ਕਹਾਉਤਾਂ 14:1-35
14 ਬੁੱਧੀਮਾਨ ਔਰਤ ਆਪਣਾ ਘਰ ਬਣਾਉਂਦੀ ਹੈ,+ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਦਿੰਦੀ ਹੈ।
2 ਖਰੇ ਰਾਹ ’ਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ,ਪਰ ਟੇਢੀ ਚਾਲ ਚੱਲਣ ਵਾਲਾ ਉਸ ਨੂੰ ਤੁੱਛ ਸਮਝਦਾ ਹੈ।
3 ਮੂਰਖ ਦੇ ਮੂੰਹ ਵਿਚ ਹੰਕਾਰ ਦੀ ਛਿਟੀ ਹੈ,ਪਰ ਬੁੱਧੀਮਾਨਾਂ ਦੇ ਬੁੱਲ੍ਹ ਉਨ੍ਹਾਂ ਦੀ ਰਾਖੀ ਕਰਨਗੇ।
4 ਜਿੱਥੇ ਪਸ਼ੂ ਨਾ ਹੋਣ, ਉੱਥੇ ਖੁਰਲੀ ਸਾਫ਼-ਸੁਥਰੀ ਹੁੰਦੀ ਹੈ,ਪਰ ਬਲਦ ਦੀ ਤਾਕਤ ਸਦਕਾ ਬਹੁਤੀ ਪੈਦਾਵਾਰ ਹੁੰਦੀ ਹੈ।
5 ਵਫ਼ਾਦਾਰ ਗਵਾਹ ਝੂਠ ਨਹੀਂ ਬੋਲਦਾ,ਪਰ ਝੂਠਾ ਗਵਾਹ ਗੱਲ-ਗੱਲ ’ਤੇ ਝੂਠ ਬੋਲਦਾ ਹੈ।+
6 ਮਖੌਲੀਆ ਬੁੱਧ ਦੀ ਭਾਲ ਕਰਦਾ ਹੈ, ਪਰ ਉਸ ਨੂੰ ਮਿਲਦੀ ਨਹੀਂ,ਪਰ ਸਮਝਦਾਰ ਇਨਸਾਨ ਨੂੰ ਗਿਆਨ ਸੌਖਿਆਂ ਹੀ ਮਿਲ ਜਾਂਦਾ ਹੈ।+
7 ਮੂਰਖ ਆਦਮੀ ਤੋਂ ਦੂਰ ਹੀ ਰਹਿਕਿਉਂਕਿ ਤੈਨੂੰ ਉਸ ਦੇ ਬੁੱਲ੍ਹਾਂ ਤੋਂ ਗਿਆਨ ਨਹੀਂ ਮਿਲੇਗਾ।+
8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,ਪਰ ਮੂਰਖ ਆਪਣੀ ਹੀ ਮੂਰਖਤਾ ਤੋਂ ਧੋਖਾ ਖਾ ਜਾਂਦੇ ਹਨ।*+
9 ਮੂਰਖ ਅਪਰਾਧ ਨੂੰ* ਹਾਸੇ ਵਿਚ ਉਡਾ ਦਿੰਦੇ ਹਨ,+ਪਰ ਨੇਕ ਲੋਕ ਸੁਲ੍ਹਾ ਕਰਨ ਲਈ ਤਿਆਰ ਰਹਿੰਦੇ ਹਨ।*
10 ਦਿਲ ਆਪਣਾ ਦੁੱਖ* ਆਪ ਹੀ ਜਾਣਦਾ ਹੈਅਤੇ ਕੋਈ ਹੋਰ ਇਸ ਦੀ ਖ਼ੁਸ਼ੀ ਨੂੰ ਸਮਝ ਨਹੀਂ ਸਕਦਾ।
11 ਦੁਸ਼ਟਾਂ ਦਾ ਘਰ ਨਾਸ਼ ਕੀਤਾ ਜਾਵੇਗਾ,+ਪਰ ਨੇਕ ਇਨਸਾਨਾਂ ਦਾ ਤੰਬੂ ਵੱਡਾ ਹੁੰਦਾ ਜਾਵੇਗਾ।
12 ਇਕ ਅਜਿਹਾ ਰਾਹ ਹੈ ਜੋ ਆਦਮੀ ਨੂੰ ਸਹੀ ਲੱਗਦਾ ਹੈ,+ਪਰ ਅਖ਼ੀਰ ਵਿਚ ਇਹ ਮੌਤ ਵੱਲ ਲੈ ਜਾਂਦਾ ਹੈ।+
13 ਹੱਸਣ ਵਾਲੇ ਦਾ ਦਿਲ ਸ਼ਾਇਦ ਦੁਖੀ ਹੋਵੇਅਤੇ ਖ਼ੁਸ਼ੀ ਸ਼ਾਇਦ ਗਮ ਵਿਚ ਬਦਲ ਜਾਵੇ।
14 ਜਿਸ ਦਾ ਦਿਲ ਭਟਕਦਾ ਰਹਿੰਦਾ ਹੈ, ਉਹ ਆਪਣੇ ਕੰਮਾਂ ਦਾ ਫਲ ਭੋਗੇਗਾ,+ਪਰ ਚੰਗੇ ਇਨਸਾਨ ਨੂੰ ਆਪਣੇ ਕੰਮਾਂ ਦਾ ਇਨਾਮ ਮਿਲੇਗਾ।+
15 ਭੋਲਾ* ਹਰ ਗੱਲ ’ਤੇ ਯਕੀਨ ਕਰ ਲੈਂਦਾ ਹੈ,ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।+
16 ਬੁੱਧੀਮਾਨ ਚੁਕੰਨਾ ਹੁੰਦਾ ਹੈ ਤੇ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ,ਪਰ ਮੂਰਖ ਲਾਪਰਵਾਹ ਹੁੰਦਾ* ਹੈ ਅਤੇ ਆਪਣੇ ’ਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ।
17 ਜਿਹੜਾ ਛੇਤੀ ਗੁੱਸੇ ਹੋ ਜਾਂਦਾ, ਉਹ ਮੂਰਖਤਾਈ ਕਰਦਾ ਹੈ,+ਪਰ ਜਿਹੜਾ ਸੋਚ ਕੇ ਕੰਮ ਕਰਦਾ,* ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ।
18 ਭੋਲਿਆਂ* ਨੂੰ ਵਿਰਸੇ ਵਿਚ ਮੂਰਖਤਾ ਮਿਲੇਗੀ,ਪਰ ਹੁਸ਼ਿਆਰਾਂ ਨੂੰ ਗਿਆਨ ਦਾ ਮੁਕਟ ਪਹਿਨਾਇਆ ਜਾਂਦਾ ਹੈ।+
19 ਬੁਰੇ ਲੋਕਾਂ ਨੂੰ ਚੰਗੇ ਲੋਕਾਂ ਅੱਗੇ ਝੁਕਣਾ ਪਵੇਗਾਅਤੇ ਦੁਸ਼ਟ ਧਰਮੀਆਂ ਦੇ ਦਰਾਂ ਅੱਗੇ ਸਿਰ ਨਿਵਾਉਣਗੇ।
20 ਗ਼ਰੀਬ ਨੂੰ ਤਾਂ ਉਸ ਦੇ ਗੁਆਂਢੀ ਵੀ ਨਫ਼ਰਤ ਕਰਦੇ ਹਨ,+ਪਰ ਅਮੀਰ ਦੇ ਦੋਸਤ ਢੇਰ ਸਾਰੇ ਹੁੰਦੇ ਹਨ।+
21 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਸਮਝਦਾ ਹੈ, ਉਹ ਪਾਪ ਕਰਦਾ ਹੈ,ਪਰ ਜਿਹੜਾ ਗ਼ਰੀਬ ’ਤੇ ਤਰਸ ਖਾਂਦਾ ਹੈ, ਉਹ ਖ਼ੁਸ਼ ਰਹਿੰਦਾ ਹੈ।+
22 ਕੀ ਸਾਜ਼ਸ਼ ਘੜਨ ਵਾਲੇ ਭਟਕ ਨਹੀਂ ਜਾਣਗੇ?
ਪਰ ਜਿਨ੍ਹਾਂ ਨੇ ਭਲਾ ਕਰਨ ਦੀ ਠਾਣੀ ਹੋਈ ਹੈ,ਉਨ੍ਹਾਂ ਨਾਲ ਅਟੱਲ ਪਿਆਰ ਤੇ ਵਫ਼ਾਦਾਰੀ ਨਿਭਾਈ ਜਾਵੇਗੀ।+
23 ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ,ਪਰ ਸਿਰਫ਼ ਗੱਲਾਂ ਮਾਰਨ ਨਾਲ ਤੰਗੀ ਆ ਘੇਰਦੀ ਹੈ।+
24 ਬੁੱਧੀਮਾਨਾਂ ਦਾ ਤਾਜ ਉਨ੍ਹਾਂ ਦੀ ਧਨ-ਦੌਲਤ ਹੈ,ਪਰ ਮੂਰਖ ਦੀ ਮੂਰਖਤਾ ਵਧਦੀ ਜਾਂਦੀ ਹੈ।+
25 ਸੱਚਾ ਗਵਾਹ ਜ਼ਿੰਦਗੀਆਂ ਬਚਾਉਂਦਾ ਹੈ,ਪਰ ਧੋਖੇਬਾਜ਼ ਗੱਲ-ਗੱਲ ’ਤੇ ਝੂਠ ਬੋਲਦਾ ਹੈ।
26 ਯਹੋਵਾਹ ਦਾ ਡਰ ਮੰਨਣ ਵਾਲਾ ਉਸ ’ਤੇ ਪੱਕਾ ਭਰੋਸਾ ਰੱਖਦਾ ਹੈ+ਅਤੇ ਇਹ ਉਸ ਦੇ ਬੱਚਿਆਂ ਲਈ ਪਨਾਹ ਹੋਵੇਗਾ।+
27 ਯਹੋਵਾਹ ਦਾ ਡਰ ਜ਼ਿੰਦਗੀ ਦਾ ਚਸ਼ਮਾ ਹੈਜੋ ਇਕ ਇਨਸਾਨ ਨੂੰ ਮੌਤ ਦੇ ਫੰਦਿਆਂ ਤੋਂ ਬਚਾਉਂਦਾ ਹੈ।
28 ਵੱਡੀ ਪਰਜਾ ਇਕ ਰਾਜੇ ਦੀ ਸ਼ਾਨ ਹੁੰਦੀ ਹੈ,+ਪਰ ਪਰਜਾ ਤੋਂ ਬਿਨਾਂ ਹਾਕਮ ਬਰਬਾਦ ਹੋ ਜਾਂਦਾ ਹੈ।
29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+
30 ਸ਼ਾਂਤ ਮਨ ਸਰੀਰ ਦਾ ਜੀਉਣ ਹੈ,*ਪਰ ਈਰਖਾ ਹੱਡੀਆਂ ਨੂੰ ਗਾਲ਼ ਦਿੰਦੀ ਹੈ।+
31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ’ਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+
32 ਦੁਸ਼ਟ ਆਪਣੀ ਹੀ ਬੁਰਾਈ ਕਰਕੇ ਬਰਬਾਦ ਹੋ ਜਾਵੇਗਾ,ਪਰ ਧਰਮੀ ਖਰਾ ਬਣਿਆ ਰਹਿਣ ਕਰਕੇ ਪਨਾਹ ਪਾਵੇਗਾ।+
33 ਸਮਝਦਾਰ ਇਨਸਾਨ ਦੇ ਦਿਲ ਵਿਚ ਬੁੱਧ ਚੁੱਪ-ਚਾਪ ਵਾਸ ਕਰਦੀ ਹੈ,+ਪਰ ਇਹ ਮੂਰਖਾਂ ਦਰਮਿਆਨ ਆਪਣੇ ਆਪ ਨੂੰ ਪ੍ਰਗਟ ਕਰਦੀ ਰਹਿੰਦੀ ਹੈ।
34 ਸਹੀ ਕੰਮਾਂ ਕਰਕੇ ਕੌਮ ਬੁਲੰਦ ਹੁੰਦੀ ਹੈ,+ਪਰ ਪਾਪ ਲੋਕਾਂ ਨੂੰ ਬਦਨਾਮ ਕਰਦਾ ਹੈ।
35 ਰਾਜਾ ਸਮਝਦਾਰੀ ਤੋਂ ਕੰਮ ਲੈਣ ਵਾਲੇ ਸੇਵਕ ਤੋਂ ਖ਼ੁਸ਼ ਹੁੰਦਾ ਹੈ,+ਪਰ ਸ਼ਰਮਨਾਕ ਕੰਮ ਕਰਨ ਵਾਲੇ ’ਤੇ ਉਸ ਦਾ ਗੁੱਸਾ ਭੜਕਦਾ ਹੈ।+
ਫੁਟਨੋਟ
^ ਜਾਂ ਸੰਭਵ ਹੈ, “ਮੂਰਖ ਦੂਜਿਆਂ ਨੂੰ ਧੋਖਾ ਦਿੰਦੇ ਹਨ।”
^ ਜਾਂ, “ਗ਼ਲਤੀ ਸੁਧਾਰਨ ਨੂੰ।”
^ ਜਾਂ, “ਲੋਕਾਂ ਦੇ ਚੰਗੇ ਇਰਾਦੇ ਹੁੰਦੇ ਹਨ।”
^ ਜਾਂ, “ਕੁੜੱਤਣ।”
^ ਜਾਂ, “ਨਾਤਜਰਬੇਕਾਰ।”
^ ਜਾਂ, “ਭੜਕ ਉੱਠਦਾ।”
^ ਜਾਂ, “ਜਿਹੜਾ ਸੋਚਣ-ਸਮਝਣ ਦੀ ਕਾਬਲੀਅਤ ਰੱਖਦਾ ਹੈ।”
^ ਜਾਂ, “ਨਾਤਜਰਬੇਕਾਰਾਂ।”
^ ਜਾਂ, “ਨੂੰ ਤੰਦਰੁਸਤੀ ਦਿੰਦਾ ਹੈ।”