ਗਿਣਤੀ 17:1-13

  • ਹਾਰੂਨ ਦੀ ਲਾਠੀ ਉੱਤੇ ਡੋਡੀਆਂ ਇਕ ਨਿਸ਼ਾਨੀ (1-13)

17  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:  “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਤੋਂ ਹਰ ਗੋਤ ਲਈ ਇਕ ਲਾਠੀ ਲੈ। ਤੂੰ ਹਰ ਗੋਤ ਦੇ ਮੁਖੀ+ ਤੋਂ ਇਕ ਲਾਠੀ ਲੈ ਯਾਨੀ ਕੁੱਲ 12 ਲਾਠੀਆਂ। ਉਨ੍ਹਾਂ ਲਾਠੀਆਂ ’ਤੇ ਹਰੇਕ ਮੁਖੀ ਦਾ ਨਾਂ ਲਿਖ।  ਤੂੰ ਲੇਵੀ ਦੀ ਲਾਠੀ ਉੱਤੇ ਹਾਰੂਨ ਦਾ ਨਾਂ ਲਿਖੀਂ ਕਿਉਂਕਿ ਹਰ ਗੋਤ ਦੇ ਮੁਖੀ ਲਈ ਇਕ ਲਾਠੀ ਹੋਵੇਗੀ।  ਤੂੰ ਇਹ ਲਾਠੀਆਂ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ+ ਸਾਮ੍ਹਣੇ ਰੱਖ ਜਿੱਥੇ ਮੈਂ ਤੁਹਾਡੇ ਸਾਮ੍ਹਣੇ ਅਕਸਰ ਪ੍ਰਗਟ ਹੁੰਦਾ ਹਾਂ।+  ਜਿਸ ਆਦਮੀ ਨੂੰ ਮੈਂ ਚੁਣਿਆ ਹੈ,+ ਉਸ ਦੀ ਲਾਠੀ ’ਤੇ ਡੋਡੀਆਂ ਨਿਕਲਣਗੀਆਂ। ਇਸ ਤਰ੍ਹਾਂ ਮੈਂ ਇਜ਼ਰਾਈਲੀਆਂ ਦੇ ਮੂੰਹ ਬੰਦ ਕਰ ਦਿਆਂਗਾ ਤਾਂਕਿ ਉਹ ਮੇਰੇ ਖ਼ਿਲਾਫ਼ ਅਤੇ ਤੁਹਾਡੇ ਖ਼ਿਲਾਫ਼ ਬੁੜ-ਬੁੜ ਨਾ ਕਰਨ।”+  ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਸਾਰੇ ਮੁਖੀਆਂ ਨੇ ਉਸ ਨੂੰ ਆਪਣੀ-ਆਪਣੀ ਲਾਠੀ ਦਿੱਤੀ। ਹਰ ਗੋਤ ਦੇ ਮੁਖੀ ਲਈ ਇਕ ਲਾਠੀ ਯਾਨੀ ਕੁੱਲ 12 ਲਾਠੀਆਂ। ਹਾਰੂਨ ਦੀ ਲਾਠੀ ਵੀ ਉਨ੍ਹਾਂ ਵਿਚ ਸੀ।  ਫਿਰ ਮੂਸਾ ਨੇ ਉਹ ਲਾਠੀਆਂ ਗਵਾਹੀ ਦੇ ਤੰਬੂ ਵਿਚ ਯਹੋਵਾਹ ਸਾਮ੍ਹਣੇ ਰੱਖ ਦਿੱਤੀਆਂ।  ਅਗਲੇ ਦਿਨ ਜਦੋਂ ਮੂਸਾ ਗਵਾਹੀ ਦੇ ਤੰਬੂ ਵਿਚ ਗਿਆ, ਤਾਂ ਦੇਖੋ! ਲੇਵੀ ਦੇ ਗੋਤ ਲਈ ਰੱਖੀ ਹਾਰੂਨ ਦੀ ਲਾਠੀ ਉੱਤੇ ਡੋਡੀਆਂ ਨਿਕਲੀਆਂ ਹੋਈਆਂ ਸਨ ਅਤੇ ਉਸ ਨੂੰ ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ।  ਫਿਰ ਮੂਸਾ ਯਹੋਵਾਹ ਦੇ ਸਾਮ੍ਹਣਿਓਂ ਸਾਰੀਆਂ ਲਾਠੀਆਂ ਚੁੱਕ ਕੇ ਇਜ਼ਰਾਈਲ ਦੇ ਸਾਰੇ ਲੋਕਾਂ ਕੋਲ ਲੈ ਆਇਆ। ਉਨ੍ਹਾਂ ਨੇ ਇਹ ਲਾਠੀਆਂ ਦੇਖੀਆਂ ਅਤੇ ਹਰ ਆਦਮੀ ਨੇ ਆਪੋ-ਆਪਣੀ ਲਾਠੀ ਲਈ। 10  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਦੀ ਲਾਠੀ+ ਵਾਪਸ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਰੱਖ ਦੇ। ਇਹ ਲਾਠੀ ਬਗਾਵਤ ਕਰਨ ਵਾਲਿਆਂ+ ਲਈ ਚੇਤਾਵਨੀ ਹੋਵੇਗੀ+ ਤਾਂਕਿ ਮੇਰੇ ਖ਼ਿਲਾਫ਼ ਉਨ੍ਹਾਂ ਦੀ ਬੁੜ-ਬੁੜ ਬੰਦ ਹੋ ਜਾਵੇ ਤੇ ਉਹ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ।” 11  ਮੂਸਾ ਨੇ ਫ਼ੌਰਨ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 12  ਫਿਰ ਇਜ਼ਰਾਈਲੀਆਂ ਨੇ ਮੂਸਾ ਨੂੰ ਕਿਹਾ: “ਹੁਣ ਨਹੀਂ ਬਚਦੇ ਅਸੀਂ! ਸਾਡੀ ਮੌਤ ਪੱਕੀ ਹੈ! ਅਸੀਂ ਸਾਰੇ ਦੇ ਸਾਰੇ ਖ਼ਤਮ ਹੋ ਜਾਵਾਂਗੇ! 13  ਜੇ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਵੀ ਜਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ।+ ਕੀ ਅਸੀਂ ਸਾਰੇ ਮਾਰੇ ਜਾਵਾਂਗੇ?”+

ਫੁਟਨੋਟ