ਗਿਣਤੀ 24:1-25
24 ਜਦੋਂ ਬਿਲਾਮ ਨੇ ਦੇਖਿਆ ਕਿ ਇਜ਼ਰਾਈਲੀਆਂ ਨੂੰ ਬਰਕਤ ਦੇ ਕੇ ਯਹੋਵਾਹ ਨੂੰ ਖ਼ੁਸ਼ੀ ਹੋਈ,* ਤਾਂ ਉਸ ਨੇ ਉਨ੍ਹਾਂ ਨੂੰ ਨਾਸ਼ ਕਰਨ ਲਈ ਫਾਲ* ਪਾਉਣ ਦੀ ਦੁਬਾਰਾ ਕੋਸ਼ਿਸ਼ ਨਹੀਂ ਕੀਤੀ,+ ਸਗੋਂ ਉਹ ਉਜਾੜ ਵਿਚ ਚਲਾ ਗਿਆ।
2 ਜਦੋਂ ਬਿਲਾਮ ਨੇ ਆਪਣੀਆਂ ਨਜ਼ਰਾਂ ਚੁੱਕ ਕੇ ਦੇਖਿਆ ਕਿ ਇਜ਼ਰਾਈਲੀਆਂ ਨੇ ਆਪੋ-ਆਪਣੇ ਗੋਤ ਅਨੁਸਾਰ ਤੰਬੂ ਲਾਏ ਹੋਏ ਸਨ,+ ਤਾਂ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਆਈ।+
3 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+
“ਬਿਓਰ ਦੇ ਪੁੱਤਰ ਬਿਲਾਮ ਦਾ ਸੰਦੇਸ਼,ਉਸ ਆਦਮੀ ਦਾ ਸੰਦੇਸ਼ ਜਿਸ ਦੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ,
4 ਉਸ ਆਦਮੀ ਦਾ ਸੰਦੇਸ਼ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ,ਜਿਸ ਨੇ ਸਰਬਸ਼ਕਤੀਮਾਨ ਵੱਲੋਂ ਦਰਸ਼ਣ ਦੇਖਿਆਅਤੇ ਡਿਗਦੇ ਵੇਲੇ ਜਿਸ ਦੀਆਂ ਅੱਖਾਂ ਖੁੱਲ੍ਹੀਆਂ ਸਨ:+
5 ਹੇ ਯਾਕੂਬ, ਤੇਰੇ ਤੰਬੂ ਕਿੰਨੇ ਹੀ ਸੁੰਦਰ ਹਨ,ਹੇ ਇਜ਼ਰਾਈਲ, ਤੇਰੇ ਡੇਰੇ ਵੀ ਕਿੰਨੇ ਖ਼ੂਬਸੂਰਤ ਹਨ!+
6 ਇਹ ਵਾਦੀਆਂ ਵਾਂਗ ਦੂਰ-ਦੂਰ ਤਕ ਫੈਲੇ ਹੋਏ ਹਨ,+ਇਹ ਦਰਿਆ ਕੰਢੇ ਲੱਗੇ ਬਾਗ਼ਾਂ ਵਾਂਗ ਹਨ,ਇਹ ਯਹੋਵਾਹ ਵੱਲੋਂ ਲਾਈ ਅਗਰ ਦੇ ਦਰਖ਼ਤਾਂ ਵਾਂਗ ਹਨ,ਇਹ ਪਾਣੀਆਂ ਕੋਲ ਲਾਏ ਦਿਆਰ ਦੇ ਦਰਖ਼ਤਾਂ ਵਾਂਗ ਹਨ।
7 ਪਾਣੀ ਉਸ ਦੀਆਂ ਦੋ ਚਮੜੇ ਦੀਆਂ ਮਸ਼ਕਾਂ ਵਿੱਚੋਂ ਟਪਕਦਾ ਰਹਿੰਦਾ ਹੈ,ਉਸ ਦਾ ਬੀ* ਪਾਣੀਆਂ ਲਾਗੇ ਬੀਜਿਆ ਗਿਆ।+
ਉਸ ਦਾ ਰਾਜਾ+ ਵੀ ਅਗਾਗ ਨਾਲੋਂ ਤਾਕਤਵਰ ਹੋਵੇਗਾ,+
ਉਸ ਦੀ ਹਕੂਮਤ ਬੁਲੰਦ ਕੀਤੀ ਜਾਵੇਗੀ।+
8 ਪਰਮੇਸ਼ੁਰ ਉਸ ਨੂੰ ਮਿਸਰ ਵਿੱਚੋਂ ਕੱਢ ਲਿਆਇਆ;ਉਹ ਉਨ੍ਹਾਂ ਲਈ ਜੰਗਲੀ ਸਾਨ੍ਹ ਦੇ ਸਿੰਗਾਂ ਵਾਂਗ ਹੈ,ਉਹ ਉਨ੍ਹਾਂ ’ਤੇ ਅਤਿਆਚਾਰ ਕਰਨ ਵਾਲੀਆਂ ਕੌਮਾਂ ਨੂੰ ਖਾ ਜਾਵੇਗਾ,+ਅਤੇ ਉਨ੍ਹਾਂ ਦੀਆਂ ਹੱਡੀਆਂ ਚੱਬ ਲਵੇਗਾ ਅਤੇ ਆਪਣੇ ਤੀਰਾਂ ਨਾਲ ਉਨ੍ਹਾਂ ਨੂੰ ਮਾਰ ਸੁੱਟੇਗਾ।
9 ਉਹ ਸ਼ੇਰ ਵਾਂਗ ਬੈਠ ਗਿਆ ਹੈ, ਉਹ ਸ਼ੇਰ ਵਾਂਗ ਲੰਮਾ ਪਿਆ ਹੈ,ਕਿਸ ਵਿਚ ਇੰਨੀ ਹਿੰਮਤ ਹੈ ਕਿ ਉਹ ਇਸ ਸ਼ੇਰ ਨੂੰ ਛੇੜੇ?
ਜਿਹੜੇ ਤੈਨੂੰ ਬਰਕਤ ਦਿੰਦੇ ਹਨ, ਉਨ੍ਹਾਂ ਨੂੰ ਬਰਕਤ ਮਿਲਦੀ ਹੈ,ਜਿਹੜੇ ਤੈਨੂੰ ਸਰਾਪ ਦਿੰਦੇ ਹਨ, ਉਨ੍ਹਾਂ ਨੂੰ ਸਰਾਪ ਮਿਲਦਾ ਹੈ।”+
10 ਫਿਰ ਬਾਲਾਕ ਬਿਲਾਮ ’ਤੇ ਭੜਕ ਉੱਠਿਆ। ਬਾਲਾਕ ਨੇ ਗੁੱਸੇ ਨਾਲ ਤਾੜੀਆਂ ਵਜਾਉਂਦੇ ਹੋਏ ਬਿਲਾਮ ਨੂੰ ਕਿਹਾ: “ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ,+ ਪਰ ਤੂੰ ਤਾਂ ਉਨ੍ਹਾਂ ਨੂੰ ਤਿੰਨ ਵਾਰ ਬਰਕਤ ਦੇ ਦਿੱਤੀ।
11 ਹੁਣੇ ਆਪਣੇ ਘਰ ਵਾਪਸ ਚਲਾ ਜਾਹ। ਮੈਂ ਸੋਚਿਆ ਸੀ ਕਿ ਮੈਂ ਤੈਨੂੰ ਬਹੁਤ ਆਦਰ-ਮਾਣ ਬਖ਼ਸ਼ਾਂਗਾ।+ ਪਰ ਦੇਖ! ਯਹੋਵਾਹ ਨੇ ਤੈਨੂੰ ਆਦਰ-ਮਾਣ ਨਹੀਂ ਲੈਣ ਦਿੱਤਾ।”
12 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਮੈਂ ਤੇਰੇ ਭੇਜੇ ਹੋਏ ਬੰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ,
13 ‘ਜੇ ਬਾਲਾਕ ਸੋਨੇ-ਚਾਂਦੀ ਨਾਲ ਭਰਿਆ ਆਪਣਾ ਘਰ ਵੀ ਮੈਨੂੰ ਦੇ ਦੇਵੇ, ਤਾਂ ਵੀ ਮੈਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਆਪਣੀ ਮਰਜ਼ੀ* ਨਾਲ ਕੁਝ ਨਹੀਂ ਕਰਾਂਗਾ, ਚਾਹੇ ਉਹ ਛੋਟਾ ਜਿਹਾ ਕੰਮ ਹੋਵੇ ਜਾਂ ਵੱਡਾ। ਮੈਂ ਉਹੀ ਕਹਾਂਗਾ ਜੋ ਯਹੋਵਾਹ ਮੈਨੂੰ ਕਹੇਗਾ।’+
14 ਹੁਣ ਮੈਂ ਆਪਣੇ ਲੋਕਾਂ ਕੋਲ ਜਾ ਰਿਹਾ ਹਾਂ। ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਦੱਸਦਾ ਹਾਂ ਕਿ ਇਹ ਲੋਕ ਭਵਿੱਖ* ਵਿਚ ਤੇਰੇ ਲੋਕਾਂ ਨਾਲ ਕੀ ਕਰਨਗੇ।”
15 ਫਿਰ ਉਸ ਨੇ ਆਪਣਾ ਸੰਦੇਸ਼ ਸੁਣਾਇਆ:+
“ਬਿਓਰ ਦੇ ਪੁੱਤਰ ਬਿਲਾਮ ਦਾ ਸੰਦੇਸ਼,ਉਸ ਆਦਮੀ ਦਾ ਸੰਦੇਸ਼ ਜਿਸ ਦੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ,+
16 ਉਸ ਆਦਮੀ ਦਾ ਸੰਦੇਸ਼ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ,ਜਿਸ ਨੂੰ ਅੱਤ ਮਹਾਨ ਦਾ ਗਿਆਨ ਹੈ,ਜਿਸ ਨੇ ਸਰਬਸ਼ਕਤੀਮਾਨ ਵੱਲੋਂ ਦਰਸ਼ਣ ਦੇਖਿਆਜਦੋਂ ਡਿਗਦੇ ਵੇਲੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ:
17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+
ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ।
18 ਜਦੋਂ ਇਜ਼ਰਾਈਲ ਦਲੇਰੀ ਦਿਖਾਵੇਗਾ,ਤਾਂ ਉਹ ਅਦੋਮ ਉੱਤੇ ਕਬਜ਼ਾ ਕਰ ਲਵੇਗਾ,+ਹਾਂ, ਸੇਈਰ+ ਆਪਣੇ ਦੁਸ਼ਮਣਾਂ ਦੇ ਕਬਜ਼ੇ ਹੇਠ ਆ ਜਾਵੇਗਾ।+
19 ਯਾਕੂਬ ਤੋਂ ਇਕ ਜਣਾ ਆਵੇਗਾ ਜਿਹੜਾ ਫਤਹਿ ਹਾਸਲ ਕਰਦਾ ਜਾਵੇਗਾ,+ਅਤੇ ਸ਼ਹਿਰ ਵਿੱਚੋਂ ਬਚ ਕੇ ਭੱਜਣ ਵਾਲਿਆ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।”
20 ਜਦੋਂ ਉਸ ਨੇ ਅਮਾਲੇਕ ਨੂੰ ਦੇਖਿਆ, ਤਾਂ ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:
“ਅਮਾਲੇਕ ਸਾਰੀਆਂ ਕੌਮਾਂ ਵਿੱਚੋਂ ਪਹਿਲਾ ਸੀ,+ਪਰ ਆਖ਼ਰ ਵਿਚ ਉਸ ਦਾ ਨਾਸ਼ ਹੋ ਜਾਵੇਗਾ।”+
21 ਜਦੋਂ ਉਸ ਨੇ ਕੇਨੀਆਂ ਨੂੰ ਦੇਖਿਆ,+ ਤਾਂ ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:
“ਤੇਰਾ ਵਸੇਬਾ ਮਜ਼ਬੂਤ ਚਟਾਨ ’ਤੇ ਹੈ ਅਤੇ ਇਸ ਨੂੰ ਕੋਈ ਖ਼ਤਰਾ ਨਹੀਂ ਹੈ।
22 ਪਰ ਇਕ ਜਣਾ ਕੇਨ ਨੂੰ ਸਾੜ ਸੁੱਟੇਗਾ।
ਉਹ ਦਿਨ ਦੂਰ ਨਹੀਂ ਜਦੋਂ ਅੱਸ਼ੂਰ ਤੈਨੂੰ ਬੰਦੀ ਬਣਾ ਕੇ ਲੈ ਜਾਵੇਗਾ।”
23 ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:
“ਹਾਇ! ਜਦੋਂ ਪਰਮੇਸ਼ੁਰ ਅਜਿਹਾ ਕਰੇਗਾ, ਤਾਂ ਕੌਣ ਬਚੇਗਾ?
24 ਕਿੱਤੀਮ ਦੇ ਸਮੁੰਦਰੀ ਕੰਢੇ+ ਤੋਂ ਜਹਾਜ਼ ਆਉਣਗੇ,ਅਤੇ ਉਹ ਅੱਸ਼ੂਰ ਨੂੰ ਕਸ਼ਟ ਦੇਣਗੇ,+ਅਤੇ ਉਹ ਏਬਰ ਨੂੰ ਕਸ਼ਟ ਦੇਣਗੇ।
ਪਰ ਉਹ ਵੀ ਪੂਰੀ ਤਰ੍ਹਾਂ ਫਨਾਹ ਹੋ ਜਾਵੇਗਾ।”
25 ਫਿਰ ਬਿਲਾਮ+ ਆਪਣੀ ਜਗ੍ਹਾ ਵਾਪਸ ਮੁੜ ਗਿਆ ਅਤੇ ਬਾਲਾਕ ਆਪਣੇ ਰਾਹ ਚਲਾ ਗਿਆ।
ਫੁਟਨੋਟ
^ ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
^ ਇਬ, “ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਸੀ।”
^ ਜਾਂ, “ਸੰਤਾਨ।”
^ ਇਬ, “ਆਪਣੇ ਦਿਲ ਨਾਲ।”
^ ਜਾਂ, “ਆਖ਼ਰੀ ਦਿਨਾਂ ਵਿਚ।”
^ ਜਾਂ, “ਮੋਆਬ ਦੇ ਸਿਰ ਦੀਆਂ ਪੁੜਪੁੜੀਆਂ।”