ਜ਼ਕਰਯਾਹ 5:1-11

  • ਦਰਸ਼ਣ 6: ਉੱਡਦੀ ਹੋਈ ਪੱਤਰੀ (1-4)

  • ਦਰਸ਼ਣ 7: ਏਫਾ ਦਾ ਭਾਂਡਾ (5-11)

    • ਇਸ ਵਿਚ ਬੁਰਾਈ ਨਾਂ ਦੀ ਔਰਤ ਸੀ (8)

    • ਭਾਂਡੇ ਨੂੰ ਸ਼ਿਨਾਰ ਲਿਜਾਇਆ ਗਿਆ (9-11)

5  ਮੈਂ ਦੁਬਾਰਾ ਨਜ਼ਰਾਂ ਉਤਾਂਹ ਚੁੱਕੀਆਂ ਅਤੇ ਇਕ ਪੱਤਰੀ* ਉੱਡਦੀ ਦੇਖੀ।  ਉਸ ਨੇ ਮੈਨੂੰ ਪੁੱਛਿਆ: “ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ: “ਮੈਨੂੰ ਇਕ ਉੱਡਦੀ ਹੋਈ ਪੱਤਰੀ ਦਿਖਾਈ ਦੇ ਰਹੀ ਹੈ ਜਿਸ ਦੀ ਲੰਬਾਈ 20 ਹੱਥ* ਅਤੇ ਚੁੜਾਈ 10 ਹੱਥ ਹੈ।”  ਫਿਰ ਉਸ ਨੇ ਮੈਨੂੰ ਕਿਹਾ: “ਇਹ ਉਹ ਸਰਾਪ ਹੈ ਜੋ ਸਾਰੀ ਧਰਤੀ ਨੂੰ ਮਿਲੇਗਾ ਕਿਉਂਕਿ ਪੱਤਰੀ ਦੇ ਇਕ ਪਾਸੇ ਲਿਖਿਆ ਹੈ ਕਿ ਜਿਹੜਾ ਚੋਰੀ ਕਰਦਾ ਹੈ,+ ਉਹ ਸਰਾਪਿਆ ਹੋਇਆ ਹੈ; ਪਰ ਉਸ ਨੂੰ ਸਜ਼ਾ ਨਹੀਂ ਮਿਲੀ। ਇਸ ਦੇ ਦੂਸਰੇ ਪਾਸੇ ਲਿਖਿਆ ਹੈ ਕਿ ਜਿਹੜਾ ਵੀ ਸਹੁੰ ਖਾਂਦਾ ਹੈ,+ ਉਹ ਸਰਾਪਿਆ ਹੋਇਆ ਹੈ; ਪਰ ਉਸ ਨੂੰ ਸਜ਼ਾ ਨਹੀਂ ਮਿਲੀ।  ‘ਇਹ ਸਰਾਪ ਮੈਂ ਘੱਲਿਆ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਅਤੇ ਇਹ ਚੋਰ ਦੇ ਘਰ ਅਤੇ ਮੇਰੇ ਨਾਂ ’ਤੇ ਝੂਠੀ ਸਹੁੰ ਖਾਣ ਵਾਲੇ ਦੇ ਘਰ ਅੰਦਰ ਦਾਖ਼ਲ ਹੋਵੇਗਾ; ਇਹ ਉਸ ਘਰ ਵਿਚ ਹੀ ਰਹੇਗਾ ਤੇ ਉਸ ਘਰ ਨੂੰ ਉਸ ਦੀਆਂ ਲੱਕੜਾਂ ਅਤੇ ਪੱਥਰਾਂ ਸਮੇਤ ਨਸ਼ਟ ਕਰ ਦੇਵੇਗਾ।’”  ਫਿਰ ਮੇਰੇ ਨਾਲ ਗੱਲ ਕਰ ਰਿਹਾ ਦੂਤ ਅੱਗੇ ਆਇਆ ਤੇ ਮੈਨੂੰ ਕਿਹਾ: “ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਉਤਾਂਹ ਚੁੱਕ ਕੇ ਦੇਖ ਕਿ ਬਾਹਰ ਕੀ ਜਾ ਰਿਹਾ ਹੈ।”  ਮੈਂ ਪੁੱਛਿਆ: “ਇਹ ਕੀ ਹੈ?” ਉਸ ਨੇ ਜਵਾਬ ਦਿੱਤਾ: “ਇਹ ਏਫਾ ਦਾ ਭਾਂਡਾ* ਹੈ ਜੋ ਬਾਹਰ ਜਾ ਰਿਹਾ ਹੈ।” ਉਸ ਨੇ ਅੱਗੇ ਕਿਹਾ: “ਸਾਰੀ ਧਰਤੀ ਉੱਤੇ ਉਹ ਦੇਖਣ ਵਿਚ ਇਸ ਵਰਗੇ ਲੱਗਦੇ ਹਨ।”  ਮੈਂ ਦੇਖਿਆ ਕਿ ਸਿੱਕੇ* ਦਾ ਬਣਿਆ ਗੋਲ ਢੱਕਣ ਭਾਂਡੇ ਤੋਂ ਚੁੱਕਿਆ ਗਿਆ ਅਤੇ ਉਸ ਵਿਚ ਇਕ ਔਰਤ ਬੈਠੀ ਹੋਈ ਸੀ।  ਉਸ ਨੇ ਕਿਹਾ: “ਇਸ ਦਾ ਨਾਂ ਬੁਰਾਈ ਹੈ।” ਫਿਰ ਉਸ ਨੇ ਔਰਤ ਨੂੰ ਵਾਪਸ ਏਫਾ ਦੇ ਭਾਂਡੇ ਵਿਚ ਸੁੱਟ ਦਿੱਤਾ ਜਿਸ ਤੋਂ ਬਾਅਦ ਉਸ ਨੇ ਭਾਂਡੇ ਨੂੰ ਸਿੱਕੇ ਦੇ ਬਣੇ ਢੱਕਣ ਨਾਲ ਢਕ ਦਿੱਤਾ।  ਫਿਰ ਮੈਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਦੇਖਿਆ ਕਿ ਦੋ ਔਰਤਾਂ ਅੱਗੇ ਨੂੰ ਆ ਰਹੀਆਂ ਸਨ ਤੇ ਉਹ ਹਵਾ ਵਿਚ ਤੇਜ਼ੀ ਨਾਲ ਉੱਡ ਰਹੀਆਂ ਸਨ। ਉਨ੍ਹਾਂ ਦੇ ਖੰਭ ਸਾਰਸ ਦੇ ਖੰਭਾਂ ਵਰਗੇ ਸਨ। ਉਨ੍ਹਾਂ ਨੇ ਧਰਤੀ ਤੇ ਆਕਾਸ਼ ਵਿਚਕਾਰ ਭਾਂਡੇ ਨੂੰ ਚੁੱਕ ਲਿਆ। 10  ਮੈਂ ਉਸ ਦੂਤ ਨੂੰ, ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ, ਪੁੱਛਿਆ: “ਇਹ ਏਫਾ ਦੇ ਭਾਂਡੇ ਨੂੰ ਕਿੱਥੇ ਲਿਜਾ ਰਹੀਆਂ ਹਨ?” 11  ਉਸ ਨੇ ਜਵਾਬ ਦਿੱਤਾ: “ਸ਼ਿਨਾਰ*+ ਦੇਸ਼ ਨੂੰ ਜਿੱਥੇ ਉਹ ਉਸ ਲਈ ਘਰ ਬਣਾਉਣਗੀਆਂ; ਜਦੋਂ ਘਰ ਬਣ ਜਾਵੇਗਾ, ਤਾਂ ਉੱਥੇ ਉਸ ਨੂੰ ਛੱਡਿਆ ਜਾਵੇਗਾ ਜੋ ਉਸ ਲਈ ਢੁਕਵੀਂ ਜਗ੍ਹਾ ਹੈ।”

ਫੁਟਨੋਟ

ਜਾਂ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਏਫਾ,” ਇੱਥੇ ਉਸ ਭਾਂਡੇ ਜਾਂ ਟੋਕਰੀ ਨੂੰ ਕਿਹਾ ਗਿਆ ਹੈ ਜਿਸ ਨਾਲ ਏਫਾ ਮਿਣਿਆ ਜਾਂਦਾ ਸੀ। ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਧਾਤ।
ਯਾਨੀ, ਬੈਬੀਲੋਨੀਆ।