ਕਹਾਉਤਾਂ 18:1-24
18 ਜਿਹੜਾ ਆਪਣੇ ਆਪ ਨੂੰ ਵੱਖਰਾ ਕਰਦਾ ਹੈ, ਉਹ ਆਪਣੀਆਂ ਸੁਆਰਥੀ ਇੱਛਾਵਾਂ ਪਿੱਛੇ ਭੱਜਦਾ ਹੈ;ਉਹ ਹਰ ਤਰ੍ਹਾਂ ਦੀ ਬੁੱਧ ਨੂੰ ਠੁਕਰਾਉਂਦਾ ਹੈ।*
2 ਮੂਰਖ ਨੂੰ ਸਮਝ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ;ਉਸ ਨੂੰ ਤਾਂ ਬੱਸ ਆਪਣੇ ਮਨ ਦੀ ਗੱਲ ਦੱਸਣੀ ਪਸੰਦ ਹੈ।+
3 ਦੁਸ਼ਟ ਦੇ ਨਾਲ-ਨਾਲ ਅਪਮਾਨ ਵੀ ਆਉਂਦਾ ਹੈਅਤੇ ਨਿਰਾਦਰ ਦੇ ਨਾਲ-ਨਾਲ ਬਦਨਾਮੀ।+
4 ਆਦਮੀ ਦੇ ਮੂੰਹ ਦੀਆਂ ਗੱਲਾਂ ਡੂੰਘੇ ਪਾਣੀਆਂ ਵਾਂਗ ਹਨ।+
ਬੁੱਧ ਦਾ ਚਸ਼ਮਾ ਵਹਿੰਦੀ ਨਦੀ ਵਾਂਗ ਹੈ।
5 ਦੁਸ਼ਟ ਦਾ ਪੱਖ ਲੈਣਾ ਚੰਗੀ ਗੱਲ ਨਹੀਂ+ਅਤੇ ਨਾ ਹੀ ਧਰਮੀ ਨੂੰ ਨਿਆਂ ਤੋਂ ਵਾਂਝਾ ਰੱਖਣਾ।+
6 ਮੂਰਖ ਦੀਆਂ ਗੱਲਾਂ ਝਗੜਾ ਛੇੜਦੀਆਂ ਹਨ+ਅਤੇ ਉਸ ਦਾ ਮੂੰਹ ਮਾਰ-ਕੁੱਟ ਨੂੰ ਸੱਦਾ ਦਿੰਦਾ ਹੈ।+
7 ਮੂਰਖ ਦਾ ਮੂੰਹ ਉਸ ਦੀ ਬਰਬਾਦੀ ਹੈ+ਅਤੇ ਉਸ ਦੇ ਬੁੱਲ੍ਹ ਉਸ ਦੀ ਜਾਨ ਲਈ ਫੰਦਾ ਹਨ।
8 ਬਦਨਾਮ ਕਰਨ ਵਾਲੇ ਦੀਆਂ ਗੱਲਾਂ ਸੁਆਦ ਬੁਰਕੀਆਂ ਵਰਗੀਆਂ ਹਨ;*+ਉਹ ਸਿੱਧੀਆਂ ਢਿੱਡ ਵਿਚ ਚਲੀਆਂ ਜਾਂਦੀਆਂ ਹਨ।+
9 ਜਿਹੜਾ ਆਪਣੇ ਕੰਮ ਵਿਚ ਆਲਸੀ ਹੈ,ਉਹ ਤਬਾਹੀ ਲਿਆਉਣ ਵਾਲੇ ਦਾ ਭਰਾ ਹੈ।+
10 ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ।+
ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।*+
11 ਅਮੀਰ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ;ਇਹ ਉਸ ਨੂੰ ਇਕ ਸੁਰੱਖਿਅਤ ਕੰਧ ਵਾਂਗ ਲੱਗਦੀ ਹੈ।+
12 ਨਾਸ਼ ਤੋਂ ਪਹਿਲਾਂ ਆਦਮੀ ਦੇ ਮਨ ਵਿਚ ਘਮੰਡ ਹੁੰਦਾ ਹੈ+ਅਤੇ ਵਡਿਆਈ ਮਿਲਣ ਤੋਂ ਪਹਿਲਾਂ ਨਿਮਰਤਾ ਹੁੰਦੀ ਹੈ।+
13 ਸਾਰੀ ਗੱਲ ਸੁਣਨ ਤੋਂ ਪਹਿਲਾਂ ਜਿਹੜਾ ਜਵਾਬ ਦਿੰਦਾ ਹੈ,ਇਹ ਉਸ ਲਈ ਮੂਰਖਤਾ ਤੇ ਬੇਇੱਜ਼ਤੀ ਹੈ।+
14 ਇਨਸਾਨ ਦੀ ਹਿੰਮਤ ਉਸ ਨੂੰ ਬੀਮਾਰੀ ਵਿਚ ਸੰਭਾਲਦੀ ਹੈ,+ਪਰ ਕੁਚਲੇ ਹੋਏ ਮਨ* ਨੂੰ ਕੌਣ ਸਹਿ ਸਕਦਾ ਹੈ?+
15 ਸਮਝਦਾਰ ਦਾ ਮਨ ਗਿਆਨ ਹਾਸਲ ਕਰਦਾ ਹੈ+ਅਤੇ ਬੁੱਧੀਮਾਨਾਂ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।
16 ਇਨਸਾਨ ਦਾ ਤੋਹਫ਼ਾ ਉਸ ਲਈ ਰਾਹ ਖੋਲ੍ਹਦਾ ਹੈ;+ਇਹ ਉਸ ਨੂੰ ਵੱਡੇ-ਵੱਡੇ ਲੋਕਾਂ ਤਕ ਪਹੁੰਚਾਉਂਦਾ ਹੈ।
17 ਆਪਣੇ ਮੁਕੱਦਮੇ ਵਿਚ ਪਹਿਲਾਂ ਬੋਲਣ ਵਾਲਾ ਸਹੀ ਲੱਗਦਾ ਹੈ,+ਪਰ ਸਿਰਫ਼ ਉਦੋਂ ਤਕ ਜਦੋਂ ਤਕ ਦੂਜੀ ਧਿਰ ਆ ਕੇ ਉਸ ਤੋਂ ਪੁੱਛ-ਗਿੱਛ ਨਹੀਂ ਕਰਦੀ।*+
18 ਗੁਣੇ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ+ਅਤੇ ਕੱਟੜ ਵਿਰੋਧੀਆਂ ਵਿਚਕਾਰ ਫ਼ੈਸਲਾ ਕੀਤਾ ਜਾਂਦਾ ਹੈ।*
19 ਰੁੱਸੇ ਹੋਏ ਭਰਾ ਨੂੰ ਮਨਾਉਣਾ ਕਿਲੇਬੰਦ ਸ਼ਹਿਰ ਨੂੰ ਜਿੱਤਣ ਨਾਲੋਂ ਵੀ ਔਖਾ ਹੈ+ਅਤੇ ਝਗੜੇ ਕਿਲੇ ਦੇ ਹੋੜਿਆਂ ਵਰਗੇ ਹੁੰਦੇ ਹਨ।+
20 ਆਦਮੀ ਆਪਣੀਆਂ ਗੱਲਾਂ* ਦੇ ਫਲ ਨਾਲ ਢਿੱਡ ਭਰੇਗਾ;+ਉਹ ਆਪਣੇ ਬੁੱਲ੍ਹਾਂ ਦੀ ਪੈਦਾਵਾਰ ਨਾਲ ਰੱਜੇਗਾ।
21 ਮੌਤ ਤੇ ਜ਼ਿੰਦਗੀ ਜੀਭ ਦੇ ਵੱਸ ਵਿਚ ਹਨ;+ਜੋ ਇਸ ਨੂੰ ਵਰਤਣਾ ਪਸੰਦ ਕਰਦੇ ਹਨ, ਉਹ ਇਸ ਦਾ ਫਲ ਪਾਉਣਗੇ।+
22 ਜਿਸ ਨੂੰ ਚੰਗੀ ਪਤਨੀ ਮਿਲੀ, ਉਸ ਨੂੰ ਬਰਕਤ ਮਿਲੀ ਹੈ+ਅਤੇ ਉਹ ਯਹੋਵਾਹ ਦੀ ਮਿਹਰ* ਪਾਉਂਦਾ ਹੈ।+
23 ਗ਼ਰੀਬ ਆਦਮੀ ਬੋਲਦਿਆਂ ਤਰਲੇ ਕਰਦਾ ਹੈ,ਪਰ ਅਮੀਰ ਆਦਮੀ ਰੁੱਖਾ ਜਵਾਬ ਦਿੰਦਾ ਹੈ।
24 ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ,+ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।+
ਫੁਟਨੋਟ
^ ਜਾਂ, “ਤੁੱਛ ਸਮਝਦਾ ਹੈ।”
^ ਜਾਂ, “ਲਾਲਚ ਨਾਲ ਨਿਗਲ਼ੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਹਨ।”
^ ਇਬ, “ਉੱਚਾ ਕੀਤਾ ਜਾਂਦਾ ਹੈ,” ਯਾਨੀ ਪਹੁੰਚ ਤੋਂ ਬਾਹਰ, ਮਹਿਫੂਜ਼।
^ ਜਾਂ, “ਗਹਿਰੀ ਨਿਰਾਸ਼ਾ।”
^ ਜਾਂ, “ਉਸ ਨੂੰ ਪੂਰੀ ਤਰ੍ਹਾਂ ਜਾਂਚਦੀ ਨਹੀਂ।”
^ ਇਬ, “ਛੁਡਾਇਆ ਜਾਂਦਾ ਹੈ।”
^ ਇਬ, “ਮੂੰਹ।”
^ ਜਾਂ, “ਕਿਰਪਾ।”