ਕੂਚ 7:1-25
7 ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਬਣਾਇਆ ਹੈ* ਅਤੇ ਤੇਰਾ ਭਰਾ ਹਾਰੂਨ ਤੇਰਾ ਨਬੀ ਹੋਵੇਗਾ।+
2 ਮੈਂ ਤੈਨੂੰ ਜੋ ਵੀ ਹੁਕਮ ਦਿਆਂਗਾ, ਤੂੰ ਉਹ ਸਾਰਾ ਕੁਝ ਆਪਣੇ ਭਰਾ ਹਾਰੂਨ ਨੂੰ ਦੱਸੀਂ ਅਤੇ ਉਹ ਫ਼ਿਰਊਨ ਨਾਲ ਗੱਲ ਕਰੇਗਾ ਤੇ ਫ਼ਿਰਊਨ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇਗਾ।
3 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਮੈਂ ਮਿਸਰ ਵਿਚ ਬਹੁਤ ਸਾਰੀਆਂ ਕਰਾਮਾਤਾਂ ਤੇ ਚਮਤਕਾਰ ਕਰਾਂਗਾ।+
4 ਪਰ ਫ਼ਿਰਊਨ ਤੁਹਾਡੀ ਗੱਲ ਨਹੀਂ ਸੁਣੇਗਾ ਅਤੇ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਮਿਸਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੀ ਪਰਜਾ ਇਜ਼ਰਾਈਲ ਦੀ ਵੱਡੀ ਭੀੜ* ਨੂੰ ਇਸ ਦੇਸ਼ ਵਿੱਚੋਂ ਕੱਢ ਲੈ ਜਾਵਾਂਗਾ।+
5 ਜਦੋਂ ਮੈਂ ਮਿਸਰੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਵਿੱਚੋਂ ਇਜ਼ਰਾਈਲੀਆਂ ਨੂੰ ਕੱਢ ਲੈ ਜਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+
6 ਮੂਸਾ ਤੇ ਹਾਰੂਨ ਨੇ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ; ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।
7 ਜਦੋਂ ਉਨ੍ਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਤਾਂ ਮੂਸਾ 80 ਸਾਲ ਦਾ ਅਤੇ ਹਾਰੂਨ 83 ਸਾਲ ਦਾ ਸੀ।+
8 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ:
9 “ਜੇ ਫ਼ਿਰਊਨ ਤੁਹਾਨੂੰ ਕਹੇ, ‘ਕੋਈ ਚਮਤਕਾਰ ਕਰ ਕੇ ਦਿਖਾਓ,’ ਤਾਂ ਤੂੰ ਹਾਰੂਨ ਨੂੰ ਕਹੀਂ, ‘ਆਪਣਾ ਡੰਡਾ ਲੈ ਅਤੇ ਫ਼ਿਰਊਨ ਦੇ ਸਾਮ੍ਹਣੇ ਸੁੱਟ।’ ਇਹ ਵੱਡਾ ਸੱਪ ਬਣ ਜਾਵੇਗਾ।”+
10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣਾ ਡੰਡਾ ਫ਼ਿਰਊਨ ਤੇ ਉਸ ਦੇ ਨੌਕਰਾਂ ਸਾਮ੍ਹਣੇ ਸੁੱਟਿਆ ਅਤੇ ਇਹ ਵੱਡਾ ਸੱਪ ਬਣ ਗਿਆ।
11 ਪਰ ਫ਼ਿਰਊਨ ਨੇ ਮਿਸਰ ਦੇ ਬੁੱਧੀਮਾਨ ਆਦਮੀਆਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਨੂੰ ਬੁਲਾਇਆ ਅਤੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ+ ਨੇ ਵੀ ਆਪਣੇ ਜਾਦੂ ਨਾਲ ਇਸੇ ਤਰ੍ਹਾਂ ਕੀਤਾ।+
12 ਹਰੇਕ ਨੇ ਜ਼ਮੀਨ ’ਤੇ ਆਪੋ-ਆਪਣਾ ਡੰਡਾ ਸੁੱਟਿਆ ਤੇ ਉਹ ਸਾਰੇ ਡੰਡੇ ਵੱਡੇ-ਵੱਡੇ ਸੱਪ ਬਣ ਗਏ, ਪਰ ਹਾਰੂਨ ਦਾ ਡੰਡਾ ਉਨ੍ਹਾਂ ਦੇ ਡੰਡਿਆਂ ਨੂੰ ਨਿਗਲ਼ ਗਿਆ।
13 ਇਸ ਦੇ ਬਾਵਜੂਦ ਫ਼ਿਰਊਨ ਦਾ ਦਿਲ ਕਠੋਰ ਹੋ ਗਿਆ+ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।
14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਦੇ ਦਿਲ ’ਤੇ ਕੋਈ ਅਸਰ ਨਹੀਂ ਪਿਆ।+ ਉਸ ਨੇ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕੀਤਾ ਹੈ।
15 ਤੂੰ ਸਵੇਰੇ ਫ਼ਿਰਊਨ ਕੋਲ ਜਾਈਂ। ਉਹ ਨੀਲ ਦਰਿਆ ’ਤੇ ਆਵੇਗਾ। ਤੂੰ ਦਰਿਆ ਦੇ ਕੰਢੇ ਖੜ੍ਹ ਕੇ ਉਸ ਦੀ ਉਡੀਕ ਕਰੀਂ; ਤੂੰ ਆਪਣੇ ਹੱਥ ਵਿਚ ਉਹੀ ਡੰਡਾ ਲੈ ਜਾਈਂ ਜੋ ਸੱਪ ਬਣ ਗਿਆ ਸੀ।+
16 ਤੂੰ ਉਸ ਨੂੰ ਕਹੀਂ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ+ ਅਤੇ ਉਹ ਕਹਿੰਦਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਮੇਰੀ ਭਗਤੀ ਕਰਨ,” ਪਰ ਤੂੰ ਅਜੇ ਤਕ ਉਸ ਦੀ ਗੱਲ ਨਹੀਂ ਮੰਨੀ।
17 ਇਸ ਲਈ ਯਹੋਵਾਹ ਕਹਿੰਦਾ ਹੈ: “ਮੈਂ ਹੁਣ ਜੋ ਕਰਾਂਗਾ, ਉਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।+ ਮੈਂ ਆਪਣਾ ਡੰਡਾ ਨੀਲ ਦਰਿਆ ਦੇ ਪਾਣੀ ’ਤੇ ਮਾਰਾਂਗਾ ਅਤੇ ਪਾਣੀ ਖ਼ੂਨ ਬਣ ਜਾਵੇਗਾ।
18 ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਮਰ ਜਾਣਗੀਆਂ ਅਤੇ ਦਰਿਆ ਦਾ ਪਾਣੀ ਬਦਬੂ ਮਾਰੇਗਾ ਅਤੇ ਮਿਸਰੀ ਦਰਿਆ ਦਾ ਪਾਣੀ ਨਹੀਂ ਪੀ ਸਕਣਗੇ।”’”
19 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਆਪਣਾ ਡੰਡਾ ਲੈ ਅਤੇ ਮਿਸਰ ਦੇ ਸਾਰੇ ਪਾਣੀਆਂ, ਇਸ ਦੇ ਦਰਿਆਵਾਂ, ਨਹਿਰਾਂ,* ਛੱਪੜਾਂ+ ਅਤੇ ਸਾਰੇ ਤਲਾਬਾਂ ਵੱਲ ਆਪਣਾ ਹੱਥ ਕਰ+ ਤਾਂਕਿ ਸਾਰਾ ਪਾਣੀ ਖ਼ੂਨ ਬਣ ਜਾਵੇ।’ ਪੂਰੇ ਮਿਸਰ ਵਿਚ ਖ਼ੂਨ ਹੀ ਖ਼ੂਨ ਹੋਵੇਗਾ, ਇੱਥੋਂ ਤਕ ਕਿ ਲੱਕੜ ਤੇ ਪੱਥਰ ਦੇ ਭਾਂਡਿਆਂ ਵਿਚ ਵੀ।”
20 ਮੂਸਾ ਤੇ ਹਾਰੂਨ ਨੇ ਤੁਰੰਤ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਫ਼ਿਰਊਨ ਅਤੇ ਉਸ ਦੇ ਨੌਕਰਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣਾ ਡੰਡਾ ਉੱਪਰ ਚੁੱਕਿਆ ਅਤੇ ਨੀਲ ਦਰਿਆ ਦੇ ਪਾਣੀ ’ਤੇ ਮਾਰਿਆ ਅਤੇ ਦਰਿਆ ਦਾ ਸਾਰਾ ਪਾਣੀ ਖ਼ੂਨ ਬਣ ਗਿਆ।+
21 ਦਰਿਆ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ+ ਅਤੇ ਦਰਿਆ ਵਿੱਚੋਂ ਬਦਬੂ ਆਉਣ ਲੱਗੀ। ਇਸ ਕਰਕੇ ਮਿਸਰੀ ਦਰਿਆ ਦਾ ਪਾਣੀ ਨਹੀਂ ਪੀ ਸਕੇ+ ਅਤੇ ਪੂਰੇ ਮਿਸਰ ਵਿਚ ਖ਼ੂਨ ਹੀ ਖ਼ੂਨ ਹੋ ਗਿਆ।
22 ਪਰ ਮਿਸਰ ਦੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਇਸੇ ਤਰ੍ਹਾਂ ਕੀਤਾ।+ ਇਸ ਕਰਕੇ ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+
23 ਇਸ ਤੋਂ ਬਾਅਦ ਫ਼ਿਰਊਨ ਆਪਣੇ ਘਰ ਚਲਾ ਗਿਆ ਅਤੇ ਉਸ ਨੇ ਇਸ ਗੱਲ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ।
24 ਸਾਰੇ ਮਿਸਰੀ ਪੀਣ ਵਾਲੇ ਪਾਣੀ ਦੀ ਭਾਲ ਵਿਚ ਨੀਲ ਦਰਿਆ ਦੇ ਆਸ-ਪਾਸ ਜ਼ਮੀਨ ਦੀ ਖੁਦਾਈ ਕਰਨ ਲੱਗੇ ਕਿਉਂਕਿ ਉਹ ਦਰਿਆ ਦਾ ਪਾਣੀ ਨਹੀਂ ਪੀ ਸਕਦੇ ਸਨ।
25 ਯਹੋਵਾਹ ਨੇ ਸੱਤ ਦਿਨ ਨੀਲ ਦਰਿਆ ਦੇ ਪਾਣੀ ਨੂੰ ਖ਼ੂਨ ਬਣਾਈ ਰੱਖਿਆ।
ਫੁਟਨੋਟ
^ ਇਬ, “ਪਰਮੇਸ਼ੁਰ ਬਣਾਇਆ ਹੈ।”
^ ਇਬ, “ਆਪਣੀਆਂ ਸੈਨਾਵਾਂ; ਆਪਣੀ ਪਰਜਾ।”
^ ਯਾਨੀ, ਨੀਲ ਦਰਿਆ ਵਿੱਚੋਂ ਕੱਢੀਆਂ ਨਹਿਰਾਂ।