਆਪਣੇ ਕੋਲ ਹੀ ਰੱਖਿਆ।
17 ਫਿਰ ਉਸ ਨੇ ਆਪਣੇ ਪਤੀ ਨੂੰ ਵੀ ਉਹੀ ਗੱਲ ਦੱਸੀ: “ਤੂੰ ਜਿਸ ਇਬਰਾਨੀ ਨੌਕਰ ਨੂੰ ਲਿਆਇਆ ਸੀ, ਉਸ ਨੇ ਅੰਦਰ ਆ ਕੇ ਮੈਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ।
18 ਪਰ ਜਿਉਂ ਹੀ ਮੈਂ ਉੱਚੀ-ਉੱਚੀ ਰੌਲ਼ਾ ਪਾਉਣਾ ਤੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ, ਉਹ ਮੇਰੇ ਕੋਲ ਆਪਣਾ ਕੱਪੜਾ ਛੱਡ ਕੇ ਬਾਹਰ ਭੱਜ ਗਿਆ।”
19 ਜਿਉਂ ਹੀ ਉਸ ਦੇ ਮਾਲਕ ਨੇ ਆਪਣੀ ਪਤਨੀ ਦੀ ਇਹ ਗੱਲ ਸੁਣੀ: “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ,” ਤਾਂ ਉਸ ਦਾ ਗੁੱਸਾ ਭੜਕ ਉੱਠਿਆ।
20 ਇਸ ਲਈ ਯੂਸੁਫ਼ ਦੇ ਮਾਲਕ ਨੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਿੱਥੇ ਰਾਜਾ ਕੈਦੀਆਂ ਨੂੰ ਰੱਖਦਾ ਸੀ। ਅਤੇ ਯੂਸੁਫ਼ ਉੱਥੇ ਕੈਦ ਵਿਚ ਹੀ ਰਿਹਾ।+
21 ਪਰ ਯਹੋਵਾਹ ਯੂਸੁਫ਼ ਦੇ ਨਾਲ ਰਿਹਾ ਅਤੇ ਉਸ ਨੂੰ ਅਟੱਲ ਪਿਆਰ ਦਿਖਾਉਂਦਾ ਰਿਹਾ। ਉਸ ਦੀ ਬਰਕਤ ਨਾਲ ਜੇਲ੍ਹ ਦਾ ਮੁੱਖ ਅਧਿਕਾਰੀ ਯੂਸੁਫ਼ ਉੱਤੇ ਮਿਹਰਬਾਨ ਹੋਇਆ।+
22 ਇਸ ਲਈ ਮੁੱਖ ਅਧਿਕਾਰੀ ਨੇ ਉਸ ਨੂੰ ਜੇਲ੍ਹ ਦੇ ਸਾਰੇ ਕੈਦੀਆਂ ਦਾ ਨਿਗਰਾਨ ਬਣਾ ਦਿੱਤਾ। ਕੈਦੀ ਸਾਰੇ ਕੰਮ ਯੂਸੁਫ਼ ਦੀ ਨਿਗਰਾਨੀ ਅਧੀਨ ਕਰਦੇ ਸਨ।+
23 ਮੁੱਖ ਅਧਿਕਾਰੀ ਨੂੰ ਯੂਸੁਫ਼ ਦੇ ਕੰਮ ਸੰਬੰਧੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ ਅਤੇ ਯਹੋਵਾਹ ਨੇ ਹਰ ਕੰਮ ਵਿਚ ਉਸ ਨੂੰ ਕਾਮਯਾਬੀ ਬਖ਼ਸ਼ੀ ਸੀ।+