ਜ਼ਕਰਯਾਹ 7:1-14

  • ਦਿਖਾਵੇ ਲਈ ਰੱਖੇ ਵਰਤਾਂ ਦੀ ਯਹੋਵਾਹ ਵੱਲੋਂ ਨਿੰਦਿਆ (1-14)

    • “ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ?” (5)

    • ‘ਇਕ-ਦੂਜੇ ਨਾਲ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਪੇਸ਼ ਆਓ’ (9)

7  ਰਾਜਾ ਦਾਰਾ ਦੇ ਰਾਜ ਦੇ ਚੌਥੇ ਸਾਲ ਦੇ ਨੌਵੇਂ ਮਹੀਨੇ ਯਾਨੀ ਕਿਸਲੇਵ* ਮਹੀਨੇ ਦੇ ਚੌਥੇ ਦਿਨ ਯਹੋਵਾਹ ਦਾ ਸੰਦੇਸ਼ ਜ਼ਕਰਯਾਹ ਨੂੰ ਆਇਆ।+  ਬੈਤੇਲ ਦੇ ਲੋਕਾਂ ਨੇ ਸ਼ਰਾਸਰ ਅਤੇ ਰਗਮ-ਮਲਕ ਤੇ ਉਸ ਦੇ ਆਦਮੀਆਂ ਨੂੰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗਣ ਲਈ ਘੱਲਿਆ  ਅਤੇ ਸੈਨਾਵਾਂ ਦੇ ਯਹੋਵਾਹ ਦੇ ਘਰ* ਦੇ ਪੁਜਾਰੀਆਂ ਅਤੇ ਨਬੀਆਂ ਨੂੰ ਇਹ ਕਹਿਣ ਲਈ ਕਿਹਾ: “ਕੀ ਮੈਂ ਪੰਜਵੇਂ ਮਹੀਨੇ ਵਿਚ ਰੋਵਾਂ+ ਅਤੇ ਵਰਤ ਰੱਖੀ ਜਾਵਾਂ ਜਿਵੇਂ ਮੈਂ ਇੰਨੇ ਸਾਰੇ ਸਾਲਾਂ ਤੋਂ ਕਰਦਾ ਆਇਆ ਹਾਂ?”  ਸੈਨਾਵਾਂ ਦੇ ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ:  “ਦੇਸ਼ ਦੇ ਸਾਰੇ ਲੋਕਾਂ ਅਤੇ ਪੁਜਾਰੀਆਂ ਨੂੰ ਕਹਿ, ‘70 ਸਾਲਾਂ ਦੌਰਾਨ+ ਜਦੋਂ ਤੁਸੀਂ ਪੰਜਵੇਂ ਮਹੀਨੇ ਅਤੇ ਸੱਤਵੇਂ ਮਹੀਨੇ ਵਿਚ ਵਰਤ ਰੱਖਿਆ ਸੀ+ ਅਤੇ ਵੈਣ ਪਾਏ ਸਨ, ਤਾਂ ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ?  ਅਤੇ ਜਦੋਂ ਤੁਸੀਂ ਖਾਂਦੇ-ਪੀਂਦੇ ਸੀ, ਤਾਂ ਕੀ ਤੁਸੀਂ ਆਪਣੇ ਲਈ ਨਹੀਂ ਖਾਂਦੇ-ਪੀਂਦੇ ਸੀ?  ਕੀ ਤੁਹਾਨੂੰ ਉਹ ਗੱਲਾਂ ਨਹੀਂ ਮੰਨਣੀਆਂ ਚਾਹੀਦੀਆਂ ਜੋ ਯਹੋਵਾਹ ਨੇ ਪਹਿਲੇ ਨਬੀਆਂ ਰਾਹੀਂ ਕਹੀਆਂ ਸਨ+ ਜਦੋਂ ਯਰੂਸ਼ਲਮ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਆਬਾਦ ਸਨ ਤੇ ਇਨ੍ਹਾਂ ਵਿਚ ਸ਼ਾਂਤੀ ਸੀ ਅਤੇ ਜਦੋਂ ਨੇਗੇਬ ਤੇ ਸ਼ੇਫਲਾਹ ਆਬਾਦ ਸਨ?’”  ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਜ਼ਕਰਯਾਹ ਨੂੰ ਆਇਆ:  “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਸੱਚਾਈ ਅਨੁਸਾਰ ਨਿਆਂ ਕਰੋ+ ਅਤੇ ਇਕ-ਦੂਜੇ ਨਾਲ ਅਟੱਲ ਪਿਆਰ ਕਰੋ+ ਤੇ ਦਇਆ ਨਾਲ ਪੇਸ਼ ਆਓ। 10  ਵਿਧਵਾ ਜਾਂ ਯਤੀਮ*+ ਅਤੇ ਪਰਦੇਸੀ+ ਜਾਂ ਗ਼ਰੀਬ+ ਨਾਲ ਠੱਗੀ ਨਾ ਕਰੋ; ਅਤੇ ਆਪਣੇ ਦਿਲਾਂ ਵਿਚ ਇਕ-ਦੂਜੇ ਖ਼ਿਲਾਫ਼ ਸਾਜ਼ਸ਼ਾਂ ਨਾ ਘੜੋ।’+ 11  ਪਰ ਉਹ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੇ+ ਅਤੇ ਉਨ੍ਹਾਂ ਨੇ ਢੀਠ ਹੋ ਕੇ ਉਸ ਵੱਲ ਪਿੱਠ ਕਰ ਲਈ+ ਅਤੇ ਆਪਣੇ ਕੰਨ ਬੰਦ ਕਰ ਲਏ ਤਾਂਕਿ ਉਹ ਉਸ ਦੀ ਗੱਲ ਨਾ ਸੁਣਨ।+ 12  ਉਨ੍ਹਾਂ ਨੇ ਆਪਣੇ ਦਿਲ ਹੀਰੇ* ਵਾਂਗ ਕਰ ਲਏ+ ਅਤੇ ਉਹ ਕਾਨੂੰਨ* ਅਤੇ ਗੱਲਾਂ ਨਹੀਂ ਮੰਨੀਆਂ ਜੋ ਸੈਨਾਵਾਂ ਦੇ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਪਹਿਲੇ ਨਬੀਆਂ ਜ਼ਰੀਏ ਦੱਸੀਆਂ ਸਨ।+ ਇਸ ਲਈ ਸੈਨਾਵਾਂ ਦੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ।”+ 13  “‘ਜਿਸ ਤਰ੍ਹਾਂ ਉਨ੍ਹਾਂ ਨੇ ਮੇਰੀ ਨਹੀਂ ਸੁਣੀ ਜਦੋਂ ਮੈਂ* ਉਨ੍ਹਾਂ ਨੂੰ ਪੁਕਾਰਿਆ ਸੀ,+ ਉਸੇ ਤਰ੍ਹਾਂ ਮੈਂ ਵੀ ਨਹੀਂ ਸੁਣਿਆ ਜਦੋਂ ਉਨ੍ਹਾਂ ਨੇ ਮੈਨੂੰ ਪੁਕਾਰਿਆ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” 14  ‘ਅਤੇ ਮੈਂ ਉਨ੍ਹਾਂ ਨੂੰ ਹਨੇਰੀ ਨਾਲ ਸਾਰੀਆਂ ਕੌਮਾਂ ਵਿਚ ਖਿੰਡਾ ਦਿੱਤਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ+ ਅਤੇ ਪਿੱਛੋਂ ਦੇਸ਼ ਵੀਰਾਨ ਹੋ ਗਿਆ ਅਤੇ ਉਸ ਵਿੱਚੋਂ ਦੀ ਕੋਈ ਨਹੀਂ ਲੰਘਦਾ ਸੀ ਤੇ ਨਾ ਹੀ ਉਸ ਵਿਚ ਕੋਈ ਵਾਪਸ ਆਉਂਦਾ ਸੀ;+ ਕਿਉਂਕਿ ਉਨ੍ਹਾਂ ਨੇ ਸੋਹਣੇ ਦੇਸ਼ ਦਾ ਉਹ ਹਸ਼ਰ ਕੀਤਾ ਕਿ ਲੋਕ ਦੇਖ ਕੇ ਕੰਬ ਉੱਠਦੇ ਸਨ।’”

ਫੁਟਨੋਟ

ਜਾਂ, “ਮੰਦਰ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ ਸੰਭਵ ਹੈ, “ਇਕ ਸਖ਼ਤ ਪੱਥਰ” ਜਿਵੇਂ ਲੋਹੇ ਦੀ ਧਾਰ ਨੂੰ ਤਿੱਖਾ ਕਰਨ ਵਾਲਾ ਪੱਥਰ।
ਜਾਂ, “ਸਿੱਖਿਆ।”
ਇਬ, “ਉਸ ਨੇ।”