ਕੂਚ 40:1-38
40 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
2 “ਤੂੰ ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰਾ, ਹਾਂ, ਮੰਡਲੀ ਦਾ ਤੰਬੂ ਖੜ੍ਹਾ ਕਰੀਂ।+
3 ਇਸ ਵਿਚ ਗਵਾਹੀ ਦਾ ਸੰਦੂਕ ਰੱਖੀਂ+ ਅਤੇ ਓਹਲਾ ਕਰਨ ਲਈ ਸੰਦੂਕ ਦੇ ਅੱਗੇ ਪਰਦਾ ਲਾ ਦੇਈਂ।+
4 ਫਿਰ ਮੇਜ਼ ਅੰਦਰ ਲਿਆਈਂ+ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਇਸ ਉੱਤੇ ਸੁਆਰ ਕੇ ਰੱਖੀਂ ਅਤੇ ਸ਼ਮਾਦਾਨ ਅੰਦਰ ਲਿਆਈਂ+ ਅਤੇ ਇਸ ਦੇ ਦੀਵੇ ਬਾਲ਼ੀਂ।+
5 ਫਿਰ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਧੂਪ ਧੁਖਾਉਣ ਲਈ ਸੋਨੇ ਦੀ ਵੇਦੀ+ ਰੱਖੀਂ ਅਤੇ ਫਿਰ ਤੰਬੂ ਦੇ ਦਰਵਾਜ਼ੇ ’ਤੇ ਪਰਦਾ ਲਾ ਦੇਈਂ।+
6 “ਤੂੰ ਡੇਰੇ ਯਾਨੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਸਾਮ੍ਹਣੇ ਹੋਮ-ਬਲ਼ੀ ਦੀ ਵੇਦੀ+ ਰੱਖੀਂ
7 ਅਤੇ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਹੌਦ ਰੱਖੀਂ ਅਤੇ ਇਸ ਨੂੰ ਪਾਣੀ ਨਾਲ ਭਰ ਦੇਈਂ।+
8 ਫਿਰ ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਵਾੜ ਲਾ ਦੇਈਂ+ ਅਤੇ ਵਿਹੜੇ ਦੇ ਦਰਵਾਜ਼ੇ ’ਤੇ ਪਰਦਾ ਲਾਈਂ।+
9 ਇਸ ਤੋਂ ਬਾਅਦ ਪਵਿੱਤਰ ਤੇਲ+ ਲੈ ਕੇ ਡੇਰੇ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਪਾਈਂ+ ਅਤੇ ਇਸ ਨੂੰ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰੀਂ ਤਾਂਕਿ ਡੇਰਾ ਪਵਿੱਤਰ ਹੋ ਜਾਵੇ।
10 ਤੂੰ ਹੋਮ-ਬਲ਼ੀ ਦੀ ਵੇਦੀ ਅਤੇ ਇਸ ਦੇ ਸਾਰੇ ਸਾਮਾਨ ਉੱਤੇ ਪਵਿੱਤਰ ਤੇਲ ਪਾਈਂ ਅਤੇ ਇਸ ਨੂੰ ਅਤੇ ਇਸ ਦੇ ਸਾਰੇ ਸਾਮਾਨ ਨੂੰ ਪਵਿੱਤਰ ਕਰੀਂ ਤਾਂਕਿ ਵੇਦੀ ਅੱਤ ਪਵਿੱਤਰ ਹੋ ਜਾਵੇ।+
11 ਫਿਰ ਹੌਦ ਅਤੇ ਇਸ ਦੀ ਚੌਂਕੀ ਉੱਤੇ ਪਵਿੱਤਰ ਤੇਲ ਪਾ ਕੇ ਇਸ ਨੂੰ ਪਵਿੱਤਰ ਕਰੀਂ।
12 “ਫਿਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਵ੍ਹਾਈਂ।*+
13 ਤੂੰ ਹਾਰੂਨ ਦੇ ਪਵਿੱਤਰ ਲਿਬਾਸ ਪਾਈਂ+ ਅਤੇ ਉਸ ਉੱਤੇ ਪਵਿੱਤਰ ਤੇਲ ਪਾ ਕੇ+ ਉਸ ਨੂੰ ਪਵਿੱਤਰ ਕਰੀਂ ਅਤੇ ਉਹ ਪੁਜਾਰੀ ਵਜੋਂ ਮੇਰੀ ਸੇਵਾ ਕਰੇਗਾ।
14 ਇਸ ਤੋਂ ਬਾਅਦ ਉਸ ਦੇ ਪੁੱਤਰਾਂ ਨੂੰ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਦੇ ਚੋਗੇ ਪਾਈਂ।+
15 ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਪਵਿੱਤਰ ਤੇਲ ਪਾਇਆ ਸੀ, ਉਨ੍ਹਾਂ ਉੱਤੇ ਵੀ ਪਵਿੱਤਰ ਤੇਲ ਪਾ+ ਕੇ ਉਨ੍ਹਾਂ ਨੂੰ ਮੇਰੇ ਪੁਜਾਰੀਆਂ ਵਜੋਂ ਨਿਯੁਕਤ ਕਰੀਂ। ਪਵਿੱਤਰ ਤੇਲ ਨਾਲ ਨਿਯੁਕਤੀ ਹੋਣ ਕਰਕੇ ਉਹ ਪੀੜ੍ਹੀਓ-ਪੀੜ੍ਹੀ ਪੁਜਾਰੀਆਂ ਵਜੋਂ ਸੇਵਾ ਕਰਨਗੇ।”+
16 ਯਹੋਵਾਹ ਨੇ ਮੂਸਾ ਨੂੰ ਜੋ ਵੀ ਹੁਕਮ ਦਿੱਤੇ ਸਨ, ਉਸ ਨੇ ਉਹ ਸਾਰੇ ਪੂਰੇ ਕੀਤੇ।+ ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।
17 ਦੂਸਰੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰਾ ਖੜ੍ਹਾ ਕਰ ਦਿੱਤਾ ਗਿਆ।+
18 ਜਦੋਂ ਮੂਸਾ ਨੇ ਡੇਰਾ ਖੜ੍ਹਾ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਪਹਿਲਾਂ ਜ਼ਮੀਨ ’ਤੇ ਇਸ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਰੱਖੀਆਂ,+ ਇਨ੍ਹਾਂ ਵਿਚ ਚੌਖਟੇ* ਪਾਏ,+ ਫਿਰ ਚੌਖਟਿਆਂ ’ਤੇ ਡੰਡੇ+ ਲਾਏ ਅਤੇ ਥੰਮ੍ਹ ਖੜ੍ਹੇ ਕੀਤੇ।
19 ਉਸ ਨੇ ਤੰਬੂ ਦੇ ਢਾਂਚੇ ਉੱਤੇ ਪਰਦਾ ਪਾ ਦਿੱਤਾ+ ਅਤੇ ਉਸ ਉੱਤੇ ਬਾਕੀ ਪਰਦੇ ਪਾ ਦਿੱਤੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
20 ਇਸ ਤੋਂ ਬਾਅਦ ਉਸ ਨੇ ਗਵਾਹੀ ਦੀਆਂ ਫੱਟੀਆਂ+ ਸੰਦੂਕ+ ਵਿਚ ਰੱਖੀਆਂ। ਫਿਰ ਉਸ ਨੇ ਸੰਦੂਕ ਦੇ ਛੱਲਿਆਂ ਵਿਚ ਡੰਡੇ ਪਾ ਦਿੱਤੇ+ ਅਤੇ ਸੰਦੂਕ ਉੱਤੇ ਢੱਕਣ+ ਰੱਖ ਦਿੱਤਾ।+
21 ਉਸ ਨੇ ਗਵਾਹੀ ਦਾ ਸੰਦੂਕ ਲਿਆ ਕੇ ਤੰਬੂ ਵਿਚ ਰੱਖ ਦਿੱਤਾ ਅਤੇ ਓਹਲਾ ਕਰਨ ਲਈ ਇਸ ਦੇ ਸਾਮ੍ਹਣੇ ਪਰਦਾ ਲਾ ਦਿੱਤਾ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
22 ਫਿਰ ਉਸ ਨੇ ਮੇਜ਼+ ਮੰਡਲੀ ਦੇ ਤੰਬੂ ਵਿਚ ਉੱਤਰ ਵਾਲੇ ਪਾਸੇ ਪਰਦੇ ਤੋਂ ਬਾਹਰ ਰੱਖ ਦਿੱਤਾ
23 ਅਤੇ ਉਸ ਨੇ ਯਹੋਵਾਹ ਸਾਮ੍ਹਣੇ ਮੇਜ਼ ਉੱਤੇ ਸੁਆਰ ਕੇ ਰੋਟੀਆਂ ਰੱਖੀਆਂ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
24 ਉਸ ਨੇ ਸ਼ਮਾਦਾਨ+ ਮੰਡਲੀ ਦੇ ਤੰਬੂ ਵਿਚ ਦੱਖਣ ਵਾਲੇ ਪਾਸੇ ਮੇਜ਼ ਦੇ ਸਾਮ੍ਹਣੇ ਰੱਖ ਦਿੱਤਾ।
25 ਉਸ ਨੇ ਯਹੋਵਾਹ ਅੱਗੇ ਦੀਵੇ ਬਾਲ਼ੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
26 ਇਸ ਤੋਂ ਬਾਅਦ ਉਸ ਨੇ ਸੋਨੇ ਦੀ ਵੇਦੀ+ ਮੰਡਲੀ ਦੇ ਤੰਬੂ ਵਿਚ ਪਰਦੇ ਦੇ ਸਾਮ੍ਹਣੇ ਰੱਖ ਦਿੱਤੀ
27 ਤਾਂਕਿ ਇਸ ਉੱਤੇ ਖ਼ੁਸ਼ਬੂਦਾਰ ਧੂਪ+ ਧੁਖਾਇਆ ਜਾਵੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
28 ਫਿਰ ਉਸ ਨੇ ਓਹਲਾ ਕਰਨ ਲਈ ਤੰਬੂ ਦੇ ਦਰਵਾਜ਼ੇ ’ਤੇ ਪਰਦਾ ਲਾ ਦਿੱਤਾ।+
29 ਉਸ ਨੇ ਡੇਰੇ ਯਾਨੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਹੋਮ-ਬਲ਼ੀ ਦੀ ਵੇਦੀ ਰੱਖ ਦਿੱਤੀ+ ਤਾਂਕਿ ਉਹ ਉਸ ਉੱਤੇ ਹੋਮ-ਬਲ਼ੀ+ ਅਤੇ ਅਨਾਜ ਦਾ ਚੜ੍ਹਾਵਾ ਚੜ੍ਹਾਵੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
30 ਫਿਰ ਉਸ ਨੇ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਹੌਦ ਰੱਖ ਕੇ ਇਸ ਨੂੰ ਪਾਣੀ ਨਾਲ ਭਰ ਦਿੱਤਾ।+
31 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਂਦੇ ਸਨ।
32 ਉਹ ਜਦੋਂ ਵੀ ਮੰਡਲੀ ਦੇ ਤੰਬੂ ਵਿਚ ਜਾਂਦੇ ਸਨ ਜਾਂ ਵੇਦੀ ’ਤੇ ਸੇਵਾ ਕਰਨ ਆਉਂਦੇ ਸਨ, ਤਾਂ ਉਹ ਆਪਣੇ ਹੱਥ-ਪੈਰ ਧੋਂਦੇ ਸਨ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
33 ਅਖ਼ੀਰ ਵਿਚ ਉਸ ਨੇ ਡੇਰੇ ਦੇ ਵਿਹੜੇ ਅਤੇ ਵੇਦੀ ਦੇ ਆਲੇ-ਦੁਆਲੇ ਵਾੜ ਲਾ ਦਿੱਤੀ+ ਅਤੇ ਵਿਹੜੇ ਦੇ ਦਰਵਾਜ਼ੇ ’ਤੇ ਪਰਦਾ ਲਾ ਦਿੱਤਾ।+
ਇਸ ਤਰ੍ਹਾਂ ਮੂਸਾ ਨੇ ਸਾਰਾ ਕੰਮ ਪੂਰਾ ਕੀਤਾ।
34 ਬੱਦਲ ਮੰਡਲੀ ਦੇ ਤੰਬੂ ਉੱਤੇ ਛਾਉਣ ਲੱਗਾ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+
35 ਮੂਸਾ ਮੰਡਲੀ ਦੇ ਤੰਬੂ ਵਿਚ ਨਾ ਜਾ ਸਕਿਆ ਕਿਉਂਕਿ ਬੱਦਲ ਇਸ ਉੱਤੇ ਠਹਿਰ ਗਿਆ ਸੀ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+
36 ਸਫ਼ਰ ਦੌਰਾਨ ਜਦੋਂ ਬੱਦਲ ਡੇਰੇ ਤੋਂ ਉੱਪਰ ਉੱਠਦਾ ਸੀ, ਤਾਂ ਇਜ਼ਰਾਈਲੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਅੱਗੇ ਤੁਰ ਪੈਂਦੇ ਸਨ।+
37 ਪਰ ਜੇ ਬੱਦਲ ਡੇਰੇ ਤੋਂ ਉੱਪਰ ਨਹੀਂ ਉੱਠਦਾ ਸੀ, ਤਾਂ ਉਹ ਉਸ ਦਿਨ ਤਕ ਇੱਕੋ ਜਗ੍ਹਾ ਰਹਿੰਦੇ ਸਨ ਜਦ ਤਕ ਬੱਦਲ ਨਹੀਂ ਉੱਠਦਾ ਸੀ।+
38 ਦਿਨੇ ਤੰਬੂ ਉੱਤੇ ਯਹੋਵਾਹ ਦਾ ਬੱਦਲ ਠਹਿਰਿਆ ਰਹਿੰਦਾ ਸੀ ਅਤੇ ਰਾਤ ਨੂੰ ਅੱਗ ਇਸ ਉੱਤੇ ਠਹਿਰਦੀ ਸੀ। ਪੂਰੇ ਸਫ਼ਰ ਦੌਰਾਨ ਇਜ਼ਰਾਈਲੀਆਂ ਦੀਆਂ ਨਜ਼ਰਾਂ ਸਾਮ੍ਹਣੇ ਇਸੇ ਤਰ੍ਹਾਂ ਹੁੰਦਾ ਰਿਹਾ।+