ਕਹਾਉਤਾਂ 27:1-27

  • ਦੋਸਤ ਵੱਲੋਂ ਤਾੜਨਾ ਫ਼ਾਇਦੇਮੰਦ (5, 6)

  • ਮੇਰੇ ਪੁੱਤਰ, ਮੇਰੇ ਜੀਅ ਨੂੰ ਖ਼ੁਸ਼ ਕਰੀਂ (11)

  • ਲੋਹਾ ਲੋਹੇ ਨੂੰ ਤਿੱਖਾ ਕਰਦਾ (17)

  • ਆਪਣੇ ਇੱਜੜ ਨੂੰ ਜਾਣ (23)

  • ਧਨ-ਦੌਲਤ ਹਮੇਸ਼ਾ ਨਹੀਂ ਰਹਿੰਦੀ (24)

27  ਕੱਲ੍ਹ ਬਾਰੇ ਸ਼ੇਖ਼ੀਆਂ ਨਾ ਮਾਰਕਿਉਂਕਿ ਤੂੰ ਨਹੀਂ ਜਾਣਦਾ ਕਿ ਕੱਲ੍ਹ ਕੀ ਹੋਵੇਗਾ।*+   ਕੋਈ ਹੋਰ* ਤੇਰੀ ਤਾਰੀਫ਼ ਕਰੇ, ਨਾ ਕਿ ਤੇਰਾ ਆਪਣਾ ਮੂੰਹ;ਹਾਂ, ਦੂਸਰੇ* ਕਰਨ, ਨਾ ਕਿ ਤੇਰੇ ਆਪਣੇ ਬੁੱਲ੍ਹ।+   ਪੱਥਰ ਭਾਰਾ ਅਤੇ ਰੇਤ ਵਜ਼ਨਦਾਰ ਹੁੰਦੀ ਹੈ,ਪਰ ਮੂਰਖ ਵੱਲੋਂ ਖਿਝਾਇਆ ਜਾਣਾ ਦੋਹਾਂ ਨਾਲੋਂ ਭਾਰਾ ਹੈ।+   ਗੁੱਸਾ ਬੇਰਹਿਮ ਹੈ ਤੇ ਕ੍ਰੋਧ ਹੜ੍ਹ ਵਾਂਗ ਹੈ,ਪਰ ਈਰਖਾ ਸਾਮ੍ਹਣੇ ਕੌਣ ਖੜ੍ਹ ਸਕਦਾ ਹੈ?+   ਛਿਪੇ ਹੋਏ ਪਿਆਰ ਨਾਲੋਂ ਖੁੱਲ੍ਹ ਕੇ ਤਾੜਨਾ ਦੇਣੀ ਚੰਗੀ ਹੈ।+   ਦੋਸਤ ਦੇ ਦਿੱਤੇ ਜ਼ਖ਼ਮ ਵਫ਼ਾਦਾਰੀ ਦੇ ਹੁੰਦੇ ਹਨ,+ਪਰ ਦੁਸ਼ਮਣ ਦੇ ਚੁੰਮਣ ਢੇਰ ਸਾਰੇ* ਹੁੰਦੇ ਹਨ।   ਰੱਜਿਆ ਹੋਇਆ ਇਨਸਾਨ ਛੱਤੇ ਦਾ ਸ਼ਹਿਦ ਖਾਣ ਤੋਂ ਵੀ ਮਨ੍ਹਾ ਕਰ ਦਿੰਦਾ ਹੈ,*ਪਰ ਭੁੱਖੇ ਨੂੰ ਕੌੜੀ ਚੀਜ਼ ਵੀ ਮਿੱਠੀ ਲੱਗਦੀ ਹੈ।   ਜਿਹੜਾ ਆਦਮੀ ਆਪਣਾ ਘਰ ਛੱਡ ਕੇ ਭਟਕਦਾ ਫਿਰਦਾ ਹੈ,ਉਹ ਉਸ ਪੰਛੀ ਵਰਗਾ ਹੈ ਜਿਹੜਾ ਆਪਣੇ ਆਲ੍ਹਣੇ ਨੂੰ ਛੱਡ ਕੇ ਭਟਕਦਾ ਫਿਰਦਾ ਹੈ।*   ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ;ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।+ 10  ਆਪਣੇ ਦੋਸਤ ਜਾਂ ਆਪਣੇ ਪਿਤਾ ਦੇ ਦੋਸਤ ਨੂੰ ਨਾ ਤਿਆਗਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ;ਦੂਰ ਰਹਿੰਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।+ 11  ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ+ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।+ 12  ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ,+ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ* ਭੁਗਤਦਾ ਹੈ। 13  ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+ 14  ਜਿਹੜਾ ਤੜਕੇ-ਤੜਕੇ ਉੱਚੀ ਆਵਾਜ਼ ਵਿਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,ਉਸ ਦੇ ਲਈ ਇਹ ਸਰਾਪ ਹੀ ਗਿਣੀ ਜਾਵੇਗੀ। 15  ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਲਗਾਤਾਰ ਪੈਂਦੇ ਮੀਂਹ ਦੌਰਾਨ ਚੋਂਦੀ ਰਹਿੰਦੀ ਹੈ।+ 16  ਜਿਹੜਾ ਉਸ ਨੂੰ ਰੋਕ ਸਕਦਾ ਹੈ, ਉਹ ਹਵਾ ਨੂੰ ਰੋਕ ਸਕਦਾ ਹੈਅਤੇ ਆਪਣੀ ਸੱਜੀ ਮੁੱਠੀ ਵਿਚ ਤੇਲ ਨੂੰ ਘੁੱਟ ਕੇ ਫੜ ਸਕਦਾ ਹੈ। 17  ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ* ਨੂੰ ਤਿੱਖਾ ਕਰਦਾ ਹੈ।+ 18  ਅੰਜੀਰ ਦੇ ਦਰਖ਼ਤ ਦੀ ਦੇਖ-ਭਾਲ ਕਰਨ ਵਾਲਾ ਇਸ ਦਾ ਫਲ ਖਾਵੇਗਾ+ਅਤੇ ਆਪਣੇ ਮਾਲਕ ਦੀ ਦੇਖ-ਭਾਲ ਕਰਨ ਵਾਲੇ ਦਾ ਆਦਰ ਕੀਤਾ ਜਾਵੇਗਾ।+ 19  ਜਿਵੇਂ ਪਾਣੀ ਚਿਹਰੇ ਦਾ ਅਕਸ ਦਿਖਾਉਂਦਾ ਹੈ,ਉਸੇ ਤਰ੍ਹਾਂ ਇਕ ਇਨਸਾਨ ਦਾ ਦਿਲ ਦੂਸਰੇ ਦੇ ਦਿਲ ਦਾ ਅਕਸ ਦਿਖਾਉਂਦਾ ਹੈ। 20  ਕਬਰ ਅਤੇ ਵਿਨਾਸ਼ ਦੀ ਥਾਂ* ਕਦੇ ਨਹੀਂ ਰੱਜਦੀਆਂ,+ਨਾ ਹੀ ਇਨਸਾਨ ਦੀਆਂ ਅੱਖਾਂ ਕਦੇ ਸੰਤੁਸ਼ਟ ਹੁੰਦੀਆਂ ਹਨ। 21  ਚਾਂਦੀ ਲਈ ਕੁਠਾਲੀ* ਅਤੇ ਸੋਨੇ ਲਈ ਭੱਠੀ ਹੈ,+ਉਸੇ ਤਰ੍ਹਾਂ ਇਨਸਾਨ ਦੀ ਪਰਖ ਤਾਰੀਫ਼ ਨਾਲ ਹੁੰਦੀ ਹੈ। 22  ਭਾਵੇਂ ਤੂੰ ਮੂਰਖ ਨੂੰ ਘੋਟਣੇ ਨਾਲ ਕੁੱਟੇਂ,ਜਿਵੇਂ ਕੂੰਡੇ ਵਿਚ ਅਨਾਜ ਕੁੱਟਿਆ ਜਾਂਦਾ ਹੈ,ਫਿਰ ਵੀ ਉਸ ਦੀ ਮੂਰਖਤਾ ਉਸ ਤੋਂ ਦੂਰ ਨਹੀਂ ਹੋਵੇਗੀ। 23  ਤੈਨੂੰ ਆਪਣੇ ਇੱਜੜ ਦਾ ਹਾਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਆਪਣੀਆਂ ਭੇਡਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ*+ 24  ਕਿਉਂਕਿ ਧਨ-ਦੌਲਤ ਹਮੇਸ਼ਾ ਲਈ ਨਹੀਂ ਰਹਿੰਦੀ+ਅਤੇ ਨਾ ਹੀ ਤਾਜ ਪੀੜ੍ਹੀਓ-ਪੀੜ੍ਹੀ ਰਹਿੰਦਾ ਹੈ। 25  ਹਰਾ ਘਾਹ ਖ਼ਤਮ ਹੋ ਜਾਂਦਾ ਹੈ ਤੇ ਨਵਾਂ ਘਾਹ ਉੱਗ ਆਉਂਦਾ ਹੈਅਤੇ ਪਹਾੜਾਂ ਦੀ ਬਨਸਪਤੀ ਇਕੱਠੀ ਕਰ ਲਈ ਜਾਂਦੀ ਹੈ। 26  ਭੇਡੂਆਂ ਤੋਂ ਤੈਨੂੰ ਕੱਪੜੇ ਮਿਲਦੇ ਹਨਅਤੇ ਬੱਕਰੇ ਤੇਰੇ ਖੇਤ ਦੀ ਕੀਮਤ ਚੁਕਾਉਂਦੇ ਹਨ। 27  ਬੱਕਰੀ ਦਾ ਦੁੱਧ ਤੇਰੇ ਤੇ ਤੇਰੇ ਘਰਾਣੇ ਜੋਗਾ,ਨਾਲੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਕਾਫ਼ੀ ਹੋਵੇਗਾ।

ਫੁਟਨੋਟ

ਇਬ, ਕੱਲ੍ਹ ਕਿਸ ਚੀਜ਼ “ਨੂੰ ਜਨਮ ਦੇਵੇਗਾ।”
ਇਬ, “ਇਕ ਅਜਨਬੀ।”
ਇਬ, “ਪਰਦੇਸੀ।”
ਜਾਂ ਸੰਭਵ ਹੈ, “ਝੂਠੇ; ਦਿਖਾਵੇ ਦੇ।”
ਇਬ, “ਮਿੱਧ ਦਿੰਦਾ ਹੈ।”
ਜਾਂ, “ਭੱਜ ਜਾਂਦਾ ਹੈ।”
ਜਾਂ, “ਸਜ਼ਾ।”
ਜਾਂ, “ਕਿਸੇ ਪਰਦੇਸੀ।”
ਜਾਂ, “ਖਿਝਾਉਣ ਵਾਲੀ।”
ਇਬ, “ਆਪਣੇ ਦੋਸਤ ਦੇ ਚਿਹਰੇ।”
ਜਾਂ, “ਸ਼ੀਓਲ ਅਤੇ ਅਬਦੋਨ।” ਸ਼ਬਦਾਵਲੀ ਦੇਖੋ।
ਚਾਂਦੀ ਨੂੰ ਪਿਘਲਾਉਣ ਤੇ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਮਿੱਟੀ ਦਾ ਭਾਂਡਾ।
ਜਾਂ, “ਉੱਤੇ ਮਨ ਲਾ; ਵੱਲ ਧਿਆਨ ਦੇ।”