ਕਹਾਉਤਾਂ 1:1-33
1 ਦਾਊਦ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਸੁਲੇਮਾਨ+ ਦੀਆਂ ਕਹਾਵਤਾਂ:+
2 ਜਿਨ੍ਹਾਂ ਤੋਂ ਬੁੱਧ+ ਤੇ ਸਿੱਖਿਆ ਮਿਲਦੀ ਹੈ;ਜਿਨ੍ਹਾਂ ਤੋਂ ਬੁੱਧ ਦੀਆਂ ਗੱਲਾਂ ਦੀ ਸਮਝ ਮਿਲਦੀ ਹੈ;
3 ਜਿਨ੍ਹਾਂ ਤੋਂ ਅਨੁਸ਼ਾਸਨ ਮਿਲਦਾ ਹੈ+ ਜੋ ਡੂੰਘੀ ਸਮਝ ਦਿੰਦਾ,ਨਾਲੇ ਸਹੀ ਕੰਮ ਕਰਨੇ,+ ਨਿਆਂ ਕਰਨਾ+ ਅਤੇ ਈਮਾਨਦਾਰ ਬਣਨਾ* ਸਿਖਾਉਂਦਾ ਹੈ;
4 ਜੋ ਨਾਤਜਰਬੇਕਾਰ ਨੂੰ ਸਮਝਦਾਰ ਬਣਾਉਂਦੀਆਂ+ਅਤੇ ਨੌਜਵਾਨ ਨੂੰ ਗਿਆਨ ਤੇ ਸੋਚਣ-ਸਮਝਣ ਦੀ ਕਾਬਲੀਅਤ ਦਿੰਦੀਆਂ ਹਨ।+
5 ਬੁੱਧੀਮਾਨ ਇਨਸਾਨ ਸੁਣਦਾ ਹੈ ਅਤੇ ਹੋਰ ਜ਼ਿਆਦਾ ਸਿੱਖਿਆ ਲੈਂਦਾ ਹੈ;+ਸਮਝਦਾਰ ਇਨਸਾਨ ਸਹੀ ਸੇਧ* ਲੈਂਦਾ ਹੈ+
6 ਤਾਂਕਿ ਉਹ ਕਿਸੇ ਕਹਾਵਤ ਅਤੇ ਪਹੇਲੀ* ਨੂੰ,ਨਾਲੇ ਬੁੱਧੀਮਾਨਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝੇ।+
7 ਯਹੋਵਾਹ ਦਾ ਡਰ* ਗਿਆਨ ਦੀ ਸ਼ੁਰੂਆਤ ਹੈ।+
ਸਿਰਫ਼ ਮੂਰਖ ਹੀ ਬੁੱਧ ਤੇ ਅਨੁਸ਼ਾਸਨ ਨੂੰ ਤੁੱਛ ਸਮਝਦੇ ਹਨ।+
8 ਹੇ ਮੇਰੇ ਪੁੱਤਰ, ਆਪਣੇ ਪਿਤਾ ਦੀ ਤਾੜਨਾ ਕਬੂਲ ਕਰ+ਅਤੇ ਆਪਣੀ ਮਾਤਾ ਦੀ ਤਾਲੀਮ* ਨੂੰ ਨਾ ਛੱਡੀਂ।+
9 ਉਹ ਤੇਰੇ ਸਿਰ ਲਈ ਸੋਹਣਾ ਤਾਜ+ਅਤੇ ਤੇਰੇ ਗਲ਼ੇ ਦਾ ਸੁੰਦਰ ਗਹਿਣਾ ਹਨ।+
10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।+
11 ਜੇ ਉਹ ਕਹਿਣ: “ਸਾਡੇ ਨਾਲ ਆ।
ਚੱਲ ਆਪਾਂ ਖ਼ੂਨ ਕਰਨ ਲਈ ਘਾਤ ਲਾ ਕੇ ਬੈਠੀਏ।
ਆਪਾਂ ਮਜ਼ੇ ਲਈ ਲੁਕ ਕੇ ਬੇਕਸੂਰਾਂ ਦੀ ਤਾਕ ਵਿਚ ਬੈਠਾਂਗੇ।
12 ਆਪਾਂ ਉਨ੍ਹਾਂ ਨੂੰ ਜੀਉਂਦੇ ਨਿਗਲ਼ ਜਾਵਾਂਗੇ ਜਿਵੇਂ ਕਬਰ* ਨਿਗਲ਼ ਲੈਂਦੀ ਹੈ,ਸਾਬਤਿਆਂ ਨੂੰ ਨਿਗਲ਼ ਜਾਵਾਂਗੇ, ਹਾਂ, ਉਨ੍ਹਾਂ ਵਾਂਗ ਜੋ ਟੋਏ ਵਿਚ ਚਲੇ ਜਾਂਦੇ ਹਨ।
13 ਚਲੋ ਆਪਾਂ ਉਨ੍ਹਾਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਏ;ਆਪਾਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ।
14 ਤੂੰ ਸਾਡੇ ਨਾਲ ਰਲ਼ ਜਾ*ਅਤੇ ਆਪਾਂ ਸਾਰੇ ਚੋਰੀ ਦਾ ਮਾਲ ਬਰਾਬਰ ਵੰਡ ਲਵਾਂਗੇ।”*
15 ਹੇ ਮੇਰੇ ਪੁੱਤਰ, ਉਨ੍ਹਾਂ ਦੇ ਮਗਰ ਨਾ ਲੱਗੀਂ।
ਆਪਣੇ ਪੈਰਾਂ ਨੂੰ ਉਨ੍ਹਾਂ ਦੇ ਰਾਹ ਜਾਣ ਤੋਂ ਰੋਕੀ ਰੱਖੀਂ,+
16 ਉਨ੍ਹਾਂ ਦੇ ਪੈਰ ਬੁਰਾਈ ਕਰਨ ਲਈ ਭੱਜਦੇ ਹਨ;ਉਹ ਖ਼ੂਨ ਵਹਾਉਣ ਲਈ ਕਾਹਲੀ ਕਰਦੇ ਹਨ।+
17 ਕਿਸੇ ਪੰਛੀ ਦੇ ਦੇਖਦਿਆਂ ਜਾਲ਼ ਵਿਛਾਉਣਾ ਵਿਅਰਥ ਹੈ।
18 ਇਸੇ ਕਰਕੇ ਪਾਪੀ ਖ਼ੂਨ ਵਹਾਉਣ ਲਈ ਘਾਤ ਲਾ ਕੇ ਬੈਠਦੇ ਹਨ;ਦੂਜਿਆਂ ਦੀਆਂ ਜਾਨਾਂ ਲੈਣ ਲਈ ਉਹ ਲੁਕ ਕੇ ਬੈਠਦੇ ਹਨ।
19 ਇਨ੍ਹਾਂ ਰਾਹਾਂ ’ਤੇ ਚੱਲ ਕੇ ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦੇ ਹਨਜਿਸ ਕਰਕੇ ਉਹ ਆਪਣੀ ਜਾਨ ਗੁਆ ਲੈਣਗੇ।+
20 ਬੁੱਧ*+ ਗਲੀਆਂ ਵਿਚ ਪੁਕਾਰਦੀ ਹੈ।+
ਉਸ ਦੀ ਆਵਾਜ਼ ਚੌਂਕਾਂ ਵਿਚ ਗੂੰਜਦੀ ਰਹਿੰਦੀ ਹੈ।+
21 ਭੀੜ-ਭੜੱਕੇ ਵਾਲੀਆਂ ਗਲੀਆਂ ਦੇ ਕੋਨੇ* ’ਤੇ ਇਹ ਹਾਕਾਂ ਮਾਰਦੀ ਹੈ।
ਸ਼ਹਿਰ ਦੇ ਦਰਵਾਜ਼ਿਆਂ ਦੇ ਲਾਂਘਿਆਂ ’ਤੇ ਇਹ ਕਹਿੰਦੀ ਹੈ:+
22 “ਹੇ ਨਾਸਮਝੋ, ਤੁਸੀਂ ਕਦ ਤਕ ਨਾਸਮਝੀ ਨੂੰ ਪਸੰਦ ਕਰਦੇ ਰਹੋਗੇ?
ਹੇ ਮਖੌਲੀਓ, ਤੁਸੀਂ ਕਿੰਨੀ ਦੇਰ ਤਕ ਮਖੌਲ ਉਡਾ ਕੇ ਖ਼ੁਸ਼ ਹੁੰਦੇ ਰਹੋਗੇ?
ਹੇ ਮੂਰਖੋ, ਤੁਸੀਂ ਕਿੰਨਾ ਚਿਰ ਗਿਆਨ ਨਾਲ ਨਫ਼ਰਤ ਕਰਦੇ ਰਹੋਗੇ?+
23 ਮੇਰੀ ਤਾੜਨਾ ਨੂੰ ਕਬੂਲ ਕਰੋ।*+
ਫਿਰ ਮੈਂ ਤੁਹਾਨੂੰ ਆਪਣੀ ਸ਼ਕਤੀ ਦਿਆਂਗੀ;ਮੈਂ ਤੁਹਾਨੂੰ ਆਪਣੀਆਂ ਗੱਲਾਂ ਦੱਸਾਂਗੀ।+
24 ਮੈਂ ਪੁਕਾਰਦੀ ਰਹੀ, ਪਰ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਰਹੇ,ਮੈਂ ਆਪਣਾ ਹੱਥ ਵਧਾਇਆ, ਪਰ ਕਿਸੇ ਨੇ ਧਿਆਨ ਨਾ ਦਿੱਤਾ,+
25 ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇਅਤੇ ਮੇਰੀ ਤਾੜਨਾ ਨੂੰ ਠੁਕਰਾਉਂਦੇ ਰਹੇ,
26 ਤੁਹਾਡੇ ’ਤੇ ਜਦ ਬਿਪਤਾ ਆਵੇਗੀ, ਤਾਂ ਮੈਂ ਵੀ ਹੱਸਾਂਗੀ;ਮੈਂ ਮਜ਼ਾਕ ਉਡਾਵਾਂਗੀ ਜਦੋਂ ਉਹ ਆਫ਼ਤ ਤੁਹਾਡੇ ’ਤੇ ਆ ਪਵੇਗੀ ਜਿਸ ਦਾ ਤੁਹਾਨੂੰ ਡਰ ਹੈ,+
27 ਜਦੋਂ ਖ਼ੌਫ਼ ਤੂਫ਼ਾਨ ਵਾਂਗ ਤੁਹਾਡੇ ’ਤੇ ਛਾ ਜਾਵੇਗਾ,ਬਿਪਤਾ ਝੱਖੜ ਵਾਂਗ ਤੁਹਾਡੇ ’ਤੇ ਆ ਪਵੇਗੀਅਤੇ ਜਦੋਂ ਕਸ਼ਟ ਤੇ ਮੁਸੀਬਤ ਤੁਹਾਡੇ ’ਤੇ ਆਉਣਗੇ।
28 ਉਸ ਸਮੇਂ ਉਹ ਮੈਨੂੰ ਵਾਰ-ਵਾਰ ਪੁਕਾਰਨਗੇ, ਪਰ ਮੈਂ ਜਵਾਬ ਨਹੀਂ ਦਿਆਂਗੀ;ਉਹ ਬੇਸਬਰੀ ਨਾਲ ਮੈਨੂੰ ਲੱਭਦੇ ਫਿਰਨਗੇ, ਪਰ ਉਹ ਮੈਨੂੰ ਲੱਭ ਨਾ ਸਕਣਗੇ+
29 ਕਿਉਂਕਿ ਉਨ੍ਹਾਂ ਨੇ ਗਿਆਨ ਨਾਲ ਨਫ਼ਰਤ ਕੀਤੀ+ਅਤੇ ਯਹੋਵਾਹ ਦਾ ਡਰ ਮੰਨਣ ਤੋਂ ਇਨਕਾਰ ਕੀਤਾ।+
30 ਉਨ੍ਹਾਂ ਨੇ ਮੇਰੀ ਸਲਾਹ ਨੂੰ ਠੁਕਰਾ ਦਿੱਤਾ;ਉਨ੍ਹਾਂ ਨੇ ਮੇਰੀ ਸਾਰੀ ਤਾੜਨਾ ਨੂੰ ਤੁੱਛ ਸਮਝਿਆ।
31 ਇਸ ਲਈ ਉਹ ਆਪਣੀ ਕਰਨੀ ਦੇ ਨਤੀਜੇ ਭੁਗਤਣਗੇ,*+ਉਹ ਆਪਣੀ ਹੀ ਸਲਾਹ* ਨਾਲ ਰੱਜਣਗੇ।
32 ਨਾਤਜਰਬੇਕਾਰ ਮੇਰੇ ਤੋਂ ਮੂੰਹ ਮੋੜਨ ਕਰਕੇ ਮਾਰੇ ਜਾਣਗੇਅਤੇ ਮੂਰਖਾਂ ਦੀ ਲਾਪਰਵਾਹੀ ਉਨ੍ਹਾਂ ਨੂੰ ਨਾਸ਼ ਕਰ ਦੇਵੇਗੀ।
33 ਪਰ ਮੇਰੀ ਗੱਲ ਸੁਣਨ ਵਾਲਾ ਸੁੱਖ-ਸਾਂਦ ਨਾਲ ਵੱਸੇਗਾ+ਅਤੇ ਬਿਪਤਾ ਦੇ ਖ਼ੌਫ਼ ਤੋਂ ਬਚਿਆ ਰਹੇਗਾ।”+
ਫੁਟਨੋਟ
^ ਜਾਂ, “ਪੱਖਪਾਤ ਨਾ ਕਰਨਾ।”
^ ਜਾਂ, “ਬੁੱਧ ਭਰੀ ਸਲਾਹ।”
^ ਜਾਂ, “ਮਿਸਾਲ।”
^ ਜਾਂ, “ਲਈ ਸ਼ਰਧਾ।”
^ ਜਾਂ, “ਦੇ ਕਾਨੂੰਨ।”
^ ਜਾਂ, “ਸਾਡੇ ਨਾਲ ਆਪਣਾ ਗੁਣਾ ਪਾ।”
^ ਜਾਂ, “ਸਾਡੀ ਸਾਰਿਆਂ ਦੀ ਇੱਕੋ ਥੈਲੀ (ਬਟੂਆ) ਹੋਵੇਗੀ।”
^ ਜਾਂ, “ਸੱਚੀ ਬੁੱਧ।”
^ ਇਬ, “ਸਿਰੇ।”
^ ਜਾਂ, “ਮੇਰੀ ਤਾੜ ਸੁਣ ਕੇ ਮੁੜੋ।”
^ ਇਬ, “ਫਲ ਤੋਂ ਖਾਣਗੇ।”
^ ਜਾਂ, “ਸਕੀਮਾਂ; ਯੋਜਨਾਵਾਂ।”