ਗਿਣਤੀ 21:1-35

  • ਆਰਾਦ ਦੇ ਰਾਜੇ ਦੀ ਹਾਰ (1-3)

  • ਤਾਂਬੇ ਦਾ ਸੱਪ (4-9)

  • ਇਜ਼ਰਾਈਲੀਆਂ ਨੇ ਮੋਆਬ ਦੇ ਕਿਨਾਰੇ-ਕਿਨਾਰੇ ਸਫ਼ਰ ਕੀਤਾ (10-20)

  • ਅਮੋਰੀਆਂ ਦੇ ਰਾਜੇ ਸੀਹੋਨ ਦੀ ਹਾਰ (21-30)

  • ਅਮੋਰੀਆਂ ਦੇ ਰਾਜੇ ਓਗ ਦੀ ਹਾਰ (31-35)

21  ਜਦੋਂ ਅਰਾਦ ਦੇ ਕਨਾਨੀ ਰਾਜੇ,+ ਜਿਹੜਾ ਨੇਗੇਬ ਵਿਚ ਰਹਿੰਦਾ ਸੀ, ਨੇ ਸੁਣਿਆ ਕਿ ਇਜ਼ਰਾਈਲੀ ਅਥਾਰੀਮ ਦੇ ਰਸਤਿਓਂ ਆ ਰਹੇ ਸਨ, ਤਾਂ ਉਸ ਨੇ ਇਜ਼ਰਾਈਲੀਆਂ ਉੱਤੇ ਹਮਲਾ ਕੀਤਾ ਅਤੇ ਕਈ ਜਣਿਆਂ ਨੂੰ ਬੰਦੀ ਬਣਾ ਕੇ ਲੈ ਗਿਆ।  ਇਸ ਲਈ ਇਜ਼ਰਾਈਲੀਆਂ ਨੇ ਯਹੋਵਾਹ ਅੱਗੇ ਇਹ ਸੁੱਖਣਾ ਸੁੱਖੀ: “ਜੇ ਤੂੰ ਇਨ੍ਹਾਂ ਲੋਕਾਂ ਨੂੰ ਸਾਡੇ ਹੱਥ ਵਿਚ ਕਰ ਦੇਵੇਂ, ਤਾਂ ਅਸੀਂ ਜ਼ਰੂਰ ਇਨ੍ਹਾਂ ਦੇ ਸ਼ਹਿਰ ਤਬਾਹ ਕਰ ਦਿਆਂਗੇ।”  ਯਹੋਵਾਹ ਨੇ ਇਜ਼ਰਾਈਲੀਆਂ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ। ਉਨ੍ਹਾਂ ਨੇ ਕਨਾਨੀਆਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਇਸ ਲਈ ਇਜ਼ਰਾਈਲੀਆਂ ਨੇ ਉਸ ਜਗ੍ਹਾ ਦਾ ਨਾਂ ਹਾਰਮਾਹ*+ ਰੱਖਿਆ।  ਹੋਰ ਨਾਂ ਦੇ ਪਹਾੜ ਤੋਂ ਤੁਰਨ ਤੋਂ ਬਾਅਦ+ ਲੋਕ ਅਦੋਮ ਦੇਸ਼ ਦੇ ਬਾਹਰੋਂ-ਬਾਹਰ ਦੀ ਜਾਣ ਲਈ ਲਾਲ ਸਮੁੰਦਰ ਦੇ ਰਾਹ ਪੈ ਗਏ,+ ਇਸ ਕਰਕੇ ਲੋਕ ਸਫ਼ਰ ਕਰਦੇ-ਕਰਦੇ ਥੱਕ ਗਏ।  ਲੋਕ ਪਰਮੇਸ਼ੁਰ ਅਤੇ ਮੂਸਾ ਦੇ ਖ਼ਿਲਾਫ਼ ਬੋਲਦੇ ਰਹੇ+ ਅਤੇ ਕਹਿੰਦੇ ਰਹੇ: “ਤੁਸੀਂ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਉਜਾੜ ਵਿਚ ਮਰਨ ਲਈ ਲੈ ਆਏ ਹੋ? ਇੱਥੇ ਨਾ ਤਾਂ ਖਾਣ ਲਈ ਰੋਟੀ ਹੈ ਤੇ ਨਾ ਹੀ ਪੀਣ ਲਈ ਪਾਣੀ।+ ਸਾਨੂੰ ਇਸ ਘਿਣਾਉਣੀ ਰੋਟੀ ਨਾਲ ਨਫ਼ਰਤ ਹੋ ਗਈ ਹੈ।”+  ਇਸ ਲਈ ਯਹੋਵਾਹ ਨੇ ਲੋਕਾਂ ਵਿਚ ਜ਼ਹਿਰੀਲੇ* ਸੱਪ ਘੱਲੇ। ਸੱਪ ਲੋਕਾਂ ਨੂੰ ਡੰਗ ਮਾਰਦੇ ਰਹੇ ਜਿਸ ਕਰਕੇ ਬਹੁਤ ਸਾਰੇ ਇਜ਼ਰਾਈਲੀਆਂ ਦੀ ਮੌਤ ਹੋ ਗਈ।+  ਇਸ ਲਈ ਲੋਕਾਂ ਨੇ ਮੂਸਾ ਕੋਲ ਆ ਕੇ ਕਿਹਾ: “ਅਸੀਂ ਯਹੋਵਾਹ ਅਤੇ ਤੇਰੇ ਖ਼ਿਲਾਫ਼ ਬੋਲ ਕੇ ਪਾਪ ਕੀਤਾ ਹੈ।+ ਸਾਡੇ ਲਈ ਯਹੋਵਾਹ ਨੂੰ ਬੇਨਤੀ ਕਰ ਕਿ ਉਹ ਸੱਪਾਂ ਨੂੰ ਸਾਡੇ ਤੋਂ ਦੂਰ ਕਰ ਦੇਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪਰਮੇਸ਼ੁਰ ਨੂੰ ਬੇਨਤੀ ਕੀਤੀ।+  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਕ ਜ਼ਹਿਰੀਲੇ* ਸੱਪ ਦੀ ਮੂਰਤ ਬਣਾ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦੇ। ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰੇ, ਤਾਂ ਉਹ ਇਸ ਮੂਰਤ ਵੱਲ ਦੇਖੇ ਤਾਂਕਿ ਉਹ ਜੀਉਂਦਾ ਰਹੇ।”  ਮੂਸਾ ਨੇ ਉਸੇ ਵੇਲੇ ਤਾਂਬੇ ਦਾ ਇਕ ਸੱਪ ਬਣਾਇਆ+ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦਿੱਤਾ।+ ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰਦਾ ਸੀ, ਤਾਂ ਉਹ ਤਾਂਬੇ ਦੇ ਉਸ ਸੱਪ ਵੱਲ ਦੇਖ ਕੇ ਜੀਉਂਦਾ ਰਹਿੰਦਾ ਸੀ।+ 10  ਇਸ ਤੋਂ ਬਾਅਦ ਇਜ਼ਰਾਈਲੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਓਬੋਥ ਵਿਚ ਤੰਬੂ ਲਾਏ।+ 11  ਫਿਰ ਉਹ ਓਬੋਥ ਤੋਂ ਚਲੇ ਗਏ ਅਤੇ ਉਨ੍ਹਾਂ ਨੇ ਉਜਾੜ ਵਿਚ ਇਯੇ-ਅਬਾਰੀਮ ਵਿਚ ਤੰਬੂ ਲਾਏ।+ ਇਹ ਉਜਾੜ ਪੂਰਬ ਵੱਲ ਮੋਆਬ ਦੇ ਸਾਮ੍ਹਣੇ ਹੈ। 12  ਫਿਰ ਉਨ੍ਹਾਂ ਨੇ ਉੱਥੋਂ ਜਾ ਕੇ ਜ਼ਾਰਦ ਘਾਟੀ ਕੋਲ ਤੰਬੂ ਲਾਏ।+ 13  ਫਿਰ ਉਹ ਉੱਥੋਂ ਚਲੇ ਗਏ ਅਤੇ ਅਰਨੋਨ ਦੇ ਇਲਾਕੇ+ ਵਿਚ ਜਾ ਕੇ ਤੰਬੂ ਲਾਏ। ਇਹ ਇਲਾਕਾ ਅਮੋਰੀਆਂ ਦੀ ਸਰਹੱਦ ਤੋਂ ਫੈਲੀ ਉਜਾੜ ਵਿਚ ਹੈ ਕਿਉਂਕਿ ਅਰਨੋਨ ਮੋਆਬ ਅਤੇ ਅਮੋਰੀਆਂ ਦੇ ਇਲਾਕੇ ਦੇ ਵਿਚਕਾਰ ਹੈ ਅਤੇ ਅਰਨੋਨ ਮੋਆਬ ਦੇ ਇਲਾਕੇ ਦੀ ਸਰਹੱਦ ਹੈ। 14  ਇਸ ਕਰਕੇ ਯਹੋਵਾਹ ਦੇ ਯੁੱਧਾਂ ਦੀ ਕਿਤਾਬ ਵਿਚ ਇਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ: “ਸੁਫਾਹ ਵਿਚ ਵਾਹੇਬ, ਅਰਨੋਨ ਦੀਆਂ ਘਾਟੀਆਂ, 15  ਘਾਟੀਆਂ ਦੀ ਢਲਾਣ* ਜੋ ਆਰ ਸ਼ਹਿਰ ਵੱਲ ਨੂੰ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਤਕ ਹੈ।” 16  ਫਿਰ ਉਹ ਬਏਰ ਨੂੰ ਗਏ। ਇਹ ਉਹ ਖੂਹ ਹੈ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ: “ਲੋਕਾਂ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪੀਣ ਲਈ ਪਾਣੀ ਦਿਆਂਗਾ।” 17  ਉਸ ਵੇਲੇ ਇਜ਼ਰਾਈਲੀਆਂ ਨੇ ਇਹ ਗੀਤ ਗਾਇਆ ਸੀ: “ਹੇ ਖੂਹ, ਪਾਣੀ ਨਾਲ ਭਰ ਜਾ! ਖੂਹ ਲਈ ਗੀਤ ਗਾਓ! 18  ਇਹ ਖੂਹ ਹਾਕਮਾਂ, ਹਾਂ, ਲੋਕਾਂ ਦੇ ਆਗੂਆਂ ਨੇ ਪੁੱਟਿਆ ਸੀ,ਉਨ੍ਹਾਂ ਨੇ ਇਹ ਖੂਹ ਹਾਕਮ ਦੇ ਡੰਡੇ ਨਾਲ ਅਤੇ ਆਪੋ-ਆਪਣੇ ਡੰਡੇ ਨਾਲ ਪੁੱਟਿਆ ਸੀ।” ਫਿਰ ਉਹ ਉਸ ਉਜਾੜ ਤੋਂ ਮੱਤਾਨਾਹ ਨੂੰ ਚਲੇ ਗਏ। 19  ਉਹ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ+ ਨੂੰ ਚਲੇ ਗਏ। 20  ਫਿਰ ਉਹ ਬਾਮੋਥ ਤੋਂ ਉਸ ਘਾਟੀ ਨੂੰ ਚਲੇ ਗਏ ਜੋ ਮੋਆਬ ਦੇ ਇਲਾਕੇ*+ ਵਿਚ ਹੈ। ਇੱਥੇ ਪਿਸਗਾਹ ਦੀ ਚੋਟੀ+ ਤੋਂ ਯਸ਼ੀਮੋਨ*+ ਨਜ਼ਰ ਆਉਂਦਾ ਹੈ। 21  ਇਜ਼ਰਾਈਲੀਆਂ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ:+ 22  “ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿਚ ਨਹੀਂ ਵੜ੍ਹਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਦੇ ਹੋਏ ਤੇਰੇ ਇਲਾਕੇ ਵਿੱਚੋਂ ਬਾਹਰ ਚਲੇ ਜਾਵਾਂਗੇ।”+ 23  ਪਰ ਸੀਹੋਨ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਸੀਹੋਨ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ ਉਜਾੜ ਵਿਚ ਇਜ਼ਰਾਈਲੀਆਂ ਨਾਲ ਲੜਨ ਆ ਗਿਆ। ਉਹ ਯਹਾਸ ਵਿਚ ਇਜ਼ਰਾਈਲੀਆਂ ਨਾਲ ਲੜਨ ਲੱਗ ਪਿਆ।+ 24  ਪਰ ਇਜ਼ਰਾਈਲੀਆਂ ਨੇ ਉਸ ਨੂੰ ਤਲਵਾਰ ਨਾਲ ਹਰਾ ਦਿੱਤਾ+ ਅਤੇ ਅਰਨੋਨ ਤੋਂ ਲੈ ਕੇ+ ਯਬੋਕ ਤਕ,+ ਜੋ ਅੰਮੋਨੀਆਂ ਦੇ ਇਲਾਕੇ ਕੋਲ ਹੈ, ਉਸ ਦੇ ਦੇਸ਼ ’ਤੇ ਕਬਜ਼ਾ ਕਰ ਲਿਆ।+ ਪਰ ਉਹ ਯਾਜ਼ੇਰ ਤਕ ਹੀ ਗਏ ਕਿਉਂਕਿ ਯਾਜ਼ੇਰ+ ਤੋਂ ਅੱਗੇ ਅੰਮੋਨੀਆਂ ਦੀ ਸਰਹੱਦ ਹੈ।+ 25  ਇਸ ਲਈ ਇਜ਼ਰਾਈਲੀਆਂ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਉਹ ਹਸ਼ਬੋਨ ਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਅਤੇ ਅਮੋਰੀਆਂ+ ਦੇ ਹੋਰ ਸ਼ਹਿਰਾਂ ਵਿਚ ਰਹਿਣ ਲੱਗ ਪਏ। 26  ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਰਾਜੇ ਨਾਲ ਲੜਾਈ ਕਰ ਕੇ ਅਰਨੋਨ ਤਕ ਉਸ ਦੇ ਦੇਸ਼ ’ਤੇ ਕਬਜ਼ਾ ਕਰ ਲਿਆ ਸੀ। 27  ਇਸ ਕਰਕੇ ਤਾਅਨਾ ਮਾਰਨ ਲਈ ਇਹ ਕਹਾਵਤ ਬਣੀ: “ਹਸ਼ਬੋਨ ਨੂੰ ਆਓ। ਸੀਹੋਨ ਦਾ ਸ਼ਹਿਰ ਬਣਾਇਆ ਜਾਵੇ ਅਤੇ ਇਸ ਨੂੰ ਮਜ਼ਬੂਤ ਕੀਤਾ ਜਾਵੇ। 28  ਹਸ਼ਬੋਨ ਤੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਤੋਂ ਅੱਗ ਦੀ ਲਾਟ। ਇਸ ਨੇ ਮੋਆਬ ਦੇ ਆਰ ਸ਼ਹਿਰ ਨੂੰ ਭਸਮ ਕਰ ਦਿੱਤਾ,ਹਾਂ, ਇਸ ਨੇ ਅਰਨੋਨ ਦੀਆਂ ਉੱਚੀਆਂ ਥਾਵਾਂ ਦੇ ਹਾਕਮਾਂ ਨੂੰ ਭਸਮ ਕਰ ਦਿੱਤਾ। 29  ਹਾਇ ਤੇਰੇ ’ਤੇ ਮੋਆਬ! ਕਮੋਸ਼+ ਦੇ ਭਗਤੋ, ਤੁਸੀਂ ਨਾਸ਼ ਹੋ ਜਾਓਗੇ! ਉਹ ਆਪਣੇ ਪੁੱਤਰਾਂ ਨੂੰ ਭਗੌੜੇ ਬਣਾਉਂਦਾ ਹੈਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੀਆਂ ਦਾਸੀਆਂ। 30  ਆਓ ਉਨ੍ਹਾਂ ’ਤੇ ਤੀਰ ਚਲਾਈਏ: ਹਸ਼ਬੋਨ ਦੀਬੋਨ ਤਕ ਨਾਸ਼ ਹੋ ਜਾਵੇਗਾ;+ਆਓ ਆਪਾਂ ਇਸ ਨੂੰ ਨੋਫਾਹ ਤਕ ਤਬਾਹ ਕਰ ਦੇਈਏ;ਅੱਗ ਮੇਦਬਾ ਤਕ ਫੈਲ ਜਾਵੇਗੀ।”+ 31  ਇਜ਼ਰਾਈਲੀ ਅਮੋਰੀਆਂ ਦੇ ਦੇਸ਼ ਵਿਚ ਰਹਿਣ ਲੱਗ ਪਏ। 32  ਫਿਰ ਮੂਸਾ ਨੇ ਯਾਜ਼ੇਰ ਸ਼ਹਿਰ ਦੀ ਜਾਸੂਸੀ ਕਰਨ ਲਈ ਕੁਝ ਬੰਦੇ ਘੱਲੇ।+ ਉਨ੍ਹਾਂ ਨੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ। 33  ਇਸ ਤੋਂ ਬਾਅਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ+ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਇਜ਼ਰਾਈਲੀਆਂ ਨਾਲ ਯੁੱਧ ਕਰਨ ਆਇਆ।+ 34  ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਉਸ ਤੋਂ ਨਾ ਡਰ+ ਕਿਉਂਕਿ ਮੈਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ+ ਅਤੇ ਤੂੰ ਉਸ ਦਾ ਉਹੀ ਹਾਲ ਕਰੇਂਗਾ ਜੋ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਕੀਤਾ ਸੀ ਜਿਹੜਾ ਹਸ਼ਬੋਨ ਵਿਚ ਰਹਿੰਦਾ ਸੀ।”+ 35  ਇਸ ਲਈ ਉਹ ਉਸ ਨੂੰ, ਉਸ ਦੇ ਪੁੱਤਰਾਂ ਅਤੇ ਲੋਕਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ+ ਅਤੇ ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।+

ਫੁਟਨੋਟ

ਮਤਲਬ “ਨਾਸ਼ ਕਰਨਾ।”
ਜਾਂ, “ਅਗਨੀ।”
ਜਾਂ, “ਅਗਨੀ।”
ਇਬ, “ਮੂੰਹ।”
ਜਾਂ ਸੰਭਵ ਹੈ, “ਰੇਗਿਸਤਾਨ; ਉਜਾੜ।”
ਇਬ, “ਮੈਦਾਨ।”
ਜਾਂ, “ਇਸ ਦੇ ਅਧੀਨ ਆਉਂਦੇ।”
ਜਾਂ, “ਇਸ ਦੇ ਅਧੀਨ ਆਉਂਦੇ।”