ਗਿਣਤੀ 16:1-50
16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ।
2 ਉਹ ਹੋਰ 250 ਇਜ਼ਰਾਈਲੀ ਆਦਮੀਆਂ ਨਾਲ ਰਲ਼ ਕੇ ਮੂਸਾ ਦੇ ਵਿਰੁੱਧ ਖੜ੍ਹੇ ਹੋਏ। ਇਹ ਮੰਨੇ-ਪ੍ਰਮੰਨੇ ਆਦਮੀ ਮੰਡਲੀ ਦੇ ਮੁਖੀ ਅਤੇ ਚੁਣੇ ਹੋਏ ਅਧਿਕਾਰੀ ਸਨ।
3 ਉਹ ਮੂਸਾ ਤੇ ਹਾਰੂਨ ਦੇ ਵਿਰੁੱਧ ਇਕੱਠੇ ਹੋ ਕੇ+ ਕਹਿਣ ਲੱਗੇ: “ਬੱਸ! ਬਹੁਤ ਹੋ ਗਿਆ! ਪੂਰੀ ਮੰਡਲੀ ਪਵਿੱਤਰ ਹੈ,+ ਹਾਂ, ਸਾਰੇ ਜਣੇ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ।+ ਤਾਂ ਫਿਰ, ਤੁਸੀਂ ਯਹੋਵਾਹ ਦੀ ਮੰਡਲੀ ਤੋਂ ਆਪਣੇ ਆਪ ਨੂੰ ਉੱਚਾ ਕਿਉਂ ਚੁੱਕਦੇ ਹੋ?”
4 ਇਹ ਸੁਣ ਕੇ ਮੂਸਾ ਨੇ ਇਕਦਮ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
5 ਫਿਰ ਉਸ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: “ਸਵੇਰੇ ਯਹੋਵਾਹ ਜ਼ਾਹਰ ਕਰ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ+ ਅਤੇ ਕੌਣ ਪਵਿੱਤਰ ਹੈ ਅਤੇ ਕੌਣ ਉਸ ਦੇ ਨੇੜੇ ਜਾ ਸਕਦਾ ਹੈ।+ ਜਿਸ ਨੂੰ ਵੀ ਉਹ ਚੁਣੇਗਾ,+ ਉਹੀ ਉਸ ਦੇ ਨੇੜੇ ਜਾਵੇਗਾ।
6 ਇਸ ਲਈ ਕੋਰਹ ਤੇ ਉਸ ਦੇ ਸਾਥੀਓ,+ ਤੁਸੀਂ ਅੱਗ ਚੁੱਕਣ ਵਾਲੇ ਕੜਛੇ ਲਓ।+
7 ਤੁਸੀਂ ਕੱਲ੍ਹ ਨੂੰ ਯਹੋਵਾਹ ਸਾਮ੍ਹਣੇ ਉਨ੍ਹਾਂ ਵਿਚ ਅੱਗ ਅਤੇ ਧੂਪ ਪਾਓ। ਜਿਸ ਆਦਮੀ ਨੂੰ ਯਹੋਵਾਹ ਚੁਣੇਗਾ,+ ਉਹੀ ਉਸ ਦਾ ਪਵਿੱਤਰ ਸੇਵਕ ਹੋਵੇਗਾ। ਹੇ ਲੇਵੀ ਦੇ ਪੁੱਤਰੋ,+ ਤੁਸੀਂ ਤਾਂ ਹੱਦ ਕਰ ਦਿੱਤੀ!”
8 ਫਿਰ ਮੂਸਾ ਨੇ ਕੋਰਹ ਨੂੰ ਕਿਹਾ: “ਹੇ ਲੇਵੀ ਦੇ ਪੁੱਤਰੋ, ਕਿਰਪਾ ਕਰ ਕੇ ਮੇਰੀ ਗੱਲ ਸੁਣੋ।
9 ਕੀ ਤੁਹਾਨੂੰ ਇਹ ਗੱਲ ਛੋਟੀ ਜਿਹੀ ਲੱਗਦੀ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਜ਼ਰਾਈਲ ਦੀ ਮੰਡਲੀ ਤੋਂ ਵੱਖਰਾ ਕੀਤਾ ਹੈ+ ਅਤੇ ਆਪਣੇ ਨੇੜੇ ਆਉਣ ਦੀ ਇਜਾਜ਼ਤ ਦਿੱਤੀ ਹੈ ਤਾਂਕਿ ਤੁਸੀਂ ਯਹੋਵਾਹ ਦੇ ਡੇਰੇ ਵਿਚ ਸੇਵਾ ਦੇ ਕੰਮ ਕਰੋ ਅਤੇ ਮੰਡਲੀ ਦੇ ਸਾਮ੍ਹਣੇ ਖੜ੍ਹੇ ਹੋ ਕੇ ਸਾਰਿਆਂ ਦੀ ਸੇਵਾ ਕਰੋ?+
10 ਨਾਲੇ ਕੀ ਇਹ ਵੀ ਛੋਟੀ ਜਿਹੀ ਗੱਲ ਹੈ ਕਿ ਉਸ ਨੇ ਤੈਨੂੰ ਅਤੇ ਤੇਰੇ ਲੇਵੀ ਭਰਾਵਾਂ ਨੂੰ ਆਪਣੇ ਨੇੜੇ ਆਉਣ ਦਿੱਤਾ ਹੈ? ਕੀ ਤੁਸੀਂ ਹੁਣ ਪੁਜਾਰੀਆਂ ਦੇ ਅਹੁਦੇ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹੋ?+
11 ਇਸ ਲਈ ਤੂੰ ਤੇ ਤੇਰੀ ਟੋਲੀ ਨੇ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਹਾਰੂਨ ਹੈ ਹੀ ਕੀ ਜੋ ਤੁਸੀਂ ਉਸ ਦੇ ਖ਼ਿਲਾਫ਼ ਬੁੜਬੁੜਾਉਂਦੇ ਹੋ?”+
12 ਬਾਅਦ ਵਿਚ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਤੇ ਅਬੀਰਾਮ+ ਨੂੰ ਆਉਣ ਦਾ ਸੁਨੇਹਾ ਘੱਲਿਆ, ਪਰ ਉਨ੍ਹਾਂ ਨੇ ਕਿਹਾ: “ਨਹੀਂ, ਅਸੀਂ ਨਹੀਂ ਆਉਣਾ!
13 ਕੀ ਤੈਨੂੰ ਇਹ ਛੋਟੀ ਜਿਹੀ ਗੱਲ ਲੱਗਦੀ ਕਿ ਤੂੰ ਸਾਨੂੰ ਉਸ ਦੇਸ਼ ਵਿੱਚੋਂ ਕੱਢ ਲਿਆਇਆ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ ਅਤੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਤੂੰ ਹੁਣ ਸਾਡੇ ਸਾਰਿਆਂ ’ਤੇ ਰਾਜ ਵੀ ਕਰਨਾ* ਚਾਹੁੰਦਾਂ?
14 ਨਾਲੇ ਤੂੰ ਸਾਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਹੈਂ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਤੇ ਨਾ ਹੀ ਤੂੰ ਸਾਨੂੰ ਵਿਰਾਸਤ ਵਿਚ ਖੇਤ ਜਾਂ ਅੰਗੂਰਾਂ ਦੇ ਬਾਗ਼ ਦਿੱਤੇ। ਤੂੰ ਕੀ ਚਾਹੁੰਦਾਂ ਕਿ ਇਹ ਆਦਮੀ ਅੰਨ੍ਹਿਆਂ ਵਾਂਗ ਤੇਰੇ ਪਿੱਛੇ-ਪਿੱਛੇ ਚੱਲਦੇ ਰਹਿਣ?* ਨਹੀਂ, ਅਸੀਂ ਨਹੀਂ ਆਉਣਾ!”
15 ਇਸ ਲਈ ਮੂਸਾ ਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਯਹੋਵਾਹ ਨੂੰ ਕਿਹਾ: “ਇਨ੍ਹਾਂ ਦੇ ਅਨਾਜ ਦੇ ਚੜ੍ਹਾਵੇ ਵੱਲ ਦੇਖੀਂ ਵੀ ਨਾ। ਮੈਂ ਤਾਂ ਇਨ੍ਹਾਂ ਤੋਂ ਇਕ ਗਧਾ ਤਕ ਨਹੀਂ ਲਿਆ ਤੇ ਨਾ ਹੀ ਇਨ੍ਹਾਂ ਵਿੱਚੋਂ ਕਿਸੇ ਨਾਲ ਬੁਰਾ ਕੀਤਾ ਹੈ।”+
16 ਫਿਰ ਮੂਸਾ ਨੇ ਕੋਰਹ ਨੂੰ ਕਿਹਾ: “ਤੂੰ, ਤੇਰੇ ਸਾਥੀ ਤੇ ਹਾਰੂਨ ਕੱਲ੍ਹ ਨੂੰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ।
17 ਤੇਰਾ ਸਾਥ ਦੇਣ ਵਾਲੇ 250 ਜਣੇ ਅੱਗ ਚੁੱਕਣ ਵਾਲੇ ਕੜਛੇ ਲੈਣ ਅਤੇ ਉਨ੍ਹਾਂ ਵਿਚ ਧੂਪ ਪਾਉਣ। ਹਰ ਕੋਈ ਯਹੋਵਾਹ ਸਾਮ੍ਹਣੇ ਆਪਣਾ ਕੜਛਾ ਲਿਆਵੇ। ਨਾਲੇ ਤੂੰ ਅਤੇ ਹਾਰੂਨ ਵੀ ਆਪੋ-ਆਪਣਾ ਕੜਛਾ ਲਿਆਉਣ।”
18 ਇਸ ਲਈ ਹਰੇਕ ਨੇ ਆਪੋ-ਆਪਣਾ ਕੜਛਾ ਲਿਆ ਅਤੇ ਉਸ ਵਿਚ ਅੱਗ ਅਤੇ ਧੂਪ ਪਾਇਆ। ਫਿਰ ਉਹ ਮੂਸਾ ਤੇ ਹਾਰੂਨ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਖੜ੍ਹੇ ਹੋ ਗਏ।
19 ਜਦੋਂ ਕੋਰਹ ਅਤੇ ਉਸ ਦੀ ਟੋਲੀ+ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਇਕੱਠੀ ਹੋ ਗਈ, ਤਾਂ ਯਹੋਵਾਹ ਦੀ ਮਹਿਮਾ ਸਾਰੀ ਮੰਡਲੀ ਸਾਮ੍ਹਣੇ ਪ੍ਰਗਟ ਹੋਈ।+
20 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ:
21 “ਇਸ ਟੋਲੀ ਤੋਂ ਦੂਰ ਖੜ੍ਹੇ ਹੋ ਜਾਓ। ਮੈਂ ਇਕ ਪਲ ਵਿਚ ਹੀ ਇਨ੍ਹਾਂ ਨੂੰ ਤਬਾਹ ਕਰ ਦੇਣਾ।”+
22 ਇਹ ਸੁਣ ਕੇ ਉਨ੍ਹਾਂ ਨੇ ਜ਼ਮੀਨ ’ਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਕਿਹਾ: “ਹੇ ਪਰਮੇਸ਼ੁਰ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਬਖ਼ਸ਼ਣ ਵਾਲੇ ਪਰਮੇਸ਼ੁਰ,+ ਕੀ ਤੂੰ ਇਕ ਬੰਦੇ ਦੇ ਪਾਪ ਕਰਕੇ ਪੂਰੀ ਮੰਡਲੀ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਏਂਗਾ?”+
23 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
24 “ਮੰਡਲੀ ਦੇ ਲੋਕਾਂ ਨੂੰ ਕਹਿ, ‘ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਖੜ੍ਹੇ ਹੋ ਜਾਓ!’”+
25 ਫਿਰ ਮੂਸਾ ਉੱਠ ਕੇ ਦਾਥਾਨ ਤੇ ਅਬੀਰਾਮ ਕੋਲ ਗਿਆ ਅਤੇ ਇਜ਼ਰਾਈਲ ਦੇ ਬਜ਼ੁਰਗ+ ਵੀ ਉਸ ਨਾਲ ਗਏ।
26 ਉਸ ਨੇ ਮੰਡਲੀ ਨੂੰ ਕਿਹਾ: “ਕਿਰਪਾ ਕਰ ਕੇ ਇਨ੍ਹਾਂ ਦੁਸ਼ਟ ਆਦਮੀਆਂ ਦੇ ਤੰਬੂਆਂ ਤੋਂ ਦੂਰ ਖੜ੍ਹੇ ਹੋ ਜਾਓ ਅਤੇ ਇਨ੍ਹਾਂ ਦੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਓ। ਕਿਤੇ ਇੱਦਾਂ ਨਾ ਹੋਵੇ ਕਿ ਤੁਹਾਨੂੰ ਵੀ ਇਨ੍ਹਾਂ ਦੇ ਪਾਪ ਦਾ ਨਤੀਜਾ ਭੁਗਤਣਾ ਪਵੇ।”
27 ਉਹ ਉਸੇ ਵੇਲੇ ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਦੇ ਆਲੇ-ਦੁਆਲਿਓਂ ਦੂਰ ਹਟ ਗਏ। ਦਾਥਾਨ ਤੇ ਅਬੀਰਾਮ ਆਪਣੀਆਂ ਪਤਨੀਆਂ, ਮੁੰਡਿਆਂ ਅਤੇ ਛੋਟੇ ਬੱਚਿਆਂ ਨਾਲ ਬਾਹਰ ਆ ਕੇ ਆਪੋ-ਆਪਣੇ ਤੰਬੂ ਦੇ ਦਰਵਾਜ਼ੇ ’ਤੇ ਖੜ੍ਹ ਗਏ।
28 ਫਿਰ ਮੂਸਾ ਨੇ ਕਿਹਾ: “ਤੁਹਾਨੂੰ ਇਸ ਤੋਂ ਪਤਾ ਲੱਗ ਜਾਵੇਗਾ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਨਹੀਂ ਕਰ ਰਿਹਾ, ਸਗੋਂ ਯਹੋਵਾਹ ਨੇ ਮੈਨੂੰ ਇਹ ਕਰਨ ਲਈ ਘੱਲਿਆ ਹੈ:
29 ਜੇ ਇਹ ਲੋਕ ਦੂਸਰੇ ਲੋਕਾਂ ਵਾਂਗ ਕੁਦਰਤੀ ਮੌਤ ਮਰਨ ਅਤੇ ਇਨ੍ਹਾਂ ਨੂੰ ਵੀ ਉਹੀ ਸਜ਼ਾ ਮਿਲੇ ਜੋ ਸਾਰੇ ਇਨਸਾਨਾਂ ਨੂੰ ਮਿਲਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਮੈਨੂੰ ਨਹੀਂ ਘੱਲਿਆ।+
30 ਪਰ ਜੇ ਯਹੋਵਾਹ ਉਨ੍ਹਾਂ ਨਾਲ ਕੁਝ ਅਜਿਹਾ ਕਰੇ ਜਿਸ ਬਾਰੇ ਕਿਸੇ ਨੇ ਸੁਣਿਆ ਵੀ ਨਾ ਹੋਵੇ, ਹਾਂ, ਜੇ ਜ਼ਮੀਨ ਪਾਟ ਜਾਵੇ* ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਸਭ ਚੀਜ਼ਾਂ ਨੂੰ ਨਿਗਲ਼ ਜਾਵੇ ਅਤੇ ਉਹ ਜੀਉਂਦੇ-ਜੀ ਕਬਰ* ਵਿਚ ਦਫ਼ਨ ਹੋ ਜਾਣ, ਤਾਂ ਤੁਹਾਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਆਦਮੀਆਂ ਨੇ ਯਹੋਵਾਹ ਦਾ ਅਪਮਾਨ ਕੀਤਾ ਹੈ।”
31 ਜਿਉਂ ਹੀ ਮੂਸਾ ਨੇ ਆਪਣੀ ਗੱਲ ਖ਼ਤਮ ਕੀਤੀ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਪਾਟ ਗਈ।+
32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ।
33 ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਰੇ ਜੀਉਂਦੇ-ਜੀ ਕਬਰ* ਵਿਚ ਦਫ਼ਨ ਹੋ ਗਏ ਅਤੇ ਫਿਰ ਜ਼ਮੀਨ ਦਾ ਮੂੰਹ ਬੰਦ ਹੋ ਗਿਆ। ਮੰਡਲੀ ਵਿੱਚੋਂ ਉਨ੍ਹਾਂ ਦਾ ਖੁਰਾ-ਖੋਜ ਮਿਟ ਗਿਆ।+
34 ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਇਜ਼ਰਾਈਲੀ ਉਨ੍ਹਾਂ ਦਾ ਚੀਕ-ਚਿਹਾੜਾ ਸੁਣ ਕੇ ਉੱਥੋਂ ਭੱਜ ਗਏ ਅਤੇ ਡਰ ਦੇ ਮਾਰੇ ਕਹਿਣ ਲੱਗੇ: “ਜ਼ਮੀਨ ਕਿਤੇ ਸਾਨੂੰ ਵੀ ਨਾ ਨਿਗਲ਼ ਜਾਵੇ!”
35 ਫਿਰ ਯਹੋਵਾਹ ਨੇ ਅੱਗ ਵਰ੍ਹਾ ਕੇ+ ਧੂਪ ਧੁਖਾ ਰਹੇ 250 ਆਦਮੀਆਂ ਨੂੰ ਭਸਮ ਕਰ ਦਿੱਤਾ।+
36 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:
37 “ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਕਹਿ ਕਿ ਉਹ ਅੱਗ ਵਿੱਚੋਂ ਕੜਛੇ ਚੁੱਕ ਲਵੇ+ ਕਿਉਂਕਿ ਉਹ ਪਵਿੱਤਰ ਹਨ। ਨਾਲੇ ਬਲ਼ਦੇ ਕੋਲੇ ਚੁੱਕ ਕੇ ਦੂਰ ਖਿਲਾਰ ਦੇਵੇ।
38 ਜਿਹੜੇ ਆਦਮੀ ਪਾਪ ਕਰਨ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਨ੍ਹਾਂ ਦੇ ਕੜਛਿਆਂ ਦੇ ਪਤਲੇ ਪੱਤਰੇ ਬਣਾ ਕੇ ਵੇਦੀ+ ਨੂੰ ਮੜ੍ਹਿਆ ਜਾਵੇ ਕਿਉਂਕਿ ਉਹ ਇਹ ਕੜਛੇ ਯਹੋਵਾਹ ਸਾਮ੍ਹਣੇ ਲਿਆਏ ਸਨ ਜਿਸ ਕਰਕੇ ਇਹ ਪਵਿੱਤਰ ਹਨ। ਇਹ ਇਜ਼ਰਾਈਲੀਆਂ ਲਈ ਇਕ ਨਿਸ਼ਾਨੀ ਹੋਵੇਗੀ।”+
39 ਇਸ ਲਈ ਪੁਜਾਰੀ ਅਲਆਜ਼ਾਰ ਨੇ ਅੱਗ ਵਿਚ ਭਸਮ ਹੋਏ ਆਦਮੀਆਂ ਦੇ ਤਾਂਬੇ ਦੇ ਕੜਛਿਆਂ ਨੂੰ ਕੁੱਟ ਕੇ ਵੇਦੀ ਨੂੰ ਮੜ੍ਹਨ ਲਈ ਪੱਤਰੇ ਬਣਾਏ,
40 ਠੀਕ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਉਸ ਨੂੰ ਹੁਕਮ ਦਿੱਤਾ ਸੀ। ਇਹ ਇਜ਼ਰਾਈਲੀਆਂ ਲਈ ਇਕ ਚੇਤਾਵਨੀ ਸੀ ਕਿ ਹਾਰੂਨ ਦੀ ਔਲਾਦ ਤੋਂ ਇਲਾਵਾ ਕਿਸੇ ਵੀ ਇਨਸਾਨ ਨੂੰ ਯਹੋਵਾਹ ਸਾਮ੍ਹਣੇ ਧੂਪ ਧੁਖਾਉਣ ਦਾ ਅਧਿਕਾਰ ਨਹੀਂ ਹੈ+ ਅਤੇ ਕੋਈ ਵੀ ਕੋਰਹ ਅਤੇ ਉਸ ਦੇ ਸਾਥੀਆਂ ਦੀ ਪੈੜ ਉੱਤੇ ਨਾ ਤੁਰੇ।+
41 ਅਗਲੇ ਹੀ ਦਿਨ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਂਦੀ ਹੋਈ+ ਕਹਿਣ ਲੱਗੀ: “ਤੁਸੀਂ ਦੋਵਾਂ ਨੇ ਯਹੋਵਾਹ ਦੇ ਲੋਕਾਂ ਦੀ ਜਾਨ ਲਈ ਹੈ।”
42 ਜਦੋਂ ਮੰਡਲੀ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਇਕੱਠੀ ਹੋ ਗਈ, ਤਾਂ ਉਹ ਸਾਰੇ ਮੰਡਲੀ ਦੇ ਤੰਬੂ ਵੱਲ ਮੁੜੇ ਅਤੇ ਦੇਖੋ! ਬੱਦਲ ਨੇ ਤੰਬੂ ਨੂੰ ਢਕ ਲਿਆ ਸੀ ਅਤੇ ਯਹੋਵਾਹ ਦੀ ਮਹਿਮਾ ਪ੍ਰਗਟ ਹੋਣ ਲੱਗੀ।+
43 ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਸਾਮ੍ਹਣੇ ਗਏ+
44 ਅਤੇ ਯਹੋਵਾਹ ਨੇ ਮੂਸਾ ਨੂੰ ਕਿਹਾ:
45 “ਤੁਸੀਂ ਦੋਵੇਂ ਇਸ ਮੰਡਲੀ ਤੋਂ ਦੂਰ ਖੜ੍ਹੇ ਹੋ ਜਾਓ। ਮੈਂ ਇਕ ਪਲ ਵਿਚ ਹੀ ਇਨ੍ਹਾਂ ਨੂੰ ਤਬਾਹ ਕਰ ਦੇਣਾ।”+ ਇਹ ਸੁਣ ਕੇ ਉਨ੍ਹਾਂ ਦੋਵਾਂ ਨੇ ਜ਼ਮੀਨ ’ਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।+
46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!”
47 ਮੂਸਾ ਦੇ ਕਹਿਣ ’ਤੇ ਹਾਰੂਨ ਕੜਛੇ ਵਿਚ ਅੱਗ ਲੈ ਕੇ ਉਸੇ ਵੇਲੇ ਮੰਡਲੀ ਵੱਲ ਭੱਜ ਗਿਆ। ਦੇਖੋ! ਲੋਕਾਂ ਉੱਤੇ ਕਹਿਰ ਟੁੱਟ ਪਿਆ ਸੀ। ਇਸ ਲਈ ਉਹ ਅੱਗ ਵਿਚ ਧੂਪ ਪਾ ਕੇ ਲੋਕਾਂ ਦੇ ਪਾਪ ਮਿਟਾਉਣ ਲੱਗਾ।
48 ਉਹ ਮਰਿਆਂ ਅਤੇ ਜੀਉਂਦਿਆਂ ਵਿਚਕਾਰ ਖੜ੍ਹਾ ਰਿਹਾ ਅਤੇ ਅਖ਼ੀਰ ਕਹਿਰ ਰੁਕ ਗਿਆ।
49 ਕੋਰਹ ਕਰਕੇ ਮਾਰੇ ਗਏ ਲੋਕਾਂ ਤੋਂ ਇਲਾਵਾ ਇਸ ਕਹਿਰ ਵਿਚ 14,700 ਲੋਕ ਜਾਨ ਤੋਂ ਹੱਥ ਧੋ ਬੈਠੇ।
50 ਅਖ਼ੀਰ ਜਦ ਕਹਿਰ ਰੁਕ ਗਿਆ, ਤਾਂ ਹਾਰੂਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਮੂਸਾ ਕੋਲ ਵਾਪਸ ਆ ਗਿਆ।
ਫੁਟਨੋਟ
^ ਜਾਂ, “ਹੁਕਮ ਚਲਾਉਣਾ।”
^ ਇਬ, “ਕੀ ਤੂੰ ਇਨ੍ਹਾਂ ਆਦਮੀਆਂ ਦੀਆਂ ਅੱਖਾਂ ਕੱਢ ਸੁੱਟੇਂਗਾ?”
^ ਇਬ, “ਆਪਣਾ ਮੂੰਹ ਖੋਲ੍ਹੇ।”
^ ਇਬ, “ਆਪਣਾ ਮੂੰਹ ਖੋਲ੍ਹਿਆ।”