ਜ਼ਬੂਰ 78:1-72
ਆਸਾਫ਼+ ਦਾ ਮਸਕੀਲ।*
78 ਹੇ ਮੇਰੇ ਲੋਕੋ, ਮੇਰਾ ਕਾਨੂੰਨ* ਸੁਣੋ;ਮੇਰੀਆਂ ਗੱਲਾਂ ਵੱਲ ਕੰਨ ਲਾਓ।
2 ਮੈਂ ਆਪਣੇ ਮੂੰਹੋਂ ਇਕ ਕਹਾਵਤ ਬੋਲਾਂਗਾ।
ਮੈਂ ਪੁਰਾਣੇ ਸਮੇਂ ਦੀਆਂ ਬੁਝਾਰਤਾਂ ਪਾਵਾਂਗਾ।+
3 ਜਿਹੜੀਆਂ ਗੱਲਾਂ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸੀਆਂ ਹਨ,ਜੋ ਅਸੀਂ ਸੁਣੀਆਂ ਅਤੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ,+
4 ਅਸੀਂ ਇਹ ਗੱਲਾਂ ਉਨ੍ਹਾਂ ਦੇ ਪੁੱਤਰਾਂ ਤੋਂ ਨਹੀਂ ਲੁਕਾਵਾਂਗੇ;ਯਹੋਵਾਹ ਦੇ ਬੇਮਿਸਾਲ ਕੰਮਾਂ ਅਤੇ ਉਸ ਦੀ ਤਾਕਤ ਬਾਰੇ,ਹਾਂ, ਉਸ ਦੇ ਅਨੋਖੇ ਕੰਮਾਂ ਬਾਰੇ,ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸਾਂਗੇ।+
5 ਉਸ ਨੇ ਯਾਕੂਬ ਵਿਚ ਇਕ ਨਿਯਮਅਤੇ ਇਜ਼ਰਾਈਲ ਵਿਚ ਇਕ ਕਾਨੂੰਨ ਸਥਾਪਿਤ ਕੀਤਾ;ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾਕਿ ਉਹ ਇਹ ਗੱਲਾਂ ਆਪਣੇ ਬੱਚਿਆਂ ਨੂੰ ਦੱਸਣ+
6 ਤਾਂਕਿ ਅਗਲੀ ਪੀੜ੍ਹੀ ਨੂੰ ਇਸ ਬਾਰੇ ਪਤਾ ਲੱਗੇ,ਹਾਂ, ਪੈਦਾ ਹੋਣ ਵਾਲੇ ਬੱਚੇ ਇਸ ਬਾਰੇ ਜਾਣਨ।+
ਫਿਰ ਉਹ ਅੱਗੋਂ ਆਪਣੇ ਬੱਚਿਆਂ ਨੂੰ ਦੱਸਣ।+
7 ਇਸ ਤਰ੍ਹਾਂ ਉਹ ਪਰਮੇਸ਼ੁਰ ’ਤੇ ਭਰੋਸਾ ਕਰਨਗੇ।
ਉਹ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਭੁੱਲਣਗੇ,+ਸਗੋਂ ਉਸ ਦੇ ਹੁਕਮਾਂ ਦੀ ਪਾਲਣਾ ਕਰਨਗੇ।+
8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।
9 ਇਫ਼ਰਾਈਮ ਦੇ ਲੋਕਾਂ ਦੇ ਹੱਥਾਂ ਵਿਚ ਤੀਰ-ਕਮਾਨ ਸਨ,ਪਰ ਲੜਾਈ ਦੇ ਵੇਲੇ ਉਹ ਮੈਦਾਨ ਛੱਡ ਕੇ ਭੱਜ ਗਏ।
10 ਉਨ੍ਹਾਂ ਨੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਦੀ ਪਾਲਣਾ ਨਹੀਂ ਕੀਤੀ+ਅਤੇ ਉਸ ਦੇ ਕਾਨੂੰਨ ’ਤੇ ਚੱਲਣ ਤੋਂ ਇਨਕਾਰ ਕੀਤਾ।+
11 ਨਾਲੇ ਉਹ ਭੁੱਲ ਗਏ ਕਿ ਉਸ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ+ਅਤੇ ਉਨ੍ਹਾਂ ਨੂੰ ਕਿਹੜੇ ਹੈਰਾਨੀਜਨਕ ਕੰਮ ਕਰ ਕੇ ਦਿਖਾਏ ਸਨ।+
12 ਉਸ ਨੇ ਮਿਸਰ ਦੇ ਸੋਆਨ ਇਲਾਕੇ+ ਵਿਚਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਅੱਖਾਂ ਸਾਮ੍ਹਣੇ ਸ਼ਾਨਦਾਰ ਕੰਮ ਕੀਤੇ।+
13 ਉਸ ਨੇ ਉਨ੍ਹਾਂ ਨੂੰ ਪਾਰ ਲੰਘਾਉਣ ਲਈ ਸਮੁੰਦਰ ਦੇ ਦੋ ਹਿੱਸੇ ਕਰ ਦਿੱਤੇਅਤੇ ਪਾਣੀਆਂ ਨੂੰ ਕੰਧ* ਵਾਂਗ ਖੜ੍ਹਾ ਕਰ ਦਿੱਤਾ।+
14 ਦਿਨ ਵੇਲੇ ਉਸ ਨੇ ਬੱਦਲ ਨਾਲ ਉਨ੍ਹਾਂ ਦੀ ਅਗਵਾਈ ਕੀਤੀਅਤੇ ਪੂਰੀ ਰਾਤ ਅੱਗ ਦੀ ਰੌਸ਼ਨੀ ਨਾਲ।+
15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+
16 ਉਸ ਨੇ ਚਟਾਨ ਵਿੱਚੋਂ ਚਸ਼ਮੇ ਵਹਾਏਅਤੇ ਉਨ੍ਹਾਂ ਦਾ ਪਾਣੀ ਨਦੀਆਂ ਵਾਂਗ ਵਗਿਆ।+
17 ਪਰ ਉਨ੍ਹਾਂ ਨੇ ਉਜਾੜ ਵਿਚ ਅੱਤ ਮਹਾਨ ਦੇ ਖ਼ਿਲਾਫ਼ ਬਗਾਵਤ ਕੀਤੀ,ਇਸ ਤਰ੍ਹਾਂ ਉਹ ਪਾਪ ਕਰਨ ਵਿਚ ਲੱਗੇ ਰਹੇ;+
18 ਉਨ੍ਹਾਂ ਨੇ ਪਰਮੇਸ਼ੁਰ ਤੋਂ ਉਸ ਭੋਜਨ ਦੀ ਮੰਗ ਕੀਤੀ ਜਿਸ ਦੀ ਉਨ੍ਹਾਂ ਨੂੰ ਲਾਲਸਾ ਸੀਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਦਿਲਾਂ ਵਿਚ ਉਸ ਨੂੰ ਚੁਣੌਤੀ ਦਿੱਤੀ।*+
19 ਉਹ ਪਰਮੇਸ਼ੁਰ ਦੇ ਖ਼ਿਲਾਫ਼ ਬੋਲੇ:
“ਕੀ ਪਰਮੇਸ਼ੁਰ ਉਜਾੜ ਵਿਚ ਵੀ ਸਾਨੂੰ ਦਾਅਵਤ ਦੇ ਸਕਦਾ ਹੈ?”+
20 ਦੇਖੋ! ਉਸ ਨੇ ਚਟਾਨ ’ਤੇ ਮਾਰਿਆਅਤੇ ਉਸ ਵਿੱਚੋਂ ਪਾਣੀ ਦੀਆਂ ਨਦੀਆਂ ਫੁੱਟ ਨਿਕਲੀਆਂ।+
ਫਿਰ ਵੀ ਉਨ੍ਹਾਂ ਨੇ ਕਿਹਾ: “ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈਜਾਂ ਕੀ ਉਹ ਆਪਣੇ ਲੋਕਾਂ ਨੂੰ ਖਾਣ ਨੂੰ ਮੀਟ ਦੇ ਸਕਦਾ?”+
21 ਉਨ੍ਹਾਂ ਦੀਆਂ ਗੱਲਾਂ ਸੁਣ ਕੇ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ;+ਯਾਕੂਬ ਉੱਤੇ ਅੱਗ+ ਵਰ੍ਹੀ ਅਤੇ ਇਜ਼ਰਾਈਲ ਉੱਤੇ ਉਸ ਦੇ ਗੁੱਸੇ ਦਾ ਕਹਿਰ ਆ ਪਿਆ+
22 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ’ਤੇ ਨਿਹਚਾ ਨਹੀਂ ਕੀਤੀ+ਅਤੇ ਨਾ ਹੀ ਉਸ ਦੀ ਬਚਾਉਣ ਦੀ ਕਾਬਲੀਅਤ ਉੱਤੇ ਭਰੋਸਾ ਕੀਤਾ।
23 ਇਸ ਲਈ ਉਸ ਨੇ ਬੱਦਲਾਂ ਨੂੰ ਹੁਕਮ ਦਿੱਤਾਅਤੇ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ।
24 ਉਹ ਉਨ੍ਹਾਂ ਦੇ ਖਾਣ ਲਈ ਆਕਾਸ਼ੋਂ ਮੰਨ ਵਰ੍ਹਾਉਂਦਾ ਰਿਹਾ;ਉਸ ਨੇ ਉਨ੍ਹਾਂ ਨੂੰ ਸਵਰਗੋਂ ਰੋਟੀ ਦਿੱਤੀ।*+
25 ਇਨਸਾਨਾਂ ਨੇ ਸੂਰਬੀਰਾਂ* ਦੀ ਰੋਟੀ ਖਾਧੀ;+ਉਸ ਨੇ ਉਨ੍ਹਾਂ ਨੂੰ ਰੱਜ ਕੇ ਖਾਣ ਨੂੰ ਦਿੱਤਾ।+
26 ਉਸ ਨੇ ਆਕਾਸ਼ ਵਿਚ ਪੂਰਬ ਵੱਲੋਂ ਹਵਾ ਵਗਾਈਅਤੇ ਆਪਣੀ ਤਾਕਤ ਨਾਲ ਦੱਖਣ ਵੱਲੋਂ ਹਵਾ ਚਲਾਈ।+
27 ਉਸ ਨੇ ਜ਼ਮੀਨ ਦੀ ਧੂੜ ਵਾਂਗ ਆਕਾਸ਼ੋਂ ਮੀਟ ਘੱਲਿਆਅਤੇ ਸਮੁੰਦਰੀ ਰੇਤ ਵਾਂਗ ਅਣਗਿਣਤ ਪੰਛੀ।
28 ਉਸ ਨੇ ਆਪਣੇ ਡੇਰੇ ਵਿਚ ਸਾਰੇ ਪਾਸੇ,ਹਾਂ, ਆਪਣੇ ਤੰਬੂਆਂ ਦੇ ਆਲੇ-ਦੁਆਲੇ ਉਨ੍ਹਾਂ ਦੇ ਢੇਰ ਲਾ ਦਿੱਤੇ।
29 ਉਨ੍ਹਾਂ ਨੇ ਤੁੰਨ-ਤੁੰਨ ਕੇ ਖਾਧਾ;ਉਨ੍ਹਾਂ ਨੂੰ ਜਿਸ ਚੀਜ਼ ਦੀ ਲਾਲਸਾ ਸੀ, ਉਸ ਨੇ ਉਨ੍ਹਾਂ ਨੂੰ ਦਿੱਤੀ।+
30 ਪਰ ਉਨ੍ਹਾਂ ਨੇ ਆਪਣੀ ਲਾਲਸਾ ਹੋਰ ਵਧਾ ਲਈ,ਇਸ ਲਈ ਜਦੋਂ ਭੋਜਨ ਅਜੇ ਉਨ੍ਹਾਂ ਦੇ ਮੂੰਹਾਂ ਵਿਚ ਹੀ ਸੀ,
31 ਪਰਮੇਸ਼ੁਰ ਦਾ ਕਹਿਰ ਉਨ੍ਹਾਂ ’ਤੇ ਵਰ੍ਹਿਆ।+
ਉਸ ਨੇ ਉਨ੍ਹਾਂ ਦੇ ਬਲਵਾਨ ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ+ਅਤੇ ਇਜ਼ਰਾਈਲ ਦੇ ਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
32 ਫਿਰ ਵੀ ਉਹ ਪਾਪ ਤੇ ਪਾਪ ਕਰਦੇ ਰਹੇ+ਅਤੇ ਉਸ ਦੇ ਅਨੋਖੇ ਕੰਮਾਂ ’ਤੇ ਨਿਹਚਾ ਨਹੀਂ ਕੀਤੀ।+
33 ਇਸ ਲਈ ਉਸ ਨੇ ਉਨ੍ਹਾਂ ਦੀ ਜ਼ਿੰਦਗੀ ਸਾਹ ਵਾਂਗ ਪਲਾਂ ਵਿਚ ਹੀ ਮੁਕਾ ਦਿੱਤੀ+ਅਤੇ ਅਚਾਨਕ ਕਹਿਰ ਵਰ੍ਹਾ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਲ ਖ਼ਤਮ ਕਰ ਦਿੱਤੇ।
34 ਪਰ ਜਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਜਾਨੋਂ ਮਾਰਦਾ ਸੀ, ਤਾਂ ਉਹ ਉਸ ਦੀ ਭਾਲ ਕਰਦੇ;+ਉਹ ਉਸ ਕੋਲ ਵਾਪਸ ਮੁੜ ਆਉਂਦੇ ਸਨ ਅਤੇ ਉਸ ਦੀ ਖੋਜ ਕਰਦੇ ਸਨ,
35 ਉਹ ਯਾਦ ਕਰਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਚਟਾਨ ਸੀ+ਅਤੇ ਅੱਤ ਮਹਾਨ ਪਰਮੇਸ਼ੁਰ ਉਨ੍ਹਾਂ ਦਾ ਮੁਕਤੀਦਾਤਾ।*+
36 ਪਰ ਉਨ੍ਹਾਂ ਨੇ ਆਪਣੀਆਂ ਗੱਲਾਂ ਨਾਲ ਉਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀਅਤੇ ਆਪਣੀ ਜ਼ਬਾਨ ਨਾਲ ਝੂਠ ਬੋਲਿਆ।
37 ਉਹ ਦਿਲੋਂ ਉਸ ਦੇ ਵਫ਼ਾਦਾਰ ਨਹੀਂ ਸਨ;+ਉਨ੍ਹਾਂ ਨੇ ਉਸ ਦੇ ਇਕਰਾਰ ਦੀ ਪਾਲਣਾ ਨਹੀਂ ਕੀਤੀ।+
38 ਪਰ ਉਹ ਦਇਆਵਾਨ ਸੀ;+ਉਹ ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕਰ ਦਿੰਦਾ ਸੀ ਅਤੇ ਉਨ੍ਹਾਂ ਦਾ ਨਾਸ਼ ਨਹੀਂ ਕਰਦਾ ਸੀ।+
ਉਹ ਉਨ੍ਹਾਂ ’ਤੇ ਕਹਿਰ ਢਾਹੁਣ ਦੀ ਬਜਾਇ ਅਕਸਰ ਆਪਣਾ ਗੁੱਸਾ ਰੋਕ ਲੈਂਦਾ ਸੀ+
39 ਕਿਉਂਕਿ ਉਹ ਯਾਦ ਰੱਖਦਾ ਸੀ ਕਿ ਉਹ ਹੱਡ-ਮਾਸ ਦੇ ਇਨਸਾਨ ਹੀ ਹਨ,+ਉਹ ਹਵਾ ਵਰਗੇ ਹਨ ਜੋ ਵਗਣ ਤੋਂ ਬਾਅਦ ਵਾਪਸ ਨਹੀਂ ਆਉਂਦੀ।
40 ਉਜਾੜ ਵਿਚ ਕਿੰਨੀ ਵਾਰ ਬਗਾਵਤ ਕਰ ਕੇ+ਉਨ੍ਹਾਂ ਨੇ ਉਸ ਦਾ ਮਨ ਦੁਖੀ ਕੀਤਾ!+
41 ਉਨ੍ਹਾਂ ਨੇ ਵਾਰ-ਵਾਰ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲਿਆ+ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਦਿਲ ਦੁਖਾਇਆ।
42 ਉਨ੍ਹਾਂ ਨੇ ਉਸ ਦੀ ਤਾਕਤ ਨੂੰ ਯਾਦ ਨਹੀਂ ਰੱਖਿਆ,ਉਹ ਉਸ ਦਿਨ ਨੂੰ ਭੁੱਲ ਗਏ ਜਦੋਂ ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਸੀ।+
43 ਉਸ ਨੇ ਮਿਸਰ ਵਿਚ ਕਿੰਨੀਆਂ ਕਰਾਮਾਤਾਂ ਕੀਤੀਆਂ+ਅਤੇ ਸੋਆਨ ਦੇ ਇਲਾਕੇ ਵਿਚ ਚਮਤਕਾਰ।
44 ਉਸ ਨੇ ਨੀਲ ਦਰਿਆ ਦੀਆਂ ਨਹਿਰਾਂ ਦਾ ਪਾਣੀ ਲਹੂ ਵਿਚ ਬਦਲ ਦਿੱਤਾ+ਤਾਂਕਿ ਉਹ ਆਪਣੀ ਹੀ ਨਦੀ ਦਾ ਪਾਣੀ ਨਾ ਪੀ ਸਕਣ।
45 ਉਸ ਨੇ ਉਨ੍ਹਾਂ* ਨੂੰ ਕਸ਼ਟ ਦੇਣ ਲਈ ਮੱਖਾਂ ਦੇ ਝੁੰਡ+ਅਤੇ ਉਨ੍ਹਾਂ ਨੂੰ ਤਬਾਹ ਕਰਨ ਲਈ ਡੱਡੂ ਘੱਲੇ।+
46 ਉਸ ਨੇ ਉਨ੍ਹਾਂ ਦੀ ਫ਼ਸਲ ਭੁੱਖੜ ਟਿੱਡੀਆਂ ਨੂੰ ਦੇ ਦਿੱਤੀਅਤੇ ਉਨ੍ਹਾਂ ਦੀ ਮਿਹਨਤ ਦਾ ਫਲ ਟਿੱਡੀਆਂ ਦੇ ਦਲਾਂ ਨੂੰ।+
47 ਉਸ ਨੇ ਆਕਾਸ਼ੋਂ ਗੜੇ ਵਰ੍ਹਾ ਕੇਉਨ੍ਹਾਂ ਦੇ ਅੰਗੂਰਾਂ ਦੇ ਬਾਗ਼ ਅਤੇ ਅੰਜੀਰਾਂ ਦੇ ਦਰਖ਼ਤ ਬਰਬਾਦ ਕਰ ਦਿੱਤੇ।+
48 ਉਸ ਨੇ ਉਨ੍ਹਾਂ ਦੇ ਭਾਰ ਢੋਣ ਵਾਲੇ ਜਾਨਵਰ ਗੜਿਆਂ ਨਾਲ ਮਾਰ ਸੁੱਟੇ+ਅਤੇ ਪਾਲਤੂ ਜਾਨਵਰ ਆਸਮਾਨੀ ਬਿਜਲੀ* ਨਾਲ।
49 ਉਨ੍ਹਾਂ ਨੂੰ ਉਸ ਦੇ ਡਾਢੇ ਕ੍ਰੋਧ ਤੇ ਪ੍ਰਚੰਡ ਗੁੱਸੇ ਦਾ ਸੇਕ ਝੱਲਣਾ ਪਿਆ,ਉਸ ਨੇ ਕਹਿਰ ਢਾਹੁਣ ਲਈ ਦੂਤਾਂ ਦੀਆਂ ਫ਼ੌਜਾਂ ਘੱਲੀਆਂ।
50 ਉਸ ਨੇ ਆਪਣੇ ਗੁੱਸੇ ਲਈ ਰਾਹ ਤਿਆਰ ਕੀਤਾ।
ਉਸ ਨੇ ਉਨ੍ਹਾਂ ਨੂੰ ਮੌਤ ਦੇ ਮੂੰਹੋਂ ਨਹੀਂ ਬਚਾਇਆ;ਉਸ ਨੇ ਉਨ੍ਹਾਂ* ਨੂੰ ਮਹਾਂਮਾਰੀ ਦੇ ਹਵਾਲੇ ਕਰ ਦਿੱਤਾ।
51 ਅਖ਼ੀਰ ਉਸ ਨੇ ਮਿਸਰ ਦੇ ਸਾਰੇ ਜੇਠੇ ਬੱਚਿਆਂ ਨੂੰ ਮਾਰ ਸੁੱਟਿਆ,+ਹਾਮ ਦੇ ਤੰਬੂਆਂ ਵਿਚ ਪੈਦਾ ਹੋਏ ਪਹਿਲੇ ਬੱਚਿਆਂ ਨੂੰ।*
52 ਫਿਰ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆਅਤੇ ਭੇਡਾਂ ਵਾਂਗ+ ਉਜਾੜ ਵਿਚ ਉਨ੍ਹਾਂ ਨੂੰ ਰਾਹ ਦਿਖਾਇਆ,
53 ਉਹ ਉਨ੍ਹਾਂ ਨੂੰ ਸਹੀ-ਸਲਾਮਤ ਲੈ ਗਿਆਅਤੇ ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ;+ਸਮੁੰਦਰ ਉਨ੍ਹਾਂ ਦੇ ਦੁਸ਼ਮਣਾਂ ਦੀ ਕਬਰ ਬਣ ਗਿਆ।+
54 ਉਹ ਉਨ੍ਹਾਂ ਨੂੰ ਆਪਣੇ ਪਵਿੱਤਰ ਇਲਾਕੇ ਵਿਚ ਲੈ ਕੇ ਆਇਆ,+ਉਸ ਨੇ ਇਹ ਪਹਾੜੀ ਇਲਾਕਾ ਆਪਣੇ ਸੱਜੇ ਹੱਥ ਨਾਲ ਜਿੱਤਿਆ ਸੀ।+
55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+
56 ਪਰ ਫਿਰ ਵੀ ਉਹ ਅੱਤ ਮਹਾਨ ਪਰਮੇਸ਼ੁਰ ਨੂੰ ਵੰਗਾਰਦੇ* ਰਹੇ ਅਤੇ ਉਸ ਦੇ ਖ਼ਿਲਾਫ਼ ਬਗਾਵਤ ਕਰਦੇ ਰਹੇ;+ਉਨ੍ਹਾਂ ਨੇ ਉਸ ਦੀਆਂ ਨਸੀਹਤਾਂ* ਵੱਲ ਕੋਈ ਧਿਆਨ ਨਹੀਂ ਦਿੱਤਾ।+
57 ਉਨ੍ਹਾਂ ਨੇ ਉਸ ਤੋਂ ਮੂੰਹ ਮੋੜ ਲਿਆ ਅਤੇ ਉਹ ਵੀ ਆਪਣੇ ਪਿਉ-ਦਾਦਿਆਂ ਵਾਂਗ ਧੋਖੇਬਾਜ਼ ਨਿਕਲੇ।+
ਉਹ ਢਿੱਲੀ ਕਮਾਨ ਵਾਂਗ ਭਰੋਸੇ ਦੇ ਲਾਇਕ ਨਹੀਂ ਸਨ।+
58 ਉਹ ਆਪਣੀਆਂ ਉੱਚੀਆਂ ਥਾਵਾਂ* ਨਾਲ ਉਸ ਨੂੰ ਗੁੱਸਾ ਚੜ੍ਹਾਉਂਦੇ ਰਹੇ+ਅਤੇ ਆਪਣੀਆਂ ਮੂਰਤਾਂ ਨਾਲ ਉਸ ਦਾ ਕ੍ਰੋਧ ਭੜਕਾਉਂਦੇ ਰਹੇ।+
59 ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਗੁੱਸੇ ਵਿਚ ਲਾਲ-ਪੀਲ਼ਾ ਹੋ ਗਿਆ+ਅਤੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।
60 ਅਖ਼ੀਰ ਉਸ ਨੇ ਸ਼ੀਲੋਹ ਦੇ ਡੇਰੇ ਨੂੰ ਛੱਡ ਦਿੱਤਾ,+ਜਿੱਥੇ ਉਹ ਇਨਸਾਨਾਂ ਵਿਚ ਵੱਸਦਾ ਸੀ।+
61 ਉਸ ਨੇ ਆਪਣੀ ਤਾਕਤ ਅਤੇ ਸ਼ਾਨੋ-ਸ਼ੌਕਤ ਦੀ ਨਿਸ਼ਾਨੀਆਪਣੇ ਦੁਸ਼ਮਣਾਂ ਦੇ ਹੱਥ ਕਰ ਦਿੱਤੀ।+
62 ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ+ਅਤੇ ਉਹ ਆਪਣੀ ਵਿਰਾਸਤ ’ਤੇ ਕ੍ਰੋਧਵਾਨ ਸੀ।
63 ਅੱਗ ਨੇ ਉਸ ਦੇ ਗੱਭਰੂਆਂ ਨੂੰ ਭਸਮ ਕਰ ਦਿੱਤਾਅਤੇ ਉਸ ਦੀਆਂ ਕੁਆਰੀਆਂ ਕੁੜੀਆਂ ਲਈ ਵਿਆਹ ਦੇ ਗੀਤ ਨਹੀਂ ਗਾਏ ਗਏ।*
64 ਉਸ ਦੇ ਪੁਜਾਰੀਆਂ ਨੂੰ ਤਲਵਾਰ ਨਾਲ ਵੱਢਿਆ ਗਿਆ+ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੇ ਵੈਣ ਨਹੀਂ ਪਾਏ।+
65 ਫਿਰ ਯਹੋਵਾਹ ਇਵੇਂ ਉੱਠਿਆ ਜਿਵੇਂ ਨੀਂਦ ਤੋਂ ਜਾਗਿਆ ਹੋਵੇ,+ਜਿਵੇਂ ਦਾਖਰਸ ਦਾ ਨਸ਼ਾ ਉਤਰਨ ਤੋਂ ਬਾਅਦ ਇਕ ਸੂਰਬੀਰ+ ਉੱਠਦਾ ਹੈ।
66 ਉਸ ਨੇ ਆਪਣੇ ਦੁਸ਼ਮਣਾਂ ਨੂੰ ਭਜਾ ਦਿੱਤਾ;+ਉਨ੍ਹਾਂ ਦੇ ਮੱਥੇ ਉੱਤੇ ਕਦੀ ਨਾ ਮਿਟਣ ਵਾਲਾ ਬਦਨਾਮੀ ਦਾ ਕਲੰਕ ਲਾ ਦਿੱਤਾ।
67 ਉਸ ਨੇ ਯੂਸੁਫ਼ ਦੇ ਤੰਬੂ ਨੂੰ ਤਿਆਗ ਦਿੱਤਾ;ਉਸ ਨੇ ਇਫ਼ਰਾਈਮ ਦੇ ਗੋਤ ਨੂੰ ਨਹੀਂ ਚੁਣਿਆ।
68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,+ਸੀਓਨ ਪਹਾੜ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ।+
69 ਉਸ ਨੇ ਆਪਣਾ ਪਵਿੱਤਰ ਸਥਾਨ ਹਮੇਸ਼ਾ ਲਈ ਕਾਇਮ ਕੀਤਾ,*+ਜਿਵੇਂ ਉਸ ਨੇ ਆਸਮਾਨ ਅਤੇ ਧਰਤੀ ਸਦਾ ਲਈ ਕਾਇਮ ਕੀਤੇ ਹਨ।+
70 ਉਸ ਨੇ ਆਪਣੇ ਸੇਵਕ ਦਾਊਦ ਨੂੰ ਚੁਣਿਆ+ਅਤੇ ਭੇਡਾਂ ਦੇ ਵਾੜੇ ਵਿੱਚੋਂ ਕੱਢਿਆ,+
71 ਉਸ ਨੇ ਦਾਊਦ ਨੂੰ ਦੁੱਧ ਚੁੰਘਾਉਂਦੀਆਂ ਭੇਡਾਂ ਦੀ ਦੇਖ-ਭਾਲ ਤੋਂ ਹਟਾਇਆਅਤੇ ਉਸ ਨੂੰ ਯਾਕੂਬ ਯਾਨੀ ਆਪਣੇ ਲੋਕਾਂ ਦਾ ਚਰਵਾਹਾ+ਅਤੇ ਆਪਣੀ ਵਿਰਾਸਤ ਇਜ਼ਰਾਈਲ ਦਾ ਆਗੂ ਬਣਾਇਆ।+
72 ਉਸ ਨੇ ਖਰੇ ਮਨ ਨਾਲ ਉਨ੍ਹਾਂ ਦੀ ਚਰਵਾਹੀ ਕੀਤੀ+ਅਤੇ ਪੂਰੀ ਹੁਨਰਮੰਦੀ ਨਾਲ ਉਨ੍ਹਾਂ ਦੀ ਅਗਵਾਈ ਕੀਤੀ।+
ਫੁਟਨੋਟ
^ ਜਾਂ, “ਮੇਰੀ ਸਿੱਖਿਆ।”
^ ਇਬ, “ਤਿਆਰ ਨਹੀਂ ਸੀ।”
^ ਜਾਂ, “ਬੰਨ੍ਹ।”
^ ਜਾਂ, “ਪਰਖਿਆ।”
^ ਜਾਂ, “ਅਨਾਜ ਦਿੱਤਾ।”
^ ਜਾਂ, “ਦੂਤਾਂ।”
^ ਜਾਂ, “ਬਦਲਾ ਲੈਣ ਵਾਲਾ।”
^ ਯਾਨੀ, ਮਿਸਰੀ।
^ ਜਾਂ ਸੰਭਵ ਹੈ, “ਤੇਜ਼ ਬੁਖ਼ਾਰ।”
^ ਇਬ, “ਦੀ ਜ਼ਿੰਦਗੀ।”
^ ਜਾਂ, “ਹਾਮ ਦੇ ਤੰਬੂਆਂ ਵਿਚ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ।”
^ ਇਬ, “ਪਰਖਦੇ।”
^ ਯਾਨੀ, ਝੂਠੀ ਭਗਤੀ ਦੀਆਂ ਥਾਵਾਂ।
^ ਇਬ, “ਉਸ ਦੀਆਂ ਕੁਆਰੀਆਂ ਦੀਆਂ ਤਾਰੀਫ਼ਾਂ ਨਹੀਂ ਕੀਤੀਆਂ ਗਈਆਂ।”
^ ਇਬ, “ਉਸ ਨੇ ਉਚਾਈਆਂ ਵਾਂਗ ਆਪਣਾ ਪਵਿੱਤਰ ਸਥਾਨ ਬਣਾਇਆ।”