ਜ਼ਕਰਯਾਹ 4:1-14

  • ਦਰਸ਼ਣ 5: ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤ (1-14)

    • ‘ਨਾ ਇਨਸਾਨੀ ਤਾਕਤ ਨਾਲ, ਸਗੋਂ ਮੇਰੀ ਸ਼ਕਤੀ ਨਾਲ’ (6)

    • ਛੋਟੀ ਸ਼ੁਰੂਆਤ ਦੇ ਦਿਨ ਨੂੰ ਤੁੱਛ ਨਾ ਜਾਣੋ (10)

4  ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਹ ਵਾਪਸ ਆਇਆ ਤੇ ਉਸ ਨੇ ਮੈਨੂੰ ਜਗਾਇਆ ਜਿਵੇਂ ਕਿਸੇ ਸੁੱਤੇ ਪਏ ਨੂੰ ਜਗਾਈਦਾ ਹੈ।  ਫਿਰ ਉਸ ਨੇ ਮੈਨੂੰ ਕਿਹਾ: “ਤੂੰ ਕੀ ਦੇਖਦਾ ਹੈਂ?” ਮੈਂ ਕਿਹਾ: “ਮੈਨੂੰ ਇਕ ਸ਼ਮਾਦਾਨ ਦਿਖਾਈ ਦੇ ਰਿਹਾ ਹੈ ਜੋ ਸਿਰਫ਼ ਸੋਨੇ ਦਾ ਬਣਿਆ ਹੈ+ ਤੇ ਇਸ ਦੇ ਸਿਰੇ ’ਤੇ ਇਕ ਕਟੋਰਾ ਹੈ। ਇਸ ਉੱਤੇ ਸੱਤ ਦੀਵੇ ਹਨ,+ ਹਾਂ, ਸੱਤ ਦੀਵੇ ਜਿਹੜੇ ਇਸ ਦੇ ਸਿਰੇ ਉੱਤੇ ਹਨ ਅਤੇ ਸੱਤ ਨਲੀਆਂ ਨਾਲ ਜੁੜੇ ਹੋਏ ਹਨ।  ਇਸ ਦੇ ਕੋਲ ਜ਼ੈਤੂਨ ਦੇ ਦੋ ਦਰਖ਼ਤ ਹਨ,+ ਇਕ ਕਟੋਰੇ ਦੇ ਸੱਜੇ ਪਾਸੇ ਅਤੇ ਇਕ ਖੱਬੇ ਪਾਸੇ ਹੈ।”  ਫਿਰ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਤੋਂ ਮੈਂ ਪੁੱਛਿਆ: “ਮੇਰੇ ਪ੍ਰਭੂ, ਇਨ੍ਹਾਂ ਚੀਜ਼ਾਂ ਦਾ ਕੀ ਮਤਲਬ ਹੈ?”  ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਮੈਨੂੰ ਪੁੱਛਿਆ: “ਕੀ ਤੈਨੂੰ ਇਨ੍ਹਾਂ ਚੀਜ਼ਾਂ ਦਾ ਮਤਲਬ ਨਹੀਂ ਪਤਾ?” ਮੈਂ ਜਵਾਬ ਦਿੱਤਾ: “ਨਹੀਂ ਮੇਰੇ ਪ੍ਰਭੂ।”  ਫਿਰ ਉਸ ਨੇ ਮੈਨੂੰ ਕਿਹਾ: “ਜ਼ਰੁਬਾਬਲ ਲਈ ਯਹੋਵਾਹ ਦਾ ਇਹ ਬਚਨ ਹੈ: ‘“ਇਹ ਸਭ ਨਾ ਤਾਂ ਫ਼ੌਜੀ ਤਾਕਤ ਨਾਲ ਤੇ ਨਾ ਹੀ ਇਨਸਾਨੀ ਤਾਕਤ ਨਾਲ,+ ਸਗੋਂ ਮੇਰੀ ਸ਼ਕਤੀ ਨਾਲ ਹੋਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।  ਹੇ ਵੱਡੇ ਪਹਾੜ, ਤੂੰ ਕੌਣ ਹੈਂ? ਜ਼ਰੁਬਾਬਲ+ ਅੱਗੇ ਤੂੰ ਪੱਧਰਾ ਮੈਦਾਨ ਬਣ ਜਾਵੇਂਗਾ।+ ਅਤੇ ਜਦੋਂ ਉਹ ਚੋਟੀ ਦਾ ਪੱਥਰ ਲਿਆਵੇਗਾ, ਤਾਂ ਇਹ ਆਵਾਜ਼ ਗੂੰਜ ਉੱਠੇਗੀ: “ਕਿੰਨਾ ਵਧੀਆ! ਕਿੰਨਾ ਵਧੀਆ!”’”  ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ:  “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। 10  ਛੋਟੀ ਸ਼ੁਰੂਆਤ* ਦੇ ਦਿਨ ਨੂੰ ਕੋਈ ਵੀ ਤੁੱਛ ਨਾ ਜਾਣੇ।+ ਉਹ ਖ਼ੁਸ਼ ਹੋਣਗੇ ਅਤੇ ਜ਼ਰੁਬਾਬਲ ਦੇ ਹੱਥ ਵਿਚ ਸਾਹਲ* ਦੇਖਣਗੇ। ਇਹ ਸੱਤ ਅੱਖਾਂ ਯਹੋਵਾਹ ਦੀਆਂ ਅੱਖਾਂ ਹਨ ਜੋ ਸਾਰੀ ਧਰਤੀ ਉੱਤੇ ਦੇਖਦੀਆਂ ਫਿਰਦੀਆਂ ਹਨ।”+ 11  ਫਿਰ ਮੈਂ ਉਸ ਨੂੰ ਪੁੱਛਿਆ: “ਜ਼ੈਤੂਨ ਦੇ ਇਨ੍ਹਾਂ ਦੋ ਦਰਖ਼ਤਾਂ ਦਾ ਕੀ ਮਤਲਬ ਹੈ ਜੋ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਹਨ?”+ 12  ਮੈਂ ਉਸ ਨੂੰ ਦੂਜੀ ਵਾਰ ਪੁੱਛਿਆ: “ਜ਼ੈਤੂਨ ਦੇ ਦਰਖ਼ਤਾਂ ਦੀਆਂ ਦੋ ਟਾਹਣੀਆਂ* ਦਾ ਕੀ ਮਤਲਬ ਹੈ ਜਿਨ੍ਹਾਂ ਵਿੱਚੋਂ ਸੁਨਹਿਰੀ ਤੇਲ ਦੋ ਸੁਨਹਿਰੀ ਨਲੀਆਂ ਰਾਹੀਂ ਵਹਿ ਰਿਹਾ ਹੈ?” 13  ਉਸ ਨੇ ਮੈਨੂੰ ਪੁੱਛਿਆ: “ਕੀ ਤੈਨੂੰ ਇਨ੍ਹਾਂ ਚੀਜ਼ਾਂ ਦਾ ਮਤਲਬ ਨਹੀਂ ਪਤਾ?” ਮੈਂ ਜਵਾਬ ਦਿੱਤਾ: “ਨਹੀਂ ਮੇਰੇ ਪ੍ਰਭੂ।” 14  ਉਸ ਨੇ ਕਿਹਾ: “ਇਹ ਦੋ ਚੁਣੇ ਹੋਏ ਸੇਵਕ* ਹਨ ਜੋ ਸਾਰੀ ਧਰਤੀ ਦੇ ਮਾਲਕ ਦੇ ਨਾਲ ਖੜ੍ਹੇ ਹਨ।”+

ਫੁਟਨੋਟ

ਜਾਂ, “ਛੋਟੀਆਂ ਗੱਲਾਂ।”
ਇਬ, “ਪੱਥਰ ਜਾਂ ਭਾਰ।”
ਯਾਨੀ, ਫਲਾਂ ਨਾਲ ਲੱਦੀਆਂ ਦਰਖ਼ਤ ਦੀਆਂ ਟਹਿਣੀਆਂ।
ਇਬ, “ਤੇਲ ਦੇ ਪੁੱਤਰ।”