ਕਹਾਉਤਾਂ 15:1-33
15 ਨਰਮ* ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ,+ਪਰ ਕਠੋਰ* ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।+
2 ਬੁੱਧੀਮਾਨਾਂ ਦੀ ਜ਼ਬਾਨ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ,+ਪਰ ਮੂਰਖਾਂ ਦਾ ਮੂੰਹ ਮੂਰਖਤਾਈ ਉਗਲ਼ਦਾ ਹੈ।
3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਲੱਗੀਆਂ ਰਹਿੰਦੀਆਂ ਹਨ,ਉਹ ਭਲੇ-ਬੁਰੇ ਦੋਹਾਂ ਨੂੰ ਦੇਖਦੀਆਂ ਹਨ।+
4 ਸ਼ਾਂਤ ਜ਼ਬਾਨ* ਜੀਵਨ ਦਾ ਦਰਖ਼ਤ ਹੈ,+ਪਰ ਟੇਢੀ ਜ਼ਬਾਨ ਨਿਰਾਸ਼ ਕਰਦੀ ਹੈ।*
5 ਮੂਰਖ ਆਪਣੇ ਪਿਤਾ ਦੇ ਅਨੁਸ਼ਾਸਨ ਨੂੰ ਤੁੱਛ ਸਮਝਦਾ ਹੈ,+ਪਰ ਸਮਝਦਾਰ ਇਨਸਾਨ ਤਾੜਨਾ* ਨੂੰ ਕਬੂਲ ਕਰਦਾ ਹੈ।+
6 ਧਰਮੀ ਦੇ ਘਰ ਢੇਰ ਸਾਰਾ ਖ਼ਜ਼ਾਨਾ ਹੁੰਦਾ ਹੈ,ਪਰ ਦੁਸ਼ਟ ਦੀ ਪੈਦਾਵਾਰ* ਉਸ ’ਤੇ ਮੁਸੀਬਤ ਲਿਆਉਂਦੀ ਹੈ।+
7 ਬੁੱਧੀਮਾਨ ਦੇ ਬੁੱਲ੍ਹ ਗਿਆਨ ਖਿਲਾਰਦੇ ਹਨ,+ਪਰ ਮੂਰਖ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ।+
8 ਦੁਸ਼ਟਾਂ ਦੇ ਬਲੀਦਾਨ ਤੋਂ ਯਹੋਵਾਹ ਨੂੰ ਘਿਣ ਹੈ,+ਪਰ ਨੇਕ ਇਨਸਾਨਾਂ ਦੀ ਪ੍ਰਾਰਥਨਾ ਤੋਂ ਉਹ ਖ਼ੁਸ਼ ਹੁੰਦਾ ਹੈ।+
9 ਦੁਸ਼ਟ ਦੇ ਰਾਹ ਤੋਂ ਯਹੋਵਾਹ ਘਿਰਣਾ ਕਰਦਾ ਹੈ,+ਪਰ ਉਹ ਨੇਕੀ ਨਾਲ ਚੱਲਣ ਵਾਲੇ ਨਾਲ ਪਿਆਰ ਕਰਦਾ ਹੈ।+
10 ਜਿਹੜਾ ਸਹੀ ਰਾਹ ਨੂੰ ਤਿਆਗ ਦਿੰਦਾ ਹੈ, ਉਸ ਨੂੰ ਅਨੁਸ਼ਾਸਨ ਬੁਰਾ* ਲੱਗਦਾ ਹੈ,+ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ, ਉਹ ਜਾਨ ਗੁਆ ਲਵੇਗਾ।+
11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+
ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+
12 ਮਖੌਲੀਆ ਆਪਣੇ ਤਾੜਨ* ਵਾਲੇ ਨੂੰ ਪਿਆਰ ਨਹੀਂ ਕਰਦਾ।+
ਉਹ ਬੁੱਧੀਮਾਨਾਂ ਤੋਂ ਸਲਾਹ ਨਹੀਂ ਲਵੇਗਾ।+
13 ਜੇ ਦਿਲ ਖ਼ੁਸ਼ ਹੋਵੇ, ਤਾਂ ਚਿਹਰਾ ਵੀ ਖਿੜਿਆ ਹੁੰਦਾ ਹੈ,ਪਰ ਦਿਲ ਦੀ ਉਦਾਸੀ ਮਨ ਨੂੰ ਕੁਚਲ ਦਿੰਦੀ ਹੈ।+
14 ਸਮਝ ਵਾਲਾ ਮਨ ਗਿਆਨ ਦੀ ਭਾਲ ਕਰਦਾ ਹੈ,+ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਖਾਂਦਾ ਹੈ।*+
15 ਦੁਖੀ ਇਨਸਾਨ ਦੇ ਸਾਰੇ ਦਿਨ ਬੁਰੇ ਹੁੰਦੇ ਹਨ,+ਪਰ ਖ਼ੁਸ਼ਦਿਲ* ਇਨਸਾਨ ਹਮੇਸ਼ਾ ਦਾਅਵਤਾਂ ਦਾ ਮਜ਼ਾ ਲੈਂਦਾ ਹੈ।+
16 ਬਹੁਤੀ ਧਨ-ਦੌਲਤ ਹੋਣ ਅਤੇ ਚਿੰਤਾ* ਵਿਚ ਡੁੱਬੇ ਰਹਿਣ ਨਾਲੋਂ ਚੰਗਾ ਹੈ+ਘੱਟ ਵਿਚ ਗੁਜ਼ਾਰਾ ਕਰਨਾ ਤੇ ਯਹੋਵਾਹ ਦਾ ਡਰ ਮੰਨਣਾ।+
17 ਜਿਸ ਘਰ ਵਿਚ ਵੈਰ ਹੋਵੇ, ਉੱਥੇ ਵਧੀਆ ਤੋਂ ਵਧੀਆ ਮੀਟ* ਖਾਣ ਨਾਲੋਂਉਸ ਘਰ ਵਿਚ ਸਾਗ-ਸਬਜ਼ੀ ਖਾਣੀ ਚੰਗੀ ਹੈ ਜਿੱਥੇ ਪਿਆਰ ਹੋਵੇ।+
18 ਗਰਮ ਸੁਭਾਅ ਦਾ ਆਦਮੀ ਬਖੇੜਾ ਖੜ੍ਹਾ ਕਰਦਾ ਹੈ,+ਪਰ ਕ੍ਰੋਧ ਕਰਨ ਵਿਚ ਧੀਮਾ ਇਨਸਾਨ ਝਗੜੇ ਨੂੰ ਸ਼ਾਂਤ ਕਰਦਾ ਹੈ।+
19 ਆਲਸੀ ਦਾ ਰਾਹ ਕੰਡਿਆਂ ਦੀ ਵਾੜ ਵਾਂਗ ਹੈ,+ਪਰ ਨੇਕ ਇਨਸਾਨਾਂ ਦਾ ਰਾਹ ਪੱਧਰੇ ਰਾਜਮਾਰਗ ਦੀ ਤਰ੍ਹਾਂ ਹੈ।+
20 ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਮੂਰਖ ਆਪਣੀ ਮਾਂ ਨੂੰ ਤੁੱਛ ਸਮਝਦਾ ਹੈ।+
21 ਜਿਸ ਨੂੰ ਅਕਲ ਦੀ ਘਾਟ* ਹੈ, ਉਹ ਮੂਰਖਤਾ ਤੋਂ ਖ਼ੁਸ਼ ਹੁੰਦਾ ਹੈ,+ਪਰ ਸੂਝ-ਬੂਝ ਵਾਲਾ ਆਦਮੀ ਸਿੱਧੇ ਰਾਹ ਚੱਲਦਾ ਹੈ।+
22 ਜੇ ਸਲਾਹ ਨਾ ਮਿਲੇ,* ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ,ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।+
23 ਇਨਸਾਨ ਸਹੀ ਜਵਾਬ ਦੇ ਕੇ* ਖ਼ੁਸ਼ ਹੁੰਦਾ ਹੈ+ਅਤੇ ਵੇਲੇ ਸਿਰ ਕਹੀ ਗੱਲ ਕਿੰਨੀ ਚੰਗੀ ਲੱਗਦੀ ਹੈ!+
24 ਜ਼ਿੰਦਗੀ ਦਾ ਰਾਹ ਸਮਝਦਾਰ ਨੂੰ ਉੱਪਰੋਂ-ਉੱਪਰੋਂ ਦੀ ਲੈ ਜਾਂਦਾ ਹੈ+ਤਾਂਕਿ ਉਹ ਹੇਠਾਂ ਕਬਰ* ਤੋਂ ਦੂਰ ਰਹੇ।+
25 ਯਹੋਵਾਹ ਘਮੰਡੀ ਦੇ ਘਰ ਨੂੰ ਢਾਹ ਦੇਵੇਗਾ,+ਪਰ ਵਿਧਵਾ ਦੀ ਜ਼ਮੀਨ ਦੇ ਬੰਨਿਆਂ ਦੀ ਰਾਖੀ ਕਰੇਗਾ।+
26 ਦੁਸ਼ਟ ਦੀਆਂ ਸਾਜ਼ਸ਼ਾਂ ਤੋਂ ਯਹੋਵਾਹ ਘਿਰਣਾ ਕਰਦਾ ਹੈ,+ਪਰ ਮਨਭਾਉਂਦੀਆਂ ਗੱਲਾਂ ਉਸ ਲਈ ਸ਼ੁੱਧ ਹਨ।+
27 ਬੇਈਮਾਨੀ ਨਾਲ ਮੁਨਾਫ਼ਾ ਕਮਾਉਣ ਵਾਲਾ ਆਪਣੇ ਹੀ ਘਰਾਣੇ ’ਤੇ ਮੁਸੀਬਤ* ਲਿਆਉਂਦਾ ਹੈ,+ਪਰ ਰਿਸ਼ਵਤ ਤੋਂ ਨਫ਼ਰਤ ਕਰਨ ਵਾਲਾ ਜੀਉਂਦਾ ਰਹੇਗਾ।+
28 ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ,*+ਪਰ ਦੁਸ਼ਟ ਦਾ ਮੂੰਹ ਬੁਰੀਆਂ ਗੱਲਾਂ ਉਗਲਦਾ ਹੈ।
29 ਦੁਸ਼ਟਾਂ ਕੋਲੋਂ ਯਹੋਵਾਹ ਕੋਹਾਂ ਦੂਰ ਹੈ,ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।+
30 ਚਮਕਦੀਆਂ ਅੱਖਾਂ* ਦਿਲ ਨੂੰ ਖ਼ੁਸ਼ ਕਰਦੀਆਂ ਹਨ;ਇਕ ਚੰਗੀ ਖ਼ਬਰ ਹੱਡੀਆਂ ਵਿਚ ਜਾਨ ਪਾ ਦਿੰਦੀ ਹੈ।*+
31 ਜਿਹੜਾ ਜ਼ਿੰਦਗੀ ਦੇਣ ਵਾਲੀ ਤਾੜਨਾ ਨੂੰ ਸੁਣਦਾ ਹੈ,ਉਹ ਬੁੱਧੀਮਾਨਾਂ ਵਿਚਕਾਰ ਵਾਸ ਕਰਦਾ ਹੈ।+
32 ਜਿਹੜਾ ਵੀ ਅਨੁਸ਼ਾਸਨ ਨੂੰ ਠੁਕਰਾਉਂਦਾ ਹੈ, ਉਹ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹੈ,+ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ, ਉਹ ਸਮਝ* ਹਾਸਲ ਕਰਦਾ ਹੈ।+
33 ਯਹੋਵਾਹ ਦਾ ਡਰ ਬੁੱਧ ਦੀ ਸਿਖਲਾਈ ਹੈ+ਅਤੇ ਮਹਿਮਾ ਤੋਂ ਪਹਿਲਾਂ ਨਿਮਰਤਾ ਹੁੰਦੀ ਹੈ।+
ਫੁਟਨੋਟ
^ ਜਾਂ, “ਦੁਖਦਾਈ।”
^ ਜਾਂ, “ਕੋਮਲ।”
^ ਜਾਂ, “ਚੰਗਾ ਕਰਨ ਵਾਲੀ ਜੀਭ।”
^ ਇਬ, “ਮਨ ਨੂੰ ਕੁਚਲ ਦਿੰਦੀ ਹੈ।”
^ ਜਾਂ, “ਝਿੜਕ।”
^ ਜਾਂ, “ਕਮਾਈ।”
^ ਜਾਂ, “ਕਠੋਰ।”
^ ਜਾਂ, “ਝਿੜਕਣ।”
^ ਜਾਂ, “ਦਾ ਪਿੱਛਾ ਕਰਦਾ ਹੈ।”
^ ਜਾਂ, “ਚੰਗੇ ਦਿਲ ਵਾਲਾ।”
^ ਜਾਂ, “ਉਲਝਣ।”
^ ਇਬ, “ਪਲ਼ਿਆ ਹੋਇਆ ਬਲਦ।”
^ ਇਬ, “ਦਿਲ ਵਿਚ ਕਮੀ।”
^ ਜਾਂ, “ਭੇਤ ਨਾ ਹੋਵੇ।”
^ ਇਬ, “ਆਪਣੇ ਮੂੰਹ ਦੇ ਉੱਤਰ ਤੋਂ।”
^ ਜਾਂ, “ਬਦਨਾਮੀ।”
^ ਜਾਂ, “ਧਿਆਨ ਨਾਲ ਸੋਚਦਾ ਹੈ ਕਿ ਕਿਵੇਂ ਜਵਾਬ ਦੇਣਾ ਹੈ; ਬੋਲਣ ਤੋਂ ਪਹਿਲਾਂ ਸੋਚਦਾ ਹੈ।”
^ ਜਾਂ, “ਖ਼ੁਸ਼ੀ ਵਾਲੀ ਤੱਕਣੀ।”
^ ਇਬ, “ਹੱਡੀਆਂ ਨੂੰ ਮੋਟਾ ਕਰ ਦਿੰਦੀ ਹੈ।”
^ ਇਬ, “ਮਨ।”