ਉਤਪਤ 4:1-26
4 ਹੁਣ ਆਦਮ ਨੇ ਆਪਣੀ ਪਤਨੀ ਹੱਵਾਹ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ।+ ਜਦੋਂ ਉਸ ਨੇ ਕਾਇਨ+ ਨੂੰ ਜਨਮ ਦਿੱਤਾ, ਤਾਂ ਉਸ ਨੇ ਕਿਹਾ: “ਮੈਂ ਯਹੋਵਾਹ ਦੀ ਮਦਦ ਨਾਲ ਇਕ ਮੁੰਡੇ ਨੂੰ ਜਨਮ ਦਿੱਤਾ ਹੈ।”
2 ਬਾਅਦ ਵਿਚ ਉਸ ਨੇ ਕਾਇਨ ਦੇ ਭਰਾ ਹਾਬਲ+ ਨੂੰ ਜਨਮ ਦਿੱਤਾ।
ਹਾਬਲ ਵੱਡਾ ਹੋ ਕੇ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣਿਆ, ਪਰ ਕਾਇਨ ਕਿਸਾਨ ਬਣਿਆ।
3 ਕੁਝ ਸਮੇਂ ਬਾਅਦ ਕਾਇਨ ਜ਼ਮੀਨ ਦੀ ਪੈਦਾਵਾਰ ਵਿੱਚੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਕੇ ਆਇਆ।
4 ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਪਲੇਠੇ ਲੇਲੇ ਅਤੇ ਉਨ੍ਹਾਂ ਦੀ ਚਰਬੀ ਲੈ ਕੇ ਆਇਆ।+ ਯਹੋਵਾਹ ਹਾਬਲ ਤੋਂ ਖ਼ੁਸ਼ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਕੀਤੀ,+
5 ਪਰ ਉਹ ਕਾਇਨ ਤੋਂ ਖ਼ੁਸ਼ ਨਹੀਂ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ। ਇਸ ਕਰਕੇ ਕਾਇਨ ਗੁੱਸੇ ਨਾਲ ਲਾਲ-ਪੀਲ਼ਾ ਹੋ ਗਿਆ ਅਤੇ ਉਸ ਦਾ ਮੂੰਹ ਉੱਤਰ ਗਿਆ।
6 ਫਿਰ ਯਹੋਵਾਹ ਨੇ ਕਾਇਨ ਨੂੰ ਕਿਹਾ: “ਤੂੰ ਇੰਨੇ ਗੁੱਸੇ ਵਿਚ ਕਿਉਂ ਹੈਂ ਅਤੇ ਤੇਰਾ ਮੂੰਹ ਕਿਉਂ ਉੱਤਰਿਆ ਹੋਇਆ ਹੈ?
7 ਜੇ ਤੂੰ ਆਪਣੇ ਆਪ ਨੂੰ ਬਦਲ ਕੇ ਚੰਗੇ ਕੰਮ ਕਰੇਂ, ਤਾਂ ਕੀ ਤੇਰੇ ’ਤੇ ਮਿਹਰ ਨਹੀਂ ਕੀਤੀ ਜਾਵੇਗੀ?* ਪਰ ਜੇ ਤੂੰ ਆਪਣੇ ਆਪ ਨੂੰ ਬਦਲ ਕੇ ਚੰਗੇ ਕੰਮ ਨਹੀਂ ਕਰਦਾ, ਤਾਂ ਪਾਪ ਤੇਰਾ ਸ਼ਿਕਾਰ ਕਰਨ ਲਈ ਦਰਵਾਜ਼ੇ ’ਤੇ ਘਾਤ ਲਾ ਕੇ ਬੈਠਾ ਹੋਇਆ ਹੈ। ਇਸ ਲਈ ਤੂੰ ਪਾਪ ਉੱਤੇ ਹਾਵੀ ਹੋ।”
8 ਬਾਅਦ ਵਿਚ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ: “ਚੱਲ ਆਪਾਂ ਖੇਤ ਨੂੰ ਚਲੀਏ।” ਫਿਰ ਜਦੋਂ ਉਹ ਖੇਤ ਵਿਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ’ਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ।+
9 ਬਾਅਦ ਵਿਚ ਯਹੋਵਾਹ ਨੇ ਕਾਇਨ ਨੂੰ ਪੁੱਛਿਆ: “ਤੇਰਾ ਭਰਾ ਹਾਬਲ ਕਿੱਥੇ ਹੈ?” ਉਸ ਨੇ ਜਵਾਬ ਦਿੱਤਾ: “ਮੈਨੂੰ ਕੀ ਪਤਾ? ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ?”
10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੂੰ ਇਹ ਕੀ ਕੀਤਾ? ਸੁਣ! ਜ਼ਮੀਨ ਤੋਂ ਤੇਰੇ ਭਰਾ ਦਾ ਖ਼ੂਨ ਮੇਰੇ ਅੱਗੇ ਇਨਸਾਫ਼ ਲਈ ਦੁਹਾਈ ਦੇ ਰਿਹਾ ਹੈ।+
11 ਹੁਣ ਤੂੰ ਸਰਾਪੀ ਹੈਂ ਅਤੇ ਤੈਨੂੰ ਉਸ ਜ਼ਮੀਨ ਤੋਂ ਕੱਢਿਆ ਜਾਂਦਾ ਹੈ ਜਿੱਥੇ ਤੇਰੇ ਹੱਥੋਂ ਤੇਰੇ ਭਰਾ ਦਾ ਖ਼ੂਨ ਡੁੱਲ੍ਹਿਆ ਹੈ।+
12 ਜਦੋਂ ਤੂੰ ਜ਼ਮੀਨ ਵਾਹੇਂਗਾ, ਤਾਂ ਇਹ ਤੈਨੂੰ ਪੈਦਾਵਾਰ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਬਣ ਕੇ ਭਟਕਦਾ ਫਿਰੇਂਗਾ।”
13 ਇਹ ਸੁਣ ਕੇ ਕਾਇਨ ਨੇ ਯਹੋਵਾਹ ਨੂੰ ਕਿਹਾ: “ਮੇਰੇ ਲਈ ਆਪਣੀ ਗ਼ਲਤੀ ਦੀ ਸਜ਼ਾ ਸਹਿਣੀ ਬਹੁਤ ਮੁਸ਼ਕਲ ਹੈ।
14 ਅੱਜ ਤੂੰ ਮੈਨੂੰ ਇਸ ਇਲਾਕੇ ਤੋਂ ਕੱਢ ਰਿਹਾ ਹੈਂ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਰਿਹਾ ਹੈਂ; ਮੈਂ ਧਰਤੀ ਉੱਤੇ ਭਗੌੜਾ ਬਣ ਕੇ ਭਟਕਦਾ ਫਿਰਾਂਗਾ। ਅਤੇ ਜਿਸ ਨੇ ਵੀ ਮੈਨੂੰ ਦੇਖ ਲਿਆ, ਉਹ ਪੱਕਾ ਮੈਨੂੰ ਜਾਨੋਂ ਮਾਰ ਦੇਵੇਗਾ।”
15 ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਕਾਇਨ ਦਾ ਕਤਲ ਕਰਨ ਵਾਲੇ ਨੂੰ ਸੱਤ ਗੁਣਾ ਜ਼ਿਆਦਾ ਸਜ਼ਾ ਮਿਲੇਗੀ।”
ਯਹੋਵਾਹ ਨੇ ਕਾਇਨ ਲਈ ਇਕ ਨਿਸ਼ਾਨੀ ਠਹਿਰਾਈ ਤਾਂਕਿ ਜਿਹੜਾ ਵੀ ਉਸ ਨੂੰ ਦੇਖੇ, ਉਹ ਕਾਇਨ ਨੂੰ ਜਾਨੋਂ ਨਾ ਮਾਰ ਦੇਵੇ।
16 ਫਿਰ ਕਾਇਨ ਯਹੋਵਾਹ ਦੇ ਸਾਮ੍ਹਣਿਓਂ ਚਲਾ ਗਿਆ ਅਤੇ ਅਦਨ ਦੇ ਪੂਰਬ+ ਵੱਲ ਨੋਦ* ਨਾਂ ਦੇ ਇਲਾਕੇ ਵਿਚ ਰਹਿਣ ਲੱਗ ਪਿਆ।
17 ਇਸ ਤੋਂ ਬਾਅਦ ਕਾਇਨ ਨੇ ਆਪਣੀ ਪਤਨੀ+ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ ਅਤੇ ਉਸ ਨੇ ਹਨੋਕ ਨੂੰ ਜਨਮ ਦਿੱਤਾ। ਫਿਰ ਉਸ ਨੇ ਇਕ ਸ਼ਹਿਰ ਬਣਾਉਣਾ ਸ਼ੁਰੂ ਕੀਤਾ ਅਤੇ ਉਸ ਦਾ ਨਾਂ ਆਪਣੇ ਪੁੱਤਰ ਦੇ ਨਾਂ ’ਤੇ ਰੱਖਿਆ।
18 ਬਾਅਦ ਵਿਚ ਹਨੋਕ ਤੋਂ ਈਰਾਦ ਪੈਦਾ ਹੋਇਆ। ਈਰਾਦ ਤੋਂ ਮਹੂਯਾਏਲ ਪੈਦਾ ਹੋਇਆ ਅਤੇ ਮਹੂਯਾਏਲ ਤੋਂ ਮਥੂਸ਼ਾਏਲ ਪੈਦਾ ਹੋਇਆ ਅਤੇ ਮਥੂਸ਼ਾਏਲ ਤੋਂ ਲਾਮਕ ਪੈਦਾ ਹੋਇਆ।
19 ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕਰਾਇਆ। ਪਹਿਲੀ ਦਾ ਨਾਂ ਆਦਾਹ ਸੀ ਅਤੇ ਦੂਸਰੀ ਦਾ ਨਾਂ ਜ਼ਿੱਲਾਹ ਸੀ।
20 ਆਦਾਹ ਤੋਂ ਯਾਬਲ ਪੈਦਾ ਹੋਇਆ। ਉਹ ਪਹਿਲਾ ਇਨਸਾਨ ਸੀ ਜਿਸ ਨੇ ਤੰਬੂਆਂ ਵਿਚ ਰਹਿਣਾ ਅਤੇ ਪਸ਼ੂ ਪਾਲਣੇ ਸ਼ੁਰੂ ਕੀਤੇ।
21 ਉਸ ਦੇ ਭਰਾ ਦਾ ਨਾਂ ਜੂਬਲ ਸੀ ਜੋ ਰਬਾਬ ਅਤੇ ਬੰਸਰੀ ਵਜਾਉਣ ਵਾਲਿਆਂ ਦਾ ਪੂਰਵਜ ਸੀ।
22 ਜ਼ਿੱਲਾਹ ਤੋਂ ਤੂਬਲ-ਕਾਇਨ ਪੈਦਾ ਹੋਇਆ ਜਿਹੜਾ ਤਾਂਬੇ ਅਤੇ ਲੋਹੇ ਤੋਂ ਹਰ ਕਿਸਮ ਦੇ ਔਜ਼ਾਰ ਬਣਾਉਂਦਾ ਸੀ। ਤੂਬਲ-ਕਾਇਨ ਦੀ ਭੈਣ ਦਾ ਨਾਂ ਨਾਮਾਹ ਸੀ।
23 ਫਿਰ ਲਾਮਕ ਨੇ ਆਪਣੀਆਂ ਪਤਨੀਆਂ ਆਦਾਹ ਅਤੇ ਜ਼ਿੱਲਾਹ ਲਈ ਇਹ ਕਵਿਤਾ ਲਿਖੀ:
“ਹੇ ਲਾਮਕ ਦੀਓ ਪਤਨੀਓ, ਮੇਰੀ ਆਵਾਜ਼ ਸੁਣੋ;ਮੇਰੀ ਗੱਲ ਵੱਲ ਧਿਆਨ ਦਿਓ:
ਮੈਂ ਉਸ ਆਦਮੀ ਨੂੰ ਮਾਰ ਸੁੱਟਿਆ ਜਿਸ ਨੇ ਮੈਨੂੰ ਜ਼ਖ਼ਮੀ ਕੀਤਾ,ਹਾਂ, ਇਕ ਜਵਾਨ ਆਦਮੀ ਨੂੰ ਜਿਸ ਨੇ ਮੇਰੇ ’ਤੇ ਹਮਲਾ ਕੀਤਾ।
24 ਜੇ ਕਾਇਨ ਦਾ ਕਤਲ ਕਰਨ ਵਾਲੇ ਨੂੰ 7 ਗੁਣਾ ਸਜ਼ਾ ਦਿੱਤੀ ਜਾਵੇਗੀ,+ਤਾਂ ਫਿਰ ਲਾਮਕ ਦਾ ਕਤਲ ਕਰਨ ਵਾਲੇ ਨੂੰ 77 ਗੁਣਾ ਸਜ਼ਾ ਦਿੱਤੀ ਜਾਵੇਗੀ।”
25 ਆਦਮ ਨੇ ਦੁਬਾਰਾ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਂ ਸੇਥ*+ ਰੱਖਿਆ ਕਿਉਂਕਿ ਉਸ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਹਾਬਲ ਦੇ ਬਦਲੇ ਇਕ ਹੋਰ ਪੁੱਤਰ* ਦਿੱਤਾ ਹੈ ਕਿਉਂਕਿ ਕਾਇਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਸੀ।”+
26 ਫਿਰ ਸੇਥ ਦੇ ਵੀ ਇਕ ਪੁੱਤਰ ਹੋਇਆ ਅਤੇ ਉਸ ਨੇ ਉਸ ਦਾ ਨਾਂ ਅਨੋਸ਼+ ਰੱਖਿਆ। ਉਸ ਸਮੇਂ ਤੋਂ ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ।
ਫੁਟਨੋਟ
^ ਜਾਂ, “ਤੈਨੂੰ ਉੱਚਾ ਨਹੀਂ ਕੀਤਾ ਜਾਵੇਗਾ?”
^ ਮਤਲਬ “ਭਗੌੜਾ ਬਣਨਾ।”
^ ਮਤਲਬ “ਨਿਯੁਕਤ ਕਰਨਾ; ਥਾਪਣਾ; ਠਹਿਰਾਉਣਾ।”
^ ਇਬ, “ਬੀ।”