ਜ਼ਬੂਰ 68:1-35

  • ‘ਹੇ ਪਰਮੇਸ਼ੁਰ, ਆਪਣੇ ਦੁਸ਼ਮਣਾਂ ਨੂੰ ਖਿੰਡਾ ਦੇ’

    • “ਯਤੀਮਾਂ ਦਾ ਪਿਤਾ” (5)

    • ਜਿਸ ਦਾ ਕੋਈ ਨਹੀਂ, ਪਰਮੇਸ਼ੁਰ ਉਸ ਨੂੰ ਘਰ ਦਿੰਦਾ ਹੈ (6)

    • ਔਰਤਾਂ ਖ਼ੁਸ਼ ਖ਼ਬਰੀ ਸੁਣਾਉਂਦੀਆਂ ਹਨ (11)

    • ਤੋਹਫ਼ੇ ਵਜੋਂ ਆਦਮੀ (18)

    • ‘ਯਹੋਵਾਹ ਰੋਜ਼ ਸਾਡਾ ਭਾਰ ਚੁੱਕਦਾ ਹੈ’ (19)

ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ। 68  ਹੇ ਪਰਮੇਸ਼ੁਰ, ਉੱਠ ਅਤੇ ਆਪਣੇ ਦੁਸ਼ਮਣਾਂ ਨੂੰ ਖਿੰਡਾ ਦੇ,ਤੈਨੂੰ ਨਫ਼ਰਤ ਕਰਨ ਵਾਲੇ ਤੇਰੇ ਅੱਗਿਓਂ ਭੱਜ ਜਾਣ।+   ਜਿਵੇਂ ਹਵਾ ਧੂੰਏਂ ਨੂੰ ਉਡਾ ਲੈ ਜਾਂਦੀ ਹੈ, ਤਿਵੇਂ ਤੂੰ ਉਨ੍ਹਾਂ ਨੂੰ ਉਡਾ ਦੇ;ਜਿਵੇਂ ਅੱਗ ਨਾਲ ਮੋਮ ਪਿਘਲ ਜਾਂਦਾ ਹੈ,ਤਿਵੇਂ ਦੁਸ਼ਟ ਪਰਮੇਸ਼ੁਰ ਦੇ ਅੱਗੋਂ ਮਿਟ ਜਾਣ।+   ਪਰ ਧਰਮੀ ਖ਼ੁਸ਼ੀਆਂ ਮਨਾਉਣ;+ਉਹ ਪਰਮੇਸ਼ੁਰ ਅੱਗੇ ਬਾਗ਼-ਬਾਗ਼ ਹੋਣ;ਉਹ ਖ਼ੁਸ਼ੀ ਦੇ ਮਾਰੇ ਨੱਚਣ।   ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+ ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।* ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ!   ਪਰਮੇਸ਼ੁਰ ਯਤੀਮਾਂ* ਦਾ ਪਿਤਾ ਅਤੇ ਵਿਧਵਾਵਾਂ ਦਾ ਰਖਵਾਲਾ* ਹੈ,+ਉਹ ਆਪਣੇ ਪਵਿੱਤਰ ਸਥਾਨ ਵਿਚ ਹੈ।+   ਜਿਸ ਦਾ ਕੋਈ ਨਹੀਂ, ਪਰਮੇਸ਼ੁਰ ਉਸ ਨੂੰ ਰਹਿਣ ਲਈ ਘਰ ਦਿੰਦਾ ਹੈ;+ਉਹ ਕੈਦੀਆਂ ਨੂੰ ਆਜ਼ਾਦ ਕਰ ਕੇ ਖ਼ੁਸ਼ਹਾਲ ਬਣਾਉਂਦਾ ਹੈ।+ ਪਰ ਅੜਬ* ਲੋਕਾਂ ਨੂੰ ਸੋਕਾ ਝੱਲ ਰਹੇ ਇਲਾਕੇ ਵਿਚ ਰਹਿਣਾ ਪਵੇਗਾ।+   ਹੇ ਪਰਮੇਸ਼ੁਰ, ਜਦੋਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,*+ਜਦੋਂ ਤੂੰ ਉਜਾੜ ਵਿੱਚੋਂ ਦੀ ਲੰਘਿਆ, (ਸਲਹ)   ਤਾਂ ਧਰਤੀ ਹਿੱਲ ਗਈ;+ਪਰਮੇਸ਼ੁਰ ਦੇ ਆਉਣ ਕਰਕੇ ਆਕਾਸ਼ ਤੋਂ ਭਾਰੀ ਮੀਂਹ ਪਿਆ;ਪਰਮੇਸ਼ੁਰ, ਹਾਂ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਸੀਨਈ ਪਹਾੜ ਕੰਬ ਗਿਆ।+   ਹੇ ਪਰਮੇਸ਼ੁਰ, ਤੂੰ ਜ਼ੋਰਦਾਰ ਮੀਂਹ ਪਾਇਆ;ਤੂੰ ਆਪਣੇ ਥੱਕੇ-ਹਾਰੇ ਲੋਕਾਂ* ਵਿਚ ਮੁੜ ਜਾਨ ਪਾਈ। 10  ਉਹ ਤੇਰੇ ਤੰਬੂਆਂ ਵਿਚ ਰਹੇ;+ਹੇ ਪਰਮੇਸ਼ੁਰ, ਤੂੰ ਭਲਾਈ ਨਾਲ ਭਰਪੂਰ ਹੋਣ ਕਰਕੇ ਗ਼ਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। 11  ਯਹੋਵਾਹ ਹੁਕਮ ਦਿੰਦਾ ਹੈ;ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਔਰਤਾਂ ਦੀ ਵੱਡੀ ਫ਼ੌਜ ਹੈ।+ 12  ਰਾਜੇ ਆਪਣੀਆਂ ਫ਼ੌਜਾਂ ਲੈ ਕੇ ਭੱਜ ਜਾਂਦੇ ਹਨ,+ ਹਾਂ, ਉਹ ਭੱਜ ਜਾਂਦੇ ਹਨ! ਘਰ ਵਿਚ ਬੈਠੀ ਔਰਤ ਨੂੰ ਲੁੱਟ ਦੇ ਮਾਲ ਦਾ ਹਿੱਸਾ ਮਿਲਦਾ ਹੈ।+ 13  ਭਾਵੇਂ ਤੁਸੀਂ ਛਾਉਣੀ ਵਿਚ ਅੱਗ ਦੀ ਧੂਣੀ ਦੇ ਆਲੇ-ਦੁਆਲੇ* ਲੰਮੇ ਪੈਂਦੇ ਸੀ,ਪਰ ਉੱਥੇ ਤੁਹਾਨੂੰ ਚਾਂਦੀ ਦੇ ਪਰਾਂ ਅਤੇ ਕੁੰਦਨ* ਸੋਨੇ ਦੇ ਖੰਭਾਂ ਵਾਲਾ ਕਬੂਤਰ ਮਿਲੇਗਾ। 14  ਜਦੋਂ ਸਰਬਸ਼ਕਤੀਮਾਨ ਨੇ ਦੇਸ਼ ਦੇ ਰਾਜਿਆਂ ਨੂੰ ਖਿੰਡਾ ਦਿੱਤਾ,+ਤਾਂ ਸਲਮੋਨ ਪਹਾੜ ’ਤੇ ਬਰਫ਼ ਪਈ।* 15  ਬਾਸ਼ਾਨ+ ਪਹਾੜ ਪਰਮੇਸ਼ੁਰ ਦਾ ਪਹਾੜ* ਹੈ;ਬਾਸ਼ਾਨ ਪਹਾੜ ਉੱਚੀਆਂ ਚੋਟੀਆਂ ਵਾਲਾ ਪਹਾੜ ਹੈ। 16  ਹੇ ਉੱਚੀਆਂ ਚੋਟੀਆਂ ਵਾਲੇ ਪਹਾੜੋ, ਤੁਸੀਂ ਉਸ ਪਹਾੜ ਨਾਲ ਈਰਖਾ ਕਿਉਂ ਕਰਦੇ ਹੋਜਿਸ ਨੂੰ ਪਰਮੇਸ਼ੁਰ ਨੇ ਆਪਣੇ ਨਿਵਾਸ-ਸਥਾਨ ਵਜੋਂ ਚੁਣਿਆ* ਹੈ?+ ਹਾਂ, ਯਹੋਵਾਹ ਉੱਥੇ ਹਮੇਸ਼ਾ-ਹਮੇਸ਼ਾ ਵੱਸੇਗਾ।+ 17  ਪਰਮੇਸ਼ੁਰ ਦੇ ਲੜਾਈ ਦੇ ਰਥਾਂ ਦੀ ਗਿਣਤੀ ਹਜ਼ਾਰਾਂ-ਲੱਖਾਂ ਹੈ।+ ਯਹੋਵਾਹ ਸੀਨਈ ਪਹਾੜ ਤੋਂ ਆਪਣੇ ਪਵਿੱਤਰ ਸਥਾਨ ਵਿਚ ਆਇਆ ਹੈ।+ 18  ਹੇ ਯਾਹ, ਹੇ ਪਰਮੇਸ਼ੁਰ, ਤੂੰ ਉੱਚੀ ਥਾਂ ’ਤੇ ਚੜ੍ਹਿਆ;+ਤੂੰ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ;ਤੂੰ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਲੈ ਗਿਆ,+ਹਾਂ, ਅੜਬ ਲੋਕਾਂ+ ਨੂੰ ਵੀ ਤਾਂਕਿ ਤੂੰ ਉਨ੍ਹਾਂ ਵਿਚ ਵੱਸੇਂ। 19  ਸੱਚੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜੋ ਰੋਜ਼ ਸਾਡਾ ਭਾਰ ਚੁੱਕਦਾ ਹੈ+ਉਹ ਸਾਡਾ ਮੁਕਤੀਦਾਤਾ ਹੈ। (ਸਲਹ) 20  ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+ 21  ਹਾਂ, ਪਰਮੇਸ਼ੁਰ ਆਪਣੇ ਦੁਸ਼ਮਣਾਂ ਦੇ ਸਿਰ ਕੁਚਲ ਦੇਵੇਗਾਅਤੇ ਉਸ ਇਨਸਾਨ ਦੀ ਖੋਪੜੀ ਭੰਨ ਸੁੱਟੇਗਾ ਜੋ ਪਾਪ ਕਰਨ ਵਿਚ ਲੱਗਾ ਰਹਿੰਦਾ ਹੈ।+ 22  ਯਹੋਵਾਹ ਨੇ ਕਿਹਾ ਹੈ: “ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਵਾਪਸ ਲਿਆਵਾਂਗਾ;+ਮੈਂ ਉਨ੍ਹਾਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚੋਂ ਕੱਢ ਕੇ ਵਾਪਸ ਲਿਆਵਾਂਗਾ 23  ਤਾਂਕਿ ਤੇਰੇ ਪੈਰ ਦੁਸ਼ਮਣਾਂ ਦੇ ਲਹੂ ਨਾਲ ਲੱਥ-ਪੱਥ ਹੋ ਜਾਣ+ਅਤੇ ਤੇਰੇ ਕੁੱਤੇ ਉਨ੍ਹਾਂ ਦਾ ਲਹੂ ਚੱਟਣ।” 24  ਹੇ ਪਰਮੇਸ਼ੁਰ, ਉਹ ਤੇਰੀ ਜਿੱਤ ਦਾ ਜਲੂਸ ਦੇਖਦੇ ਹਨ,ਮੇਰੇ ਪਰਮੇਸ਼ੁਰ, ਮੇਰੇ ਰਾਜੇ ਦੀ ਜਿੱਤ ਦਾ ਜਲੂਸ ਪਵਿੱਤਰ ਸਥਾਨ ਨੂੰ ਜਾਂਦਿਆਂ ਦੇਖਦੇ ਹਨ।+ 25  ਗਾਇਕ ਅੱਗੇ-ਅੱਗੇ ਜਾ ਰਹੇ ਹਨਉਨ੍ਹਾਂ ਦੇ ਪਿੱਛੇ-ਪਿੱਛੇ ਸੰਗੀਤਕਾਰ ਤਾਰਾਂ ਵਾਲੇ ਸਾਜ਼ ਵਜਾ ਰਹੇ ਹਨ;+ਉਨ੍ਹਾਂ ਦੇ ਵਿਚਕਾਰ ਕੁੜੀਆਂ ਡਫਲੀਆਂ ਵਜਾ ਰਹੀਆਂ ਹਨ।+ 26  ਵੱਡੀਆਂ ਸੰਗਤਾਂ ਵਿਚ ਪਰਮੇਸ਼ੁਰ ਦੀ ਮਹਿਮਾ ਕਰੋ;ਤੁਸੀਂ ਜਿਨ੍ਹਾਂ ਨੂੰ ਇਜ਼ਰਾਈਲ ਦੇ ਮੋਢੀ* ਤੋਂ ਜ਼ਿੰਦਗੀ ਮਿਲੀ ਹੈ, ਯਹੋਵਾਹ ਦੀ ਮਹਿਮਾ ਕਰੋ।+ 27  ਸਭ ਤੋਂ ਛੋਟਾ ਬਿਨਯਾਮੀਨ+ ਉਨ੍ਹਾਂ ਨੂੰ ਹਰਾ ਰਿਹਾ ਹੈ,ਨਾਲੇ ਯਹੂਦਾਹ ਦੇ ਹਾਕਮ ਆਪਣੀ ਰੌਲ਼ਾ ਪਾਉਂਦੀ ਭੀੜ ਨਾਲ ਜਾ ਰਹੇ ਹਨਅਤੇ ਜ਼ਬੂਲੁਨ ਤੇ ਨਫ਼ਤਾਲੀ ਦੇ ਹਾਕਮ ਵੀ। 28  ਤੇਰੇ ਪਰਮੇਸ਼ੁਰ ਨੇ ਫ਼ਰਮਾਨ ਜਾਰੀ ਕੀਤਾ ਹੈ ਕਿ ਤੈਨੂੰ ਤਾਕਤ ਬਖ਼ਸ਼ੀ ਜਾਵੇਗੀ। ਹੇ ਪਰਮੇਸ਼ੁਰ, ਪਹਿਲਾਂ ਵਾਂਗ ਸਾਡੇ ਲਈ ਆਪਣੀ ਤਾਕਤ ਦਿਖਾ।+ 29  ਯਰੂਸ਼ਲਮ ਵਿਚ ਤੇਰਾ ਮੰਦਰ ਹੋਣ ਕਰਕੇ,+ਰਾਜੇ ਤੇਰੇ ਲਈ ਤੋਹਫ਼ੇ ਲਿਆਉਣਗੇ।+ 30  ਜਦ ਤਕ ਦੇਸ਼-ਦੇਸ਼ ਦੇ ਲੋਕ ਚਾਂਦੀ ਲਿਆ ਕੇ ਤੇਰੇ ਅੱਗੇ ਮੱਥਾ ਨਾ ਟੇਕ ਲੈਣ,ਤਦ ਤਕ ਸਰਕੰਡਿਆਂ ਵਿਚ ਰਹਿੰਦੇ ਜੰਗਲੀ ਜਾਨਵਰਾਂ ਨੂੰਅਤੇ ਬਲਦਾਂ ਦੇ ਝੁੰਡ+ ਤੇ ਉਨ੍ਹਾਂ ਦੇ ਵੱਛਿਆਂ ਨੂੰ ਝਿੜਕ। ਪਰ ਜਿਨ੍ਹਾਂ ਨੂੰ ਯੁੱਧ ਕਰ ਕੇ ਮਜ਼ਾ ਆਉਂਦਾ ਹੈ, ਤੂੰ ਉਨ੍ਹਾਂ ਨੂੰ ਖਿੰਡਾਉਂਦਾ ਹੈਂ। 31  ਮਿਸਰ ਤੋਂ ਕਾਂਸੀ ਦੀਆਂ ਚੀਜ਼ਾਂ ਲਿਆਂਦੀਆਂ ਜਾਣਗੀਆਂ;*+ਕੂਸ਼ ਦੇ ਲੋਕ ਪਰਮੇਸ਼ੁਰ ਨੂੰ ਤੋਹਫ਼ੇ ਦੇਣ ਲਈ ਉਤਾਵਲੇ ਹੋਣਗੇ। 32  ਹੇ ਧਰਤੀ ਦੀਓ ਹਕੂਮਤੋ, ਪਰਮੇਸ਼ੁਰ ਲਈ ਗੀਤ ਗਾਓ,+ਯਹੋਵਾਹ ਦਾ ਗੁਣਗਾਨ ਕਰੋ,* (ਸਲਹ) 33  ਉਸ ਦੀ ਮਹਿਮਾ ਕਰੋ ਜੋ ਪ੍ਰਾਚੀਨ ਸਮੇਂ ਤੋਂ ਕਾਇਮ ਉੱਚੇ ਆਕਾਸ਼ਾਂ ਦੀ ਸਵਾਰੀ ਕਰਦਾ ਹੈ।+ ਦੇਖੋ! ਉਹ ਆਪਣੀ ਦਮਦਾਰ ਆਵਾਜ਼ ਨਾਲ ਗਰਜਦਾ ਹੈ। 34  ਕਬੂਲ ਕਰੋ ਕਿ ਪਰਮੇਸ਼ੁਰ ਹੀ ਸ਼ਕਤੀਸ਼ਾਲੀ ਹੈ।+ ਪੂਰੇ ਇਜ਼ਰਾਈਲ ਵਿਚ ਉਸ ਦੀ ਸ਼ਾਨ ਹੈਅਤੇ ਉਸ ਦੀ ਤਾਕਤ ਆਕਾਸ਼ਾਂ* ਵਿਚ ਹੈ। 35  ਆਲੀਸ਼ਾਨ ਪਵਿੱਤਰ ਸਥਾਨ ਵਿਚ ਪਰਮੇਸ਼ੁਰ ਦਾ ਜਲਾਲ ਦੇਖਣ ਵਾਲਾ ਹੈ,+ਉਹ ਇਜ਼ਰਾਈਲ ਦਾ ਪਰਮੇਸ਼ੁਰ ਹੈਜੋ ਆਪਣੇ ਲੋਕਾਂ ਨੂੰ ਤਾਕਤ ਅਤੇ ਬਲ ਦਿੰਦਾ ਹੈ।+ ਪਰਮੇਸ਼ੁਰ ਦੀ ਮਹਿਮਾ ਹੋਵੇ।

ਫੁਟਨੋਟ

ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ ਸੰਭਵ ਹੈ, “ਬੱਦਲਾਂ ਦੀ ਸਵਾਰੀ ਕਰਦਾ ਹੈ।”
“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਨਿਆਂਕਾਰ।”
ਜਾਂ, “ਬਾਗ਼ੀ।”
ਇਬ, “ਦੇ ਅੱਗੇ-ਅੱਗੇ ਗਿਆ।”
ਇਬ, “ਵਿਰਾਸਤ।”
ਜਾਂ ਸੰਭਵ ਹੈ, “ਭੇਡਾਂ ਦੇ ਵਾੜਿਆਂ ਵਿਚ।”
ਜਾਂ, “ਪੀਲੇ-ਹਰੇ ਰੰਗ ਦੇ।”
ਜਾਂ, “ਇਹ ਇਵੇਂ ਸੀ ਜਿਵੇਂ ਸਲਮੋਨ ਵਿਚ ਬਰਫ਼ ਪਈ ਹੋਵੇ।”
ਜਾਂ, “ਵਿਸ਼ਾਲ ਪਹਾੜ।”
ਜਾਂ, “ਬਣਾਉਣਾ ਚਾਹੁੰਦਾ।”
ਇਬ, “ਇਜ਼ਰਾਈਲ ਦੇ ਸੋਮੇ।”
ਜਾਂ ਸੰਭਵ ਹੈ, “ਰਾਜਦੂਤ ਆਉਣਗੇ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਇਬ, “ਬੱਦਲਾਂ।”