ਜ਼ਕਰਯਾਹ 6:1-15

  • ਦਰਸ਼ਣ 8: ਚਾਰ ਰਥ (1-8)

  • “ਟਾਹਣੀ” ਨੂੰ ਰਾਜਾ ਤੇ ਪੁਜਾਰੀ ਬਣਾਇਆ ਜਾਵੇਗਾ (9-15)

6  ਫਿਰ ਮੈਂ ਦੁਬਾਰਾ ਆਪਣੀਆਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਦੇਖਿਆ ਕਿ ਚਾਰ ਰਥ ਦੋ ਪਹਾੜਾਂ ਵਿੱਚੋਂ ਦੀ ਆ ਰਹੇ ਸਨ ਅਤੇ ਪਹਾੜ ਤਾਂਬੇ ਦੇ ਬਣੇ ਹੋਏ ਸਨ।  ਪਹਿਲੇ ਰਥ ਦੇ ਘੋੜੇ ਲਾਲ ਅਤੇ ਦੂਜੇ ਰਥ ਦੇ ਘੋੜੇ ਕਾਲ਼ੇ ਸਨ।+  ਤੀਜੇ ਰਥ ਦੇ ਘੋੜੇ ਚਿੱਟੇ ਅਤੇ ਚੌਥੇ ਰਥ ਦੇ ਘੋੜੇ ਡੱਬ-ਖੜੱਬੇ ਤੇ ਧੱਬਿਆਂ ਵਾਲੇ ਸਨ।+  ਮੈਂ ਉਸ ਦੂਤ ਨੂੰ, ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ, ਪੁੱਛਿਆ: “ਮੇਰੇ ਪ੍ਰਭੂ, ਇਹ ਕੀ ਹਨ?”  ਦੂਤ ਨੇ ਮੈਨੂੰ ਜਵਾਬ ਦਿੱਤਾ: “ਇਹ ਚਾਰ ਸਵਰਗੀ ਫ਼ੌਜਾਂ+ ਹਨ ਜੋ ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿਚ ਖੜ੍ਹੀਆਂ+ ਹੋਣ ਤੋਂ ਬਾਅਦ ਬਾਹਰ ਆ ਰਹੀਆਂ ਹਨ।  ਕਾਲ਼ੇ ਘੋੜਿਆਂ ਵਾਲਾ ਰਥ ਉੱਤਰ ਦੇਸ਼ ਨੂੰ ਜਾ ਰਿਹਾ ਹੈ;+ ਚਿੱਟੇ ਘੋੜੇ ਸਮੁੰਦਰੋਂ ਪਾਰ ਜਾ ਰਹੇ ਹਨ; ਅਤੇ ਡੱਬ-ਖੜੱਬੇ ਘੋੜੇ ਦੱਖਣ ਦੇਸ਼ ਨੂੰ ਜਾ ਰਹੇ ਹਨ।  ਧੱਬਿਆਂ ਵਾਲੇ ਘੋੜੇ ਧਰਤੀ ਦਾ ਚੱਕਰ ਲਾਉਣ ਵਾਸਤੇ ਜਾਣ ਲਈ ਉਤਾਵਲੇ ਸਨ।” ਫਿਰ ਉਸ ਨੇ ਕਿਹਾ: “ਜਾਓ, ਧਰਤੀ ਦਾ ਚੱਕਰ ਲਾਓ।” ਅਤੇ ਉਨ੍ਹਾਂ ਨੇ ਧਰਤੀ ਦਾ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ।  ਫਿਰ ਉਸ ਨੇ ਮੈਨੂੰ ਬੁਲਾ ਕੇ ਕਿਹਾ: “ਦੇਖ, ਉੱਤਰ ਦੇਸ਼ ਨੂੰ ਜਾਣ ਵਾਲਿਆਂ ਨੇ ਯਹੋਵਾਹ ਦੇ ਗੁੱਸੇ* ਨੂੰ ਉੱਤਰ ਦੇਸ਼ ਉੱਤੇ ਭੜਕਣ ਤੋਂ ਰੋਕਿਆ।”  ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ: 10  “ਹਲਦਈ, ਟੋਬੀਯਾਹ ਅਤੇ ਯਦਾਯਾਹ ਕੋਲੋਂ ਉਹ ਚੀਜ਼ਾਂ ਲੈ ਜੋ ਉਹ ਗ਼ੁਲਾਮੀ ਵਿਚ ਰਹਿ ਰਹੇ ਲੋਕਾਂ ਕੋਲੋਂ ਲੈ ਕੇ ਆਏ ਹਨ; ਉਸੇ ਦਿਨ ਤੂੰ ਬਾਬਲ ਤੋਂ ਆਏ ਇਨ੍ਹਾਂ ਆਦਮੀਆਂ ਨਾਲ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਜਾਈਂ। 11  ਤੂੰ ਚਾਂਦੀ ਅਤੇ ਸੋਨਾ ਲਈਂ ਤੇ ਇਕ ਤਾਜ* ਬਣਾਈਂ ਅਤੇ ਇਸ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਉੱਤੇ ਰੱਖ ਦੇਈਂ ਜੋ ਮਹਾਂ ਪੁਜਾਰੀ ਹੈ।+ 12  ਅਤੇ ਉਸ ਨੂੰ ਕਹੀਂ, “‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+ 13  ਇਹ ਉਹੀ ਹੈ ਜੋ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਮਹਿਮਾ ਪਾਵੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਤੇ ਹਕੂਮਤ ਕਰੇਗਾ ਅਤੇ ਉਹ ਆਪਣੇ ਸਿੰਘਾਸਣ ਤੋਂ ਪੁਜਾਰੀ ਵਜੋਂ ਸੇਵਾ ਵੀ ਕਰੇਗਾ+ ਤੇ ਉਹ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਵਿਚ* ਤਾਲਮੇਲ ਰੱਖ ਕੇ ਕੰਮ ਕਰੇਗਾ। 14  ਇਹ ਤਾਜ* ਹੇਲਮ, ਟੋਬੀਯਾਹ, ਯਦਾਯਾਹ+ ਅਤੇ ਸਫ਼ਨਯਾਹ ਦੇ ਪੁੱਤਰ ਹੇਨ ਦੀ ਯਾਦਗਾਰ ਵਜੋਂ ਯਹੋਵਾਹ ਦੇ ਮੰਦਰ ਵਿਚ ਰਹੇਗਾ। 15  ਅਤੇ ਜਿਹੜੇ ਦੂਰ-ਦੂਰ ਰਹਿੰਦੇ ਹਨ, ਉਹ ਆਉਣਗੇ ਅਤੇ ਯਹੋਵਾਹ ਦਾ ਮੰਦਰ ਬਣਾਉਣ ਵਿਚ ਹੱਥ ਵਟਾਉਣਗੇ।” ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਇਸ ਤਰ੍ਹਾਂ ਤਾਂ ਹੀ ਹੋਵੇਗਾ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਅਣਸੁਣੀ ਨਹੀਂ ਕਰੋਗੇ।’”

ਫੁਟਨੋਟ

ਇਬ, “ਰੂਆਖ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਇਕ ਸ਼ਾਨਦਾਰ ਤਾਜ।”
ਯਾਨੀ, ਹਾਕਮ ਅਤੇ ਪੁਜਾਰੀ ਵਜੋਂ ਉਸ ਦੀਆਂ ਭੂਮਿਕਾਵਾਂ ਵਿਚ।
ਜਾਂ, “ਇਕ ਸ਼ਾਨਦਾਰ ਤਾਜ।”