ਗਿਣਤੀ 20:1-29

  • ਕਾਦੇਸ਼ ਵਿਚ ਮਿਰੀਅਮ ਦੀ ਮੌਤ (1)

  • ਮੂਸਾ ਨੇ ਚਟਾਨ ’ਤੇ ਡੰਡਾ ਮਾਰਿਆ ਅਤੇ ਪਾਪ ਕੀਤਾ (2-13)

  • ਅਦੋਮ ਨੇ ਇਜ਼ਰਾਈਲੀਆਂ ਨੂੰ ਲੰਘਣ ਨਹੀਂ ਦਿੱਤਾ (14-21)

  • ਹਾਰੂਨ ਦੀ ਮੌਤ (22-29)

20  ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ।  ਉਸ ਜਗ੍ਹਾ ਮੰਡਲੀ ਦੇ ਪੀਣ ਲਈ ਪਾਣੀ ਨਹੀਂ ਸੀ,+ ਇਸ ਲਈ ਲੋਕ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਇਕੱਠੇ ਹੋ ਗਏ।  ਲੋਕ ਮੂਸਾ ਨਾਲ ਝਗੜਦੇ ਹੋਏ+ ਕਹਿਣ ਲੱਗੇ: “ਚੰਗਾ ਹੁੰਦਾ ਜੇ ਅਸੀਂ ਆਪਣੇ ਭਰਾਵਾਂ ਦੇ ਨਾਲ ਹੀ ਯਹੋਵਾਹ ਸਾਮ੍ਹਣੇ ਮਰ ਜਾਂਦੇ!  ਤੁਸੀਂ ਕਿਉਂ ਯਹੋਵਾਹ ਦੀ ਮੰਡਲੀ ਨੂੰ ਇਸ ਉਜਾੜ ਵਿਚ ਲੈ ਆਏ ਹੋ? ਕੀ ਇਸ ਲਈ ਕਿ ਅਸੀਂ ਤੇ ਸਾਡੇ ਪਸ਼ੂ ਮਰ ਜਾਣ?+  ਤੁਸੀਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਘਟੀਆ ਤੇ ਖ਼ੌਫ਼ਨਾਕ ਜਗ੍ਹਾ ਕਿਉਂ ਲੈ ਆਏ ਹੋ?+ ਇੱਥੇ ਨਾ ਤਾਂ ਬੀ ਬੀਜਿਆ ਜਾ ਸਕਦਾ ਹੈ ਤੇ ਨਾ ਹੀ ਇੱਥੇ ਅੰਜੀਰਾਂ, ਅੰਗੂਰੀ ਬਾਗ਼ ਤੇ ਅਨਾਰ ਹਨ। ਇੱਥੇ ਤਾਂ ਪੀਣ ਲਈ ਪਾਣੀ ਵੀ ਨਹੀਂ ਹੈ।”+  ਫਿਰ ਮੂਸਾ ਤੇ ਹਾਰੂਨ ਮੰਡਲੀ ਦੇ ਸਾਮ੍ਹਣਿਓਂ ਚਲੇ ਗਏ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਆ ਗਏ। ਉੱਥੇ ਉਹ ਜ਼ਮੀਨ ’ਤੇ ਸਿਰ ਨਿਵਾ ਕੇ ਬੈਠ ਗਏ ਅਤੇ ਉਨ੍ਹਾਂ ਸਾਮ੍ਹਣੇ ਯਹੋਵਾਹ ਦੀ ਮਹਿਮਾ ਪ੍ਰਗਟ ਹੋਣ ਲੱਗੀ।+  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:  “ਆਪਣਾ ਡੰਡਾ ਲੈ ਅਤੇ ਤੂੰ ਤੇ ਤੇਰਾ ਭਰਾ ਹਾਰੂਨ ਸਾਰੀ ਮੰਡਲੀ ਨੂੰ ਇਕੱਠਾ ਕਰੋ ਅਤੇ ਲੋਕਾਂ ਦੀਆਂ ਨਜ਼ਰਾਂ ਸਾਮ੍ਹਣੇ ਚਟਾਨ ਨੂੰ ਕਹੋ ਕਿ ਉਹ ਤੁਹਾਨੂੰ ਪਾਣੀ ਦੇਵੇ ਅਤੇ ਤੂੰ ਮੰਡਲੀ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਚਟਾਨ ਵਿੱਚੋਂ ਪੀਣ ਲਈ ਪਾਣੀ ਕੱਢ।”+  ਇਸ ਲਈ ਮੂਸਾ ਨੇ ਯਹੋਵਾਹ ਦੇ ਸਾਮ੍ਹਣਿਓਂ ਡੰਡਾ ਲਿਆ,+ ਠੀਕ ਜਿਵੇਂ ਉਸ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 10  ਫਿਰ ਮੂਸਾ ਤੇ ਹਾਰੂਨ ਨੇ ਸਾਰੀ ਮੰਡਲੀ ਨੂੰ ਚਟਾਨ ਦੇ ਸਾਮ੍ਹਣੇ ਇਕੱਠਾ ਕੀਤਾ ਅਤੇ ਲੋਕਾਂ ਨੂੰ ਕਿਹਾ: “ਸੁਣੋ ਬਾਗ਼ੀਓ! ਕੀ ਹੁਣ ਅਸੀਂ ਤੁਹਾਡੇ ਲਈ ਇਸ ਚਟਾਨ ਵਿੱਚੋਂ ਪਾਣੀ ਕੱਢੀਏ?”+ 11  ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ’ਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+ 12  ਯਹੋਵਾਹ ਨੇ ਬਾਅਦ ਵਿਚ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਦੋਵਾਂ ਨੇ ਮੇਰੇ ’ਤੇ ਨਿਹਚਾ ਨਹੀਂ ਕੀਤੀ ਅਤੇ ਇਜ਼ਰਾਈਲ ਦੇ ਲੋਕਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ, ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ ਨਹੀਂ ਲੈ ਜਾਓਗੇ ਜੋ ਮੈਂ ਇਨ੍ਹਾਂ ਨੂੰ ਦਿਆਂਗਾ।”+ 13  ਇਹ ਮਰੀਬਾਹ* ਦੇ ਪਾਣੀ+ ਸਨ ਜਿੱਥੇ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ ਅਤੇ ਉਸ ਨੇ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਪਵਿੱਤਰ ਸਾਬਤ ਕੀਤਾ। 14  ਫਿਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕੁਝ ਬੰਦੇ ਘੱਲੇ:+ “ਤੇਰਾ ਭਰਾ ਇਜ਼ਰਾਈਲ+ ਇਹ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਸੀਂ ਕਿੰਨੇ ਦੁੱਖ ਝੱਲੇ। 15  ਸਾਡੇ ਪਿਉ-ਦਾਦੇ ਮਿਸਰ ਨੂੰ ਗਏ+ ਅਤੇ ਅਸੀਂ ਮਿਸਰ ਵਿਚ ਬਹੁਤ ਸਾਲ* ਰਹੇ।+ ਮਿਸਰੀਆਂ ਨੇ ਸਾਡੇ ’ਤੇ ਅਤੇ ਸਾਡੇ ਪਿਉ-ਦਾਦਿਆਂ ਉੱਤੇ ਬਹੁਤ ਅਤਿਆਚਾਰ ਕੀਤੇ।+ 16  ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ। 17  ਕਿਰਪਾ ਕਰ ਕੇ ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਦੀ ਨਹੀਂ ਲੰਘਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਾਂਗੇ ਅਤੇ ਸੱਜੇ-ਖੱਬੇ ਮੁੜੇ ਬਿਨਾਂ ਤੇਰੇ ਇਲਾਕੇ ਵਿੱਚੋਂ ਦੀ ਲੰਘ ਜਾਵਾਂਗੇ।’”+ 18  ਪਰ ਅਦੋਮ ਦੇ ਰਾਜੇ ਨੇ ਕਿਹਾ: “ਤੁਸੀਂ ਸਾਡੇ ਇਲਾਕੇ ਵਿੱਚੋਂ ਨਹੀਂ ਲੰਘ ਸਕਦੇ। ਜੇ ਤੁਸੀਂ ਲੰਘੇ, ਤਾਂ ਮੈਂ ਤਲਵਾਰ ਲੈ ਕੇ ਤੁਹਾਨੂੰ ਰੋਕਣ ਆਵਾਂਗਾ।” 19  ਜਵਾਬ ਵਿਚ ਇਜ਼ਰਾਈਲੀਆਂ ਨੇ ਉਸ ਨੂੰ ਕਿਹਾ: “ਅਸੀਂ ਰਾਜਮਾਰਗ ਉੱਤੇ ਹੀ ਚੱਲਾਂਗੇ ਅਤੇ ਜੇ ਅਸੀਂ ਤੇ ਸਾਡੇ ਪਸ਼ੂ ਤੇਰਾ ਪਾਣੀ ਪੀਣਗੇ, ਤਾਂ ਅਸੀਂ ਉਸ ਦੀ ਕੀਮਤ ਅਦਾ ਕਰਾਂਗੇ।+ ਅਸੀਂ ਤੇਰੇ ਤੋਂ ਹੋਰ ਕੁਝ ਨਹੀਂ ਚਾਹੁੰਦੇ, ਬੱਸ ਸਾਨੂੰ ਪੈਦਲ ਲੰਘ ਜਾਣ ਦੇ।”+ 20  ਫਿਰ ਵੀ ਉਸ ਨੇ ਕਿਹਾ: “ਨਹੀਂ, ਤੁਸੀਂ ਨਹੀਂ ਲੰਘ ਸਕਦੇ।”+ ਅਦੋਮ ਦਾ ਰਾਜਾ ਵੱਡੀ ਅਤੇ ਤਾਕਤਵਰ ਫ਼ੌਜ* ਲੈ ਕੇ ਇਜ਼ਰਾਈਲ ਨੂੰ ਰੋਕਣ ਆਇਆ। 21  ਇਸ ਤਰ੍ਹਾਂ ਅਦੋਮ ਦੇ ਰਾਜੇ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ; ਇਸ ਕਰਕੇ ਇਜ਼ਰਾਈਲੀ ਉੱਥੋਂ ਮੁੜ ਕੇ ਦੂਸਰੇ ਰਸਤਿਓਂ ਚਲੇ ਗਏ।+ 22  ਇਜ਼ਰਾਈਲ ਦੀ ਪੂਰੀ ਮੰਡਲੀ ਕਾਦੇਸ਼ ਤੋਂ ਚਲੀ ਗਈ ਅਤੇ ਹੋਰ ਨਾਂ ਦੇ ਪਹਾੜ+ ਕੋਲ ਆਈ। 23  ਫਿਰ ਅਦੋਮ ਦੇਸ਼ ਦੀ ਸਰਹੱਦ ਕੋਲ ਹੋਰ ਨਾਂ ਦੇ ਪਹਾੜ ਨੇੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 24  “ਹਾਰੂਨ ਆਪਣੇ ਲੋਕਾਂ ਨਾਲ ਜਾ ਰਲ਼ੇਗਾ।*+ ਉਹ ਉਸ ਦੇਸ਼ ਵਿਚ ਨਹੀਂ ਜਾਵੇਗਾ ਜੋ ਮੈਂ ਇਜ਼ਰਾਈਲੀਆਂ ਨੂੰ ਦਿਆਂਗਾ ਕਿਉਂਕਿ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ।+ 25  ਤੂੰ ਹਾਰੂਨ ਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਲੈ ਕੇ ਹੋਰ ਨਾਂ ਦੇ ਪਹਾੜ ’ਤੇ ਜਾਹ। 26  ਹਾਰੂਨ ਦਾ ਲਿਬਾਸ+ ਲਾਹ ਕੇ ਉਸ ਦੇ ਪੁੱਤਰ ਅਲਆਜ਼ਾਰ+ ਦੇ ਪਾ ਦੇ ਅਤੇ ਉੱਥੇ ਹਾਰੂਨ ਦੀ ਮੌਤ ਹੋ ਜਾਵੇਗੀ।”* 27  ਇਸ ਲਈ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਕੀਤਾ ਅਤੇ ਉਹ ਤਿੰਨੇ ਸਾਰੀ ਮੰਡਲੀ ਦੇ ਦੇਖਦਿਆਂ ਹੋਰ ਨਾਂ ਦੇ ਪਹਾੜ ’ਤੇ ਚੜ੍ਹ ਗਏ। 28  ਫਿਰ ਮੂਸਾ ਨੇ ਹਾਰੂਨ ਦਾ ਲਿਬਾਸ ਲਾਹ ਕੇ ਉਸ ਦੇ ਪੁੱਤਰ ਅਲਆਜ਼ਾਰ ਦੇ ਪਾ ਦਿੱਤਾ ਅਤੇ ਬਾਅਦ ਵਿਚ ਪਹਾੜ ਉੱਤੇ ਹਾਰੂਨ ਦੀ ਮੌਤ ਹੋ ਗਈ।+ ਫਿਰ ਮੂਸਾ ਅਤੇ ਅਲਆਜ਼ਾਰ ਪਹਾੜੋਂ ਉੱਤਰ ਆਏ। 29  ਜਦੋਂ ਪੂਰੀ ਮੰਡਲੀ ਨੇ ਦੇਖਿਆ ਕਿ ਹਾਰੂਨ ਦੀ ਮੌਤ ਹੋ ਗਈ ਸੀ, ਤਾਂ ਇਜ਼ਰਾਈਲ ਦਾ ਪੂਰਾ ਘਰਾਣਾ 30 ਦਿਨਾਂ ਤਕ ਹਾਰੂਨ ਲਈ ਰੋਂਦਾ ਰਿਹਾ।+

ਫੁਟਨੋਟ

ਮਤਲਬ “ਝਗੜਾ।”
ਇਬ, “ਦਿਨ।”
ਇਬ, “ਹੱਥ।”
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ, “ਆਪਣੇ ਲੋਕਾਂ ਨਾਲ ਜਾ ਰਲ਼ੇਗਾ ਅਤੇ ਉੱਥੇ ਮਰ ਜਾਵੇਗਾ।”