ਉਪਦੇਸ਼ਕ ਦੀ ਕਿਤਾਬ 3:1-22
3 ਹਰ ਚੀਜ਼ ਦਾ ਇਕ ਸਮਾਂ ਹੈ,ਧਰਤੀ ਉੱਤੇ ਹਰ ਕੰਮ ਦਾ ਇਕ ਸਮਾਂ ਹੈ:
2 ਇਕ ਜਨਮ ਲੈਣ* ਦਾ ਸਮਾਂ ਹੈ ਅਤੇ ਇਕ ਮਰਨ ਦਾ ਸਮਾਂ ਹੈ;ਇਕ ਬੀਜਣ ਦਾ ਸਮਾਂ ਹੈ ਅਤੇ ਇਕ ਬੀਜੇ ਹੋਏ ਨੂੰ ਪੁੱਟਣ ਦਾ ਸਮਾਂ ਹੈ;
3 ਇਕ ਜਾਨੋਂ ਮਾਰਨ ਦਾ ਸਮਾਂ ਹੈ ਅਤੇ ਇਕ ਚੰਗਾ ਕਰਨ ਦਾ ਸਮਾਂ ਹੈ;ਇਕ ਢਾਹੁਣ ਦਾ ਸਮਾਂ ਹੈ ਅਤੇ ਇਕ ਬਣਾਉਣ ਦਾ ਸਮਾਂ ਹੈ;
4 ਇਕ ਰੋਣ ਦਾ ਸਮਾਂ ਹੈ ਅਤੇ ਇਕ ਹੱਸਣ ਦਾ ਸਮਾਂ ਹੈ;ਇਕ ਸੋਗ ਮਨਾਉਣ ਦਾ ਸਮਾਂ ਹੈ ਅਤੇ ਇਕ ਨੱਚਣ ਦਾ ਸਮਾਂ ਹੈ;
5 ਇਕ ਪੱਥਰ ਸੁੱਟਣ ਦਾ ਸਮਾਂ ਹੈ ਅਤੇ ਇਕ ਪੱਥਰ ਇਕੱਠੇ ਕਰਨ ਦਾ ਸਮਾਂ ਹੈ;ਇਕ ਗਲ਼ੇ ਲਾਉਣ ਦਾ ਸਮਾਂ ਹੈ ਅਤੇ ਇਕ ਗਲ਼ੇ ਨਾ ਲਾਉਣ ਦਾ ਸਮਾਂ ਹੈ;
6 ਇਕ ਲੱਭਣ ਦਾ ਸਮਾਂ ਹੈ ਅਤੇ ਇਕ ਗੁਆਚਾ ਹੋਇਆ ਮੰਨ ਕੇ ਛੱਡ ਦੇਣ ਦਾ ਸਮਾਂ ਹੈ;ਇਕ ਰੱਖਣ ਦਾ ਸਮਾਂ ਹੈ ਅਤੇ ਇਕ ਸੁੱਟਣ ਦਾ ਸਮਾਂ ਹੈ;
7 ਇਕ ਪਾੜਨ ਦਾ ਸਮਾਂ ਹੈ+ ਅਤੇ ਇਕ ਸੀਉਣ ਦਾ ਸਮਾਂ ਹੈ;ਇਕ ਚੁੱਪ ਰਹਿਣ ਦਾ ਸਮਾਂ ਹੈ+ ਅਤੇ ਇਕ ਬੋਲਣ ਦਾ ਸਮਾਂ ਹੈ;+
8 ਇਕ ਪਿਆਰ ਕਰਨ ਦਾ ਸਮਾਂ ਹੈ ਅਤੇ ਇਕ ਨਫ਼ਰਤ ਕਰਨ ਦਾ ਸਮਾਂ ਹੈ;+ਇਕ ਲੜਾਈ ਦਾ ਸਮਾਂ ਹੈ ਅਤੇ ਇਕ ਸ਼ਾਂਤੀ ਕਾਇਮ ਕਰਨ ਦਾ ਸਮਾਂ ਹੈ;
9 ਇਕ ਇਨਸਾਨ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਕੋਈ ਫ਼ਾਇਦਾ ਹੁੰਦਾ ਹੈ?+
10 ਮੈਂ ਉਹ ਸਾਰੇ ਕੰਮ ਦੇਖੇ ਜੋ ਪਰਮੇਸ਼ੁਰ ਨੇ ਮਨੁੱਖ ਦੇ ਪੁੱਤਰਾਂ ਨੂੰ ਕਰਨ ਲਈ ਦਿੱਤੇ ਹਨ ਤਾਂਕਿ ਉਹ ਉਨ੍ਹਾਂ ਵਿਚ ਲੱਗੇ ਰਹਿਣ।
11 ਉਸ ਨੇ ਹਰੇਕ ਚੀਜ਼ ਸਹੀ ਸਮੇਂ ਤੇ ਸੋਹਣੀ* ਬਣਾਈ ਹੈ।+ ਉਸ ਨੇ ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਵੀ ਪਾਇਆ ਹੈ। ਫਿਰ ਵੀ ਇਨਸਾਨ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ ਜੋ ਉਸ ਨੇ ਸ਼ੁਰੂ ਤੋਂ ਲੈ ਕੇ ਅੰਤ ਤਕ ਕੀਤੇ ਹਨ।
12 ਮੈਂ ਇਹ ਨਤੀਜਾ ਕੱਢਿਆ ਹੈ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣੇ ਅਤੇ ਚੰਗੇ ਕੰਮ ਕਰੇ,+
13 ਨਾਲੇ ਇਹ ਕਿ ਹਰ ਇਨਸਾਨ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।* ਇਹ ਪਰਮੇਸ਼ੁਰ ਦੀ ਦੇਣ ਹੈ।+
14 ਮੈਂ ਜਾਣ ਗਿਆ ਹਾਂ ਕਿ ਸੱਚਾ ਪਰਮੇਸ਼ੁਰ ਜੋ ਵੀ ਕਰਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਇਸ ਵਿਚ ਨਾ ਤਾਂ ਕੁਝ ਜੋੜਨ ਦੀ ਲੋੜ ਹੈ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਣ ਦੀ ਲੋੜ ਹੈ। ਸੱਚੇ ਪਰਮੇਸ਼ੁਰ ਨੇ ਸਭ ਕੁਝ ਇਸੇ ਤਰ੍ਹਾਂ ਕੀਤਾ ਹੈ ਤਾਂਕਿ ਲੋਕ ਉਸ ਦਾ ਡਰ ਮੰਨਣ।+
15 ਜੋ ਕੁਝ ਹੁੰਦਾ ਹੈ, ਉਹ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਜੋ ਵਾਪਰਨ ਵਾਲਾ ਹੈ, ਉਹ ਪਹਿਲਾਂ ਵੀ ਵਾਪਰ ਚੁੱਕਾ ਹੈ।+ ਪਰ ਸੱਚਾ ਪਰਮੇਸ਼ੁਰ ਉਸ ਸਭ ਦੀ ਤਲਾਸ਼ ਕਰਦਾ ਹੈ ਜਿਸ ਦਾ ਪਿੱਛਾ ਇਨਸਾਨ ਨੇ ਕੀਤਾ ਹੈ।*
16 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ: ਇਨਸਾਫ਼ ਕਰਨ ਦੀ ਬਜਾਇ ਦੁਸ਼ਟਤਾ ਕੀਤੀ ਜਾਂਦੀ ਹੈ ਅਤੇ ਸਹੀ ਕਰਨ ਦੀ ਬਜਾਇ ਗ਼ਲਤ ਕੀਤਾ ਜਾਂਦਾ ਹੈ।+
17 ਮੈਂ ਆਪਣੇ ਮਨ ਵਿਚ ਕਿਹਾ: “ਸੱਚਾ ਪਰਮੇਸ਼ੁਰ ਚੰਗੇ ਅਤੇ ਬੁਰੇ ਇਨਸਾਨ ਦਾ ਨਿਆਂ ਕਰੇਗਾ+ ਕਿਉਂਕਿ ਹਰ ਗੱਲ ਅਤੇ ਹਰ ਕੰਮ ਦਾ ਇਕ ਸਮਾਂ ਹੈ।”
18 ਮੈਂ ਆਪਣੇ ਦਿਲ ਵਿਚ ਮਨੁੱਖ ਦੇ ਪੁੱਤਰਾਂ ਬਾਰੇ ਇਹ ਵੀ ਕਿਹਾ ਕਿ ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਪਰਖੇਗਾ ਅਤੇ ਉਨ੍ਹਾਂ ਨੂੰ ਦਿਖਾਵੇਗਾ ਕਿ ਉਹ ਜਾਨਵਰਾਂ ਵਰਗੇ ਹਨ
19 ਕਿਉਂਕਿ ਜੋ ਅੰਜਾਮ ਇਨਸਾਨਾਂ ਦਾ ਹੁੰਦਾ ਹੈ, ਉਹੀ ਅੰਜਾਮ ਜਾਨਵਰਾਂ ਦਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ,+ ਉਹ ਦੋਵੇਂ ਮਰਦੇ ਹਨ। ਸਾਰਿਆਂ ਵਿਚ ਜੀਵਨ ਦਾ ਸਾਹ ਹੁੰਦਾ ਹੈ।+ ਇਸ ਲਈ ਇਨਸਾਨ ਜਾਨਵਰਾਂ ਤੋਂ ਬਿਹਤਰ ਨਹੀਂ ਹੈ। ਸਭ ਕੁਝ ਵਿਅਰਥ ਹੈ!
20 ਸਾਰੇ ਇੱਕੋ ਜਗ੍ਹਾ ਜਾਂਦੇ ਹਨ।+ ਸਾਰਿਆਂ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ+ ਅਤੇ ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ।+
21 ਕੌਣ ਯਕੀਨ ਨਾਲ ਕਹਿ ਸਕਦਾ ਹੈ ਕਿ ਇਨਸਾਨਾਂ ਦੀ ਜੀਵਨ-ਸ਼ਕਤੀ ਉੱਪਰ ਜਾਂਦੀ ਹੈ ਅਤੇ ਜਾਨਵਰਾਂ ਦੀ ਜੀਵਨ-ਸ਼ਕਤੀ ਥੱਲੇ?+
22 ਮੈਂ ਦੇਖਿਆ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ+ ਕਿਉਂਕਿ ਇਹ ਉਸ ਦੀ ਮਿਹਨਤ ਦਾ ਫਲ* ਹੈ। ਕੌਣ ਉਸ ਨੂੰ ਦਿਖਾ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਕੀ ਹੋਵੇਗਾ?+
ਫੁਟਨੋਟ
^ ਜਾਂ, “ਦੇਣ।”
^ ਜਾਂ, “ਸਲੀਕੇ ਨਾਲ; ਸਹੀ ਢੰਗ ਨਾਲ; ਢੁਕਵੀਂ।”
^ ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”
^ ਜਾਂ ਸੰਭਵ ਹੈ, “ਜੋ ਬੀਤੇ ਸਮੇਂ ਵਿਚ ਹੋਇਆ ਹੈ।”
^ ਜਾਂ, “ਹਿੱਸਾ।”