ਗਿਣਤੀ 12:1-16

  • ਮਿਰੀਅਮ ਤੇ ਹਾਰੂਨ ਮੂਸਾ ਦੇ ਖ਼ਿਲਾਫ਼ ਬੋਲੇ (1-3)

    • ਮੂਸਾ ਸਾਰੇ ਇਨਸਾਨਾਂ ਨਾਲੋਂ ਜ਼ਿਆਦਾ ਹਲੀਮ (3)

  • ਯਹੋਵਾਹ ਨੇ ਮੂਸਾ ਦਾ ਪੱਖ ਲਿਆ (4-8)

  • ਮਿਰੀਅਮ ਨੂੰ ਕੋੜ੍ਹ ਹੋ ਗਿਆ (9-16)

12  ਮਿਰੀਅਮ ਤੇ ਹਾਰੂਨ ਮੂਸਾ ਦੀ ਪਤਨੀ ਕਰਕੇ ਉਸ ਦੇ ਖ਼ਿਲਾਫ਼ ਬੋਲਣ ਲੱਗ ਪਏ ਕਿਉਂਕਿ ਉਸ ਦੀ ਪਤਨੀ ਕੂਸ਼ ਤੋਂ ਸੀ।+  ਉਹ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”+ ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।+  ਮੂਸਾ ਧਰਤੀ ਉੱਤੇ ਸਾਰੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਹਲੀਮ ਸੀ।*+  ਯਹੋਵਾਹ ਨੇ ਅਚਾਨਕ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਕਿਹਾ: “ਤੁਸੀਂ ਤਿੰਨੇ ਜਣੇ ਮੰਡਲੀ ਦੇ ਤੰਬੂ ਕੋਲ ਜਾਓ।” ਇਸ ਲਈ ਉਹ ਤਿੰਨੇ ਜਣੇ ਉੱਥੇ ਚਲੇ ਗਏ।  ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਥੱਲੇ ਉੱਤਰਿਆ+ ਅਤੇ ਤੰਬੂ ਦੇ ਦਰਵਾਜ਼ੇ ’ਤੇ ਖੜ੍ਹਾ ਹੋ ਗਿਆ। ਉਸ ਨੇ ਹਾਰੂਨ ਤੇ ਮਿਰੀਅਮ ਨੂੰ ਬੁਲਾਇਆ ਅਤੇ ਉਹ ਦੋਵੇਂ ਅੱਗੇ ਆ ਗਏ।  ਉਸ ਨੇ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣੋ। ਜੇ ਤੁਹਾਡੇ ਵਿਚ ਯਹੋਵਾਹ ਦਾ ਕੋਈ ਨਬੀ ਹੁੰਦਾ, ਤਾਂ ਮੈਂ ਦਰਸ਼ਣ+ ਵਿਚ ਉਸ ਨੂੰ ਆਪਣੇ ਬਾਰੇ ਦੱਸਦਾ ਅਤੇ ਸੁਪਨੇ+ ਵਿਚ ਉਸ ਨਾਲ ਗੱਲ ਕਰਦਾ।  ਪਰ ਮੇਰੇ ਦਾਸ ਮੂਸਾ ਦੀ ਗੱਲ ਵੱਖਰੀ ਹੈ! ਮੈਂ ਉਸ ਨੂੰ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਸੌਂਪ ਰਿਹਾ ਹਾਂ।*+  ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”  ਇਸ ਲਈ ਉਨ੍ਹਾਂ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ ਅਤੇ ਉਹ ਉਨ੍ਹਾਂ ਕੋਲੋਂ ਚਲਾ ਗਿਆ। 10  ਬੱਦਲ ਤੰਬੂ ਤੋਂ ਹਟ ਗਿਆ ਅਤੇ ਦੇਖੋ! ਮਿਰੀਅਮ ਨੂੰ ਕੋੜ੍ਹ ਹੋ ਗਿਆ ਤੇ ਉਸ ਦੀ ਚਮੜੀ ਬਰਫ਼ ਵਾਂਗ ਚਿੱਟੀ ਹੋ ਗਈ।+ ਫਿਰ ਜਦੋਂ ਹਾਰੂਨ ਮਿਰੀਅਮ ਵੱਲ ਮੁੜਿਆ, ਤਾਂ ਉਸ ਨੇ ਦੇਖਿਆ ਕਿ ਮਿਰੀਅਮ ਨੂੰ ਕੋੜ੍ਹ ਹੋ ਗਿਆ ਸੀ।+ 11  ਹਾਰੂਨ ਨੇ ਉਸੇ ਵੇਲੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ, ਮੈਂ ਤੇਰੇ ਅੱਗੇ ਮਿੰਨਤਾਂ ਕਰਦਾਂ ਕਿ ਸਾਨੂੰ ਇਸ ਪਾਪ ਦੀ ਸਜ਼ਾ ਨਾ ਦੇ! ਅਸੀਂ ਵਾਕਈ ਬਹੁਤ ਵੱਡੀ ਬੇਵਕੂਫ਼ੀ ਕੀਤੀ ਹੈ। 12  ਉਸ ਦੀ ਹਾਲਤ ਪੈਦਾ ਹੋਏ ਮਰੇ ਬੱਚੇ ਵਰਗੀ ਹੋ ਗਈ ਹੈ ਜਿਸ ਦਾ ਸਰੀਰ ਅੱਧਾ ਗਲ਼ਿਆ ਹੋਵੇ। ਕਿਰਪਾ ਕਰ ਕੇ ਉਸ ਨੂੰ ਇਸ ਹਾਲਤ ਤੋਂ ਛੁਟਕਾਰਾ ਦਿਵਾ।” 13  ਫਿਰ ਮੂਸਾ ਯਹੋਵਾਹ ਅੱਗੇ ਗਿੜਗਿੜਾਉਂਦਾ ਹੋਇਆ ਕਹਿਣ ਲੱਗਾ: “ਹੇ ਪਰਮੇਸ਼ੁਰ, ਕਿਰਪਾ ਕਰ ਕੇ ਉਸ ਨੂੰ ਠੀਕ ਕਰ ਦੇ!”+ 14  ਯਹੋਵਾਹ ਨੇ ਮੂਸਾ ਨੂੰ ਕਿਹਾ: “ਜੇ ਉਸ ਦਾ ਪਿਤਾ ਉਸ ਦੇ ਮੂੰਹ ’ਤੇ ਥੁੱਕਦਾ, ਤਾਂ ਕੀ ਉਸ ਨੂੰ ਸੱਤ ਦਿਨਾਂ ਤਕ ਬੇਇੱਜ਼ਤੀ ਨਹੀਂ ਸਹਿਣੀ ਪੈਂਦੀ? ਉਹ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰਹੇ+ ਅਤੇ ਫਿਰ ਉਸ ਨੂੰ ਛਾਉਣੀ ਵਿਚ ਲੈ ਆਈਂ।” 15  ਇਸ ਲਈ ਮਿਰੀਅਮ ਨੂੰ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰੱਖਿਆ ਗਿਆ+ ਅਤੇ ਜਿੰਨਾ ਚਿਰ ਉਹ ਵਾਪਸ ਛਾਉਣੀ ਵਿਚ ਨਹੀਂ ਆ ਗਈ, ਲੋਕ ਉੱਥੋਂ ਹੋਰ ਜਗ੍ਹਾ ਨਹੀਂ ਗਏ। 16  ਫਿਰ ਲੋਕ ਹਸੇਰੋਥ ਤੋਂ ਤੁਰ ਪਏ+ ਅਤੇ ਪਾਰਾਨ ਦੀ ਉਜਾੜ ਵਿਚ ਜਾ ਕੇ ਤੰਬੂ ਲਾਏ।+

ਫੁਟਨੋਟ

ਜਾਂ, “ਹੋਰ ਕਿਸੇ ਵੀ ਇਨਸਾਨ ਨਾਲੋਂ ਨਿਮਰ (ਨਰਮ ਸੁਭਾਅ ਦਾ) ਸੀ।”
ਇਬ, “ਉਹ ਮੇਰੇ ਸਾਰੇ ਘਰ ਵਿਚ ਆਪਣੇ ਆਪ ਨੂੰ ਵਫ਼ਾਦਾਰ ਸਾਬਤ ਕਰ ਰਿਹਾ ਹੈ।”