ਕਹਾਉਤਾਂ 31:1-31
31 ਰਾਜਾ ਲਮੂਏਲ ਦੀਆਂ ਗੱਲਾਂ, ਹਾਂ, ਉਹ ਗੰਭੀਰ ਸੰਦੇਸ਼ ਜੋ ਉਸ ਦੀ ਮਾਂ ਨੇ ਉਸ ਨੂੰ ਸਿੱਖਿਆ ਦੇਣ ਲਈ ਦਿੱਤਾ:+
2 ਹੇ ਮੇਰੇ ਪੁੱਤਰ, ਮੈਂ ਤੈਨੂੰ ਕੀ ਦੱਸਾਂ,ਮੇਰੀ ਕੁੱਖੋਂ ਜੰਮੇ ਹੇ ਮੇਰੇ ਪੁੱਤਰ, ਮੈਂ ਕੀ ਕਹਾਂ,ਮੇਰੀਆਂ ਸੁੱਖਣਾਂ ਦੇ ਪੁੱਤਰ,+ ਮੈਂ ਤੈਨੂੰ ਕੀ ਆਖਾਂ?
3 ਆਪਣੀ ਤਾਕਤ ਔਰਤਾਂ ’ਤੇ ਬਰਬਾਦ ਨਾ ਕਰੀਂ,+ਨਾ ਉਨ੍ਹਾਂ ਰਾਹਾਂ ’ਤੇ ਚੱਲੀਂ ਜੋ ਰਾਜਿਆਂ ਨੂੰ ਤਬਾਹ ਕਰਦੇ ਹਨ।+
4 ਹੇ ਲਮੂਏਲ, ਰਾਜਿਆਂ ਨੂੰ,ਹਾਂ, ਰਾਜਿਆਂ ਨੂੰ ਦਾਖਰਸ ਪੀਣਾ ਸ਼ੋਭਾ ਨਹੀਂ ਦਿੰਦਾਅਤੇ ਨਾ ਹੀ ਹਾਕਮਾਂ ਦਾ ਇਹ ਕਹਿਣਾ, “ਕਿੱਥੇ ਹੈ ਮੇਰਾ ਜਾਮ?”+
5 ਕਿਤੇ ਇਵੇਂ ਨਾ ਹੋਵੇ ਕਿ ਉਹ ਪੀ ਕੇ ਕਾਨੂੰਨ ਭੁੱਲ ਜਾਣਅਤੇ ਗ਼ਰੀਬਾਂ ਦੇ ਹੱਕ ਮਾਰ ਲੈਣ।
6 ਉਨ੍ਹਾਂ ਨੂੰ ਸ਼ਰਾਬ ਦੇ ਜੋ ਨਾਸ਼ ਹੋਣ ਵਾਲੇ ਹਨ+ਅਤੇ ਉਨ੍ਹਾਂ ਨੂੰ ਦਾਖਰਸ ਦੇ ਜੋ ਬੇਹੱਦ ਦੁਖੀ ਹਨ।*+
7 ਉਨ੍ਹਾਂ ਨੂੰ ਪੀਣ ਦੇ ਤਾਂਕਿ ਉਹ ਆਪਣੀ ਗ਼ਰੀਬੀ ਨੂੰ ਭੁੱਲ ਜਾਣ;ਉਨ੍ਹਾਂ ਨੂੰ ਆਪਣਾ ਦੁੱਖ ਯਾਦ ਨਾ ਆਵੇ।
8 ਜਿਹੜੇ ਬੋਲ ਨਹੀਂ ਸਕਦੇ, ਉਨ੍ਹਾਂ ਦੀ ਖ਼ਾਤਰ ਬੋਲੀਂ;ਜਿਹੜੇ ਨਾਸ਼ ਹੋਣ ਵਾਲੇ ਹਨ, ਉਨ੍ਹਾਂ ਸਾਰਿਆਂ ਦੇ ਹੱਕਾਂ ਦੀ ਰਾਖੀ ਕਰੀਂ।+
9 ਤੂੰ ਚੁੱਪ ਨਾ ਰਹੀਂ ਤੇ ਸਹੀ ਨਿਆਂ ਕਰੀਂ;ਤੂੰ ਦੁਖੀਏ ਤੇ ਗ਼ਰੀਬ ਦੇ ਹੱਕਾਂ ਲਈ ਲੜੀਂ।*+
א [ਅਲਫ਼]
10 ਗੁਣਵਾਨ* ਪਤਨੀ ਕਿਹਨੂੰ ਮਿਲਦੀ ਹੈ?+
ਉਹ ਮੂੰਗਿਆਂ* ਨਾਲੋਂ ਵੀ ਕਿਤੇ ਅਨਮੋਲ ਹੈ।
ב [ਬੇਥ]
11 ਉਸ ਦਾ ਪਤੀ ਦਿਲੋਂ ਉਸ ’ਤੇ ਭਰੋਸਾ ਕਰਦਾ ਹੈਅਤੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ।
ג [ਗਿਮਲ]
12 ਉਹ ਆਪਣੀ ਸਾਰੀ ਉਮਰਉਸ ਨਾਲ ਭਲਾਈ ਹੀ ਕਰਦੀ ਹੈ, ਬੁਰਾਈ ਨਹੀਂ।
ד [ਦਾਲਥ]
13 ਉਹ ਉੱਨ ਤੇ ਮਲਮਲ ਲੱਭ ਕੇ ਲਿਆਉਂਦੀ ਹੈ;ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਹੱਥੀਂ ਕੰਮ ਕਰਦੀ ਹੈ।+
ה [ਹੇ]
14 ਉਹ ਵਪਾਰੀ ਦੇ ਜਹਾਜ਼ਾਂ ਵਾਂਗ+ਦੂਰੋਂ-ਦੂਰੋਂ ਖਾਣਾ ਲੈ ਕੇ ਆਉਂਦੀ ਹੈ।
ו [ਵਾਉ]
15 ਨਾਲੇ ਉਹ ਮੂੰਹ-ਹਨੇਰੇ ਉੱਠਦੀ ਹੈ,ਆਪਣੇ ਘਰਾਣੇ ਨੂੰ ਖਾਣਾ ਦਿੰਦੀ ਹੈਅਤੇ ਉਸ ਦੀਆਂ ਦਾਸੀਆਂ ਦੇ ਹਿੱਸੇ ਜੋ ਆਉਂਦਾ ਹੈ, ਉਨ੍ਹਾਂ ਨੂੰ ਦਿੰਦੀ ਹੈ।+
ז [ਜ਼ਾਇਨ]
16 ਉਹ ਸੋਚ-ਵਿਚਾਰ ਕੇ ਖੇਤ ਖ਼ਰੀਦਦੀ ਹੈ;ਉਹ ਆਪਣੀ ਮਿਹਨਤ ਨਾਲ* ਅੰਗੂਰਾਂ ਦਾ ਬਾਗ਼ ਲਾਉਂਦੀ ਹੈ।
ח [ਹੇਥ]
17 ਉਹ ਸਖ਼ਤ ਮਿਹਨਤ ਲਈ ਖ਼ੁਦ ਨੂੰ ਤਿਆਰ ਕਰਦੀ ਹੈ*+ਅਤੇ ਆਪਣੀਆਂ ਬਾਹਾਂ ਨੂੰ ਤਕੜਾ ਕਰਦੀ ਹੈ।
ט [ਟੇਥ]
18 ਉਹ ਧਿਆਨ ਰੱਖਦੀ ਹੈ ਕਿ ਉਸ ਦਾ ਵਪਾਰ ਮੁਨਾਫ਼ੇ ਵਾਲਾ ਹੋਵੇ;ਰਾਤ ਨੂੰ ਵੀ ਉਸ ਦਾ ਦੀਵਾ ਬੁਝਦਾ ਨਹੀਂ।
י [ਯੋਧ]
19 ਉਸ ਦੇ ਹੱਥ ਅਟੇਰਨ ਨੂੰ ਫੜਦੇ ਹਨਅਤੇ ਤੱਕਲੇ* ਨੂੰ ਚਲਾਉਂਦੇ ਹਨ।+
כ [ਕਾਫ਼]
20 ਉਹ ਦੁਖੀਏ ਵੱਲ ਆਪਣਾ ਹੱਥ ਵਧਾਉਂਦੀ ਹੈਅਤੇ ਗ਼ਰੀਬ ਲਈ ਆਪਣਾ ਹੱਥ ਖੋਲ੍ਹਦੀ ਹੈ।+
ל [ਲਾਮਦ]
21 ਬਰਫ਼ਬਾਰੀ ਵੇਲੇ ਉਸ ਨੂੰ ਆਪਣੇ ਘਰਾਣੇ ਦੀ ਚਿੰਤਾ ਨਹੀਂ ਹੁੰਦੀਕਿਉਂਕਿ ਉਸ ਦੇ ਸਾਰੇ ਘਰਾਣੇ ਨੇ ਗਰਮ* ਕੱਪੜੇ ਪਾਏ ਹਨ।
מ [ਮੀਮ]
22 ਉਹ ਆਪਣੀਆਂ ਚਾਦਰਾਂ ਆਪ ਬਣਾਉਂਦੀ ਹੈ।
ਉਸ ਦੇ ਕੱਪੜੇ ਮਲਮਲ ਅਤੇ ਬੈਂਗਣੀ ਉੱਨ ਦੇ ਹਨ।
נ [ਨੂਣ]
23 ਉਸ ਦਾ ਪਤੀ ਸ਼ਹਿਰ ਦੇ ਦਰਵਾਜ਼ਿਆਂ ’ਤੇ ਮੰਨਿਆ-ਪ੍ਰਮੰਨਿਆ ਹੈ+ਜਿੱਥੇ ਉਹ ਦੇਸ਼ ਦੇ ਬਜ਼ੁਰਗਾਂ ਵਿਚ ਬੈਠਦਾ ਹੈ।
ס [ਸਾਮਕ]
24 ਉਹ ਮਲਮਲ ਦੇ ਕੱਪੜੇ* ਬਣਾ ਕੇ ਵੇਚਦੀ ਹੈਅਤੇ ਵਪਾਰੀਆਂ ਕੋਲ ਕਮਰਬੰਦ ਪਹੁੰਚਾਉਂਦੀ ਹੈ।
ע [ਆਇਨ]
25 ਤਾਕਤ ਅਤੇ ਮਾਣ ਉਸ ਦਾ ਲਿਬਾਸ ਹੈਅਤੇ ਉਹ ਭਵਿੱਖ ਬਾਰੇ ਸੋਚ ਕੇ ਡਰਦੀ ਨਹੀਂ।*
פ [ਪੇ]
26 ਉਹ ਬੁੱਧ ਨਾਲ ਮੂੰਹ ਖੋਲ੍ਹਦੀ ਹੈ;+ਦਇਆ ਦਾ ਕਾਨੂੰਨ* ਉਸ ਦੀ ਜ਼ਬਾਨ ਉੱਤੇ ਹੈ।
צ [ਸਾਦੇ]
27 ਉਹ ਆਪਣੇ ਘਰਾਣੇ ਦੇ ਕੰਮਾਂ ’ਤੇ ਨਿਗਾਹ ਰੱਖਦੀ ਹੈਅਤੇ ਉਹ ਆਲਸ ਦੀ ਰੋਟੀ ਨਹੀਂ ਖਾਂਦੀ।+
ק [ਕੋਫ਼]
28 ਉਸ ਦੇ ਬੱਚੇ ਖੜ੍ਹੇ ਹੋ ਕੇ ਉਸ ਨੂੰ ਧੰਨ-ਧੰਨ ਕਹਿੰਦੇ ਹਨ;ਉਸ ਦਾ ਪਤੀ ਖੜ੍ਹਾ ਹੋ ਕੇ ਉਸ ਦੀ ਤਾਰੀਫ਼ ਕਰਦਾ ਹੈ।
ר [ਰੇਸ਼]
29 ਗੁਣਵਾਨ* ਔਰਤਾਂ ਤਾਂ ਬਹੁਤ ਸਾਰੀਆਂ ਹਨ,ਪਰ ਤੂੰ ਉਨ੍ਹਾਂ ਸਾਰੀਆਂ ਨਾਲੋਂ ਵੱਧ ਕੇ ਹੈਂ।
ש [ਸ਼ੀਨ]
30 ਆਕਰਸ਼ਣ ਛਲ ਹੋ ਸਕਦਾ ਤੇ ਸੁੰਦਰਤਾ ਪਲ ਭਰ ਦੀ,*+ਪਰ ਯਹੋਵਾਹ ਦਾ ਡਰ ਮੰਨਣ ਵਾਲੀ ਔਰਤ ਦੀ ਤਾਰੀਫ਼ ਕੀਤੀ ਜਾਵੇਗੀ।+
ת [ਤਾਉ]
31 ਉਸ ਦੇ ਕੰਮਾਂ ਦਾ ਉਸ ਨੂੰ ਇਨਾਮ ਦੇ,*+ਸ਼ਹਿਰ ਦੇ ਦਰਵਾਜ਼ਿਆਂ ’ਤੇ ਉਸ ਦੇ ਕੰਮ ਉਸ ਦੀਆਂ ਸਿਫ਼ਤਾਂ ਕਰਨ।+
ਫੁਟਨੋਟ
^ ਜਾਂ, “ਜਿਨ੍ਹਾਂ ਦਾ ਮਨ ਕੌੜਾ ਹੈ।”
^ ਜਾਂ, “ਮੁਕੱਦਮਾ ਲੜੀਂ।”
^ ਜਾਂ, “ਉੱਤਮ।”
^ ਜਾਂ, “ਆਪਣੀ ਕਮਾਈ ਨਾਲ।” ਇਬ, “ਆਪਣੇ ਹੱਥਾਂ ਦੇ ਫਲ ਨਾਲ।”
^ ਇਬ, “ਤਾਕਤ ਨਾਲ ਆਪਣਾ ਲੱਕ ਬੰਨ੍ਹਦੀ ਹੈ।”
^ ਅਟੇਰਨ ਅਤੇ ਤੱਕਲਾ ਡੰਡੀਆਂ ਸਨ ਜਿਨ੍ਹਾਂ ਦੀ ਮਦਦ ਨਾਲ ਧਾਗਾ ਤੇ ਸੂਤ ਲਪੇਟਿਆ ਜਾਂ ਬਣਾਇਆ ਜਾਂਦਾ ਸੀ।
^ ਇਬ, “ਦੁਗਣੇ।”
^ ਜਾਂ, “ਅੰਦਰਲੇ ਕੱਪੜੇ।”
^ ਜਾਂ, “ਆਉਣ ਵਾਲੇ ਦਿਨ ਉੱਤੇ ਹੱਸਦੀ ਹੈ।”
^ ਜਾਂ, “ਪਿਆਰ ਭਰੀ ਹਿਦਾਇਤ; ਅਟੱਲ ਪਿਆਰ ਦਾ ਕਾਨੂੰਨ।”
^ ਜਾਂ, “ਉੱਤਮ।”
^ ਜਾਂ, “ਵਿਅਰਥ।”
^ ਇਬ, “ਉਸ ਦੇ ਹੱਥਾਂ ਦੇ ਫਲ ਵਿੱਚੋਂ ਉਸ ਨੂੰ ਦੇ।”