ਕਹਾਉਤਾਂ 28:1-28
28 ਦੁਸ਼ਟ ਨੱਠਦੇ ਹਨ ਭਾਵੇਂ ਉਨ੍ਹਾਂ ਦਾ ਕੋਈ ਪਿੱਛਾ ਵੀ ਨਾ ਕਰ ਰਿਹਾ ਹੋਵੇ,ਪਰ ਧਰਮੀ ਸ਼ੇਰ* ਵਾਂਗ ਨਿਡਰ ਰਹਿੰਦੇ ਹਨ।+
2 ਜੇ ਦੇਸ਼ ਵਿਚ ਗੁਨਾਹ ਹੁੰਦਾ ਰਹੇ,* ਤਾਂ ਇਕ ਹਾਕਮ ਆਵੇਗਾ, ਦੂਜਾ ਜਾਵੇਗਾ,+ਪਰ ਸੂਝ-ਬੂਝ ਵਾਲੇ ਅਤੇ ਗਿਆਨਵਾਨ ਆਦਮੀ ਦੀ ਮਦਦ ਨਾਲ ਹਾਕਮ* ਲੰਬੇ ਸਮੇਂ ਤਕ ਟਿਕਿਆ ਰਹੇਗਾ।+
3 ਜਿਹੜਾ ਗ਼ਰੀਬ ਆਦਮੀ ਦੁਖੀਏ ਨੂੰ ਠੱਗਦਾ ਹੈ,+ਉਹ ਅਜਿਹੇ ਮੀਂਹ ਵਰਗਾ ਹੈ ਜੋ ਸਾਰੇ ਅਨਾਜ ਨੂੰ ਰੋੜ੍ਹ ਕੇ ਲੈ ਜਾਂਦਾ ਹੈ।
4 ਜਿਹੜੇ ਕਾਇਦੇ-ਕਾਨੂੰਨ ਨੂੰ ਮੰਨਣਾ ਛੱਡ ਦਿੰਦੇ ਹਨ, ਉਹ ਦੁਸ਼ਟ ਦੀ ਤਾਰੀਫ਼ ਕਰਦੇ ਹਨ,ਪਰ ਕਾਇਦੇ-ਕਾਨੂੰਨ ਨੂੰ ਮੰਨਣ ਵਾਲੇ ਉਨ੍ਹਾਂ ’ਤੇ ਗੁੱਸੇ ਹੁੰਦੇ ਹਨ।+
5 ਬੁਰੇ ਆਦਮੀ ਨਿਆਂ ਨੂੰ ਸਮਝ ਨਹੀਂ ਸਕਦੇ,ਪਰ ਯਹੋਵਾਹ ਨੂੰ ਭਾਲਣ ਵਾਲੇ ਸਭ ਕੁਝ ਸਮਝ ਸਕਦੇ ਹਨ।+
6 ਖਰੇ ਰਾਹ ’ਤੇ ਚੱਲਣ ਵਾਲਾ ਗ਼ਰੀਬ,ਉਸ ਅਮੀਰ ਆਦਮੀ ਨਾਲੋਂ ਚੰਗਾ ਹੈ ਜਿਸ ਦੇ ਰਾਹ ਪੁੱਠੇ ਹਨ।+
7 ਸਮਝਦਾਰ ਪੁੱਤਰ ਕਾਇਦੇ-ਕਾਨੂੰਨ ਨੂੰ ਮੰਨਦਾ ਹੈ,ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਨੂੰ ਸ਼ਰਮਿੰਦਾ ਕਰਦਾ ਹੈ।+
8 ਜਿਹੜਾ ਵਿਆਜ ਅਤੇ ਮੁਨਾਫ਼ੇ ਨਾਲ ਆਪਣੀ ਧਨ-ਦੌਲਤ ਵਧਾਉਂਦਾ ਹੈ,+ਉਹ ਗ਼ਰੀਬ ’ਤੇ ਦਇਆ ਕਰਨ ਵਾਲੇ ਲਈ ਇਸ ਨੂੰ ਇਕੱਠਾ ਕਰਦਾ ਹੈ।+
9 ਜਿਹੜਾ ਕਾਨੂੰਨ ਵੱਲ ਕੰਨ ਲਾਉਣ ਤੋਂ ਇਨਕਾਰ ਕਰਦਾ ਹੈ,ਉਸ ਦੀ ਤਾਂ ਪ੍ਰਾਰਥਨਾ ਵੀ ਘਿਣਾਉਣੀ ਹੈ।+
10 ਨੇਕ ਇਨਸਾਨ ਨੂੰ ਬੁਰੇ ਰਾਹ ਪਾਉਣ ਵਾਲਾ ਆਪਣੇ ਹੀ ਪੁੱਟੇ ਟੋਏ ਵਿਚ ਡਿਗ ਪਵੇਗਾ,+ਪਰ ਨਿਰਦੋਸ਼ ਨੂੰ ਚੰਗੀ ਵਿਰਾਸਤ ਮਿਲੇਗੀ।+
11 ਅਮੀਰ ਆਦਮੀ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਹੁੰਦਾ ਹੈ,+ਪਰ ਸੂਝ-ਬੂਝ ਵਾਲਾ ਗ਼ਰੀਬ ਆਦਮੀ ਉਸ ਨੂੰ ਭਾਂਪ ਲੈਂਦਾ ਹੈ।+
12 ਜਦੋਂ ਧਰਮੀ ਜਿੱਤਦਾ ਹੈ, ਤਾਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ,ਪਰ ਜਦੋਂ ਦੁਸ਼ਟ ਸੱਤਾ ਵਿਚ ਆਉਂਦਾ ਹੈ, ਤਾਂ ਲੋਕ ਲੁਕਦੇ ਫਿਰਦੇ ਹਨ।+
13 ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ,+ਪਰ ਜਿਹੜਾ ਉਨ੍ਹਾਂ ਨੂੰ ਮੰਨ ਲੈਂਦਾ ਹੈ ਅਤੇ ਛੱਡ ਦਿੰਦਾ ਹੈ, ਉਸ ਉੱਤੇ ਰਹਿਮ ਕੀਤਾ ਜਾਵੇਗਾ।+
14 ਖ਼ੁਸ਼ ਹੈ ਉਹ ਇਨਸਾਨ ਜੋ ਹਮੇਸ਼ਾ ਚੁਕੰਨਾ ਰਹਿੰਦਾ ਹੈ,*ਪਰ ਆਪਣੇ ਦਿਲ ਨੂੰ ਕਠੋਰ ਕਰ ਲੈਣ ਵਾਲਾ ਬਿਪਤਾ ਵਿਚ ਪੈ ਜਾਵੇਗਾ।+
15 ਲਾਚਾਰ ਲੋਕਾਂ ਉੱਤੇ ਦੁਸ਼ਟ ਹਾਕਮ,ਦਹਾੜਨ ਵਾਲੇ ਸ਼ੇਰ ਅਤੇ ਹਮਲਾ ਕਰਨ ਵਾਲੇ ਰਿੱਛ ਵਰਗਾ ਹੈ।+
16 ਸੂਝ-ਬੂਝ ਤੋਂ ਕੰਮ ਨਾ ਲੈਣ ਵਾਲਾ ਆਗੂ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦਾ ਹੈ,+ਪਰ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲਾ ਆਪਣੀ ਉਮਰ ਲੰਬੀ ਕਰੇਗਾ।+
17 ਜੋ ਆਦਮੀ ਕਿਸੇ ਦੇ ਖ਼ੂਨ ਦਾ ਦੋਸ਼ੀ ਹੈ, ਉਹ ਇਹ ਬੋਝ ਚੁੱਕੀ ਕਬਰ* ਵਿਚ ਜਾਣ ਤਕ ਭੱਜਦਾ ਰਹੇਗਾ।+
ਕੋਈ ਵੀ ਉਸ ਦਾ ਸਾਥ ਨਾ ਦੇਵੇ।
18 ਬੇਦਾਗ਼ ਜ਼ਿੰਦਗੀ ਜੀਉਣ ਵਾਲੇ ਨੂੰ ਬਚਾਇਆ ਜਾਵੇਗਾ,+ਪਰ ਜਿਸ ਦੇ ਰਾਹ ਟੇਢੇ ਹਨ, ਉਹ ਅਚਾਨਕ ਡਿਗ ਪਵੇਗਾ।+
19 ਜਿਹੜਾ ਆਪਣੀ ਜ਼ਮੀਨ ਨੂੰ ਵਾਹੁੰਦਾ ਹੈ, ਉਸ ਕੋਲ ਭਰਪੂਰ ਖਾਣਾ ਹੋਵੇਗਾ,ਪਰ ਫ਼ਜ਼ੂਲ ਕੰਮਾਂ ਵਿਚ ਲੱਗੇ ਰਹਿਣ ਵਾਲੇ ਨੂੰ ਅੰਤਾਂ ਦੀ ਗ਼ਰੀਬੀ ਆ ਘੇਰੇਗੀ।+
20 ਵਫ਼ਾਦਾਰ ਆਦਮੀ ਢੇਰ ਸਾਰੀਆਂ ਬਰਕਤਾਂ ਪਾਵੇਗਾ,+ਪਰ ਜਿਹੜਾ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਹੈ, ਉਹ ਨਿਰਦੋਸ਼ ਨਹੀਂ ਰਹੇਗਾ।+
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ;+ਪਰ ਇਨਸਾਨ ਸ਼ਾਇਦ ਰੋਟੀ ਦੀ ਬੁਰਕੀ ਲਈ ਗ਼ਲਤ ਕੰਮ ਕਰ ਬੈਠੇ।
22 ਈਰਖਾਲੂ* ਆਦਮੀ ਧਨ-ਦੌਲਤ ਪਾਉਣ ਲਈ ਉਤਾਵਲਾ ਰਹਿੰਦਾ ਹੈ,ਪਰ ਉਸ ਨੂੰ ਇਹ ਨਹੀਂ ਪਤਾ ਕਿ ਗ਼ਰੀਬੀ ਉਸ ਨੂੰ ਆ ਘੇਰੇਗੀ।
23 ਜੋ ਕਿਸੇ ਨੂੰ ਤਾੜਦਾ ਹੈ,+ ਉਸ ਨੂੰ ਬਾਅਦ ਵਿਚ ਉਸ ਆਦਮੀ ਨਾਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ+ਜੋ ਆਪਣੀ ਜੀਭ ਨਾਲ ਚਾਪਲੂਸੀ ਕਰਦਾ ਹੈ।
24 ਜਿਹੜਾ ਆਪਣੇ ਮਾਤਾ-ਪਿਤਾ ਨੂੰ ਲੁੱਟ ਕੇ ਕਹਿੰਦਾ ਹੈ, “ਇਹ ਗ਼ਲਤ ਨਹੀਂ,”+ਉਹ ਤਬਾਹੀ ਲਿਆਉਣ ਵਾਲੇ ਆਦਮੀ ਦਾ ਸਾਥੀ ਹੈ।+
25 ਲਾਲਚੀ ਇਨਸਾਨ ਝਗੜਾ ਛੇੜਦਾ ਹੈ,ਪਰ ਯਹੋਵਾਹ ’ਤੇ ਭਰੋਸਾ ਰੱਖਣ ਵਾਲਾ ਵਧੇ-ਫੁੱਲੇਗਾ।*+
26 ਆਪਣੇ ਦਿਲ ’ਤੇ ਭਰੋਸਾ ਰੱਖਣ ਵਾਲਾ ਮੂਰਖ ਹੈ,+ਪਰ ਬੁੱਧੀਮਾਨੀ ਨਾਲ ਚੱਲਣ ਵਾਲਾ ਬਚ ਜਾਵੇਗਾ।+
27 ਜਿਹੜਾ ਗ਼ਰੀਬ ਨੂੰ ਦਿੰਦਾ ਹੈ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ,+ਪਰ ਜਿਹੜਾ ਉਨ੍ਹਾਂ ਤੋਂ ਅੱਖਾਂ ਮੀਚ ਲੈਂਦਾ ਹੈ, ਉਸ ਨੂੰ ਬਹੁਤ ਸਾਰੇ ਸਰਾਪ ਮਿਲਣਗੇ।
28 ਜਦੋਂ ਦੁਸ਼ਟ ਸੱਤਾ ਵਿਚ ਆਉਂਦੇ ਹਨ, ਤਾਂ ਆਦਮੀ ਆਪਣੇ ਆਪ ਨੂੰ ਲੁਕਾ ਲੈਂਦਾ ਹੈ,ਪਰ ਜਦੋਂ ਉਹ ਮਿਟ ਜਾਂਦੇ ਹਨ, ਤਾਂ ਧਰਮੀਆਂ ਦੀ ਗਿਣਤੀ ਵਧ ਜਾਂਦੀ ਹੈ।+
ਫੁਟਨੋਟ
^ ਜਾਂ, “ਜਵਾਨ ਸ਼ੇਰ।”
^ ਜਾਂ, “ਬਗਾਵਤ ਹੁੰਦੀ ਰਹੇ।”
^ ਇਬ, “ਉਹ।”
^ ਜਾਂ, “ਜੋ ਹਮੇਸ਼ਾ ਡਰ ਰੱਖਦਾ ਹੈ।”
^ ਜਾਂ, “ਟੋਏ।”
^ ਜਾਂ, “ਲਾਲਚੀ।”
^ ਇਬ, “ਮੋਟਾ ਕੀਤਾ ਜਾਵੇਗਾ।”