ਕੂਚ 15:1-27
15 ਉਸ ਵੇਲੇ ਮੂਸਾ ਅਤੇ ਇਜ਼ਰਾਈਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਇਆ:+
“ਮੈਂ ਯਹੋਵਾਹ ਲਈ ਗੀਤ ਗਾਵਾਂਗਾ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।+
ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।+
2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+
ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+
3 ਯਹੋਵਾਹ ਤਾਕਤਵਰ ਯੋਧਾ ਹੈ।+ ਯਹੋਵਾਹ ਉਸ ਦਾ ਨਾਂ ਹੈ।+
4 ਉਸ ਨੇ ਫ਼ਿਰਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ,+ਫ਼ਿਰਊਨ ਦੇ ਵੱਡੇ-ਵੱਡੇ ਸੂਰਮੇ ਲਾਲ ਸਮੁੰਦਰ ਵਿਚ ਡੁੱਬ ਗਏ ਹਨ।+
5 ਠਾਠਾਂ ਮਾਰਦੇ ਪਾਣੀਆਂ ਨੇ ਉਨ੍ਹਾਂ ਨੂੰ ਢਕ ਲਿਆ; ਉਹ ਪਾਣੀ ਦੀਆਂ ਗਹਿਰਾਈਆਂ ਵਿਚ ਪੱਥਰ ਵਾਂਗ ਡੁੱਬ ਗਏ।+
6 ਹੇ ਯਹੋਵਾਹ, ਤੇਰਾ ਸੱਜਾ ਹੱਥ ਸ਼ਕਤੀਸ਼ਾਲੀ ਹੈ;+ਹੇ ਯਹੋਵਾਹ, ਤੇਰਾ ਸੱਜਾ ਹੱਥ ਦੁਸ਼ਮਣ ਨੂੰ ਚਕਨਾਚੂਰ ਕਰ ਸਕਦਾ ਹੈ।
7 ਤੂੰ ਇੰਨਾ ਮਹਾਨ ਹੈਂ ਕਿ ਤੂੰ ਉਨ੍ਹਾਂ ਨੂੰ ਥੱਲੇ ਸੁੱਟ ਸਕਦਾ ਹੈਂ ਜੋ ਤੇਰੇ ਵਿਰੁੱਧ ਖੜ੍ਹੇ ਹੁੰਦੇ ਹਨ;+ਤੂੰ ਆਪਣੇ ਕ੍ਰੋਧ ਦੀ ਅੱਗ ਨਾਲ ਉਨ੍ਹਾਂ ਨੂੰ ਘਾਹ-ਫੂਸ ਵਾਂਗ ਭਸਮ ਕਰ ਦਿੰਦਾ ਹੈਂ।
8 ਤੇਰੀਆਂ ਨਾਸਾਂ ਦੇ ਇਕ ਸਾਹ ਨਾਲ ਪਾਣੀ ਜਮ੍ਹਾ ਹੋ ਗਏ;ਉਹ ਸ਼ਾਂਤ ਖੜ੍ਹੇ ਰਹੇ ਅਤੇ ਹੜ੍ਹ ਨੂੰ ਰੋਕੀ ਰੱਖਿਆ;ਠਾਠਾਂ ਮਾਰਦੇ ਪਾਣੀ ਸਮੁੰਦਰ ਦੇ ਵਿਚਕਾਰ ਜੰਮ ਗਏ।
9 ਦੁਸ਼ਮਣ ਨੇ ਕਿਹਾ: ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ! ਮੈਂ ਉਨ੍ਹਾਂ ਨੂੰ ਫੜ ਲਵਾਂਗਾ!
ਮੈਂ ਲੁੱਟ ਦਾ ਮਾਲ ਵੰਡਾਂਗਾ ਜਦ ਤਕ ਮੈਂ ਸੰਤੁਸ਼ਟ ਨਹੀਂ ਹੋ ਜਾਂਦਾ!
ਮੈਂ ਆਪਣੀ ਤਲਵਾਰ ਕੱਢਾਂਗਾ! ਮੇਰਾ ਹੱਥ ਉਨ੍ਹਾਂ ਨੂੰ ਹਰਾਵੇਗਾ!’+
10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।
11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+
ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+
ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+
12 ਤੂੰ ਆਪਣਾ ਸੱਜਾ ਹੱਥ ਪਸਾਰਿਆ ਅਤੇ ਧਰਤੀ ਨੇ ਉਨ੍ਹਾਂ ਨੂੰ ਨਿਗਲ਼ ਲਿਆ।+
13 ਤੂੰ ਅਟੱਲ ਪਿਆਰ ਨਾਲ ਆਪਣੀ ਪਰਜਾ ਦੀ ਅਗਵਾਈ ਕੀਤੀ ਜਿਸ ਨੂੰ ਤੂੰ ਛੁਡਾਇਆ ਸੀ;+ਤੂੰ ਆਪਣੀ ਤਾਕਤ ਨਾਲ ਉਨ੍ਹਾਂ ਨੂੰ ਆਪਣੇ ਪਵਿੱਤਰ ਨਿਵਾਸ-ਸਥਾਨ ਲੈ ਜਾਵੇਂਗਾ।
14 ਦੇਸ਼-ਦੇਸ਼ ਦੇ ਲੋਕ ਸੁਣ+ ਕੇ ਕੰਬ ਜਾਣਗੇ;ਫਲਿਸਤ ਦੇ ਵਾਸੀਆਂ ’ਤੇ ਦਹਿਸ਼ਤ ਛਾ ਜਾਵੇਗੀ।*
15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+
ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+
16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+
ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+
17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ।
18 ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜ ਕਰੇਗਾ।+
19 ਜਦੋਂ ਫ਼ਿਰਊਨ ਦੇ ਘੋੜੇ, ਲੜਾਈ ਦੇ ਰਥ ਅਤੇ ਘੋੜਸਵਾਰ ਸਮੁੰਦਰ ਵਿਚ ਗਏ,+ਤਾਂ ਯਹੋਵਾਹ ਨੇ ਸਮੁੰਦਰ ਦੇ ਪਾਣੀਆਂ ਨਾਲ ਉਨ੍ਹਾਂ ਨੂੰ ਢਕ ਦਿੱਤਾ,+ਪਰ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਥਾਣੀਂ ਲੰਘ ਗਏ।”+
20 ਫਿਰ ਹਾਰੂਨ ਦੀ ਭੈਣ ਮਿਰੀਅਮ ਜੋ ਨਬੀਆ ਸੀ, ਨੇ ਹੱਥ ਵਿਚ ਡਫਲੀ ਲਈ ਅਤੇ ਸਾਰੀਆਂ ਔਰਤਾਂ ਵੀ ਡਫਲੀਆਂ ਲੈ ਕੇ ਉਸ ਦੇ ਪਿੱਛੇ-ਪਿੱਛੇ ਨੱਚਦੀਆਂ ਆਈਆਂ।
21 ਮਿਰੀਅਮ ਨੇ ਆਦਮੀਆਂ ਦੇ ਗੀਤ ਦਾ ਜਵਾਬ ਦਿੰਦੇ ਹੋਏ ਗਾਇਆ:
“ਯਹੋਵਾਹ ਲਈ ਗੀਤ ਗਾਓ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।+
ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।”+
22 ਬਾਅਦ ਵਿਚ ਮੂਸਾ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਲਾਲ ਸਮੁੰਦਰ ਤੋਂ ਤੁਰ ਪਿਆ ਅਤੇ ਉਹ ਸ਼ੂਰ ਦੀ ਉਜਾੜ ਵਿਚ ਆਏ ਅਤੇ ਉਹ ਉਜਾੜ ਵਿਚ ਤਿੰਨ ਦਿਨ ਸਫ਼ਰ ਕਰਦੇ ਰਹੇ, ਪਰ ਉਨ੍ਹਾਂ ਨੂੰ ਕਿਤੇ ਪਾਣੀ ਨਾ ਮਿਲਿਆ।
23 ਉਹ ਮਾਰਾਹ*+ ਆਏ, ਪਰ ਮਾਰਾਹ ਦਾ ਪਾਣੀ ਕੌੜਾ ਹੋਣ ਕਰਕੇ ਉਹ ਪੀ ਨਾ ਸਕੇ। ਇਸ ਲਈ ਉਸ ਨੇ ਇਸ ਜਗ੍ਹਾ ਦਾ ਨਾਂ ਮਾਰਾਹ ਰੱਖਿਆ।
24 ਇਸ ਕਰਕੇ ਲੋਕ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ:+ “ਹੁਣ ਅਸੀਂ ਕੀ ਪੀਵਾਂਗੇ?”
25 ਉਹ ਯਹੋਵਾਹ ਅੱਗੇ ਗਿੜਗਿੜਾਇਆ+ ਅਤੇ ਯਹੋਵਾਹ ਨੇ ਉਸ ਨੂੰ ਇਕ ਦਰਖ਼ਤ ਦਿਖਾਇਆ। ਉਸ ਨੇ ਉਹ ਦਰਖ਼ਤ ਪਾਣੀ ਵਿਚ ਸੁੱਟਿਆ ਅਤੇ ਪਾਣੀ ਮਿੱਠਾ ਹੋ ਗਿਆ।
ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਨਿਯਮ ਦਿੱਤਾ ਅਤੇ ਇਸ ਘਟਨਾ ਨੂੰ ਇਕ ਮਿਸਾਲ ਦੇ ਤੌਰ ਤੇ ਠਹਿਰਾਇਆ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪਰਮੇਸ਼ੁਰ ਨੇ ਕਿਵੇਂ ਨਿਆਂ ਕਰਨਾ ਹੈ। ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਰਖਿਆ ਸੀ ਕਿ ਉਹ ਉਸ ਦਾ ਕਹਿਣਾ ਮੰਨਣਗੇ ਜਾਂ ਨਹੀਂ।+
26 ਉਸ ਨੇ ਕਿਹਾ: “ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋਗੇ ਅਤੇ ਉਹੀ ਕਰੋਗੇ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ ਅਤੇ ਉਸ ਦੇ ਹੁਕਮਾਂ ਵੱਲ ਧਿਆਨ ਦਿਓਗੇ ਅਤੇ ਉਸ ਦੇ ਸਾਰੇ ਨਿਯਮ ਮੰਨੋਗੇ,+ ਤਾਂ ਮੈਂ ਮਿਸਰੀਆਂ ਨੂੰ ਜਿਹੜੀਆਂ ਬੀਮਾਰੀਆਂ ਲਾਈਆਂ ਸਨ, ਉਹ ਬੀਮਾਰੀਆਂ ਤੁਹਾਨੂੰ ਨਹੀਂ ਲਾਵਾਂਗਾ+ ਕਿਉਂਕਿ ਮੈਂ ਯਹੋਵਾਹ ਤੁਹਾਨੂੰ ਠੀਕ ਕਰ ਰਿਹਾ ਹਾਂ।”+
27 ਬਾਅਦ ਵਿਚ ਉਹ ਏਲੀਮ ਆਏ ਜਿੱਥੇ ਪਾਣੀ ਦੇ 12 ਚਸ਼ਮੇ ਅਤੇ ਖਜੂਰ ਦੇ 70 ਦਰਖ਼ਤ ਸਨ। ਇਸ ਲਈ ਉਨ੍ਹਾਂ ਨੇ ਪਾਣੀ ਕੋਲ ਡੇਰੇ ਲਾਏ।
ਫੁਟਨੋਟ
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਇਬ, “ਨੂੰ ਜਣਨ-ਪੀੜਾਂ ਲੱਗਣਗੀਆਂ।”
^ ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
^ ਜਾਂ, “ਅਤਿਆਚਾਰੀ ਹਾਕਮ।”
^ ਇਬ, “ਬੀਜੇਂਗਾ।”
^ ਮਤਲਬ “ਕੁੜੱਤਣ।”