ਗਿਣਤੀ 10:1-36

  • ਚਾਂਦੀ ਦੀਆਂ ਤੁਰ੍ਹੀਆਂ (1-10)

  • ਸੀਨਈ ਦੀ ਉਜਾੜ ਤੋਂ ਤੁਰਨਾ (11-13)

  • ਤਰਤੀਬ ਵਿਚ ਤੁਰਨਾ (14-28)

  • ਹੋਬਾਬ ਨੂੰ ਇਜ਼ਰਾਈਲੀਆਂ ਨੂੰ ਰਾਹ ਦਿਖਾਉਣ ਲਈ ਕਿਹਾ ਗਿਆ (29-34)

  • ਇਕ ਥਾਂ ਤੋਂ ਦੂਜੀ ਥਾਂ ਜਾਣ ਤੋਂ ਪਹਿਲਾਂ ਮੂਸਾ ਦੀ ਪ੍ਰਾਰਥਨਾ (35, 36)

10  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:  “ਆਪਣੇ ਲਈ ਦੋ ਤੁਰ੍ਹੀਆਂ ਬਣਾ;+ ਤੂੰ ਇਹ ਤੁਰ੍ਹੀਆਂ ਚਾਂਦੀ ਨੂੰ ਹਥੌੜੇ ਨਾਲ ਕੁੱਟ ਕੇ ਬਣਾ। ਜਦੋਂ ਮੰਡਲੀ ਨੂੰ ਇਕੱਠਾ ਕਰਨਾ ਹੋਵੇ ਅਤੇ ਦੱਸਣਾ ਹੋਵੇ ਕਿ ਉਨ੍ਹਾਂ ਨੇ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਅੱਗੇ ਤੁਰਨਾ ਹੈ, ਤਾਂ ਇਹ ਤੁਰ੍ਹੀਆਂ ਵਜਾਈਆਂ ਜਾਣ।  ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ, ਤਾਂ ਮੰਡਲੀ ਦੇ ਦਰਵਾਜ਼ੇ ਕੋਲ ਤੇਰੇ ਅੱਗੇ ਪੂਰੀ ਮੰਡਲੀ ਇਕੱਠੀ ਹੋ ਜਾਵੇ।+  ਜਦੋਂ ਇੱਕੋ ਤੁਰ੍ਹੀ ਵਜਾਈ ਜਾਵੇ, ਤਾਂ ਸਿਰਫ਼ ਮੁਖੀ ਤੇਰੇ ਕੋਲ ਇਕੱਠੇ ਹੋਣ ਜਿਹੜੇ ਇਜ਼ਰਾਈਲ ਦੇ ਹਜ਼ਾਰਾਂ ਦੇ ਆਗੂ ਹਨ।+  “ਜਦੋਂ ਤੁਰ੍ਹੀਆਂ ਉੱਚੀ-ਨੀਵੀਂ ਸੁਰ ਵਿਚ ਵਜਾਈਆਂ ਜਾਣ, ਤਾਂ ਜਿਨ੍ਹਾਂ ਨੇ ਪੂਰਬ ਵਿਚ ਤੰਬੂ ਲਾਏ ਹਨ,+ ਉਹ ਤੁਰ ਪੈਣ।  ਜਦੋਂ ਦੂਜੀ ਵਾਰ ਤੁਰ੍ਹੀਆਂ ਉੱਚੀ-ਨੀਵੀਂ ਸੁਰ ਵਿਚ ਵਜਾਈਆਂ ਜਾਣ, ਤਾਂ ਜਿਨ੍ਹਾਂ ਨੇ ਦੱਖਣ ਵਿਚ ਤੰਬੂ ਲਾਏ ਹਨ,+ ਉਹ ਤੁਰ ਪੈਣ। ਦਲਾਂ ਨੂੰ ਤੁਰਨ ਦਾ ਇਸ਼ਾਰਾ ਦੇਣ ਲਈ ਹਰ ਵਾਰ ਇਸ ਤਰ੍ਹਾਂ ਤੁਰ੍ਹੀਆਂ ਵਜਾਈਆਂ ਜਾਣ।  “ਜਦੋਂ ਪੂਰੀ ਮੰਡਲੀ ਨੂੰ ਇਕੱਠਾ ਕਰਨਾ ਹੋਵੇ, ਤਾਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ।+ ਪਰ ਇਹ ਉੱਚੀ-ਨੀਵੀਂ ਸੁਰ ਵਿਚ ਨਾ ਵਜਾਈਆਂ ਜਾਣ।  ਹਾਰੂਨ ਦੇ ਪੁੱਤਰ ਜਿਹੜੇ ਪੁਜਾਰੀ ਵਜੋਂ ਸੇਵਾ ਕਰਦੇ ਹਨ, ਇਹ ਤੁਰ੍ਹੀਆਂ ਵਜਾਉਣ।+ ਤੁਸੀਂ ਅਤੇ ਤੁਹਾਡੀਆਂ ਪੀੜ੍ਹੀਆਂ ਤੁਰ੍ਹੀਆਂ ਵਜਾਉਣ ਦੇ ਨਿਯਮ ਦੀ ਸਦਾ ਪਾਲਣਾ ਕਰਨ।  “ਜੇ ਤੁਸੀਂ ਆਪਣੇ ਦੇਸ਼ ਵਿਚ ਕਿਸੇ ਜ਼ਾਲਮ ਦੇ ਖ਼ਿਲਾਫ਼ ਲੜਾਈ ਕਰਨ ਜਾਣਾ ਹੈ ਜੋ ਤੁਹਾਡੇ ’ਤੇ ਅਤਿਆਚਾਰ ਕਰਦਾ ਹੈ, ਤਾਂ ਤੁਸੀਂ ਤੁਰ੍ਹੀਆਂ ਵਜਾ ਕੇ ਯੁੱਧ ਦਾ ਐਲਾਨ ਕਰੋ।+ ਯਹੋਵਾਹ ਤੁਹਾਡੇ ਵੱਲ ਧਿਆਨ ਦੇਵੇਗਾ ਅਤੇ ਤੁਹਾਡੇ ਦੁਸ਼ਮਣਾਂ ਤੋਂ ਤੁਹਾਨੂੰ ਬਚਾਵੇਗਾ। 10  “ਨਾਲੇ ਆਪਣੇ ਖ਼ੁਸ਼ੀ ਦੇ ਮੌਕਿਆਂ ’ਤੇ+ ਯਾਨੀ ਆਪਣੇ ਤਿਉਹਾਰਾਂ+ ਅਤੇ ਮਹੀਨੇ ਦੀ ਸ਼ੁਰੂਆਤ ਵੇਲੇ ਤੁਸੀਂ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀ+ ਚੜ੍ਹਾਉਣ ਸਮੇਂ ਤੁਰ੍ਹੀਆਂ ਵਜਾਉਣੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਰਮੇਸ਼ੁਰ ਤੁਹਾਡੇ ਵੱਲ ਧਿਆਨ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।”+ 11  ਦੂਸਰੇ ਸਾਲ ਦੇ ਦੂਸਰੇ ਮਹੀਨੇ ਦੀ 20 ਤਾਰੀਖ਼ ਨੂੰ+ ਬੱਦਲ ਗਵਾਹੀ ਦੇ ਡੇਰੇ ਤੋਂ ਹਟ ਗਿਆ।+ 12  ਇਸ ਲਈ ਇਜ਼ਰਾਈਲੀ ਸੀਨਈ ਦੀ ਉਜਾੜ ਤੋਂ ਉਸੇ ਤਰਤੀਬ ਵਿਚ ਤੁਰ ਪਏ ਜਿਸ ਤਰਤੀਬ ਵਿਚ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਸੀ।+ ਬੱਦਲ ਜਾ ਕੇ ਪਾਰਾਨ ਦੀ ਉਜਾੜ ਵਿਚ ਠਹਿਰ ਗਿਆ।+ 13  ਉਦੋਂ ਇਜ਼ਰਾਈਲੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹਿਲੀ ਵਾਰ ਇਸ ਤਰਤੀਬ ਵਿਚ ਗਏ ਸਨ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+ 14  ਇਸ ਲਈ ਸਭ ਤੋਂ ਪਹਿਲਾਂ ਯਹੂਦਾਹ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਅਮੀਨਾਦਾਬ ਦਾ ਪੁੱਤਰ ਨਹਸ਼ੋਨ+ ਇਸ ਦਲ ਦਾ ਮੁਖੀ ਸੀ। 15  ਸੂਆਰ ਦਾ ਪੁੱਤਰ ਨਥਨੀਏਲ ਯਿਸਾਕਾਰ ਦੇ ਪੁੱਤਰਾਂ ਦਾ ਮੁਖੀ ਸੀ।+ 16  ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦੇ ਪੁੱਤਰਾਂ ਦਾ ਮੁਖੀ ਸੀ।+ 17  ਜਦੋਂ ਡੇਰਾ ਖੋਲ੍ਹ ਦਿੱਤਾ ਗਿਆ,+ ਤਾਂ ਗੇਰਸ਼ੋਨ ਦੇ ਪੁੱਤਰ+ ਅਤੇ ਮਰਾਰੀ ਦੇ ਪੁੱਤਰ+ ਡੇਰੇ ਦੀਆਂ ਚੀਜ਼ਾਂ ਲੈ ਕੇ ਤੁਰ ਪਏ। 18  ਫਿਰ ਰਊਬੇਨ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਸ਼ਦੇਊਰ ਦਾ ਪੁੱਤਰ ਅਲੀਸੂਰ+ ਇਸ ਦਲ ਦਾ ਮੁਖੀ ਸੀ। 19  ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੀ।+ 20  ਦਊਏਲ ਦਾ ਪੁੱਤਰ ਅਲਯਾਸਾਫ਼ ਗਾਦ ਦੇ ਪੁੱਤਰਾਂ ਦਾ ਮੁਖੀ ਸੀ।+ 21  ਫਿਰ ਕਹਾਥੀ ਪਵਿੱਤਰ ਸਥਾਨ ਦੀਆਂ ਚੀਜ਼ਾਂ ਚੁੱਕ ਕੇ ਤੁਰ ਪਏ।+ ਉਨ੍ਹਾਂ ਦੇ ਨਵੀਂ ਜਗ੍ਹਾ ਪਹੁੰਚਣ ਤੋਂ ਪਹਿਲਾਂ-ਪਹਿਲਾਂ ਡੇਰੇ ਨੂੰ ਖੜ੍ਹਾ ਕੀਤਾ ਜਾਣਾ ਜ਼ਰੂਰੀ ਸੀ। 22  ਫਿਰ ਇਫ਼ਰਾਈਮ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਅਮੀਹੂਦ ਦਾ ਪੁੱਤਰ ਅਲੀਸ਼ਾਮਾ+ ਇਫ਼ਰਾਈਮ ਦੇ ਗੋਤ ਦਾ ਮੁਖੀ ਸੀ। 23  ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਸੀ।+ 24  ਗਿਦਓਨੀ ਦਾ ਪੁੱਤਰ ਅਬੀਦਾਨ ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਸੀ।+ 25  ਫਿਰ ਦਾਨ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਇਹ ਦਲ ਸਭ ਤੋਂ ਪਿੱਛੇ ਚੱਲਦਾ ਸੀ ਤਾਂਕਿ ਪਿੱਛਿਓਂ ਹੋਣ ਵਾਲੇ ਹਮਲੇ ਤੋਂ ਬਾਕੀ ਦਲਾਂ ਦੀ ਹਿਫਾਜ਼ਤ ਕੀਤੀ ਜਾ ਸਕੇ। ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਦਾਨ ਦੇ ਪੁੱਤਰਾਂ ਦਾ ਮੁਖੀ ਸੀ।+ 26  ਆਕਰਾਨ ਦਾ ਪੁੱਤਰ ਪਗੀਏਲ ਆਸ਼ੇਰ ਦੇ ਪੁੱਤਰਾਂ ਦਾ ਮੁਖੀ ਸੀ।+ 27  ਏਨਾਨ ਦਾ ਪੁੱਤਰ ਅਹੀਰਾ ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਸੀ।+ 28  ਜਦੋਂ ਇਜ਼ਰਾਈਲੀ ਆਪੋ-ਆਪਣੀ ਫ਼ੌਜੀ ਟੁਕੜੀ ਅਨੁਸਾਰ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ, ਤਾਂ ਉਹ ਇਸ ਤਰਤੀਬ ਵਿਚ ਹੀ ਜਾਂਦੇ ਸਨ।+ 29  ਮੂਸਾ ਨੇ ਆਪਣੇ ਸਹੁਰੇ ਰਊਏਲ*+ ਮਿਦਿਆਨੀ ਦੇ ਪੁੱਤਰ ਹੋਬਾਬ ਨੂੰ ਕਿਹਾ: “ਅਸੀਂ ਉਸ ਜਗ੍ਹਾ ਜਾ ਰਹੇ ਹਾਂ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ, ‘ਮੈਂ ਇਹ ਜਗ੍ਹਾ ਤੁਹਾਨੂੰ ਦਿਆਂਗਾ।’+ ਤੂੰ ਸਾਡੇ ਨਾਲ ਚੱਲ+ ਅਤੇ ਅਸੀਂ ਤੇਰੇ ਨਾਲ ਭਲਾਈ ਕਰਾਂਗੇ ਕਿਉਂਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਹੈ।”+ 30  ਪਰ ਉਸ ਨੇ ਮੂਸਾ ਨੂੰ ਕਿਹਾ: “ਨਹੀਂ, ਮੈਂ ਨਹੀਂ ਜਾਵਾਂਗਾ। ਮੈਂ ਆਪਣੇ ਦੇਸ਼ ਆਪਣੇ ਰਿਸ਼ਤੇਦਾਰਾਂ ਕੋਲ ਵਾਪਸ ਮੁੜ ਜਾਵਾਂਗਾ।” 31  ਇਹ ਸੁਣ ਕੇ ਮੂਸਾ ਨੇ ਕਿਹਾ: “ਕਿਰਪਾ ਕਰ ਕੇ ਸਾਨੂੰ ਛੱਡ ਕੇ ਨਾ ਜਾ ਕਿਉਂਕਿ ਤੈਨੂੰ ਪਤਾ ਹੈ ਕਿ ਸਾਨੂੰ ਉਜਾੜ ਵਿਚ ਕਿੱਥੇ-ਕਿੱਥੇ ਤੰਬੂ ਲਾਉਣੇ ਚਾਹੀਦੇ ਹਨ। ਤੂੰ ਸਾਨੂੰ ਰਾਹ ਦਿਖਾ* ਸਕਦਾ ਹੈਂ। 32  ਜੇ ਤੂੰ ਸਾਡੇ ਨਾਲ ਚੱਲੇਂਗਾ,+ ਤਾਂ ਯਹੋਵਾਹ ਸਾਡੇ ਨਾਲ ਜੋ ਭਲਾਈ ਕਰੇਗਾ, ਅਸੀਂ ਵੀ ਤੇਰੇ ਨਾਲ ਉਸੇ ਤਰ੍ਹਾਂ ਭਲਾਈ ਕਰਾਂਗੇ।” 33  ਇਸ ਲਈ ਉਹ ਯਹੋਵਾਹ ਦੇ ਪਹਾੜ+ ਕੋਲੋਂ ਤੁਰ ਪਏ ਅਤੇ ਤਿੰਨ ਦਿਨ ਸਫ਼ਰ ਕਰਦੇ ਰਹੇ। ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਯਹੋਵਾਹ ਦੇ ਇਕਰਾਰ ਦਾ ਸੰਦੂਕ+ ਉਨ੍ਹਾਂ ਦੇ ਅੱਗੇ-ਅੱਗੇ ਗਿਆ ਤਾਂਕਿ ਉਨ੍ਹਾਂ ਦੇ ਆਰਾਮ ਲਈ ਜਗ੍ਹਾ ਲੱਭੇ।+ 34  ਜਦੋਂ ਉਹ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ, ਤਾਂ ਦਿਨੇ ਯਹੋਵਾਹ ਦਾ ਬੱਦਲ+ ਉਨ੍ਹਾਂ ਉੱਪਰ ਹੁੰਦਾ ਸੀ। 35  ਜਦੋਂ ਵੀ ਸੰਦੂਕ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ, ਤਾਂ ਮੂਸਾ ਕਹਿੰਦਾ ਸੀ: “ਹੇ ਯਹੋਵਾਹ, ਉੱਠ!+ ਤੇਰੇ ਦੁਸ਼ਮਣ ਖਿੰਡ ਜਾਣ ਅਤੇ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੇਰੇ ਸਾਮ੍ਹਣਿਓਂ ਭੱਜ ਜਾਣ।” 36  ਜਦੋਂ ਸੰਦੂਕ ਨੂੰ ਥੱਲੇ ਰੱਖਿਆ ਜਾਂਦਾ ਸੀ, ਤਾਂ ਮੂਸਾ ਕਹਿੰਦਾ ਸੀ: “ਹੇ ਯਹੋਵਾਹ, ਲੱਖਾਂ-ਹਜ਼ਾਰਾਂ ਇਜ਼ਰਾਈਲੀਆਂ ਕੋਲ ਵਾਪਸ ਮੁੜ ਆ।”+

ਫੁਟਨੋਟ

ਉਰਫ਼ ਯਿਥਰੋ।
ਜਾਂ, “ਸਾਡੀਆਂ ਅੱਖਾਂ ਬਣ।”