ਕੂਚ 20:1-26
20 ਫਿਰ ਪਰਮੇਸ਼ੁਰ ਨੇ ਇਹ ਸਾਰੇ ਹੁਕਮ ਦਿੰਦੇ ਹੋਏ ਕਿਹਾ:+
2 “ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+
3 ਮੇਰੇ ਤੋਂ ਇਲਾਵਾ ਤੇਰਾ ਕੋਈ ਹੋਰ ਈਸ਼ਵਰ ਨਾ ਹੋਵੇ।*+
4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+
5 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ।
6 ਪਰ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਮੈਂ ਅਟੱਲ ਪਿਆਰ ਕਰਦਾ ਹਾਂ।+
7 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਨਾ ਕਰ*+ ਕਿਉਂਕਿ ਜਿਹੜਾ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਕਰਦਾ ਹੈ, ਉਹ ਉਸ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਦਾ।+
8 “ਤੂੰ ਸਬਤ ਦਾ ਦਿਨ ਮਨਾਉਣਾ ਨਾ ਭੁੱਲ ਤਾਂਕਿ ਇਹ ਪਵਿੱਤਰ ਰਹੇ।+
9 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+
10 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ। ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ।+
11 ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼, ਧਰਤੀ, ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਹ ਆਰਾਮ ਕਰਨ ਲੱਗਾ।+ ਇਸੇ ਕਰਕੇ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ।
12 “ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ+ ਤਾਂਕਿ ਉਸ ਦੇਸ਼ ਵਿਚ ਤੇਰੀ ਉਮਰ ਲੰਬੀ ਹੋਵੇ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਵੇਗਾ।+
13 “ਤੂੰ ਖ਼ੂਨ ਨਾ ਕਰ।+
14 “ਤੂੰ ਹਰਾਮਕਾਰੀ ਨਾ ਕਰ।+
15 “ਤੂੰ ਚੋਰੀ ਨਾ ਕਰ।+
16 “ਤੂੰ ਆਪਣੇ ਗੁਆਂਢੀ ਦੇ ਖ਼ਿਲਾਫ਼ ਝੂਠੀ ਗਵਾਹੀ ਨਾ ਦੇ।+
17 “ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ ਅਤੇ ਨਾ ਹੀ ਆਪਣੇ ਗੁਆਂਢੀ ਦੀ ਪਤਨੀ, ਨਾ ਹੀ ਉਸ ਦੇ ਦਾਸ, ਨਾ ਹੀ ਉਸ ਦੀ ਦਾਸੀ, ਨਾ ਹੀ ਉਸ ਦੇ ਬਲਦ, ਨਾ ਹੀ ਉਸ ਦੇ ਗਧੇ ਤੇ ਨਾ ਹੀ ਉਸ ਦੀ ਕਿਸੇ ਵੀ ਚੀਜ਼ ਦਾ ਲਾਲਚ ਕਰ।”+
18 ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਤੇ ਨਰਸਿੰਗੇ ਦੀ ਆਵਾਜ਼ ਸੁਣੀ ਅਤੇ ਬਿਜਲੀ ਲਿਸ਼ਕਦੀ ਦੇਖੀ ਅਤੇ ਪਹਾੜ ਤੋਂ ਧੂੰਆਂ ਉੱਠਦਾ ਦੇਖਿਆ। ਇਹ ਸਭ ਕੁਝ ਦੇਖ ਕੇ ਉਹ ਡਰ ਨਾਲ ਥਰ-ਥਰ ਕੰਬਣ ਲੱਗੇ ਅਤੇ ਦੂਰ ਹੀ ਖੜ੍ਹੇ ਰਹੇ।+
19 ਇਸ ਲਈ ਉਨ੍ਹਾਂ ਨੇ ਮੂਸਾ ਨੂੰ ਕਿਹਾ: “ਤੂੰ ਹੀ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਜੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ, ਤਾਂ ਸਾਨੂੰ ਡਰ ਹੈ ਕਿ ਕਿਤੇ ਅਸੀਂ ਮਰ ਨਾ ਜਾਈਏ।”+
20 ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ ਕਿਉਂਕਿ ਸੱਚਾ ਪਰਮੇਸ਼ੁਰ ਤੁਹਾਨੂੰ ਪਰਖਣ ਆਇਆ ਹੈ+ ਤਾਂਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ ਅਤੇ ਪਾਪ ਨਾ ਕਰੋ।”+
21 ਅਤੇ ਲੋਕ ਦੂਰ ਹੀ ਖੜ੍ਹੇ ਰਹੇ, ਪਰ ਮੂਸਾ ਕਾਲੇ ਬੱਦਲ ਕੋਲ ਗਿਆ ਜਿੱਥੇ ਸੱਚਾ ਪਰਮੇਸ਼ੁਰ ਸੀ।+
22 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਜ਼ਰਾਈਲੀਆਂ ਨੂੰ ਇਹ ਕਹਿ, ‘ਤੁਸੀਂ ਆਪਣੀ ਅੱਖੀਂ ਦੇਖਿਆ ਹੈ ਕਿ ਮੈਂ ਸਵਰਗੋਂ ਤੁਹਾਡੇ ਨਾਲ ਗੱਲ ਕੀਤੀ।+
23 ਤੁਸੀਂ ਮੇਰੇ ਤੋਂ ਸਿਵਾਇ ਕਿਸੇ ਹੋਰ ਦੀ ਭਗਤੀ ਨਾ ਕਰਿਓ ਤੇ ਨਾ ਹੀ ਆਪਣੇ ਲਈ ਦੇਵੀ-ਦੇਵਤਿਆਂ ਦੀਆਂ ਸੋਨੇ-ਚਾਂਦੀ ਦੀਆਂ ਮੂਰਤੀਆਂ ਬਣਾਇਓ।+
24 ਤੁਸੀਂ ਮੇਰੇ ਲਈ ਮਿੱਟੀ ਦੀ ਇਕ ਵੇਦੀ ਬਣਾਇਓ ਅਤੇ ਉਸ ਉੱਤੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੇ ਤੌਰ ਤੇ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਚੜ੍ਹਾਇਓ। ਮੈਂ ਜਿਹੜੀ ਵੀ ਜਗ੍ਹਾ ਚੁਣਾਂਗਾ ਜਿੱਥੇ ਮੇਰਾ ਨਾਂ ਲਿਆ ਜਾਵੇਗਾ,+ ਮੈਂ ਉੱਥੇ ਆਵਾਂਗਾ ਅਤੇ ਤੁਹਾਨੂੰ ਬਰਕਤ ਦਿਆਂਗਾ।
25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਵੇਦੀ ਬਣਾਈ, ਤਾਂ ਤੁਸੀਂ ਔਜ਼ਾਰਾਂ ਨਾਲ ਘੜੇ ਪੱਥਰ ਨਾ ਵਰਤਿਓ।+ ਜੇ ਤੁਸੀਂ ਪੱਥਰਾਂ ਉੱਤੇ ਛੈਣੀ ਚਲਾਈ, ਤਾਂ ਵੇਦੀ ਭ੍ਰਿਸ਼ਟ ਹੋ ਜਾਵੇਗੀ।
26 ਤੁਸੀਂ ਵੇਦੀ ’ਤੇ ਚੜ੍ਹਨ ਲਈ ਪੌੜੀਆਂ ਨਾ ਬਣਾਇਓ ਤਾਂਕਿ ਉੱਪਰ ਚੜ੍ਹਨ ਵੇਲੇ ਤੁਹਾਡਾ ਨੰਗੇਜ਼* ਨਾ ਦਿਖਾਈ ਦੇਵੇ।’
ਫੁਟਨੋਟ
^ ਜਾਂ, “ਤੁਸੀਂ ਮੇਰੇ ਵਿਰੁੱਧ ਜਾ ਕੇ ਕਿਸੇ ਹੋਰ ਨੂੰ ਆਪਣਾ ਈਸ਼ਵਰ ਨਾ ਬਣਾਇਓ।”
^ ਜਾਂ, “ਵਿਅਰਥ ਨਾ ਲੈ।”
^ ਇਬ, “ਦਰਵਾਜ਼ਿਆਂ।”
^ ਜਾਂ, “ਗੁਪਤ ਅੰਗ।”