ਕੂਚ 4:1-31
4 ਫਿਰ ਮੂਸਾ ਨੇ ਕਿਹਾ: “ਪਰ ਮੰਨ ਲਓ ਕਿ ਉਹ ਮੇਰੇ ’ਤੇ ਵਿਸ਼ਵਾਸ ਨਾ ਕਰਨ ਅਤੇ ਮੇਰੀ ਗੱਲ ਨਾ ਸੁਣਨ,+ ਸਗੋਂ ਕਹਿਣ, ‘ਇਹ ਹੋ ਹੀ ਨਹੀਂ ਸਕਦਾ ਕਿ ਯਹੋਵਾਹ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਹੋਵੇ।’”
2 ਫਿਰ ਯਹੋਵਾਹ ਨੇ ਉਸ ਨੂੰ ਪੁੱਛਿਆ: “ਆਹ ਤੇਰੇ ਹੱਥ ਵਿਚ ਕੀ ਹੈ?” ਉਸ ਨੇ ਜਵਾਬ ਦਿੱਤਾ: “ਡੰਡਾ।”
3 ਪਰਮੇਸ਼ੁਰ ਨੇ ਕਿਹਾ: “ਇਸ ਨੂੰ ਜ਼ਮੀਨ ’ਤੇ ਸੁੱਟ ਦੇ।” ਉਸ ਨੇ ਡੰਡਾ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਡੰਡਾ ਸੱਪ ਬਣ ਗਿਆ;+ ਮੂਸਾ ਫਟਾਫਟ ਉਸ ਤੋਂ ਦੂਰ ਭੱਜ ਗਿਆ।
4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ ਲੈ।” ਇਸ ਲਈ ਉਸ ਨੇ ਆਪਣਾ ਹੱਥ ਵਧਾ ਕੇ ਸੱਪ ਨੂੰ ਫੜ ਲਿਆ ਅਤੇ ਸੱਪ ਉਸ ਦੇ ਹੱਥ ਵਿਚ ਡੰਡਾ ਬਣ ਗਿਆ।
5 ਪਰਮੇਸ਼ੁਰ ਨੇ ਅੱਗੇ ਕਿਹਾ: “ਇਹ ਦੇਖ ਕੇ ਉਹ ਵਿਸ਼ਵਾਸ ਕਰਨਗੇ ਕਿ ਉਨ੍ਹਾਂ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ+ ਯਹੋਵਾਹ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ।”+
6 ਫਿਰ ਯਹੋਵਾਹ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਆਪਣਾ ਹੱਥ ਚੋਗੇ ਦੇ ਅੰਦਰ ਪਾ।” ਇਸ ਲਈ ਉਸ ਨੇ ਆਪਣਾ ਹੱਥ ਆਪਣੇ ਚੋਗੇ ਦੇ ਅੰਦਰ ਪਾਇਆ। ਫਿਰ ਜਦੋਂ ਉਸ ਨੇ ਬਾਹਰ ਕੱਢਿਆ, ਤਾਂ ਦੇਖੋ! ਉਸ ਦਾ ਹੱਥ ਕੋੜ੍ਹ ਨਾਲ ਭਰਿਆ ਹੋਇਆ ਸੀ ਅਤੇ ਬਰਫ਼ ਵਰਗਾ ਲੱਗ ਰਿਹਾ ਸੀ।+
7 ਫਿਰ ਉਸ ਨੇ ਕਿਹਾ: “ਆਪਣਾ ਹੱਥ ਦੁਬਾਰਾ ਚੋਗੇ ਦੇ ਅੰਦਰ ਪਾ।” ਇਸ ਲਈ ਉਸ ਨੇ ਆਪਣਾ ਹੱਥ ਦੁਬਾਰਾ ਆਪਣੇ ਚੋਗੇ ਦੇ ਅੰਦਰ ਪਾਇਆ। ਫਿਰ ਜਦੋਂ ਉਸ ਨੇ ਬਾਹਰ ਕੱਢਿਆ, ਤਾਂ ਉਹ ਠੀਕ ਹੋ ਗਿਆ ਸੀ।
8 ਉਸ ਨੇ ਕਿਹਾ: “ਜੇ ਉਹ ਤੇਰੇ ’ਤੇ ਯਕੀਨ ਨਾ ਕਰਨ ਜਾਂ ਪਹਿਲੀ ਕਰਾਮਾਤ ਵੱਲ ਧਿਆਨ ਨਾ ਦੇਣ, ਤਾਂ ਉਹ ਦੂਜੀ ਕਰਾਮਾਤ ਵੱਲ ਜ਼ਰੂਰ ਧਿਆਨ ਦੇਣਗੇ।+
9 ਜੇ ਉਹ ਇਨ੍ਹਾਂ ਦੋਵਾਂ ਕਰਾਮਾਤਾਂ ’ਤੇ ਵੀ ਯਕੀਨ ਨਾ ਕਰਨ ਅਤੇ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨ, ਤਾਂ ਤੂੰ ਨੀਲ ਦਰਿਆ ਦਾ ਥੋੜ੍ਹਾ ਜਿਹਾ ਪਾਣੀ ਲੈ ਕੇ ਸੁੱਕੀ ਜ਼ਮੀਨ ’ਤੇ ਡੋਲ੍ਹੀਂ ਅਤੇ ਇਹ ਪਾਣੀ ਸੁੱਕੀ ਜ਼ਮੀਨ ’ਤੇ ਖ਼ੂਨ ਬਣ ਜਾਵੇਗਾ।”+
10 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਯਹੋਵਾਹ, ਮੈਨੂੰ ਮਾਫ਼ ਕਰੀਂ, ਮੈਨੂੰ ਤਾਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਂਦੀ। ਨਾ ਤਾਂ ਮੈਂ ਪਹਿਲਾਂ ਬੋਲਣ ਵਿਚ ਮਾਹਰ ਸੀ ਤੇ ਨਾ ਹੀ ਜਦੋਂ ਤੋਂ ਤੂੰ ਆਪਣੇ ਸੇਵਕ ਨਾਲ ਗੱਲ ਕੀਤੀ ਹੈ। ਮੈਂ ਤਾਂ ਠੀਕ ਤਰੀਕੇ ਨਾਲ ਆਪਣੀ ਗੱਲ ਵੀ ਨਹੀਂ ਕਹਿ ਸਕਦਾ ਤੇ ਨਾ ਹੀ ਮੈਂ ਸਾਫ਼-ਸਾਫ਼ ਬੋਲ ਸਕਦਾ।”+
11 ਯਹੋਵਾਹ ਨੇ ਉਸ ਨੂੰ ਕਿਹਾ: “ਕਿਸ ਨੇ ਆਦਮੀ ਦਾ ਮੂੰਹ ਬਣਾਇਆ ਹੈ ਜਾਂ ਕੌਣ ਉਸ ਨੂੰ ਗੁੰਗਾ, ਬੋਲ਼ਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ? ਕੀ ਮੈਂ ਯਹੋਵਾਹ ਇਹ ਸਭ ਕੁਝ ਨਹੀਂ ਕਰ ਸਕਦਾ?
12 ਇਸ ਲਈ ਹੁਣ ਤੂੰ ਜਾਹ ਅਤੇ ਜਦੋਂ ਤੂੰ ਗੱਲ ਕਰੇਂਗਾ, ਤਾਂ ਮੈਂ ਤੇਰੇ* ਨਾਲ ਹੋਵਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਕਹਿਣਾ ਹੈ।”+
13 ਪਰ ਉਸ ਨੇ ਕਿਹਾ: “ਯਹੋਵਾਹ, ਮੈਨੂੰ ਮਾਫ਼ ਕਰੀਂ, ਕਿਰਪਾ ਕਰ ਕੇ ਕਿਸੇ ਹੋਰ ਨੂੰ ਘੱਲ ਦੇ ਜਿਸ ਨੂੰ ਵੀ ਤੂੰ ਘੱਲਣਾ ਚਾਹੁੰਦਾ ਹੈਂ।”
14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+
15 ਤੂੰ ਉਸ ਨਾਲ ਗੱਲ ਕਰੀਂ ਅਤੇ ਮੈਂ ਜੋ ਗੱਲਾਂ ਕਹੀਆਂ ਹਨ, ਉਸ ਨੂੰ ਦੱਸੀਂ।+ ਜਦੋਂ ਤੁਸੀਂ ਗੱਲ ਕਰੋਗੇ, ਤਾਂ ਮੈਂ ਤੇਰੇ ਨਾਲ ਤੇ ਉਸ ਨਾਲ ਹੋਵਾਂਗਾ+ ਅਤੇ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਕੀ ਕਰਨਾ ਹੈ।
16 ਉਹ ਤੇਰੇ ਵੱਲੋਂ ਲੋਕਾਂ ਨਾਲ ਗੱਲ ਕਰੇਗਾ ਅਤੇ ਉਹ ਤੇਰਾ ਬੁਲਾਰਾ ਹੋਵੇਗਾ ਅਤੇ ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ।*+
17 ਨਾਲੇ ਆਪਣੇ ਹੱਥ ਵਿਚ ਇਹ ਡੰਡਾ ਰੱਖੀਂ ਅਤੇ ਇਸ ਨਾਲ ਕਰਾਮਾਤਾਂ ਕਰੀਂ।”+
18 ਇਸ ਲਈ ਮੂਸਾ ਨੇ ਜਾ ਕੇ ਆਪਣੇ ਸਹੁਰੇ ਯਿਥਰੋ+ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਆਗਿਆ ਦੇ ਕਿ ਮੈਂ ਮਿਸਰ ਜਾ ਕੇ ਦੇਖਾਂ ਕਿ ਮੇਰੇ ਭਰਾ ਠੀਕ-ਠਾਕ ਹਨ ਜਾਂ ਨਹੀਂ।” ਯਿਥਰੋ ਨੇ ਮੂਸਾ ਨੂੰ ਕਿਹਾ: “ਚੰਗਾ, ਸਹੀ-ਸਲਾਮਤ ਜਾਹ।”
19 ਇਸ ਤੋਂ ਬਾਅਦ ਯਹੋਵਾਹ ਨੇ ਮਿਦਿਆਨ ਵਿਚ ਮੂਸਾ ਨੂੰ ਕਿਹਾ: “ਮਿਸਰ ਨੂੰ ਮੁੜ ਜਾਹ ਕਿਉਂਕਿ ਤੇਰੀ ਜਾਨ ਦੇ ਦੁਸ਼ਮਣ ਮਰ ਚੁੱਕੇ ਹਨ।”+
20 ਫਿਰ ਮੂਸਾ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਗਧੇ ’ਤੇ ਬਿਠਾ ਕੇ ਮਿਸਰ ਨੂੰ ਵਾਪਸ ਤੁਰ ਪਿਆ। ਉਹ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਵੀ ਲੈ ਗਿਆ।
21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਜਦੋਂ ਤੂੰ ਮਿਸਰ ਪਹੁੰਚ ਜਾਵੇਂਗਾ, ਤਾਂ ਤੂੰ ਫ਼ਿਰਊਨ ਦੇ ਸਾਮ੍ਹਣੇ ਉਹ ਸਾਰੇ ਚਮਤਕਾਰ ਜ਼ਰੂਰ ਕਰੀਂ ਜਿਨ੍ਹਾਂ ਨੂੰ ਕਰਨ ਦੀ ਮੈਂ ਤੈਨੂੰ ਸ਼ਕਤੀ ਦਿੱਤੀ ਹੈ।+ ਪਰ ਮੈਂ ਉਸ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ।+
22 ਤੂੰ ਫ਼ਿਰਊਨ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਇਜ਼ਰਾਈਲ ਮੇਰਾ ਪੁੱਤਰ, ਹਾਂ, ਮੇਰਾ ਜੇਠਾ ਮੁੰਡਾ ਹੈ।+
23 ਮੈਂ ਤੈਨੂੰ ਕਹਿੰਦਾ ਹਾਂ ਕਿ ਤੂੰ ਮੇਰੇ ਪੁੱਤਰ ਨੂੰ ਜਾਣ ਦੇ ਤਾਂਕਿ ਉਹ ਮੇਰੀ ਸੇਵਾ ਕਰੇ। ਪਰ ਜੇ ਤੂੰ ਉਸ ਨੂੰ ਜਾਣ ਦੀ ਇਜਾਜ਼ਤ ਨਾ ਦਿੱਤੀ, ਤਾਂ ਮੈਂ ਤੇਰੇ ਪੁੱਤਰ ਨੂੰ, ਹਾਂ, ਤੇਰੇ ਜੇਠੇ ਮੁੰਡੇ ਨੂੰ ਮਾਰ ਸੁੱਟਾਂਗਾ।”’”+
24 ਫਿਰ ਰਾਹ ਵਿਚ ਜਿੱਥੇ ਉਹ ਠਹਿਰੇ ਹੋਏ ਸਨ, ਯਹੋਵਾਹ*+ ਉਸ* ਨੂੰ ਮਿਲਿਆ ਅਤੇ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ।+
25 ਅਖ਼ੀਰ ਸਿੱਪੋਰਾਹ+ ਨੇ ਇਕ ਤਿੱਖਾ ਪੱਥਰ* ਲੈ ਕੇ ਆਪਣੇ ਪੁੱਤਰ ਦੀ ਸੁੰਨਤ ਕੀਤੀ ਅਤੇ ਉਸ ਦੀ ਖੱਲੜੀ ਉਸ* ਦੇ ਪੈਰਾਂ ਨੂੰ ਲਾ ਕੇ ਕਿਹਾ: “ਇਹ ਇਸ ਲਈ ਹੈ ਕਿਉਂਕਿ ਤੂੰ ਮੇਰੇ ਲਈ ਖ਼ੂਨ ਦਾ ਲਾੜਾ ਹੈਂ।”
26 ਇਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ। ਉਸ ਸਮੇਂ ਸਿੱਪੋਰਾਹ ਨੇ ਸੁੰਨਤ ਦੇ ਕਾਰਨ “ਖ਼ੂਨ ਦਾ ਲਾੜਾ” ਕਿਹਾ।
27 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਤੂੰ ਮੂਸਾ ਨੂੰ ਮਿਲਣ ਉਜਾੜ ਵਿਚ ਜਾਹ।”+ ਇਸ ਲਈ ਉਹ ਜਾ ਕੇ ਮੂਸਾ ਨੂੰ ਸੱਚੇ ਪਰਮੇਸ਼ੁਰ ਦੇ ਪਹਾੜ+ ’ਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
28 ਅਤੇ ਮੂਸਾ ਨੇ ਹਾਰੂਨ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਉਸ ਨੂੰ ਕਹੀਆਂ ਸਨ।+ ਨਾਲੇ ਉਨ੍ਹਾਂ ਕਰਾਮਾਤਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੂੰ ਦਿਖਾਉਣ ਦਾ ਉਸ ਨੂੰ ਹੁਕਮ ਦਿੱਤਾ ਗਿਆ ਸੀ।+
29 ਫਿਰ ਮੂਸਾ ਤੇ ਹਾਰੂਨ ਨੇ ਜਾ ਕੇ ਇਜ਼ਰਾਈਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।+
30 ਹਾਰੂਨ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਕਹੀਆਂ ਸਨ ਅਤੇ ਉਸ ਨੇ ਲੋਕਾਂ ਸਾਮ੍ਹਣੇ ਕਰਾਮਾਤਾਂ ਕੀਤੀਆਂ।+
31 ਇਹ ਦੇਖ ਕੇ ਲੋਕਾਂ ਨੇ ਮੂਸਾ ’ਤੇ ਵਿਸ਼ਵਾਸ ਕੀਤਾ।+ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਹੈ+ ਅਤੇ ਉਨ੍ਹਾਂ ਦਾ ਕਸ਼ਟ ਦੇਖਿਆ ਹੈ,+ ਤਾਂ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏ।
ਫੁਟਨੋਟ
^ ਇਬ, “ਤੇਰੇ ਮੂੰਹ।”
^ ਜਾਂ, “ਪਰਮੇਸ਼ੁਰ ਦਾ ਨੁਮਾਇੰਦਾ ਹੋਵੇਂਗਾ।”
^ ਯਾਨੀ, ਯਹੋਵਾਹ ਵੱਲੋਂ ਆਇਆ ਦੂਤ।
^ ਸ਼ਾਇਦ ਮੂਸਾ ਦਾ ਪੁੱਤਰ।
^ ਸ਼ਾਇਦ ਦੂਤ ਦੇ ਪੈਰਾਂ ਨੂੰ।
^ ਜਾਂ, “ਚਕਮਾਕ ਪੱਥਰ ਦੀ ਛੁਰੀ।”