ਕੂਚ 24:1-18

  • ਲੋਕ ਇਕਰਾਰ ਮੁਤਾਬਕ ਚੱਲਣ ਲਈ ਸਹਿਮਤ (1-11)

  • ਮੂਸਾ ਸੀਨਈ ਪਹਾੜ ’ਤੇ (12-18)

24  ਫਿਰ ਉਸ ਨੇ ਮੂਸਾ ਨੂੰ ਕਿਹਾ: “ਤੂੰ, ਹਾਰੂਨ, ਨਾਦਾਬ, ਅਬੀਹੂ+ ਅਤੇ ਇਜ਼ਰਾਈਲ ਦੇ 70 ਬਜ਼ੁਰਗ ਯਹੋਵਾਹ ਕੋਲ ਉੱਪਰ ਜਾਓ। ਪਰ ਤੁਸੀਂ ਦੂਰੋਂ ਹੀ ਸਿਰ ਨਿਵਾਉਣਾ।  ਮੂਸਾ ਇਕੱਲਾ ਹੀ ਯਹੋਵਾਹ ਕੋਲ ਜਾਵੇ, ਪਰ ਦੂਸਰੇ ਉਸ ਕੋਲ ਨਾ ਜਾਣ। ਲੋਕਾਂ ਵਿੱਚੋਂ ਕੋਈ ਵੀ ਮੂਸਾ ਨਾਲ ਨਾ ਜਾਵੇ।”+  ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+  ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ।+ ਫਿਰ ਉਹ ਸਵੇਰੇ-ਸਵੇਰੇ ਉੱਠਿਆ ਅਤੇ ਪਹਾੜ ਦੇ ਥੱਲੇ ਇਕ ਵੇਦੀ ਬਣਾਈ ਅਤੇ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਯਾਦਗਾਰ ਦੇ ਤੌਰ ਤੇ ਪੱਥਰਾਂ ਦੇ 12 ਥੰਮ੍ਹ ਬਣਾਏ।  ਉਸ ਤੋਂ ਬਾਅਦ ਉਸ ਨੇ ਇਜ਼ਰਾਈਲ ਦੇ ਕੁਝ ਨੌਜਵਾਨ ਆਦਮੀਆਂ ਨੂੰ ਘੱਲਿਆ ਅਤੇ ਉਨ੍ਹਾਂ ਨੇ ਯਹੋਵਾਹ ਸਾਮ੍ਹਣੇ ਹੋਮ-ਬਲ਼ੀਆਂ ਚੜ੍ਹਾਈਆਂ ਅਤੇ ਸ਼ਾਂਤੀ-ਬਲ਼ੀਆਂ+ ਲਈ ਬਲਦ ਚੜ੍ਹਾਏ।  ਫਿਰ ਮੂਸਾ ਨੇ ਅੱਧਾ ਖ਼ੂਨ ਕਟੋਰਿਆਂ ਵਿਚ ਪਾਇਆ ਅਤੇ ਅੱਧਾ ਖ਼ੂਨ ਵੇਦੀ ਉੱਤੇ ਛਿੜਕ ਦਿੱਤਾ।  ਫਿਰ ਉਸ ਨੇ ਇਕਰਾਰ ਦੀ ਕਿਤਾਬ ਲਈ ਅਤੇ ਉਸ ਨੂੰ ਲੋਕਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹਿਆ।+ ਉਨ੍ਹਾਂ ਨੇ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ ਅਤੇ ਉਸ ਦਾ ਕਹਿਣਾ ਮੰਨਾਂਗੇ।”+  ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+  ਫਿਰ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉੱਪਰ ਗਏ, 10  ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਦੇਖਿਆ।+ ਉਸ ਦੇ ਪੈਰਾਂ ਥੱਲੇ ਨੀਲਮ ਪੱਥਰ ਵਰਗਾ ਫ਼ਰਸ਼ ਸੀ ਜੋ ਆਕਾਸ਼ ਵਾਂਗ ਬਿਲਕੁਲ ਸਾਫ਼ ਸੀ।+ 11  ਪਰਮੇਸ਼ੁਰ ਨੇ ਇਜ਼ਰਾਈਲ ਦੇ ਉਨ੍ਹਾਂ ਮੰਨੇ-ਪ੍ਰਮੰਨੇ ਆਦਮੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ+ ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਦਰਸ਼ਣ ਦੇਖਿਆ ਅਤੇ ਖਾਧਾ-ਪੀਤਾ। 12  ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਕੋਲ ਉੱਪਰ ਪਹਾੜ ’ਤੇ ਆ ਅਤੇ ਉੱਥੇ ਰਹਿ। ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦਿਆਂਗਾ ਜਿਨ੍ਹਾਂ ’ਤੇ ਮੈਂ ਕਾਨੂੰਨ ਅਤੇ ਹੁਕਮ ਲਿਖਾਂਗਾ ਤਾਂਕਿ ਲੋਕ ਇਨ੍ਹਾਂ ਨੂੰ ਸਿੱਖਣ।”+ 13  ਇਸ ਲਈ ਮੂਸਾ ਅਤੇ ਉਸ ਦਾ ਸੇਵਾਦਾਰ ਯਹੋਸ਼ੁਆ ਉੱਠੇ+ ਅਤੇ ਮੂਸਾ ਸੱਚੇ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ।+ 14  ਪਰ ਉਸ ਨੇ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਇੱਥੇ ਹੀ ਸਾਡਾ ਇੰਤਜ਼ਾਰ ਕਰੋ ਜਦੋਂ ਤਕ ਅਸੀਂ ਤੁਹਾਡੇ ਕੋਲ ਵਾਪਸ ਨਹੀਂ ਮੁੜ ਆਉਂਦੇ।+ ਹਾਰੂਨ ਅਤੇ ਹੂਰ+ ਤੁਹਾਡੇ ਨਾਲ ਰਹਿਣਗੇ। ਜੇ ਕਿਸੇ ਦਾ ਕੋਈ ਕਾਨੂੰਨੀ ਮਸਲਾ ਹੋਵੇ, ਤਾਂ ਉਹ ਇਨ੍ਹਾਂ ਕੋਲ ਆਵੇ।”+ 15  ਫਿਰ ਮੂਸਾ ਬੱਦਲ ਨਾਲ ਢਕੇ ਹੋਏ ਪਹਾੜ ’ਤੇ ਗਿਆ।+ 16  ਯਹੋਵਾਹ ਦੀ ਮਹਿਮਾ+ ਸੀਨਈ ਪਹਾੜ+ ਉੱਤੇ ਛਾਈ ਰਹੀ ਅਤੇ ਬੱਦਲ ਨੇ ਪਹਾੜ ਨੂੰ ਛੇ ਦਿਨ ਢਕੀ ਰੱਖਿਆ। ਸੱਤਵੇਂ ਦਿਨ ਪਰਮੇਸ਼ੁਰ ਨੇ ਬੱਦਲ ਵਿੱਚੋਂ ਦੀ ਮੂਸਾ ਨਾਲ ਗੱਲ ਕੀਤੀ। 17  ਜੋ ਇਜ਼ਰਾਈਲੀ ਪਹਾੜ ਵੱਲ ਦੇਖ ਰਹੇ ਸਨ, ਉਨ੍ਹਾਂ ਨੇ ਪਹਾੜ ਦੀ ਚੋਟੀ ’ਤੇ ਯਹੋਵਾਹ ਦੀ ਮਹਿਮਾ ਦੇਖੀ ਜੋ ਭਸਮ ਕਰ ਦੇਣ ਵਾਲੀ ਅੱਗ ਵਰਗੀ ਲੱਗਦੀ ਸੀ। 18  ਮੂਸਾ ਬੱਦਲ ਵਿਚ ਚਲਾ ਗਿਆ ਅਤੇ ਪਹਾੜ ’ਤੇ ਚੜ੍ਹ ਗਿਆ।+ ਮੂਸਾ 40 ਦਿਨ ਅਤੇ 40 ਰਾਤਾਂ ਪਹਾੜ ’ਤੇ ਹੀ ਰਿਹਾ।+

ਫੁਟਨੋਟ