ਗਿਣਤੀ 6:1-27

  • ਨਜ਼ੀਰ ਦੀ ਸੁੱਖਣਾ (1-21)

  • ਪੁਜਾਰੀਆਂ ਵੱਲੋਂ ਬਰਕਤਾਂ (22-27)

6  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕੋਈ ਆਦਮੀ ਜਾਂ ਔਰਤ ਨਜ਼ੀਰ*+ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਖ਼ਾਸ ਸੁੱਖਣਾ ਸੁੱਖੇ,  ਤਾਂ ਉਹ ਦਾਖਰਸ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਨਾ ਪੀਵੇ। ਉਹ ਨਾ ਤਾਂ ਦਾਖਰਸ ਦਾ ਸਿਰਕਾ ਪੀਵੇ ਅਤੇ ਨਾ ਹੀ ਕਿਸੇ ਨਸ਼ੀਲੀ ਚੀਜ਼ ਦਾ ਸਿਰਕਾ ਪੀਵੇ।+ ਨਾਲੇ ਉਹ ਅੰਗੂਰਾਂ ਤੋਂ ਬਣੀ ਕੋਈ ਚੀਜ਼ ਨਾ ਪੀਵੇ ਅਤੇ ਨਾ ਹੀ ਤਾਜ਼ੇ ਜਾਂ ਸੁੱਕੇ ਅੰਗੂਰ ਖਾਵੇ।  ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਅੰਗੂਰੀ ਵੇਲ ਤੋਂ ਬਣੀ ਕੋਈ ਵੀ ਚੀਜ਼ ਨਾ ਖਾਵੇ, ਚਾਹੇ ਉਹ ਕੱਚੇ ਅੰਗੂਰਾਂ ਤੋਂ ਬਣੀ ਹੋਵੇ ਜਾਂ ਇਸ ਦੇ ਛਿਲਕਿਆਂ ਤੋਂ।  “‘ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਆਪਣੇ ਸਿਰ ’ਤੇ ਉਸਤਰਾ ਨਾ ਫਿਰਾਏ।+ ਯਹੋਵਾਹ ਦੀ ਸੇਵਾ ਲਈ ਆਪਣੇ ਆਪ ਨੂੰ ਵੱਖਰਾ ਰੱਖਣ ਦੇ ਦਿਨ ਪੂਰੇ ਹੋਣ ਤਕ ਉਹ ਆਪਣੇ ਸਿਰ ਦੇ ਵਾਲ਼ ਵਧਣ ਦੇਵੇ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਪਵਿੱਤਰ ਰੱਖੇ।  ਜਿੰਨੇ ਸਮੇਂ ਲਈ ਉਸ ਨੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਵੱਖਰਾ ਰੱਖਿਆ ਹੈ, ਉੱਨੇ ਸਮੇਂ ਲਈ ਉਹ ਕਿਸੇ ਵੀ ਇਨਸਾਨ ਦੀ ਲਾਸ਼ ਕੋਲ ਨਾ ਜਾਵੇ।  ਭਾਵੇਂ ਉਸ ਦੇ ਮਾਂ-ਪਿਉ ਜਾਂ ਭੈਣ-ਭਰਾ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ, ਤਾਂ ਵੀ ਉਹ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ+ ਕਿਉਂਕਿ ਉਸ ਦੇ ਸਿਰ ਦੇ ਲੰਬੇ ਵਾਲ਼ ਨਜ਼ੀਰ ਵਜੋਂ ਪਰਮੇਸ਼ੁਰ ਦੀ ਸੇਵਾ ਕਰਨ ਦੀ ਨਿਸ਼ਾਨੀ ਹੈ।  “‘ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਯਹੋਵਾਹ ਲਈ ਪਵਿੱਤਰ ਹੈ।  ਪਰ ਜੇ ਉਸ ਦੇ ਨੇੜੇ ਅਚਾਨਕ ਕਿਸੇ ਦੀ ਮੌਤ ਹੋ ਜਾਵੇ,+ ਤਾਂ ਉਸ ਦੇ ਸਿਰ ਦੇ ਵਾਲ਼ ਭ੍ਰਿਸ਼ਟ ਹੋ ਜਾਣਗੇ ਜੋ ਨਜ਼ੀਰ ਵਜੋਂ ਸੇਵਾ ਕਰਨ ਦੀ ਨਿਸ਼ਾਨੀ ਹੈ।* ਜਿਸ ਦਿਨ ਉਸ ਨੂੰ ਸ਼ੁੱਧ ਕੀਤਾ ਜਾਂਦਾ ਹੈ, ਉਸ ਦਿਨ ਉਹ ਉਸਤਰੇ ਨਾਲ ਆਪਣੇ ਸਿਰ ਦੀ ਹਜਾਮਤ ਕਰਾਵੇ।+ ਉਹ ਸੱਤਵੇਂ ਦਿਨ ਆਪਣੀ ਹਜਾਮਤ ਕਰਾਵੇ। 10  ਫਿਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ’ਤੇ ਪੁਜਾਰੀ ਨੂੰ ਦੇਵੇ। 11  ਪੁਜਾਰੀ ਇਕ ਪੰਛੀ ਨੂੰ ਪਾਪ-ਬਲ਼ੀ ਲਈ ਅਤੇ ਦੂਜੇ ਪੰਛੀ ਨੂੰ ਹੋਮ-ਬਲ਼ੀ ਲਈ ਚੜ੍ਹਾਵੇਗਾ। ਪੁਜਾਰੀ ਇਨ੍ਹਾਂ ਨੂੰ ਉਸ ਦੇ ਪਾਪ ਮਿਟਾਉਣ ਲਈ ਚੜ੍ਹਾਵੇਗਾ+ ਕਿਉਂਕਿ ਲਾਸ਼ ਕਰਕੇ ਉਹ ਪਾਪ ਦਾ ਦੋਸ਼ੀ ਬਣ ਗਿਆ ਸੀ। ਫਿਰ ਉਸ ਦਿਨ ਉਹ ਆਪਣੇ ਸਿਰ ਨੂੰ ਸ਼ੁੱਧ ਕਰੇਗਾ। 12  ਫਿਰ ਉਹ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਦੁਬਾਰਾ ਆਪਣੇ ਆਪ ਨੂੰ ਵੱਖਰਾ ਕਰੇ ਅਤੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਇਕ ਸਾਲ ਦਾ ਭੇਡੂ ਲਿਆਵੇ। ਪਰ ਉਸ ਨੇ ਪਹਿਲਾਂ ਨਜ਼ੀਰ ਵਜੋਂ ਜਿੰਨੇ ਦਿਨ ਸੇਵਾ ਕੀਤੀ ਸੀ, ਉਹ ਦਿਨ ਗਿਣੇ ਨਹੀਂ ਜਾਣਗੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਲਿਆ ਸੀ। 13  “‘ਨਜ਼ੀਰ ਵਜੋਂ ਸੇਵਾ ਕਰਨ ਸੰਬੰਧੀ ਇਹ ਨਿਯਮ ਹੈ: ਜਦ ਉਸ ਦੇ ਨਜ਼ੀਰ ਵਜੋਂ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ,+ ਤਾਂ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ। 14  ਉੱਥੇ ਉਹ ਯਹੋਵਾਹ ਸਾਮ੍ਹਣੇ ਇਹ ਭੇਟਾਂ ਲਿਆਵੇ: ਹੋਮ-ਬਲ਼ੀ ਵਜੋਂ ਇਕ ਸਾਲ ਦਾ ਬਿਨਾਂ ਨੁਕਸ ਵਾਲਾ ਲੇਲਾ,+ ਪਾਪ-ਬਲ਼ੀ ਵਜੋਂ ਇਕ ਸਾਲ ਦੀ ਬਿਨਾਂ ਨੁਕਸ ਵਾਲੀ ਲੇਲੀ,+ ਸ਼ਾਂਤੀ-ਬਲ਼ੀ ਵਜੋਂ ਇਕ ਬਿਨਾਂ ਨੁਕਸ ਵਾਲਾ ਭੇਡੂ,+ 15  ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਦੀ ਇਕ ਟੋਕਰੀ, ਤੇਲ ਨਾਲ ਤਰ ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀਆਂ ਭੇਟਾਂ।+ 16  ਪੁਜਾਰੀ ਇਹ ਸਭ ਕੁਝ ਯਹੋਵਾਹ ਨੂੰ ਭੇਟ ਕਰੇਗਾ ਅਤੇ ਉਸ ਵੱਲੋਂ ਲਿਆਂਦੀ ਪਾਪ-ਬਲ਼ੀ ਤੇ ਹੋਮ-ਬਲ਼ੀ ਚੜ੍ਹਾਵੇਗਾ। 17  ਪੁਜਾਰੀ ਯਹੋਵਾਹ ਨੂੰ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਦੇ ਨਾਲ ਸ਼ਾਂਤੀ-ਬਲ਼ੀ ਵਜੋਂ ਭੇਡੂ ਚੜ੍ਹਾਵੇਗਾ। ਨਾਲੇ ਉਹ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਵੇਗਾ। 18  “‘ਫਿਰ ਉਹ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਉਸਤਰੇ ਨਾਲ ਆਪਣੇ ਸਿਰ ਦੇ ਲੰਬੇ ਵਾਲ਼ਾਂ ਦੀ ਹਜਾਮਤ ਕਰੇਗਾ+ ਜੋ ਉਸ ਦੇ ਨਜ਼ੀਰ ਹੋਣ ਦੀ ਨਿਸ਼ਾਨੀ ਹੈ ਅਤੇ ਆਪਣੇ ਲੰਬੇ ਵਾਲ਼ਾਂ ਨੂੰ ਸ਼ਾਂਤੀ-ਬਲ਼ੀ ਦੇ ਹੇਠਾਂ ਬਲ਼ ਰਹੀ ਅੱਗ ਵਿਚ ਪਾਵੇਗਾ। 19  ਫਿਰ ਜਦੋਂ ਉਹ ਆਪਣੇ ਲੰਬੇ ਵਾਲ਼ਾਂ ਦੀ ਹਜਾਮਤ ਕਰ ਲੈਂਦਾ ਹੈ ਜੋ ਕਿ ਉਸ ਦੇ ਨਜ਼ੀਰ ਹੋਣ ਦੀ ਨਿਸ਼ਾਨੀ ਹੈ, ਤਾਂ ਪੁਜਾਰੀ ਭੇਡੂ ਦਾ ਰਿੰਨ੍ਹਿਆ ਹੋਇਆ+ ਮੋਢਾ, ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ ਅਤੇ ਇਕ ਬੇਖਮੀਰੀ ਕੜਕ ਪਤਲੀ ਰੋਟੀ ਲੈ ਕੇ ਉਸ ਨਜ਼ੀਰ ਦੇ ਹੱਥਾਂ ਉੱਤੇ ਰੱਖੇ। 20  ਪੁਜਾਰੀ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+ ਇਹ ਸਭ ਕੁਝ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਲੱਤ ਪੁਜਾਰੀ ਲਈ ਪਵਿੱਤਰ ਹੋਣਗੇ।+ ਬਾਅਦ ਵਿਚ ਉਹ ਨਜ਼ੀਰ ਦਾਖਰਸ ਪੀ ਸਕਦਾ ਹੈ। 21  “‘ਇਹ ਉਸ ਨਜ਼ੀਰ ਸੰਬੰਧੀ ਨਿਯਮ ਹੈ+ ਜੋ ਸੁੱਖਣਾ ਸੁੱਖਦਾ ਹੈ: ਜੇ ਨਜ਼ੀਰ ਵਿਚ ਆਪਣੀ ਸੁੱਖਣਾ ਪੂਰੀ ਕਰਨ ਵੇਲੇ ਦੱਸੇ ਗਏ ਚੜ੍ਹਾਵਿਆਂ ਤੋਂ ਇਲਾਵਾ ਯਹੋਵਾਹ ਨੂੰ ਹੋਰ ਚੜ੍ਹਾਵਾ ਚੜ੍ਹਾਉਣ ਦੀ ਗੁੰਜਾਇਸ਼ ਹੈ ਅਤੇ ਉਹ ਇਸ ਦੀ ਸੁੱਖਣਾ ਸੁੱਖਦਾ ਹੈ, ਤਾਂ ਉਹ ਨਜ਼ੀਰ ਸੰਬੰਧੀ ਨਿਯਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਸੁੱਖਣਾ ਜ਼ਰੂਰ ਪੂਰੀ ਕਰੇ।’” 22  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 23  “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਤੁਸੀਂ ਇਹ ਕਹਿ ਕੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦਿਓ:+ 24  “ਯਹੋਵਾਹ ਤੁਹਾਨੂੰ ਬਰਕਤ ਦੇਵੇ+ ਅਤੇ ਤੁਹਾਡੀ ਰੱਖਿਆ ਕਰੇ। 25  ਯਹੋਵਾਹ ਆਪਣੇ ਚਿਹਰੇ ਦਾ ਨੂਰ ਤੁਹਾਡੇ ਉੱਤੇ ਚਮਕਾਵੇ+ ਅਤੇ ਤੁਹਾਡੇ ’ਤੇ ਮਿਹਰ ਕਰੇ। 26  ਯਹੋਵਾਹ ਤੁਹਾਨੂੰ ਕਿਰਪਾ ਦੀ ਨਜ਼ਰ ਨਾਲ ਦੇਖੇ ਅਤੇ ਤੁਹਾਨੂੰ ਸ਼ਾਂਤੀ ਬਖ਼ਸ਼ੇ।”’+ 27  ਉਹ ਮੇਰੇ ਨਾਂ ’ਤੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦੇਣ+ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+

ਫੁਟਨੋਟ

ਮਤਲਬ “ਚੁਣਿਆ ਗਿਆ; ਸਮਰਪਿਤ; ਵੱਖਰਾ ਰੱਖਿਆ ਗਿਆ।”
ਜਾਂ, “ਜੋ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਲਈ ਵੱਖਰਾ ਰੱਖਿਆ ਹੈ।”